ਸੁਲਤਾਨਪੁਰ ਲੋਧੀ ਵਿਖੇ ਬਣਨ ਵਾਲੇ ਬੱਸ ਸਟੈਂਡ ਦੇ ਕੰਮ ਦੀ ਚੇਅਰਮੈਨ ਪੀਆਰਟੀਸੀ ਨੇ ਕਰਵਾਈ ਸ਼ੁਰੂਆਤ

PRTC, Commissioning, Sultanpur

ਅਗਸਤ 2019 ਤੱਕ ਬੱਸ ਸਟੈਂਡ ਬਣਕੇ ਤਿਆਰ ਹੋਵੇਗਾ : ਕੇਕੇ ਸ਼ਰਮਾ

ਪਟਿਆਲਾ (ਖੁਸ਼ਵੀਰ ਸਿੰਘ ਤੂਰ) । ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਸੁਲਤਾਨਪੁਰ ਲੋਧੀ ਵਿਖੇ 1.80 ਏਕੜ ‘ਚ 5.73 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਬੱਸ ਸਟੈਂਡ ਦੇ ਕੰਮ ਦੀ ਸ਼ੁਰੂਆਤ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ ਨੇ ਕਰਵਾਈ। ਇਸ ਮੌਕੇ ਉਨ੍ਹਾਂ ਦੱਸਿਆ ਕਿ 1.80 ਏਕੜ ਵਿੱਚ ਬਣਨ ਵਾਲੇ ਇਸ ਬੱਸ ਸਟੈਂਡ ਲਈ ਨਗਰ ਕੌਂਸਲ ਸੁਲਤਾਨਪੁਰ ਲੋਧੀ ਵੱਲੋਂ ਜਮੀਨ ਮੁਹੱਈਆ ਕਰਵਾਈ ਜਾ ਚੁੱਕੀ ਹੈ ਅਤੇ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਬੱਸ ਸਟੈਂਡ ਦੀ ਇਮਾਰਤ ‘ਤੇ ਲੱਗਣ ਵਾਲੇ 5.73 ਕਰੋੜ ਰੁਪਏ ਮੁਹੱਈਆ ਕਰਵਾਏ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਦੀ ਉਸਾਰੀ ਲਈ ਪੀਆਰਟੀਸੀ ਵੱਲੋਂ ਠੇਕਾ ਦਿੱਤਾ ਜਾ ਚੁੱਕਾ ਹੈ ਅਤੇ ਬੱਸ ਸਟੈਂਡ ਦਾ ਕੰਮ ਅਗਸਤ 2019 ਤੱਕ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਆਧੁਨਿਕ ਤਕਨੀਕਾਂ ਨਾਲ ਲੈਸ ਇਸ ਬੱਸ ਸਟੈਂਡ ਦੇ ਜ਼ਮੀਨੀ ਮੰਜ਼ਿਲ ‘ਤੇ 9 ਹਜ਼ਾਰ ਵਰਗ ਫੁੱਟ ਕਵਰਡ ਏਰੀਆ ਹੋਵੇਗਾ ਅਤੇ ਪਹਿਲੀ ਮੰਜ਼ਿਲ ਨੂੰ ਵਪਾਰਕ ਅਤੇ ਦਫ਼ਤਰੀ ਕੰਮ ਲਈ ਵਰਤਿਆ ਜਾਵੇਗਾ ਅਤੇ ਇਸ ਦਾ ਕਵਰਡ ਏਰੀਆ 2500 ਵਰਗ ਫੁੱਟ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਬੱਸ ਸਟੈਂਡ ਵਿੱਚ ਬੱਸਾਂ ਦੇ ਚੱਲਣ ਲਈ ਅੱਠ ਵੱਖ-ਵੱਖ ਕਾਊਂਟਰ ਹੋਣਗੇ ਅਤੇ ਪੁੱਛ-ਗਿੱਛ ਲਈ ਵੱਖਰਾ ਕਮਰਾ ਹੋਵੇਗਾ।

ਉਨ੍ਹਾਂ ਦੱਸਿਆ ਕਿ ਯਾਤਰੀਆਂ ਦੀ ਸਹੂਲਤ ਲਈ ਬੱਸਾਂ ਦੀ ਸਮਾਂ ਸਾਰਣੀ ਦਰਸਾਉਂਦੀ ਐਲਸੀਡੀ ਵੀ ਲਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਵਿੱਚ ਯਾਤਰੀਆਂ ਨੂੰ ਸ਼ੁੱਧ ਪੀਣ ਵਾਲੇ ਪਾਣੀ ਲਈ ਆਰਓ ਸਿਸਟਮ ਲਾਇਆ ਜਾਵੇਗਾ ਅਤੇ ਸਾਈਕਲ, ਸਕੂਟਰ ਅਤੇ ਕਾਰਾਂ ਲਈ ਵੱਖਰਾ ਪਾਰਕਿੰਗ ਸਟੈਂਡ ਵੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਬੱਸ ਸਟੈਂਡ ਵਿੱਚ ਬੱਸਾਂ ਅਤੇ ਯਾਤਰੀਆਂ ਦੇ ਅੰਦਰ ਅਤੇ ਬਾਹਰ ਜਾਣ ਲਈ ਵੱਖਰੇ-ਵੱਖਰੇ ਰਸਤੇ ਬਣਾਏ ਜਾਣਗੇ ਅਤੇ ਬੱਸ ਸਟੈਂਡ ਵਿੱਚ ਵੱਖ-ਵੱਖ ਮੰਤਵਾਂ ਲਈ ਚਾਰ ਕਮਰਸ਼ੀਅਲ ਸਟਾਲ ਬਣਾਉਣ ਦੀ ਵੀ ਤਜਵੀਜ਼ ਹੈ।

ਇਸ ਮੌਕੇ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ, ਕਾਰਜਕਾਰੀ ਇੰਜੀਨੀਅਰ ਪੀ.ਆਰ.ਟੀ.ਸੀ. ਇੰਜ. ਜਤਿੰਦਰਪਾਲ ਸਿੰਘ ਗਰੇਵਾਲ, ਜਨਰਲ ਮੈਨੇਜਰ ਪੀਆਰਟੀਸੀ ਕਪੂਰਥਲਾ ਸ੍ਰੀ ਪ੍ਰਵੀਨ ਕੁਮਾਰ, ਐਸਡੀਓ ਇੰਜ. ਵਰਿੰਦਰ ਕੁਮਾਰ, ਇੰਜ. ਬਲਜੀਤ ਸਿੰਘ ਮਠਾੜੂ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜ਼ੂਦ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।