Punjab
Punjab Government ਲਵੇਗੀ 2 ਹਜ਼ਾਰ ਕਰੋੜ ਦਾ ਕਰਜ਼ਾ, ਲਗਾਤਾਰ ਵਧ ਰਿਹੈ ਪੰਜਾਬ ਦੇ ਸਿਰ ਕਰਜ਼ਾ
13 ਸਾਲਾਂ ਲਈ ਲਿਆ ਜਾ ਰਿਹਾ ਐ ਕਰਜ਼, 2039 ਤੱਕ ਹੋਵੇਗੀ ਵਾਪਸੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਇੱਕ ਵਾਰ ਫਿਰ ਕਰਜ਼ਾ ਲਿਆ ਜਾ ਰਿਹਾ ਹੈ ਅਤੇ ਇਸ ਲਈ ਬਕਾਇਦਾ ਐੱਸਬੀਐੱਸ ਬਾਂਡ ਜਾਰੀ ਕਰਨ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ। ਸਰਕਾਰ ਵੱਲੋਂ ਹੁਣ 2 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਜਾ ਰਿਹਾ ਹੈ ਤੇ ਇਸ ਕਰਜ਼ੇ ਨੂੰ ਵਾਪਸ ਕਰਨ ਲਈ ਵੀ 13 ਸਾਲਾਂ ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ।
ਸੂਬਾ ਸਰਕਾਰ ਵੱਲੋਂ 1 ਹਜ਼ਾਰ ਕਰੋੜ ਰੁਪਏ ਨੂੰ ਅਗਲੇ 4 ਸਾਲਾਂ ਵਿੱਚ 1 ਜੁਲਾਈ 2030 ਤੱਕ ਵਾਪਸ ਕੀਤਾ ਜਾਵੇਗਾ ਤਾਂ ਬਾਕੀ ਇੱਕ ਹਜ਼ਾਰ ਕਰੋੜ ਰੁਪਏ ਨੂੰ 13 ਸਾਲਾਂ ਲਈ 1 ਜੁਲਾਈ 2039 ਤੱਕ ਲਈ ਲਿਆ ਜਾ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਹਰ ਮਹੀਨੇ ਹੀ ਇਸ ਤਰੀਕੇ ਨਾਲ ਕਰਜ਼ਾ ਲਿਆ ਜਾ ਰਿਹਾ ਹੈ ਤੇ ਸਿਆਸੀ ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ’ਤੇ ਕਰਜ਼ਾ ਲੈਣ ’ਤੇੇ ਉਂਗਲ ਵੀ ਲਗਾਤਾਰ ਕੀਤੀ ਜਾ ਰਹੀ ਹੈ।
Read Also : ਰੋਸਟਰ ਰਜਿਸਟਰ ’ਤੇ ਵੱਡੇ ਸੁਆਲ! ਐੱਸਸੀ ਕਮਿਸ਼ਨ ਨੇ ਲੈਕਚਰਾਰ ਭਰਤੀ ਪ੍ਰਕਿਰਿਆ ’ਤੇ ਲਾਈ ਰੋਕ
ਇਥੇ ਹੀ ਖ਼ਜਾਨਾ ਮੰਤਰੀ ਹਰਪਾਲ ਚੀਮਾ ਵੱਲੋਂ ਸਪੱਸ਼ਟੀਕਰਨ ਦਿੱਤਾ ਜਾਂਦਾ ਰਿਹਾ ਹੈ ਕਿ ਸਿਰਫ਼ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਨਹੀਂ, ਸਗੋਂ ਪਿਛਲੀਆਂ ਸਰਕਾਰਾਂ ਵਿੱਚ ਵੀ ਵੱਡੇ ਪੱਧਰ ’ਤੇ ਕਰਜ਼ ਲਿਆ ਗਿਆ ਸੀ ਤਾਂ ਉਨ੍ਹਾਂ ਨੂੰ ਪਿਛਲਾ ਕਰਜ਼ ਵਾਪਸ ਕਰਨ ਲਈ ਇਸ ਤਰੀਕੇ ਨਾਲ ਨਵਾਂ ਕਰਜ਼ ਲੈਣਾ ਪੈ ਰਿਹਾ ਹੈ। ਇਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿੱਤੀ ਸਾਲ ’ਚ ਕਿੰਨਾ ਕਰਜ਼ ਲਿਆ ਜਾਏਗਾ, ਉਹ ਪਹਿਲਾਂ ਹੀ ਬਜਟ ਵਿੱਚ ਦੱਸ ਵੀ ਚੁੱਕੇ ਹਨ। ਉਸੇ ਹਿਸਾਬ ਨਾਲ ਹੀ ਕਰਜ਼ ਲਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਨੂੰ ਆਪਣੇ ਰੁਟੀਨ ਖ਼ਰਚੇ ਚਲਾਉਣ ਅਤੇ ਵੱਖ-ਵੱਖ ਸਕੀਮਾਂ ਹੇਠ ਪੈਸਾ ਜਾਰੀ ਕਰਨ ਲਈ ਸਰਕਾਰੀ ਬਾਂਡ ਨੂੰ ਗਿਰਵੀ ਰੱਖ ਕੇ ਓਪਨ ਬਜ਼ਾਰ ਵਿੱਚੋਂ ਆਰਬੀਆਈ ਰਾਹੀਂ ਕਰਜ਼ਾ ਲੈਣਾ ਪੈ ਰਿਹਾ ਹੈ। ਪੰਜਾਬ ਸਰਕਾਰ ਵੱਲੋਂ ਲਗਾਤਾਰ ਹਰ ਮਹੀਨੇ ਹੀ ਕਰਜ਼ਾ ਲਿਆ ਜਾ ਰਿਹਾ ਹੈ, ਜਿਸ ਕਾਰਨ ਪੰਜਾਬ ਸਰਕਾਰ ਦੇ ਸਿਰ ’ਤੇ ਕਰਜ਼ੇ ਦੀ ਪੰਡ ਘਟਣ ਦੀ ਥਾਂ ’ਤੇ ਲਗਾਤਾਰ ਵਧ ਹੀ ਰਹੀ ਹੈ। ਪੰਜਾਬ ਦੇ ਸਿਰ ’ਤੇ ਇਸ ਸਮੇਂ ਸਾਢੇ 4 ਲੱਖ ਕਰੋੜ ਦੇ ਲਗਭਗ ਕਰਜ਼ ਹੋ ਗਿਆ ਹੈ ਅਤੇ ਹੁਣ ਭਵਿੱਖ ਵਿੱਚ ਲਏ ਜਾਣ ਵਾਲੇ ਕਰਜ਼ ਕਰਕੇ ਇਹ ਕਰਜ਼ੇ ਦੀ ਪੰਡ ਵਿੱਚ ਹੋਰ ਵਾਧਾ ਹੋਏਗਾ। ਪੰਜਾਬ ਸਰਕਾਰ ਵੱਲੋਂ ਲਏ ਜਾ ਰਹੇ ਇਸ ਕਰਜ਼ ਸਬੰਧੀ ਕਾਂਗਰਸ ਅਤੇ ਭਾਜਪਾ ਵੱਲੋਂ ਸਰਕਾਰ ਨੂੰ ਘੇਰਿਆ ਵੀ ਜਾ ਰਿਹਾ ਹੈ।