ਪ੍ਰਣਾਮ ਸ਼ਹੀਦਾਂ ਨੂੰ, ਜੋ ਦੇਸ਼ ਦੀ ਆਨ, ਬਾਨ ਤੇ ਸ਼ਾਨ ਲਈ ਕੁਰਬਾਨ ਹੋ ਗਏ

Pranam, Shaheedis, Sacrificed, Country's Onslaught, Baan, Splendor

ਫਲੈਗ-ਡੇ ‘ਤੇ ਵਿਸ਼ੇਸ਼

ਪ੍ਰਮੋਦ ਧੀਰ ਜੈਤੋ 

ਹੁਣ ਤੱਕ ਭਾਰਤ ਦੀਆਂ ਪਾਕਿਸਤਾਨ, ਚੀਨ ਆਦਿ ਦੇਸ਼ਾਂ ਨਾਲ ਹੋਈਆਂ ਜੰਗਾਂ ਦੌਰਾਨ ਅਸੀਂ ਆਪਣੇ ਬਹੁਤ ਸਾਰੇ ਫੌਜੀ ਜਵਾਨ, ਯੋਧੇ, ਵੀਰ, ਮਾਵਾਂ ਦੇ ਲਾਡਲੇ ਪੁੱਤ, ਸੁਹਾਗਣਾਂ ਦੇ ਸੁਹਾਗ, ਬੱਚਿਆਂ ਦੇ ਪਿਤਾ, ਭੈਣਾਂ ਦੇ ਵੀਰ ਗੁਆ ਚੁੱਕੇ ਹਾਂ। ਹਜ਼ਾਰਾਂ ਫੌਜੀ ਜ਼ਖ਼ਮੀ ਹੋ ਚੁੱਕੇ ਹਨ। ਅੱਜ 7 ਦਸੰਬਰ ਨੂੰ ਫਲੈਗ ਡੇ (ਝੰਡਾ ਦਿਵਸ) ਮੌਕੇ ਅਸੀਂ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰਦੇ ਹਾਂ ਅਤੇ ਸਲਾਮ ਕਰਦੇ ਹਾਂ ਉਹਨਾਂ ਪਰਿਵਾਰਾਂ ਨੂੰ ਜਿਨ੍ਹਾਂ ਦੇ ਲਾਡਲਿਆਂ ਨੇ ਦੇਸ਼ ਲਈ ਕੁਰਬਾਨੀ ਦਿੱਤੀ। ਅੱਜ ਦੇ ਦਿਨ ਫਲੈਗ ਡੇ ਮੌਕੇ ਸਾਡਾ ਫਰਜ ਬਣਦਾ ਹੈ ਕਿ ਅਸੀਂ ਆਪਣੀ ਨੇਕ ਕਮਾਈ ‘ਚੋਂ ਕੁਝ ਹਿੱਸਾ ਇਹਨਾਂ ਪਰਿਵਾਰਾਂ ਲਈ ਦਾਨ ਕਰੀਏ ਤਾਂ ਕਿ ਸਰਕਾਰ ਵੱਲੋਂ ਇਹਨਾਂ ਜ਼ਖ਼ਮੀ ਫੌਜੀਆਂ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਾਡੇ ਵਾਂਗ ਇਸ ਅਜ਼ਾਦੀ ਦਾ ਨਿੱਘ ਪ੍ਰਾਪਤ ਹੋ ਸਕੇ।
ਕਈ ਲੋਕ ਹੁਣ ਵੀ ਪਾਕਿਸਤਾਨ ਨਾਲ ਜੰਗ ਚਾਹੁੰਦੇ ਹਨ। ਮੰਨਿਆ ਭਾਰਤ ਪਾਕਿਸਤਾਨ ਤੋਂ ਫੌਜੀ ਤਾਕਤ ‘ਚ ਬਹੁਤ ਜ਼ਿਆਦਾ ਤਾਕਤਵਰ ਹੈ ਪਰ ਇਹ ਵੀ ਨਹੀਂ ਕਿਹਾ ਜਾ ਸਕਦਾ ਕਿ ਉਹ ਬਿਲਕੁਲ ਨਿਹੱਥੇ ਨੇ। ਦੁਸ਼ਮਣ ਕਿੰਨਾ ਵੀ ਕਮਜ਼ੋਰ ਕਿਉਂ ਨਾ ਹੋਵੇ ਵਾਰ ਤਾਂ ਕਰਦਾ ਹੀ ਹੈ ਤੇ ਉਸ ਵਾਰ ਨਾਲ ਜੋ ਨੁਕਸਾਨ ਹੋਣਾ ਉਹ ਤਾਂ ਸਾਨੂੰ ਹੀ ਝੱਲਣਾ ਪੈਣਾ। ਸਾਡੇ ਸੈਂਕੜੇ ਫੌਜੀ ਜਵਾਨ ਹੁਣ ਤੱਕ ਸ਼ਹੀਦ ਹੋ ਚੁੱਕੇ ਹਨ, ਕਈ ਅਪੰਗ ਹੋ ਚੁੱਕੇ ਹਨ।
ਅਸੀਂ ਬੜੇ ਭਾਵੁਕ ਲੋਕ ਹਾਂ, ਜਦੋਂ ਕਿਸੇ ‘ਤੇ ਦੁੱਖ ਆਉਂਦਾ ਹੈ ਉਦੋਂ ਅਸੀ ਸਾਰੇ ਇੱਕਜੁਟ ਹੋ ਕੇ ਦੁੱਖ ਨੂੰ ਸਹਿਣ ਵਿੱਚ ਇੱਕ-ਦੂਸਰੇ ਦੀ ਮੱਦਦ ਕਰਦੇ ਹਾਂ ਪਰ ਅਸੀਂ ਆਪਣੀ ਵਿਅਸਤ ਮਾਨਸਿਕਤਾ ਦੇ ਵੀ ਸ਼ਿਕਾਰ ਹਾਂ। ਜੋ ਸਮਾਂ ਪੈ ਜਾਣ ਨਾਲ ਸਭ ਕੁੱਝ ਭੁੱਲਣ ‘ਚ ਵੀ ਸਾਡੀ ਇਨਸਾਨੀ ਜ਼ਿੰਦਗੀ ਨੂੰ ਅੱਗੇ ਤੋਰਨ ‘ਚ ਸਹਾਈ ਹੁੰਦੀ ਹੈ। ਸਾਡੀ ਇਸ ਮਨੋਬਿਰਤੀ ਦਾ ਜੋ ਅੰਜਾਮ ਹੈ ਉਸ ਦਾ ਇੱਕ ਪਹਿਲੂ ਇਹ ਵੀ ਹੈ ਕਿ ਅੱਜ ਤੱਕ ਜਿੰਨੇ ਵੀ ਸ਼ਹੀਦ ਹੋਏ ਨੇ, ਕਿਸੇ ਵੀ ਜੰਗ ਲੜਨ ‘ਚ, ਉਹਨਾਂ ਦੇ ਪਰਿਵਾਰਾਂ ਦੀ ਸਾਰ ਸਾਡੇ ‘ਚੋਂ ਕਿੰਨਿਆਂ ਕੁ ਨੇ ਲਈ ਹੈ? ਜੋ ਰਟ ਲਾਈ ਬੈਠੇ ਨੇ ਜੰਗ ਦੀ, ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਉਹ ਕਦੀ ਉਸ ਬੁੱਢੀ ਮਾਂ ਦੀ ਅੱਖਾਂ ਦੀ ਚਮਕ ਨੂੰ ਵੇਖ ਕੇ ਆਏ ਨੇ, ਜੋ ਅੱਜ ਦਰਵਾਜ਼ੇ ਦੇ ਜਰਾ ਜਿੰਨੇ ਖੜਕਨ ‘ਤੇ ਉਸ ਦੇ ਜਿਗਰ ਦੇ ਟੁਕੜੇ ਨੂੰ ਤਲਾਸ਼ਦੀ ਹੈ ਤੇ ਆਪਣੇ ਪੁੱਤਰ ਨੂੰ ਨਾ ਪਾ ਦਰਵਾਜੇ ‘ਤੇ ਇੱਕ ਕਤਰਾ ਲਹੂ ਦਾ ਬਣ ਅੱਖ ਵਿੱਚੋਂ ਦੀ ਹੁੰਦਾ ਹੋਇਆ ਸਿੱਧਾ ਦਿਲ ‘ਚ ਛੇਕ ਕਰਦੈ। ਕੋਈ ਦੇਖ ਕੇ ਆਇਐ ਉਸ ਬਾਪ ਦੇ ਮੋਢਿਆਂ ਨੂੰ ਜੋ ਕਦੋਂ ਦਾ ਆਪਣਾ ਸਾਰਾ ਬੋਝ ਪੁੱਤਰ ਦੇ ਮੋਢਿਆਂ ‘ਤੇ ਪਾਉਣ ਨੂੰ ਉਤਾਵਲੇ ਸਨ ਤੇ ਹੁਣ ਪੁੱਤਰ ਦੀ ਅਰਥੀ ਦੇ ਬੋਝ ਨੇ ਤੇ ਘਰ ਦੇ ਬੋਝ ਨੇ ਮੋਢਿਆਂ ‘ਤੇ ਜ਼ਿੰਦਗੀ ਨੂੰ ਢੋਣ ਦਾ ਬੋਝਾ ਪਾ ਦਿੱਤਾ! ਕਿਸੇ ਦੀ ਨਜ਼ਰ ਉਸ ਭੈਣ ਦੀ ਬਾਂਹ ‘ਤੇ ਪਈ ਹੈ ਜੋ ਆਪਣੇ-ਆਪ ਨੂੰ ਮਹਿਫੂਜ ਹੋਣ ਦੀ ਤਸੱਲੀ ਦੇਣ ਲਈ ਉਹ ਰੱਖੜੀ, ਜੋ ਆਪਣੇ ਭਰਾ ਲਈ ਲੈ ਕੇ ਆਈ ਸੀ, ਉਸ ਨੂੰ ਆਪਣੇ ਗੁੱਟ ‘ਤੇ ਬੰਨ੍ਹੀ ਫਿਰਦੀ ਹੈ! ਉਹ ਵਿਹਾਂਦੜ ਜੋ ਸ਼ਗਨਾਂ ਦਾ ਚੂੜਾ ਪਾ ਅਰਮਾਨਾਂ ਦੀ ਸੇਜ਼ ‘ਤੇ ਆ ਬੈਠੀ ਸੀ ਸਜਾ ਕੇ ਸੂਹੇ ਕੂਲੇ ਜਿਹੇ ਸੁਫ਼ਨੇ ਜਿਨ੍ਹਾਂ ਨੂੰ ਪੂਰਾ ਕਰਵਾਉਣਾ ਚਾਹੁੰਦੀ ਸੀ ਮਾਹੀ ਤੋਂ, ਤੇ ਉਹਨਾਂ ਅਰਮਾਨਾਂ ਦੀ ਸੇਜ ਦਾ ਬਾਲਣ ਬਣਾ ਕਿੱਦਾਂ ਪਾਇਆ ਹੋਣਾ ਸੁਰਖ ਕੂਲੇ ਚਾਵਾਂ ‘ਤੇ? ਕਿੱਦਾਂ ਆਪਣੇ ਬੱਚੇ ਦੇ ਸੁਆਲਾਂ ਦਾ ਜੁਵਾਬ ਲੋਚਦੀ ਹੋਣੀ, ਕਿੱਦਾਂ ਲੋਕਾਂ ਦੀਆਂ ਗੰਦੀਆਂ ਨਜਰਾਂ ਦਾ ਸਾਹਮਣਾ ਕਰਦੀ ਹੋਣੀ, ਕਿੱਦਾਂ ਆਪਣੇ ਬੁੱਢੇ ਮਾਂ-ਬਾਪ ਨੂੰ ਮਰ ਚੁੱਕੇ ਅਰਮਾਨਾਂ ਦੇ ਬਾਵਜੂਦ ਵੀ ਹੱਸ ਕੇ ਵਿਖਾਉਦੀ ਹੋਣੀ? ਨਹੀਂ, ਕਿਸੇ ਨੇ ਕੁੱਝ ਨਹੀਂ ਤੱਕਿਆ ਅਸੀਂ ਤਾਂ ਸਿਰਫ ਅਪਣੀਆਂ ਭਾਵਨਾਵਾਂ ਨੂੰ ਜਾਣਦੇ ਹਾਂ। ਫੇਸਬੁੱਕ, ਟਵਿੱਟਰ ਹੋਰ ਵੀ ਸੋਸ਼ਲ ਮੀਡੀਆ ‘ਤੇ ਅਸੀਂ ਸ਼ਹੀਦਾਂ ਨੂੰ ਸਲਾਮਾਂ ਠੋਕ ਸਕਦੇ ਹਾਂ। ਸ਼ਹੀਦ ਕਰਵਾਉਣ ਲਈ ਜੰਗ ਲਗਵਾਉਣ ਦਾ ਸਰਕਾਰਾਂ ‘ਤੇ ਦਬਾਅ ਪਾ ਸਕਦੇ ਹਾਂ । ਸ਼ਹੀਦਾਂ ਲਈ ਸਰਕਾਰ ਤੋਂ ਚੰਗੇ ਸਨਮਾਨਾਂ, ਚੰਗੀ ਰਾਸ਼ੀ ਦੀ ਮੰਗ ਕਰ ਸਕਦੇ ਹਾਂ ਪਰ ਜੋ ਸਾਡੇ ਲਈ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਲਈ ਸਮਾਂ ਨਹੀਂ ਹੈ ਸਾਡੇ ਕੋਲ ਤੇ ਅਸੀਂ ਹੋਰ ਵੀ ਜੰਗ ਚਾਹੁੰਦੇ ਹਾਂ, ਹੋਰ ਵੀ ਸ਼ਹਾਦਤਾਂ ਚਾਹੁਨੇ ਹਾਂ।
ਜੰਗ ਕਦੇ ਵੀ ਇੱਕਤਰਫਾ ਨਹੀਂ ਹੁੰਦੀ ਤੇ ਇਸ ਦਾ ਨੁਕਸਾਨ ਦੋਹਾਂ ਧਿਰਾਂ ਨੂੰ ਹੀ ਹੁੰਦਾ ਹੈ। ਇਸ ਲਈ ਜੰਗ ਦਾ ਖਿਆਲ ਤਿਆਗ ਕੇ ਅਸੀਂ ਉਹਨਾਂ ਕਮੀਆਂ ਵੱਲ ਸਰਕਾਰ ਦਾ ਧਿਆਨ ਦਿਵਾਈਏ ਜਿਨ੍ਹਾਂ ਕਰਕੇ ਐਸੇ ਹਮਲੇ ਹੋ ਜਾਂਦੇ ਨੇ। ਜੰਗ ਦੀ ਬਜਾਏ ਅਸੀਂ ਸਰਕਾਰ ‘ਤੇ ਇਹ ਦਬਾਅ ਪਾਈਏ ਕਿ ਜੋ-ਜੋ ਕਮੀਆਂ ਰਹਿ ਜਾਂਦੀਆਂ ਨੇ, ਜੋ ਵੀ ਘਾਟਾਂ ਨੇ ਸਰਕਾਰ ਉਹਨਾਂ ਵੱਲ ਧਿਆਨ ਦੇਵੇ ਨਾ ਕਿ ਜੰਗ ਲੜਨ ਵੱਲ । ਅੱਜ ਅਸੀਂ ਮੈਟਰੋ ‘ਤੇ ਸਫਰ ਕਰ ਰਹੇ ਹਾਂ। ਬੁਲਟ ਟਰੇਨ ਵੱਲ ਵੇਖ ਰਹੇ ਹਾਂ। 4ਜੀ ਵਰਤ ਰਹੇ ਹਾਂ ਇਹ ਸਭ ਦੇਸ਼ ‘ਚ ਸ਼ਾਂਤੀ ਦਾ ਮਾਹੌਲ ਹੋਣ ਕਰਕੇ ਹੀ ਸੰਭਵ ਹੋਇਆ ਹੈ। ਇਸ ਲਈ ਅਸੀਂ ਭਾਵੁਕ ਹੋ ਕੇ ਆਪਣੇ ਦਿਮਾਗ ਤੋਂ ਕੰਮ ਲੈਂਦੇ ਹੋਏ ਸਹੀ ਫੈਸਲਾ ਲੈਣਾ ਹੈ ਕਿ ਜੰਗ ਕਿਸੇ ਸਮੱਸਿਆ ਦਾ ਹੱਲ ਨਹੀਂ।
ਅਸੀਂ ਸਿਰਫ ਅਪਣੇ ਦੇਸ਼ ਨੂੰ ਇੱਕ ਸੂਤਰ ‘ਚ ਪਿਰੋਣ ਦਾ ਯਤਨ ਕਰੀਏ ਸਭ ਨੂੰ ਸੁਰੱਖਿਅਤ ਮਾਹੌਲ ਦੇਣ ਦਾ ਯਤਨ ਕਰੀਏ ਜੰਗ ਦਾ ਖਿਆਲ ਸਾਡੇ ਖਿਆਲ ‘ਚ ਵੀ ਨਾ ਆਵੇ। ਸਾਨੂੰ ਲੋੜ ਹੈ ਆਪਸੀ ਪਿਆਰ, ਭਾਈਚਾਰੇ, ਮਿਲਵਰਤਣ ਦੀ ਅਤੇ ਸ਼ਹੀਦ ਹੋਏ ਅਤੇ ਜ਼ਖ਼ਮੀ ਹੋਏ ਸਾਡੇ ਫੌਜੀ ਜਵਾਨਾਂ ਦੇ ਪਰਿਵਾਰਾਂ ਨਾਲ ਹਮਦਰਦੀ ਕਰਦੇ ਹੋਏ ਉਹਨਾਂ ਦੀ ਵੱਧ ਤੋਂ ਵੱਧ ਸਹਾਇਤਾ ਕਰਨ ਦੀ। ਅੱਜ ਦੇ ਦਿਨ ਫਲੈਗ ਡੇ ਮੌਕੇ ਮੈਂ ਸਲਾਮ ਕਰਦਾ ਹਾਂ ਉਹਨਾਂ ਸਾਰੀਆਂ ਹਸਤੀਆਂ ਨੂੰ ਜੋ ਸਾਡੇ ਦੇਸ਼ ਲਈ ਸ਼ਹੀਦ ਹੋਏ ਜਾਂ ਜ਼ਖ਼ਮੀ ਹੋਏ ਹਨ ਤੇ ਜੋ ਫੌਜੀ ਵੀਰ ਅੱਜ ਵੀ ਸਾਡੇ ਸਿਵਲੀਅਨਜ਼ ਲਈ ਰਾਖੀ ਕਰ ਰਹੇ ਹਨ।

ਤਾਰੀ ਵਾਲੀ ਗਲੀ ਜੈਤੋ (ਫਰੀਦਕੋਟ)

ਮੋ. 98550-31081

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।