ਪਟਿਆਲਾ ‘ਚ ਸੀਰੀਅਲ ਕਿੱਲਰ ਕਾਬੂ

Serial,Killer,arrested, patiala,police

ਟੈਗੋਰ ਸਿਨਮਾ ਨੇੜੇ ਕੀਤੇ ਕਤਲ ਨੂੰ ਸੁਲਝਾਉਣ ਤੋਂ ਸਾਹਮਣੇ ਆਏ ਇੱਕ ਤੋਂ ਬਾਅਦ ਇੱਕ ਕਤਲ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਪੁਲਿਸ ਵੱਲੋਂ ਇੱਕ ਅਜਿਹੇ ਸੀਰੀਅਲ ਕਿਲਰ ਨੂੰ ਕਾਬੂ ਕੀਤਾ ਗਿਆ ਹੈ ਜੋ ਕਿ 1995 ਤੋਂ ਹੁਣ ਤੱਕ ਵੱਖ-ਵੱਖ ਥਾਵਾਂ ‘ਤੇ 7 ਕਤਲਾਂ ਨੂੰ ਅੰਜਾਮ ਦੇ ਚੁੱਕਿਆ ਹੈ। ਇਸ ਵੱਲੋਂ ਕਤਲ ਕਰਨ ਵਾਲਿਆਂ ਦੇ ਚਿਹਰੇ ਇੱਟਾਂ ਮਾਰ ਕੇ ਬੇਪਛਾਣ ਬਣਾ ਦਿੱਤਾ ਜਾਂਦੇ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਆਈਜੀ ਪਟਿਆਲਾ ਰੇਂਜ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 29/30 ਦਸੰਬਰ ਦੀ ਦਰਮਿਆਨੀ ਰਾਤ ਨੂੰ ਪਟਿਆਲਾ ਟੈਗੋਰ ਸਿਨੇਮਾ ਦੇ ਪਿੱਛੇ ਅਣਪਛਾਤੇ ਵਿਅਕਤੀ ਦੇ ਕਤਲ ਸਬੰਧੀ ਲਾਸ਼ ਬਰਾਮਦ ਹੋਈ ਸੀ, ਜਿਸ ਦਾ ਚਿਹਰਾ ਇੱਟਾਂ ਮਾਰ ਕੇ ਬੇਪਛਾਣ ਕੀਤਾ ਹੋਇਆ ਸੀ।

ਪੁਲਿਸ ਨੂੰ ਤਫਤੀਸ਼ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਰਾਜਿੰਦਰ ਕੁਮਾਰ ਪੁੱਤਰ ਚਮਨ ਲਾਲ ਵਾਸੀ ਸਰਪੰਚ ਕਲੋਨੀ ਲੁਧਿਆਣਾ ਦਾ ਰਹਿਣ ਵਾਲਾ ਹੈ। ਇਸ ਸਬੰਧੀ ਜਗਰੂਪ ਸਿੰਘ ਉਰਫ ਹੈਪੀ ਪੁੱਤਰ ਨਰਿੰਦਰ ਸਿੰਘ ਵਾਸੀ ਬੱਦੋਵਾਲ ਲੁਧਿਆਣਾ ਨੂੰ  ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਗੱਲ ਸਾਹਮਣੇ ਆਈ ਕਿ ਉਸ ਰਾਤ ਨੂੰ ਉਸ ਨੇ ਰਾਜਿੰਦਰ ਕੁਮਾਰ ਦਾ ਕਤਲ ਕੀਤਾ ਸੀ।

ਵਜ੍ਹਾ ਰੰਜਿਸ਼ ਸੀ ਕਿ ਜਗਰੂਪ ਸਿੰਘ ਦੇ ਇੱਕ ਔਰਤ ਨਾਲ ਅਨੈਤਿਕ ਸਬੰਧੀ ਸਨ ਤੇ ਮ੍ਰਿਤਕ ਰਜਿੰਦਰ ਕੁਮਾਰ ਵੀ ਉਸ ‘ਤੇ ਗਲਤ ਨਜ਼ਰ ਰੱਖਦਾ ਸੀ, ਜਿਸ ਕਰਕੇ ਜਗਰੂਪ ਸਿੰਘ ਰਜਿੰਦਰ ਕੁਮਾਰ ਨੂੰ ਥ੍ਰੀ-ਵ੍ਹੀਲਰ ‘ਤੇ ਟੈਗੋਰ ਸਿਨੇਮਾ ਪਟਿਆਲਾ ਦੀ ਪਿਛਲੀ ਸਾਈਡ ਸੁੰਨਸਾਨ ਜਗ੍ਹਾ ਲੈ ਗਿਆ ਤੇ ਨਸ਼ੇ ਦੀਆਂ ਗੋਲੀਆਂ ਰਜਿੰਦਰ ਕੁਮਾਰ ਨੂੰ ਸ਼ਰਾਬ ‘ਚ ਪਾਕੇ ਦੇ ਦਿੱਤੀਆਂ। ਨਸ਼ਾ ਹੋਣ ਉਪਰੰਤ ਜਗਰੂਪ ਸਿੰਘ ਨੇ ਇੱਟ ਦੇ ਕਈ ਵਾਰ ਕਰਕੇ ਰਜਿੰਦਰ ਕੁਮਾਰ ਨੂੰ ਮਾਰ ਦਿੱਤਾ ਤੇ ਫਿਰ ਉਹ ਲੁਧਿਆਣਾ ਚਲਾ ਗਿਆ। ਡੀਆਈਜੀ ਸ੍ਰੀ ਗਿੱਲ ਨੇ ਦੱਸਿਆ ਕਿ ਤਫਤੀਸ਼ ਦੌਰਾਨ ਜਗਰੂਪ ਸਿੰਘ ਨੇ ਇਹ ਵੀ ਮੰਨਿਆ ਕਿ ਸਾਲ 1995 ‘ਚ ਉਹ ਆਪਣੇ ਦੋਸਤਾਂ ਨਾਲ ਮਿਲ ਕੇ ਲੁੱਟਾਂ ਕਰਦੇ ਸਮੇਂ ਸ਼ਿਮਲਾਪੁਰੀ ਲੁਧਿਆਣਾ ਵਿਖੇ ਇੱਕ ਘਰੇਲੂ ਔਰਤ ਦਾ ਕਤਲ ਕੀਤਾ ਸੀ।

ਇਹ ਵੀ ਪੜ੍ਹੋ : ਲੁਧਿਆਣਾ ’ਚ ਹੋਈ ਕਰੋੜਾਂ ਦੀ ਲੁੱਟ, ਲੁਟੇਰੇ ਵੈਨ ਲੈ ਕੇ ਫਰਾਰ

ਸਾਲ 1998 ਵਿੱਚ ਸਰਦੀਆਂ ‘ਚ ਨਿਰੰਕਾਰੀ ਭਵਨ ਬੱਦੋਵਾਲ ਲੁਧਿਆਣਾ ਵਿਖੇ ਚੋਰੀ ਕਰਦੇ ਸਮੇਂ ਇੱਕ ਪ੍ਰਵਾਸੀ ਔਰਤ ਦਾ ਕਤਲ ਕੀਤਾ ਸੀ। ਸਾਲ 2004 ਦੇ ਅਪਰੈਲ ਮਹੀਨੇ ‘ਚ ਉਸ ਨੇ ਪਰਮਜੀਤ ਕੌਰ ਦੇ ਪਤੀ ਕੁਲਦੀਪ ਸਿੰਘ ਦਾ ਕਤਲ ਯਮੂਨਾਨਗਰ ਹਰਿਆਣਾ ਘਰ ‘ਚ ਹੀ ਗਲਾ ਘੁੱਟ ਕੇ ਲਾਸ਼ ਨੂੰ ਟਰੰਕ ‘ਚ ਪਾ ਕੇ ਯਮੂਨਾ ਨਹਿਰ ‘ਚ ਸੁੱਟ ਦਿੱਤਾ ਸੀ। ਕੁਲਦੀਪ ਸਿੰਘ ਨੂੰ ਕਤਲ ਕਰਨ ਦੀ ਵਜ੍ਹਾ ਇਹ ਸੀ ਕਿ ਕੁਲਦੀਪ ਸਿੰਘ, ਜਗਰੂਪ ਸਿੰਘ ਤੇ ਪਰਮਜੀਤ ਕੌਰ ਦੀ ਜ਼ਿੰਦਗੀ ‘ਚ ਰੋੜਾ ਬਣਦਾ ਸੀ। ਜਗਰੂਪ ਸਿੰਘ ਨੇ ਸਾਲ 2011 ਨੂੰ ਨੰਦ ਲਾਲ ਦਾ ਕਤਲ ਕਾਕੋਵਾਲ ਰੋਡ ਲੁਧਿਆਣਾ ਵਿਖੇ ਇੱਕ ਖਾਲੀ ਪਲਾਟ ‘ਚ ਇੱਟ ਨਾਲ ਵਾਰ ਕਰਕੇ ਕਰ ਦਿੱਤਾ ਸੀ ਤੇ ਇੱਟਾਂ ਨਾਲ ਉਸ ਦਾ ਚਿਹਰਾ ਵਿਗਾੜ ਦਿੱਤਾ ਸੀ। ਇਸ ਸਬੰਧੀ ਲੁਧਿਆਣਾ ਵਿਖੇ ਮਾਮਲਾ ਵੀ ਦਰਜ ਹੋਇਆ ਸੀ।

ਉਸ ਨੇ ਇਹ ਵੀ ਮੰਨਿਆ ਹੈ ਕਿ ਮਈ 2015 ‘ਚ ਅਨਿਲ ਦਾ ਕਤਲ ਐੱਸ. ਐੱਸ. ਟੀ. ਨਗਰ ਪਟਿਆਲਾ ਵਿਖੇ ਪਰਮਜੀਤ ਕੌਰ ਦੇ ਕਹਿਣ ‘ਤੇ ਤਲਵਾਰ ਨਾਲ ਵੱਢ ਕੇ ਲਾਸ਼ ਨੂੰ ਅਟੈਚੀ ‘ਚ ਪਾ ਕੇ ਵਿਕਾਸ ਕਲੋਨੀ ਵਿਖੇ ਸੁੱਟ ਦਿੱਤਾ ਸੀ, ਜਿਸ ਸਬੰਧੀ ਮਾਮਲਾ ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਹੋਇਆ ਸੀ।

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਦਿੱਤੇ ਖੇਡ ਟਿਪਸ, ਹੋ ਗਈ ਭਾਰਤੀ ਤਾਈਕਵਾਂਡੋ ਟੀਮ ’ਚ ਚੋਣ

ਫਿਰ ਇਸ ਵੱਲੋਂ ਅਪਰੈਲ 2016 ‘ਚ ਪਰਮਜੀਤ ਕੌਰ ਦਾ ਕਤਲ ਪਿੰਡ ਜੱਸੋਵਾਲ ਲੁਧਿਆਣਾ ਦੇ ਖੇਤਾਂ ‘ਚ ਕਰ ਦਿੱਤਾ ਸੀ ਕਿਉਂਕਿ ਪਰਮਜੀਤ ਕੌਰ ਉਸਦੇ ਤੇ ਹੇਮਾ ਦੇ ਸਬੰਧਾਂ ਬਾਰੇ ਰੋੜਾ ਬਣਦੀ ਸੀ। ਇਸ ਤਰ੍ਹਾਂ ਜਗਰੂਪ ਸਿੰਘ ਵੱਲੋਂ ਇੱਕ ਤੋਂ ਬਾਅਦ ਇੱਕ ਕਤਲ ਕੀਤੇ ਗਏ। ਜਗਰੂਪ ਸਿੰਘ ਵੱਲੋਂ ਪਹਿਲਾਂ ਕੀਤੇ ਹੋਏ ਕਤਲਾਂ ਸਬੰਧੀ ਦਰਜ ਹੋਏ ਮੁਕੱਦਮੇ ਅਜੇ ਤੱਕ ਅਨਟਰੇਸ ਚੱਲੇ ਆ ਰਹੇ ਸਨ। ਉਨ੍ਹਾਂ ਦੱਸਿਆ ਕਿ ਇਸ ਨੂੰ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਇਸ ਮੌਕੇ ਐੱਸਐੱਸਪੀ ਪਟਿਆਲਾ ਡਾ. ਐੱਸ. ਭੂਪਤੀ, ਐੱਸਪੀ (ਡੀ)  ਹਰਵਿੰਦਰ ਸਿੰਘ ਵਿਰਕ, ਐੱਸਪੀ ਸਿਟੀ ਕੇਸਰ ਸਿੰਘ ਤੇ ਹੋਰ ਪੁਲਿਸ ਅਧਿਕਾਰੀ ਮੌਜ਼ੂਦ ਸਨ।