Patiala News: ਵਿਧਾਇਕ ਜੌੜਾਮਾਜਰਾ ਨੀਂਹ ਪੱਥਰਾਂ ਤੋਂ ਵੀ ਗਾਇਬ, ਸੁਰਜੀਤ ਰੱਖੜਾ ਨੇ ਮੱਲੀ ਥਾਂ
ਸੜਕਾਂ ਦੀ ਉਸਾਰੀ ਲਈ ਰੱਖੇ ਨੀਂਹ ਪੱਥਰ ’ਤੇ ਰੱਖੜਾ ਦਾ ਲਿਖਿਆ ਗਿਆ ਨਾਮ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਹਲਕਾ ਸਮਾਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਹੁਣ ਨੀਂਹ ਪੱਥਰਾਂ ਤੋਂ ਵੀ ਗਾਇਬ ਹੋਣ ਲੱਗੇ ਹਨ। ਨੀਂਹ ਪੱਥਰਾਂ ’ਤੇ ਵੀ ਉਨ੍ਹਾਂ ਦੀ ਥਾਂ ਹੁਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅਕਾਲੀ ਦਲ ਦੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਮੱਲ ਲਈ ਹੈ। ਇੱਥੋਂ ਤੱਕ ਕਿ ਸਮਾਣਾ ਹਲਕੇ ਵਿੱਚ ਆਮ ਆਦਮੀ ਪਾਰਟੀ ਦੇ ਮੁੱਖ ਆਗੂ ਵਜੋਂ ਸੁਰਜੀਤ ਸਿੰਘ ਰੱਖੜਾ ਹੀ ਵਿਚਰ ਰਹੇ ਹਨ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਸਮਾਣਾ ਸ਼ਹਿਰ ਵਿੱਚ ਸ਼ਹਿਰ ਦੀਆਂ ਸੜਕਾਂ ਦੀ ਉਸਾਰੀ ਲਈ 92 ਲੱਖ ਰੁਪਏ ਤੋਂ ਵੱਧ ਦੇ ਪੈਸੇ ਰਾਹੀਂ ਸੜਕਾਂ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਸੀ।
ਇਸ ਨੀਂਹ ਪੱਥਰ ’ਤੇ ਲੋਕਾਂ ਵੱਲੋਂ ਚੁਣੇ ਹੋਏ ਵਿਧਾਇਕ ਚੇਤਨ ਸਿੰਘ ਜੌੜਮਾਜਰਾ ਦਾ ਨਾਂਅ ਗਾਇਬ ਸੀ, ਜਦੋਂ ਕਿ ਜੌੜਮਾਜਰਾ ਤੋਂ ਚੋਣ ਹਾਰੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵੱਲੋੋਂ ਇਹ ਨੀਂਹ ਪੱਥਰ ਰੱਖਿਆ ਗਿਆ ਅਤੇ ਉਨ੍ਹਾਂ ਦਾ ਨਾਂਅ ਵੀ ਇਸ ਨੀਂਹ ਪੱਥਰ ’ਤੇ ਲਿਖਿਆ ਹੋਇਆ ਸੀ। ਇਸ ਨੀਂਹ ਪੱਥਰ ਦੀ ਵੀਡੀਓ ਵੀ ਸ਼ੋਸਲ ਮੀਡੀਆ ’ਤੇ ਵਾਇਰਲ ਹੋ ਗਈ ਅਤੇ ਚਰਚਾ ਛਿੜ ਗਈ ਹੈ ਕਿ ਲੋਕਾਂ ਵੱਲੋਂ ਚੁਣੇ ਵਿਧਾਇਕ ਨੂੰ ਆਮ ਆਦਮੀ ਪਾਰਟੀ ਵੱਲੋਂ ਨੁੱਕਰੇ ਲਾ ਦਿੱਤਾ ਗਿਆ ਹੈ, ਜਦੋਂ ਕਿ ਕੁਝ ਮਹੀਨੇ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੁਰਜੀਤ ਸਿੰਘ ਰੱਖੜਾ ਨੂੰ ਹਲਕੇ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ।
ਰੱਖੜਾ ਦੀ ਅਗਵਾਈ ਹੇਠ ਹੀ ਹਲਕਾ ਸਮਾਣਾ ਵਿੱਚ ਵਿਕਾਸ ਕਾਰਜਾਂ ਦੇ ਕੰਮ ਕੀਤੇ ਜਾ ਰਹੇ ਹਨ। ਇੱਥੋਂ ਤੱਕ ਕਿ ਪਿਛਲੇ ਦਿਨੀਂ ਸਰਪੰਚਾਂ ਨੂੰ ਵਿਕਾਸ ਕਾਰਜਾਂ ਦੇ ਦਿੱਤੇ ਗਏ ਚੈੱਕ ਵੀ ਸੁਰਜੀਤ ਸਿੰਘ ਰੱਖੜਾ ਵੱਲੋਂ ਹੀ ਵੰਡੇ ਗਏ ਸਨ। ਰੱਖੜਾ ਵੱਲੋਂ ਆਪਣੇ ਘਰ ਹਰ ਰੋਜ਼ ਹੀ ਲੋਕ ਦਰਬਾਰ ਲਾ ਕੇ ਹਲਕੇ ਦੇ ਲੋਕਾਂ ਦੀਆਂ ਦੁੱਖ-ਤਕਲੀਫਾਂ ਸਮੇਤ ਕੰਮਾਂ-ਕਾਰਾਂ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾ ਰਹੇ ਹਨ।
ਰੱਖੜਾ ਨਾਲ ਜੁੜੇ ਉਨ੍ਹਾਂ ਦੇ ਪੁਰਾਣੇ ਵਰਕਰ ਤੇ ਆਗੂ ਮੁੜ ਸਰਗਰਮ ਹੋ ਗਏ ਹਨ, ਜਦੋਂਕਿ ਆਮ ਆਦਮੀ ਪਾਰਟੀ ਅਤੇ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ ਨਾਲ ਜੁੜੇ ਸਮਰੱਥਕ ਪੁੱਛਗਿੱਛ ਘਟਣ ਤੋਂ ਅੰਦਰਖਾਤੇ ਨਾਰਾਜ਼ ਦਿਖਾਈ ਦੇ ਰਹੇ ਹਨ।