ਸ਼ਰੀਕ ਉੱਜੜਿਆ ਵਿਹੜਾ ਮੋਕਲਾ : ਹਲਕਾ ਮੌੜ ਤੋਂ ‘ਆਪ’ ਦੀ ਟਿਕਟ ਦੇ ਦਾਅਵੇਦਾਰਾਂ ਨੇ ਸਰਗਰਮੀਆਂ ਵਧਾਈਆਂ

ਕਈਆਂ ਨੇ ਇੱਕ ਦਮ ਸਰਗਰਮੀਆਂ ਤੇਜ਼ ਕਰ ਦਿੱਤੀਆਂ

Ravinder Sharma Picture
Published On

ਮੌੜ ਮੰਡੀ (ਬਠਿੰਡਾ) ਸੁਖਜੀਤ ਮਾਨ। ਹਲਕਾ ਮੌੜ ਤੋਂ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੂੰ ਪਾਰਟੀ ’ਚੋਂ ਮੁਅੱਤਲ ਕਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਟਿਕਟ ਦੇ ਦਾਅਵੇਦਾਰਾਂ ਨੇ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਉਂਜ ਮੱਠੀ ਚਾਲ ਤਾਂ ਉਹ ਪਹਿਲਾਂ ਹੀ ਚੱਲ ਰਹੇ ਸਨ, ਪਰ ਹੁਣ ਇਲਾਕੇ ਦੇ ਲੋਕਾਂ ਦਾ ਆਪੋ-ਆਪਣੇ ਨਾਲ ਇਕੱਠ ਦਿਖਾ ਕੇ ਹਾਈ ਕਮਾਨ ਦੀਆਂ ਅੱਖਾਂ ਦਾ ਤਾਰਾ ਬਣਨ ਦੀਆਂ ਕੋਸ਼ਿਸ਼ਾਂ ਨੇ ਰਫ਼ਤਾਰ ਫੜ ਲਈ ਹੈ। ਪੰਜਾਬ ਦੇ ਕਈ ਹੋਰਨਾਂ ਹਲਕਿਆਂ ਦੇ ਨਾਲ-ਨਾਲ ਹਲਕਾ ਮੌੜ ’ਚ ਆਮ ਆਦਮੀ ਪਾਰਟੀ ਲਈ ਉਮੀਦਵਾਰ ਦੀ ਚੋਣ ਚੁਣੌਤੀ ਹੋਵੇਗੀ।

ਵੇਰਵਿਆਂ ਮੁਤਾਬਿਕ ਹਲਕਾ ਮੌੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੁਖਵੀਰ ਸਿੰਘ ਮਾਈਸਰ ਖਾਨਾ ਨੇ ਲੰਘੇ ਦਿਨੀਂ ਫੇਸਬੁੱਕ ਲਾਈਵ ’ਚ ਗੰਭੀਰ ਹੁੰਦਿਆਂ ਸਰਕਾਰ ਦੀ ਸਿੱਖਿਆ ਨੀਤੀ ’ਤੇ ਸਵਾਲ ਖੜ੍ਹੇ ਕੀਤੇ ਸੀ ਕਿ ਉਸ ਦੇ ਕਹਿਣ ਦੇ ਬਾਵਜ਼ੂਦ ਹਲਕੇ ਦੇ ਸਕੂਲਾਂ ’ਚ ਸਟਾਫ ਪੂਰਾ ਨਹੀਂ ਹੋਇਆ। ਵਿਧਾਇਕ ਵੱਲੋਂ ਰੱਖੀ ਇਹ ਗੱਲ ਸਰਕਾਰ ਨੂੰ ਚੰਗੀ ਨਾ ਲੱਗੀ ਤਾਂ ਉਸ ਨੂੰ ਪਾਰਟੀ ’ਚੋਂ ਬਾਹਰ ਕੱਢ ਦਿੱਤਾ ਗਿਆ।

Read Also : ਕਿਸਾਨਾਂ ਨਾਲ ਲਿਖਤੀ ਵਾਅਦਾ, ਮਹੀਨਾ ਲੰਘਿਆ, ਪਰ ਸਰਕਾਰ ਨੇ ਨਹੀਂ ਸੱਦਿਆ ‘ਵਿਸ਼ੇਸ਼ ਇਜਲਾਸ’

ਵਿਧਾਇਕ ਨੂੰ ਆਪਣੇ ਹੀ ਹਲਕੇ ਦੀ ਗੱਲ ਰੱਖਣ ’ਤੇ ਪਾਰਟੀ ’ਚੋਂ ਬਾਹਰ ਕੱਢਣ ’ਤੇ ਉਸਦੇ ਕਿਸੇ ਸਮਰਥਕ ਦਾ ਕੋਈ ਬਿਆਨ ਹਾਲੇ ਤੱਕ ਕਿਧਰੇ ਸਾਹਮਣੇ ਨਹੀਂ ਆਇਆ। ਉਨ੍ਹਾਂ ਨੂੰ ਪਾਰਟੀ ’ਚੋਂ ਕੱਢਣ ਤੋਂ ਪਹਿਲਾਂ ਹੀ ਜਿਹੜੇ ਹਲਕਾ ਮੌੜ ਤੋਂ ਆਪ ਉਮੀਦਵਾਰ ਬਣਨ ਦੇ ਦਾਅਵੇਦਾਰਾਂ ਵਜੋਂ ਵਿਚਰ ਰਹੇ ਸਨ ਉਨ੍ਹਾਂ ’ਚੋਂ ਕਈਆਂ ਨੇ ਇੱਕ ਦਮ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ।

ਵਿਧਾਇਕ ਦੇ ਹਰ ਸਮਾਗਮ ’ਚ ਨਾਲ ਰਹਿਣ ਵਾਲੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਸੰਦੋਹਾ ਵੱਲੋਂ ਅੱਜ ਆਪਣੇ ਗ੍ਰਹਿ ਵਿਖੇ ਵੀ ਇਕੱਠ ਕੀਤਾ ਗਿਆ, ਜਿਸ ਦੀਆਂ ਫੋਟੋਆਂ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕਰਕੇ ਦਾਅਵਾ ਕੀਤਾ ਹੈ ਕਿ ‘ਅੱਜ ਮੌੜ ਬਲਾਕ ਦੇ ਸਾਰੇ ਸਰਪੰਚ ਸਾਹਿਬਾਨਾਂ ਨੇ ਉਸ ਦੇ ਗ੍ਰਹਿ ਵਿਖੇ ਆ ਕੇ ਪਾਰਟੀ ਦੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਦਾ ਸੰਕਲਪ ਲਿਆ ਹੈ’। ਉਨ੍ਹਾਂ ਇਸ ਤੋਂ ਪਹਿਲਾਂ ਹੀ ਹਲਕੇ ’ਚ ਦੁੱਖ-ਸੁੱਖ ’ਚ ਸ਼ਮੂਲੀਅਤ ਕਰਕੇ ਦਰਸਾ ਦਿੱਤਾ ਸੀ ਕਿ ਉਹ 2027 ਵਿਧਾਨ ਸਭਾ ਚੋਣਾਂ ਲਈ ਮੈਦਾਨ ਤਿਆਰ ਕਰ ਰਹੇ ਹਨ।

ਉਹ ਹਲਕੇ ਦੇ ਪਿੰਡ-ਪਿੰਡ ਜਾ ਕੇ ਸਰਕਾਰ ਦੀਆਂ ਸਕੀਮਾਂ ਤੋਂ ਲੋਕਾਂ ਨੂੰ ਜਾਣੂੰ ਕਰਵਾ ਰਹੇ ਹਨ। ਸ਼ੂਗਰਫੈੱਡ ਪੰਜਾਬ ਦੇ ਚੇਅਰਮੈਨ ਐਡਵੋਕੇਟ ਨਵਦੀਪ ਸਿੰਘ ਜੀਦਾ ਵੱਲੋਂ ਵੀ ਦੋ ਦਿਨ ਪਹਿਲਾਂ ਹਲਕਾ ਮੌੜ ’ਚ ਆਪਣਾ ਦਫ਼ਤਰ ਖੋਲ੍ਹ ਦਿੱਤਾ ਹੈ। ਜੀਦਾ ਵੱਲੋਂ ਅੱਜ ਹਲਕੇ ਦੇ ਕਈ ਪਿੰਡਾਂ ’ਚ ਦੁੱਖ-ਸੁੱਖ ’ਚ ਸ਼ਰੀਕ ਹੋਣ ਤੋਂ ਇਲਾਵਾ ਦਫ਼ਤਰ ਵਿਖੇ ਵੀ ਆਪਣੇ ਸਮਰਥਕਾਂ ਤੇ ਵਰਕਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਨਵਦੀਪ ਸਿੰਘ ਜੀਦਾ ਅਤੇ ਬੂਟਾ ਸਿੰਘ ਸੰਦੋਹਾ ਤੋਂ ਇਲਾਵਾ ਮਹਿਲਾ ਕਮਿਸ਼ਨ ਪੰਜਾਬ ਦੇ ਸੀਨੀ. ਵਾਈਸ ਚੇਅਰਪਰਸਨ ਰੁਪਿੰਦਰ ਕੌਰ ਗਿੱਲ, ਰਾਜੂ ਢੱਡੇ ਅਤੇ ਹਿੰਮਤ ਸਿੰਘ ਕੁੱਤੀਵਾਲ ਖੁਰਦ ਵੀ ਉਮੀਦਵਾਰ ਬਣਨ ਦੇ ਦਾਅਵੇਦਾਰ ਵਜੋਂ ਹਲਕੇ ’ਚ ਵਿਚਰ ਰਹੇ ਹਨ।   

ਆਪ ਤੇ ਅਜ਼ਾਦ ਉਮੀਦਵਾਰ ’ਚ ਰਹੀ ਸੀ ਟੱਕਰ

2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਹਲਕਾ ਮੌੜ ’ਚ ਭਾਵੇਂ 10 ਉਮੀਦਵਾਰ ਮੈਦਾਨ ’ਚ ਸਨ ਪਰ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਖਵੀਰ ਸਿੰਘ ਮਾਈਸਰ ਖਾਨਾ ਅਤੇ ਅਜ਼ਾਦ ਉਮੀਦਵਾਰ ਲੱਖਾ ਸਿੰਘ ਸਿਧਾਣਾ ਦਰਮਿਆਨ ਰਿਹਾ ਸੀ। ਆਪ ਉਮੀਦਵਾਰ ਸੁਖਵੀਰ ਸਿੰਘ ਮਾਈਸਰਖਾਨਾ ਨੂੰ 63099 ਅਤੇ ਲੱਖਾ ਸਿੰਘ ਸਿਧਾਣਾ ਨੂੰ 28091 ਵੋਟਾਂ ਪਈਆਂ ਸਨ। ਸੁਖਵੀਰ ਸਿੰਘ ਮਾਈਸਰ ਖਾਨਾ 35008 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਸਨ।  ਸ੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਜਗਮੀਤ ਸਿੰਘ ਬਰਾੜ 23355 ਵੋਟਾਂ ਹਾਸਲ ਕਰਕੇ ਤੀਜ਼ੇ ਸਥਾਨ ’ਤੇ ਰਹੇ ਸੀ।  

ਹੋਰ ਪਾਰਟੀਆਂ ਦੇ ਦਾਅਵੇਦਾਰ ਵੀ ਹਲਕੇ ’ਚ ਸਰਗਰਮ

2027 ਵਿਧਾਨ ਸਭਾ ਚੋਣਾਂ ਲਈ ਹਲਕਾ ਮੌੜ ’ਚ ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਜਨਮੇਜਾ ਸਿੰਘ ਸੇਖੋਂ ਹੀ ਹਾਲ ਦੀ ਘੜੀ ਪ੍ਰਮੁੱਖ ਦਾਅਵੇਦਾਰ ਹਨ ਤੇ ਸੰਭਾਵਿਤ ਉਨ੍ਹਾਂ ਨੂੰ ਹੀ ਪਾਰਟੀ ਚੋਣ ਮੈਦਾਨ ’ਚ ਉਤਾਰੇਗੀ। ਭਾਰਤੀ ਜਨਤਾ ਪਾਰਟੀ ਵੱਲੋਂ ਦਿਆਲ ਸਿੰਘ ਸੋਢੀ ਲੋਕਾਂ ਨਾਲ ਲਗਾਤਾਰ ਰਾਬਤੇ ’ਚ ਹਨ। ਕਾਂਗਰਸ ਦੇ ਸਾਬਕਾ ਵਿਧਾਇਕ ਜੀਤ ਮਹਿੰਦਰ ਸਿੰਘ ਸਿੱਧੂ ਨੇ ਕਰੀਬ ਚਾਰ-ਪੰਜ ਮਹੀਨੇ ਪਹਿਲਾਂ ਹੀ ਹਲਕੇ ’ਚ ਪੱਕਾ ਦਫ਼ਤਰ ਖੋਲ੍ਹ ਕੇ ਸਰਗਰਮੀਆਂ ਤੇਜ਼ ਕੀਤੀਆਂ ਹੋਈਆਂ ਹਨ ਤੇ ਹਲਕੇ ’ਚੋਂ ਪ੍ਰਮੁੱਖ ਦਾਅਵੇਦਾਰ ਹਨ। ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਲੱਖਾ ਸਿੰਘ ਸਿਧਾਣਾ ਨੂੰ ਹਲਕੇ ਦਾ ਇੰਚਾਰਜ ਲਾਇਆ ਗਿਆ ਹੈ ਤੇ ਉਹੀ ਪਾਰਟੀ ਦੇ ਉਮੀਦਵਾਰ ਬਣ ਸਕਦੇ ਹਨ। 

2022 ’ਚ 10 ਉਮੀਦਵਾਰ ਸਨ ਮੈਦਾਨ ’ਚ

2022 ਦੀਆ ਵਿਧਾਨ ਸਭਾ ਚੋਣਾਂ ਮੌਕੇ ਹਲਕਾ ਮੌੜ ਤੋਂ ਵੱਖ-ਵੱਖ ਪਾਰਟੀਆਂ ਅਤੇ ਅਜ਼ਾਦ ਸਮੇਤ 10 ਉਮੀਦਵਾਰਾਂ ਨੇ ਚੋਣ ਲੜੀ ਸੀ। ਇਨ੍ਹਾਂ ਉਮੀਦਵਾਰਾਂ ’ਚ ਆਮ ਆਦਮੀ ਪਾਰਟੀ ਵੱਲੋਂ ਸੁਖਵੀਰ ਸਿੰਘ ਮਾਈਸਰ ਖਾਨਾ, ਸ੍ਰੋਮਣੀ ਅਕਾਲੀ ਦਲ (ਬ) ਵੱਲੋਂ ਜਗਮੀਤ ਸਿੰਘ ਬਰਾੜ, ਭਾਜਪਾ ਦੇ ਦਿਆਲ ਸੋਢੀ, ਕਾਂਗਰਸ ਦੇ ਡਾ. ਮਨੋਜ ਬਾਲਾ ਬਾਂਸਲ, ਸੀਪੀਆਈ ਐੱਮਐੱਲ ਲਿਬਰੇਸ਼ਨ ਦੇ ਕਾ. ਪ੍ਰਿਤਪਾਲ ਸਿੰਘ ਅਤੇ ਅਜ਼ਾਦ ਉਮੀਦਵਾਰਾਂ ਵਜੋਂ ਲੱਖਾ ਸਿੰਘ ਸਿਧਾਣਾ, ਹਰਦੇਵ ਸਿੰਘ ਬਗ੍ਹੇਰ, ਦਰਸ਼ਨ ਸਿੰਘ ਬਾਜ਼ੀਗਰ, ਪ੍ਰਗਟ ਸਿੰਘ ਅਤੇ ਮੰਗਲ ਰਾਮ ਚੋਣ ਮੈਦਾਨ ’ਚ ਨਿੱਤਰੇ ਸਨ। 

About The Author

Related Posts