Punjab
Crime News: ਮੋਗਾ ਦੇ ਮੁਹੱਲਾ ਅੰਗਦਪੁਰਾ ’ਚ ਗੋਲੀਬਾਰੀ, 2 ਮੌਤਾਂ, 3 ਜਖ਼ਮੀ
ਮੋਗਾ ਦੇ ਮੁਹੱਲਾ ਅੰਗਦਪੁਰਾ ’ਚ ਗੋਲੀਬਾਰੀ, 2 ਮੌਤਾਂ, 3 ਜਖ਼ਮੀ
ਮੋਗਾ (ਵਿੱਕੀ ਕੁਮਾਰ)। ਮੋਗਾ ਸ਼ਹਿਰ ਦੇ ਅੰਗਦਪੁਰਾ ਮੁਹੱਲੇ ’ਚ ਦੇਰ ਰਾਤ ਫਾਇਰਿੰਗ ਦੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਕਾਰਪੀਓ ਗੱਡੀ ਵਿੱਚ ਸਵਾਰ ਹੋ ਕੇ ਆਏ ਵਿਅਕਤੀਆਂ ਵੱਲੋਂ ਦੁਕਾਨ ’ਤੇ ਬੈਠੇ ਲੋਕਾਂ ’ਤੇ ਗੋਲੀਆਂ ਚਲਾਈਆਂ ਗਈਆਂ, ਇਸ ਘਟਨਾ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਫਾਇਰਿੰਗ ’ਚ ਦੋ ਮੌਤਾਂ ਦੀ ਅਜੇ ਤੱਕ ਪੁਲਿਸ ਅਧਿਕਾਰਿਤ ਤੌਰ ’ਤੇ ਪੁਸ਼ਟੀ ਨਹੀਂ ਕਰ ਰਹੀ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਆਪਸੀ ਪੁਰਾਣੀ ਰਾਜਿੰਸ ਕਾਰਨ ਗੋਲੀ ਚੱਲੀ ਹੈ। ਮਰਿਤਕਾਂ ਦੀ ਪਛਾਣ 30 ਸਾਲਾ ਗਗਨ ਜਿੰਦਲ ਤੇ 40 ਸਾਲਾ ਸਾਹਿਲ ਜਿੰਦਲ ਵਜੋਂ ਹੋਈ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਇਹ ਘਟਨਾ ਮੋਗਾ ਦੇ ਅੰਗਦਪੁਰਾ ਇਲਾਕੇ ਵਿੱਚ ਵਾਪਰੀ। ਜਾਣਕਾਰੀ ਅਨੁਸਾਰ, ਪੀੜਤ ਇੱਕ ਦੁਕਾਨ ਦੇ ਬਾਹਰ ਬੈਠੇ ਸਨ।
ਇਸੇ ਦੌਰਾਨ ਇੱਕ ਕਾਲੀ ਸਕਾਰਪੀਓ ਗੱਡੀ ਉੱਥੇ ਆ ਕੇ ਰੁਕੀ ਤੇ ਉਸ ਵਿੱਚ ਸਵਾਰ ਹਮਲਾਵਰਾਂ ਨੇ ਉਨ੍ਹਾਂ ’ਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੌਰਾਨ ਜ਼ਖ਼ਮੀ ਹੋਏ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਇਸ ਸਬੰਧੀ ਮੋਗਾ ਦੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਫਾਇਰਿੰਗ ਦੀ ਘਟਨਾ ਵਿੱਚ ਤਿੰਨ ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਘਟਨਾ ਨਾਲ ਸਬੰਧਤ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਮੌਕੇ ’ਤੇ ਪਹੁੰਚੇ ਐੱਸਐੱਸਪੀ ਸਰਤਾਜ ਸਿੰਘ ਚਾਹਲ ਦੇ ਨਾਲ ਐੱਸਪੀਡੀ ਅਜੇ ਰਾਜ ਸਿੰਘ, ਡੀਐੱਸਪੀ ਗੁਰਪ੍ਰੀਤ ਸਿੰਘ ਤੇ ਸੀਆਈਏ ਇੰਚਾਰਜ ਦਲਜੀਤ ਸਿੰਘ ਬਰਾੜ ਵੀ ਮੌਜ਼ੂਦ ਸਨ। ਪੁਲਿਸ ਵੱਲੋਂ ਫਾਇਰਿੰਗ ਦੇ ਕਾਰਨਾਂ ਤੇ ਇਸ ਘਟਨਾ ’ਚ ਸ਼ਾਮਲ ਵਿਅਕਤੀਆਂ ਸਬੰਧੀ ਜਾਂਚ ਕੀਤੀ ਜਾ ਰਹੀ ਹੈ।

Comments