ਸਿੱਧੂ ਆਪਣਾ ਵਿਧਾਨ ਸਭਾ ਹਲਕਾ ਦੇਖਣ, ਕੋਰੋਨਾ ਦੌਰਾਨ ਛੱਡਿਆ ਹੋਇਆ ਖਾਲੀ : ਪਰਨੀਤ ਕੌਰ

 ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪਤਨੀ ਸੰਸਦ ਮੈਂਬਰ ਪਰਨੀਤ ਕੌਰ ਦੀ ਦੋ ਟੁੱਕ

  •  ਕੋਈ ਗਿੱਲਾ ਸਿਕਵਾ ਐ ਤਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਕੋਲ ਜਾ ਕੇ ਰੱਖਣ : ਪਰਨੀਤ ਕੌਰ

ਅਸ਼ਵਨੀ ਚਾਵਲਾ, ਚੰਡੀਗੜ। ਪਿਛਲੇ ਲੰਬੇ ਸਮੇਂ ਤੋਂ ਪਟਿਆਲਾ ਵਿਖੇ ਸਿਆਸਤ ਦਾ ਹਰ ਦਾਅ-ਪੇਚ ਖੇਡ ਰਹੇ ਨਵਜੋਤ ਸਿੱਧੂ ’ਤੇ ਹੁਣ ਸੰਸਦ ਮੈਂਬਰ ਪਰਨੀਤ ਕੌਰ ਭੜਕ ਗਈ ਹੈ। ਪਰਨੀਤ ਕੌਰ ਨੇ ਉਨਾਂ ਦੇ ਪਟਿਆਲਾ ਵਿਖੇ ਰਹਿਣ ’ਤੇ ਇਤਰਾਜ਼ ਜ਼ਾਹਰ ਕੀਤਾ ਹੈ। ਪਰਨੀਤ ਕੌਰ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਆਪਣੇ ਵਿਧਾਨ ਸਭਾ ਹਲਕੇ ਲਈ ਜਵਾਬਦੇਹੀ ਹੈ, ਇਸ ਲਈ ਉਹ ਆਪਣੇ ਵਿਧਾਨ ਸਭਾ ਹਲਕੇ ਵਿੱਚ ਜਾ ਕੇ ਉਸ ਨੂੰ ਦੇਖਣ। ਇਸ ਸਮੇਂ ਕੋਰੋਨਾ ਦੀ ਮਹਾਂਮਾਰੀ ਚਲ ਰਹੀ ਹੈ, ਇਸ ਲਈ ਆਮ ਲੋਕਾਂ ਦੇ ਲਈ ਪ੍ਰਬੰਧ ਕਰਨ ਅਤੇ ਉਨਾਂ ਦਾ ਹਾਲ-ਚਾਲ ਪੁੱਛਣ। ਪਟਿਆਲਾ ਲੋਕ ਸਭਾ ਤੋਂ ਸੰਸਦ ਮੈਂਬਰ ਪਰਨੀਤ ਕੌਰ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਧਰਮ-ਪਤਨੀ ਵੀ ਹਨ ਅਤੇ ਉਨਾਂ ਵਲੋਂ ਪਹਿਲੀ ਵਾਰ ਨਵਜੋਤ ਸਿੱਧੂ ’ਤੇ ਕਾਫ਼ੀ ਜਿਆਦਾ ਤਿੱਖਾ ਵਾਰ ਕੀਤਾ ਹੈ।

ਪਰਨੀਤ ਕੌਰ ਦਿੱਲੀ ਵਿਖੇ ਕਾਂਗਰਸ ਹਾਈ ਕਮਾਨ ਵਲੋਂ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਕੋਲ ਪੇਸ਼ ਹੋਣ ਲਈ ਆਏ ਸਨ ਅਤੇ ਮੁਲਾਕਾਤ ਕਰਨ ਤੋਂ ਬਾਅਦ ਪਰਨੀਤ ਕੌਰ ਨੇ ਮੀਡੀਆ ਨਾਲ ਵੀ ਗੱਲਬਾਤ ਕੀਤੀ। ਪਰਨੀਤ ਕੌਰ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਜੇਕਰ ਕੋਈ ਵੀ ਗਿਲੇ ਸ਼ਿਕਵੇ ਹਨ ਤਾਂ ਉਹ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਸਕਦੇ ਹਨ ਨਹੀਂ ਤਾਂ ਕਾਂਗਰਸ ਹਾਈ ਕਮਾਨ ਨੂੰ ਮਿਲ ਸਕਦੇ ਹਨ ਪਰ ਉਹ ਆਪਣੇ ਵਿਧਾਨ ਸਭਾ ਹਲਕੇ ਵਿੱਚ ਜਾਣ। ਪਰਨੀਤ ਕੌਰ ਨੇ ਕਿਹਾ ਕਿ ਉਨਾਂ ਦੀ ਆਪਣੇ ਵਿਧਾਨ ਸਭਾ ਹਲਕੇ ਸਬੰਧੀ ਜਵਾਬਦੇਹੀ ਹੈ, ਉਸ ਨੂੰ ਪੂਰਾ ਕਰਨ।

 

ਇਥੇ ਜਿਕਰ ਯੋਗ ਹੈ ਕਿ ਨਵਜੋਤ ਸਿੱਧੂ ਪਿਛਲੇ ਕੁਝ ਮਹੀਨੇ ਤੋਂ ਪਟਿਆਲਾ ਵਿਖੇ ਡੇਰਾ ਜਮਾਈ ਬੈਠੇ ਹਨ ਅਤੇ ਪਟਿਆਲਾ ਤੋਂ ਹੀ ਆਪਣੀ ਸਿਆਸਤ ਚਲਾ ਰਹੇ ਹਨ। ਪਟਿਆਲਾ ਵਿਖੇ ਨਵਜੋਤ ਸਿੱਧੂ ਦੀ ਮੌਜੂਦਗੀ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਇਤਰਾਜ਼ ਜਤਾ ਚੁੱਕੇ ਹਨ ਅਤੇ ਨਵਜੋਤ ਸਿੱਧੂ ਨੂੰ ਪਟਿਆਲਾ ਤੋਂ ਚੋਣ ਲੜਨ ਲਈ ਚੁਨੌਤੀ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਦਿੱਤੀ ਗਈ ਸੀ।

ਇਹ ਹੋਏ ਤਿੰਨ ਮੈਂਬਰੀ ਕਮੇਟੀ ਕੋਲ ਪੇਸ਼

ਪਰਨੀਤ ਕੌਰ                        ਲੋਕ-ਸਭਾ ਮੈਂਬਰ
ਸ਼ਮਸ਼ੇਰ ਸਿੰਘ ਦੂਲੋਂ                   ਰਾਜ-ਸਭਾ ਮੈਂਬਰ
ਲਾਲ ਸਿੰਘ                          ਚੇਅਰਮੈਨ ਮੰਡੀ ਬੋਰਡ
ਰਾਜਿੰਦਰ ਕੌਰ ਭੱਠਲ                ਸਾਬਕਾ ਮੁੱਖ ਮੰਤਰੀ
ਹੰਸਪਾਲ                         ਸਾਬਕਾ ਪੰਜਾਬ ਪ੍ਰਧਾਨ
ਕਾਕਾ ਰਾਜਿੰਦਰ ਸਿੰਘ                   ਵਿਧਾਇਕ
ਦਰਸ਼ਨ ਲਾਲ                           ਵਿਧਾਇਕ
ਸੁਰਜੀਤ ਸਿੰਘ ਧੀਮਾਨ                  ਵਿਧਾਇਕ
ਅੰਗਦ ਸੈਣੀ                             ਵਿਧਾਇਕ
ਨੱਥੂ ਰਾਮ                               ਵਿਧਾਇਕ
ਬਲਵਿੰਦਰ ਲਾਡੀ                        ਵਿਧਾਇਕ
ਫ਼ਤਿਹ ਜੰਗ ਬਾਜਵਾ                     ਵਿਧਾਇਕ
ਸੰਤੋਖ ਸਿੰਘ ਭਲਾਈਪੁਰ                 ਵਿਧਾਇਕ
ਕੁਲਦੀਪ ਵੈਦ                           ਵਿਧਾਇਕ
ਲਖਵੀਰ ਲੱਖਾਂ                          ਵਿਧਾਇਕ
ਗੁਰਪ੍ਰੀਤ ਸਿੰਘ ਜੀ.ਪੀ.                 ਵਿਧਾਇਕ
ਸੁਖਪਾਲ ਭੁੱਲਰ                        ਵਿਧਾਇਕ
ਦਲਵੀਰ ਗੋਲਡੀ                       ਵਿਧਾਇਕ
ਕੁਲਵੀਰ ਜੀਰਾ                         ਵਿਧਾਇਕ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।