Punjab
Chandigarh News: ਚੰਡੀਗੜ੍ਹ ’ਚ 12 ਰਿਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਦਾ ਪ੍ਰਸਤਾਵ, ਸੈਕਟਰ-33ਸੀ ਦਾ ਪਲਾਟ ਸਭ ਤੋਂ ਮਹਿੰਗਾ
ਚੰਡੀਗੜ੍ਹ ’ਚ 12 ਰਿਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਦਾ ਪ੍ਰਸਤਾਵ, ਸੈਕਟਰ-33ਸੀ ਦਾ ਪਲਾਟ ਸਭ ਤੋਂ ਮਹਿੰਗਾ
ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਇਸ ਦੀਵਾਲੀ ’ਤੇ ਚੰਡੀਗੜ੍ਹ ’ਚ ਆਪਣਾ ਆਸ਼ਿਆਨਾ ਬਣਾਉਣ ਦਾ ਸੁਪਨਾ ਦੇਖ ਰਹੇ ਲੋਕਾਂ ਲਈ ਅਸਟੇਟ ਦਫ਼ਤਰ ਵੱਲੋਂ ਤਿਆਰ ਕੀਤਾ ਗਿਆ ਈ-ਨਿਲਾਮੀ ਦਾ ਪ੍ਰਸਤਾਵ ਅਹਿਮ ਮੌਕਾ ਹੋ ਸਕਦਾ ਹੈ। ਅਸਟੇਟ ਦਫ਼ਤਰ ਨੇ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ’ਚ ਸਥਿਤ 12 ਰਿਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਦਾ ਪ੍ਰਸਤਾਵ ਤਿਆਰ ਕੀਤਾ ਹੈ। ਹਾਲਾਂਕਿ, ਈ-ਨਿਲਾਮੀ ਦੀ ਤਾਰੀਖ ਹਾਲੇ ਤੈਅ ਨਹੀਂ ਕੀਤੀ ਗਈ। ਪ੍ਰਸਤਾਵਿਤ ਪਲਾਟ ਸੈਕਟਰ-19, 21, 30, 33, 37, 38 ਤੇ 40 ਵਿੱਚ ਸਥਿਤ ਹਨ। ਸਾਰੇ ਪਲਾਟ ਫਰੀਹੋਲਡ ਆਧਾਰ ’ਤੇ ਨਿਲਾਮ ਕੀਤੇ ਜਾਣਗੇ। ਪਲਾਟਾਂ ਦਾ ਖੇਤਰਫਲ 169 ਵਰਗ ਗਜ਼ ਤੋਂ ਲੈ ਕੇ 1014 ਵਰਗ ਗਜ਼ ਤੱਕ ਹੈ। ਸਾਰੇ 12 ਪਲਾਟਾਂ ਲਈ ਰਾਖਵੀਂ ਦਰ 1,26,727 ਰੁਪਏ ਪ੍ਰਤੀ ਵਰਗ ਗਜ਼ ਨਿਰਧਾਰਤ ਕੀਤੀ ਗਈ ਹੈ।
ਪ੍ਰਸਤਾਵਿਤ ਈ-ਨਿਲਾਮੀ ’ਚ ਸੈਕਟਰ-33ਸੀ ਦਾ ਪਲਾਟ ਸਭ ਤੋਂ ਮਹਿੰਗਾ ਹੈ। ਇਸ ਦਾ ਰਾਖਵਾਂ ਮੁੱਲ ਕਰੀਬ 13 ਤੋਂ 14 ਕਰੋੜ ਰੁਪਏ ਰੱਖਿਆ ਗਿਆ ਹੈ। ਦੂਜੇ ਪਾਸੇ ਸੈਕਟਰ-37 ਦੇ ਦੋ ਪਲਾਟ ਸਭ ਤੋਂ ਘੱਟ ਕੀਮਤ ਵਾਲੇ ਹਨ, ਜਿਨ੍ਹਾਂ ਦਾ ਰਾਖਵਾਂ ਮੁੱਲ ਕਰੀਬ ਢਾਈ ਤੋਂ 3 ਕਰੋੜ ਰੁਪਏ ਹੈ। ਈ-ਨਿਲਾਮੀ ’ਚ ਹਿੱਸਾ ਲੈਣ ਵਾਲੇ ਬੋਲੀਦਾਤਾ ਨੂੰ ਹਰੇਕ ਪਲਾਟ ਲਈ ਧਰੋਹਰ ਰਾਸ਼ੀ ਜਮ੍ਹਾਂ ਕਰਵਾਉਣੀ ਹੋਵੇਗੀ। ਇਹ ਰਾਸ਼ੀ ਰਾਖਵੇਂ ਮੁੱਲ ਦੀ 2 ਫੀਸਦੀ ਜਾਂ 2 ਲੱਖ ਰੁਪਏ, ਜੋ ਵੀ ਵੱਧ ਹੋਵੇਗੀ, ਨਿਰਧਾਰਤ ਕੀਤੀ ਗਈ ਹੈ। ਜੇਕਰ ਕੋਈ ਵਿਅਕਤੀ ਇੱਕ ਤੋਂ ਵੱਧ ਪਲਾਟਾਂ ਲਈ ਬੋਲੀ ਲਗਾਉਂਦਾ ਹੈ ਤਾਂ ਉਸ ਨੂੰ ਹਰੇਕ ਪਲਾਟ ਲਈ ਵੱਖਰੀ ਧਰੋਹਰ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ। ਇਸ ਤੋਂ ਇਲਾਵਾ ਕੋਨੇ ਵਾਲੇ ਪਲਾਟ ਤੇ ਪਾਰਕ ਦੇ ਸਾਹਮਣੇ ਸਥਿਤ ਪਲਾਟ ਲਈ ਨਿਰਧਾਰਤ ਕੀਮਤ ਤੋਂ ਇਲਾਵਾ 5 ਫੀਸਦੀ ਵਾਧੂ ਰਕਮ ਦੇਣੀ ਹੋਵੇਗੀ। ਨਿਲਾਮੀ ’ਚ ਸਫਲ ਬੋਲੀਦਾਤਾ ਨੂੰ ਕੁੱਲ ਬੋਲੀ ਰਕਮ ਦਾ 25 ਫੀਸਦੀ ਹਿੱਸਾ ਨਿਰਧਾਰਤ ਸਮੇਂ ਅੰਦਰ ਜਮ੍ਹਾਂ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਬਾਕੀ 75 ਫੀਸਦੀ ਰਕਮ ਨਿਲਾਮੀ ਖਤਮ ਹੋਣ ਤੋਂ 90 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣੀ ਹੋਵੇਗੀ। Chandigarh News
ਜੇਕਰ ਸਫਲ ਬੋਲੀਦਾਤਾ ਨਿਰਧਾਰਤ ਸਮੇਂ ’ਚ ਪੂਰੀ ਰਕਮ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਪਲਾਟ ਦੀ ਅਲਾਟਮੈਂਟ ਰੱਦ ਕੀਤੀ ਜਾ ਸਕਦੀ ਹੈ ਤੇ ਨਿਯਮਾਂ ਅਨੁਸਾਰ ਜਮ੍ਹਾਂ ਰਕਮ ਜ਼ਬਤ ਵੀ ਕੀਤੀ ਜਾ ਸਕਦੀ ਹੈ। ਪਲਾਟ ਦਾ ਕਬਜ਼ਾ ਮਿਲਣ ਤੋਂ ਬਾਅਦ ਅਲਾਟੀ ਨੂੰ ਤਿੰਨ ਸਾਲਾਂ ਦੇ ਅੰਦਰ ਉਸ ’ਤੇ ਨਿਰਮਾਣ ਕਾਰਜ ਪੂਰਾ ਕਰਨਾ ਹੋਵੇਗਾ। ਜੇਕਰ ਨਿਰਧਾਰਤ ਸਮੇਂ ’ਚ ਨਿਰਮਾਣ ਪੂਰਾ ਨਾ ਹੋਵੇ ਤੇ ਵਾਧੂ ਸਮੇਂ ਦੀ ਲੋੜ ਪਵੇ ਤਾਂ ਇਸ ਲਈ ਨਿਰਧਾਰਤ ਫੀਸ ਅਦਾ ਕਰਨੀ ਹੋਵੇਗੀ। ਈ-ਨਿਲਾਮੀ ਵਿੱਚ ਬੋਲੀ ਲਗਾਉਣ ਲਈ ਵੀ ਨਿਯਮ ਤੈਅ ਕੀਤੇ ਗਏ ਹਨ। ਹਰੇਕ ਅਗਲੀ ਬੋਲੀ 50 ਹਜ਼ਾਰ ਰੁਪਏ ਦੇ ਗੁਣਕ ’ਚ ਲਾਉਣੀ ਹੋਵੇਗੀ ਤੇ ਰਾਖਵੇਂ ਮੁੱਲ ਤੋਂ ਘੱਟ ਬੋਲੀ ਸਵੀਕਾਰ ਨਹੀਂ ਕੀਤੀ ਜਾਵੇਗੀ। ਨਿਲਾਮੀ ਦੇ ਆਖਰੀ ਪੰਜ ਮਿੰਟਾਂ ’ਚ ਜੇਕਰ ਕੋਈ ਨਵੀਂ ਬੋਲੀ ਆਉਂਦੀ ਹੈ ਤਾਂ ਈ-ਨਿਲਾਮੀ ਦਾ ਸਮਾਂ ਆਪਣੇ ਆਪ 5 ਮਿੰਟ ਲਈ ਵਧ ਜਾਵੇਗਾ। ਇਸ ਨਾਲ ਹੋਰ ਬੋਲੀਦਾਤਾਵਾਂ ਨੂੰ ਵੀ ਨਵੀਂ ਬੋਲੀ ਲਾਉਣ ਦਾ ਮੌਕਾ ਮਿਲੇਗਾ। ਅਸਟੇਟ ਦਫ਼ਤਰ ਨੇ ਫਿਲਹਾਲ 12 ਰਿਹਾਇਸ਼ੀ ਪਲਾਟਾਂ ਦੀ ਈ-ਨਿਲਾਮੀ ਦਾ ਪ੍ਰਸਤਾਵ ਤਿਆਰ ਕੀਤਾ ਹੈ। ਇਨ੍ਹਾਂ ਪਲਾਟਾਂ ਦੀ ਨਿਲਾਮੀ ਦੀ ਅੰਤਿਮ ਤਾਰੀਖ ਹਾਲੇ ਐਲਾਨੀ ਨਹੀਂ ਗਈ ਹੈ। Chandigarh News
ਇਹ ਵੀ ਪੜ੍ਹੋ : ਜੈਸ਼ੰਕਰ ਨੇ ਨਿਊਯਾਰਕ 'ਚ ਕੈਨੇਡਾ, ਮੈਕਸੀਕੋ ਅਤੇ ਵੈਨੇਜ਼ੁਏਲਾ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ