Asian Champions Trophy 2026: ਏਸ਼ੀਅਨ ਚੈਂਪੀਅਨਜ਼ ਟਰਾਫੀ-2026 ਲਈ ਸਾਰੀਆਂ ਛੇ ਭਾਗੀਦਾਰ ਟੀਮਾਂ ਪੰਜਾਬ ਪੁੱਜੀਆਂ

ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਮੁਹਾਲੀ ਹਵਾਈ ਅੱਡੇ ’ਤੇ ਢੋਲ, ਭੰਗੜੇ ਅਤੇ ਫੁਲਕਾਰੀਆਂ ਨਾਲ ਨਿੱਘਾ ਸਵਾਗਤ

Khushdeep Singh Picture
Published On

ਚੰਡੀਗੜ੍ਹ (ਅਸ਼ਵਨੀ ਚਾਵਲਾ)। ਦੱਖਣੀ ਕੋਰੀਆਈ ਪੁਰਸ਼ ਹਾਕੀ ਟੀਮ ਦਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚਣ ’ਤੇ  ਸ਼ਾਨਦਾਰ ਪੰਜਾਬੀ ਅੰਦਾਜ਼ ਵਿੱਚ ਸੁਆਗਤ ਕੀਤਾ ਗਿਆ, ਜਿਸ ਦੇ ਨਾਲ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਟੂਰਨਾਮੈਂਟ 2026 ਵਿੱਚ ਹਿੱਸਾ ਲੈਣ ਵਾਲੀਆਂ ਸਾਰੀਆਂ ਛੇ ਟੀਮਾਂ  ਪੰਜਾਬ ਪਹੁੰਚ ਗਈਆਂ ਹਨ। ਇਸ ਦੌਰਾਨ ਖਿਡਾਰੀਆਂ ਅਤੇ ਸਹਾਇਤਾ ਸਟਾਫ ਦਾ ਢੋਲ ਦੀਆਂ ਤਾਲਾਂ, ਸਥਾਨਕ ਕਲਾਕਾਰਾਂ ਵੱਲੋਂ ਭੰਗੜੇ ਦੇ ਦਿਲ-ਖਿੱਚਵੇਂ ਪ੍ਰਦਰਸ਼ਨ ਅਤੇ ਰੰਗੀਨ ਫੁਲਕਾਰੀਆਂ ਨਾਲ ਸਵਾਗਤ ਕੀਤਾ ਗਿਆ।

ਜਿਸ ਨਾਲ ਉਨ੍ਹਾਂ ਨੂੰ ਪੰਜਾਬ ਦੀ ਅਮੀਰ ਸੱਭਿਆਚਾਰਕ ਵਿਰਾਸਤ ਅਤੇ ਖੁੱਲ੍ਹ-ਦਿਲੀ ਪ੍ਰਾਹੁਣਚਾਰੀ ਦੀ ਸੰਖੇਪ ਝਲਕ ਵੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ 27 ਅਕਤੂਬਰ ਤੋਂ 5 ਨਵੰਬਰ, 2026 ਤੱਕ ਜਲੰਧਰ ਦੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਅਤੇ ਮੁਹਾਲੀ ਦੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿੱਚ ਹੋਣ ਵਾਲਾ ਇਹ ਟੂਰਨਾਮੈਂਟ, ਚੋਟੀ ਦੀਆਂ ਏਸ਼ੀਆਈ ਹਾਕੀ ਟੀਮਾਂ ਦੇ ਦਿਲਚਸਪ ਮੁਕਾਬਲੇ ਦਾ ਗਵਾਹ ਬਣਨ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਟੂਰਨਾਮੈਂਟ ’ਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਲਈ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ, ਨਿਰਵਿਘਨ ਲੌਜਿਸਟਿਕਸ ਅਤੇ ਨਿੱਘੀ ਮਹਿਮਾਨ ਨਿਵਾਜ਼ੀ ਨੂੰ ਯਕੀਨੀ ਬਣਾਉਣ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ। ਦੱਖਣੀ ਕੋਰੀਆਈ ਦਲ 20 ਮੈਂਬਰੀ ਟੀਮ ਦੇ ਨਾਲ ਪਹੁੰਚਿਆ ਹੈ, ਜਿਸ ਵਿੱਚ ਕਿਮ ਜੈਹਯੋਂਗ ਅਤੇ ਸੋਨ ਤਾਇਮੀਨ ਗੋਲਕੀਪਰ ਵਜੋਂ ਖੇਡਣਗੇ।

ਜਦਕਿ ਬਾਕੀ ਖਿਡਾਰੀਆਂ ਵਿੱਚ ਪਾਰਕ ਗਿਓਨੋਵੂ, ਜਿਓਂਗ ਜੰਸੀਓਂਗ, ਗੋ ਸੌਂਗ ਹੂਨ, ਕਿਮ ਜੈਹੋ, ਸੋਨ ਡੇਨ, ਕਿਮ ਯੋਂਗ ਬੋਕ, ਚੁਨ ਸੇਮਿਨ, ਸੋਂਗ ਜੀਓਂਗਸੀਓਬ, ਯੂ ਹਯੋਗੁਕ, ਕੋਂਗ ਯੂਨਹੋ, ਓਮ ਜੂਨਯੋਂਗ, ਕਵੋਨ ਯੇਚਨ, ਸੋਂਗ ਹਾਇਸੋਂਗ, ਬੇ ਸੋਂਗ ਮਿਨ, ਹਾਨ ਸੰਗਜੁਨ, ਕਿਮ ਡੇਹਯੂਨ, ਚੋਈ ਗਾਜਿਨ ਅਤੇ ਕਿਮ ਡੋਂਗਗੇਓਨ ਸ਼ਾਮਲ ਹਨ। ਸੂਬਾ ਸਰਕਾਰ ਨੇ ਟੀਮਾਂ ਦੀ ਰਿਹਾਇਸ਼, ਆਵਾਜਾਈ, ਸੁਰੱਖਿਆ ਅਤੇ ਅਭਿਆਸ ਸਬੰਧੀ ਸਹੂਲਤਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਹਨ, ਤਾਂ ਜੋ ਪੂਰੇ ਟੂਰਨਾਮੈਂਟ ਦੌਰਾਨ ਸੁਚਾਰੂ ਅਤੇ ਯਾਦਗਾਰੀ ਅਨੁਭਵ ਯਕੀਨੀ ਬਣਾਇਆ ਜਾ ਸਕੇ।

ਇਹ ਤਿਆਰੀਆਂ ਅੰਤਰਰਾਸ਼ਟਰੀ ਖੇਡ ਸਮਾਗਮਾਂ ਨੂੰ ਉਤਸ਼ਾਹਿਤ ਕਰਨ ਅਤੇ ਖਿਡਾਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਦੀ ਵਚਨਬੱਧਤਾ ਦਾ ਪ੍ਰਤੱਖ ਪ੍ਰਮਾਣ ਹਨ। ਟੂਰਨਮੈਂਟ ਵਿੱਚ ਭਾਗ ਲੈਣ ਵਾਲੀਆਂ ਸਾਰੀਆਂ ਛੇ ਟੀਮਾਂ ਹੁਣ ਪੰਜਾਬ ਵਿੱਚ ਹਨ, ਇਸ ਲਈ ਖੇਡ ਪ੍ਰੇਮੀਆਂ ਵਿੱਚ ਟੂਰਨਾਮੈਂਟ ਲਈ ਤਾਂਘ ਅਤੇ ਉਮੀਦਾਂ ਵਧ ਰਹੀਆਂ ਹਨ ਜਲੰਧਰ ਅਤੇ ਮੁਹਾਲੀ ਵਿੱਚ ਵੱਕਾਰੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਨਾ ਸਿਰਫ ਭਾਰਤੀ ਹਾਕੀ ਵਿੱਚ ਪੰਜਾਬ ਦੇ ਸਥਾਈ ਯੋਗਦਾਨ ਨੂੰ ਹੋਰ ਉਜਾਗਰ ਕਰੇਗੀ, ਸਗੋਂ ਖੇਡਾਂ ਲਈ ਦੇਸ਼ ਦੇ ਪ੍ਰਮੁੱਖ ਕੇਂਦਰਾਂ ਵਜੋਂ ਇਸ ਦੀ ਸਾਖ਼ ਅਤੇ ਰੁਤਬੇ ਨੂੰ ਵੀ ਮਜ਼ਬੂਤ ਕਰੇਗੀ।

Comments

Post Your Comment

About The Author

Related Posts