US Gun Violence: ਅਮਰੀਕਾ ’ਚ ਗੰਨ ਕਲਚਰ, ਇੱਕ ਗੰਭੀਰ ਸਮਾਜਿਕ ਤੇ ਸੁਰੱਖਿਆ ਚੁਣੌਤੀ
ਅਮਰੀਕਾ ’ਚ ਗੰਨ ਕਲਚਰ: ਇੱਕ ਗੰਭੀਰ ਸਮਾਜਿਕ ਤੇ ਸੁਰੱਖਿਆ ਚੁਣੌਤੀ
ਅਮਰੀਕਾ ਵਿੱਚ ਗੰਨ ਕਲਚਰ ਅਤੇ ਇਸ ਦੇ ਨਤੀਜੇ ਵਜੋਂ ਦਿਨੋ-ਦਿਨ ਵਧ ਰਹੀ ਹਿੰਸਾ ਅਜੋਕੇ ਸਮੇਂ ਦੀ ਸਭ ਤੋਂ ਗੁੰਝਲਦਾਰ ਅਤੇ ਗੰਭੀਰ ਸਮਾਜਿਕ ਚੁਣੌਤੀ ਬਣ ਚੁੱਕੀ ਹੈ। ਇੱਕ ਆਧੁਨਿਕ ਅਤੇ ਤਕਨੀਕੀ ਤੌਰ ’ਤੇ ਵਿਕਸਤ ਦੇਸ਼ ਹੋਣ ਦੇ ਨਾਤੇ ਅਮਰੀਕਾ ਤੋਂ ਵਿਸ਼ਵ ਪੱਧਰ ’ਤੇ ਅਮਨ-ਸ਼ਾਂਤੀ ਅਤੇ ਉੱਚ ਪੱਧਰੀ ਸੁਰੱਖਿਆ ਦੀ ਉਮੀਦ ਕੀਤੀ ਜਾਂਦੀ ਹੈ, ਪਰ ਉੱਥੋਂ ਦੇ ਆਮ ਨਾਗਰਿਕਾਂ ਦੀਆਂ ਜਾਨਾਂ ਬਿਨਾਂ ਕਿਸੇ ਵਾਜ਼ਬ ਕਾਰਨ ਗੰਨ ਵਾਇਲੈਂਸ ਕਾਰਨ ਲਗਾਤਾਰ ਖਤਰੇ ਵਿੱਚ ਪੈ ਰਹੀਆਂ ਹਨ। ਇਹ ਸਥਿਤੀ ਸਿਰਫ਼ ਅਮਰੀਕਾ ਦੇ ਅੰਦਰੂਨੀ ਪ੍ਰਬੰਧਾਂ ’ਤੇ ਹੀ ਸਵਾਲ ਨਹੀਂ ਖੜ੍ਹੀ ਕਰਦੀ, ਸਗੋਂ ਪੂਰੀ ਦੁਨੀਆ ਸਾਹਮਣੇ ਇਹ ਮਿਸਾਲ ਪੇਸ਼ ਕਰਦੀ ਹੈ।
ਕਿ ਕਿਵੇਂ ਅਤਿ ਦੀ ਆਜ਼ਾਦੀ ਕਈ ਵਾਰ ਸਮਾਜ ਲਈ ਨਾਸੂਰ ਬਣ ਜਾਂਦੀ ਹੈ। ਅਮਰੀਕਾ ਵਿੱਚ ਬੰਦੂਕ ਸੱਭਿਆਚਾਰ ਲਗਾਤਾਰ ਜਾਨਲੇਵਾ ਰੂਪ ਧਾਰਦਾ ਜਾ ਰਿਹਾ ਹੈ। ਸਾਲ 2024 ਦੌਰਾਨ ਅਮਰੀਕਾ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਲਗਭਗ 44,447 ਲੋਕਾਂ ਦੀ ਮੌਤ ਹੋਈ ਸੀ ਅਤੇ ਇਹ ਸਮੱਸਿਆ ਅਜੇ ਵੀ ਰੁਕਣ ਦਾ ਨਾਂਅ ਨਹੀਂ ਲੈ ਰਹੀ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਪਿਛਲੇ ਕੁਝ ਮਹੀਨਿਆਂ ਦੀਆਂ ਘਟਨਾਵਾਂ ਤੋਂ ਲਾਇਆ ਜਾ ਸਕਦਾ ਹੈ; 4-5 ਜੁਲਾਈ 2026 ਨੂੰ ਨਿਊਯਾਰਕ, ਫਲੋਰੀਡਾ, ਕੈਲੀਫੋਰਨੀਆ, ਮਿਸੀਸਿਪੀ ਅਤੇ ਸਾਊਥ ਕੈਰੋਲਿਨਾ ਵਰਗੇ ਸੂਬਿਆਂ ਵਿੱਚ ਅੰਨ੍ਹੇਵਾਹ ਫਾਇਰਿੰਗ ਕਾਰਨ ਦਰਜਨਾਂ ਵਿਅਕਤੀ ਮਾਰੇ ਗਏ।
ਇਸ ਤੋਂ ਇਲਾਵਾ, 23 ਅਗਸਤ 2024 ਨੂੰ ਮੋਂਟਾਨਾ ਦੇ ‘ਬਿਲਿੰਗਸ’ ਸ਼ਹਿਰ ਵਿੱਚ ਇੱਕ ਮਕਾਨ ਦੇ ਅੰਦਰ ਪਰਿਵਾਰਕ ਡਿਨਰ ਦੌਰਾਨ 44 ਸਾਲਾ ਐਲਨ ਮਾਈਕਲ ਸਮਿੱਥ ਵੱਲੋਂ ਆਪਣੇ ਹੀ ਪਰਿਵਾਰਕ ਮੈਂਬਰਾਂ ’ਤੇ ਗੋਲੀਆਂ ਚਲਾਉਣ ਅਤੇ ਘਰ ਨੂੰ ਅੱਗ ਲਾਉਣ ਕਾਰਨ 4 ਬੱਚਿਆਂ ਸਮੇਤ ਕੁੱਲ 9 ਵਿਅਕਤੀਆਂ ਦੀ ਮੌਤ ਹੋ ਗਈ। ਇਹ ਮੋਂਟਾਨਾ ਦੇ ਇਤਿਹਾਸ ਦੀ ਸਭ ਤੋਂ ਦਰਦਨਾਕ ਗੋਲੀਬਾਰੀ ਦੀਆਂ ਘਟਨਾਵਾਂ ਵਿੱਚੋਂ ਇੱਕ ਹੈ, ਜਿਸ ਵਿੱਚ ਹਮਲਾਵਰ ਵੀ ਮ੍ਰਿਤਕ ਪਾਇਆ ਗਿਆ। ਇਸ ਭਿਆਨਕ ਸਮੱਸਿਆ ਦੀ ਅਸਲ ਜੜ੍ਹ ਅਮਰੀਕਾ ਦੇ ਇਤਿਹਾਸਕ ਸੰਵਿਧਾਨਕ ਅਧਿਕਾਰਾਂ ਅਤੇ ਉੱਥੋਂ ਦੀ ਮਾਰਕੀਟ ਵਿੱਚ ਹਥਿਆਰਾਂ ਦੀ ਖੁੱਲ੍ਹੀ ਤੇ ਆਸਾਨ ਵਿਕਰੀ ਵਿੱਚ ਪਈ ਹੈ। ਅਮਰੀਕੀ ਸੰਵਿਧਾਨ ਦੀ ਦੂਜੀ ਸੋਧ ਨਾਗਰਿਕਾਂ ਨੂੰ ਆਪਣੀ ਰੱਖਿਆ ਲਈ ਹਥਿਆਰ ਰੱਖਣ ਦਾ ਮੌਲਿਕ ਅਧਿਕਾਰ ਦਿੰਦੀ ਹੈ।
ਪਰ ਅੱਜ ਦੇ ਆਧੁਨਿਕ ਯੁੱਗ ਵਿੱਚ ਇਹੀ ਕਾਨੂੰਨ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੁਰੱਖਿਅਤ ਬਣਾਉਣ ਦੀ ਬਜਾਏ ਇੱਕ ਜਾਨਲੇਵਾ ਖਤਰਾ ਬਣ ਗਿਆ ਹੈ। ਸਮੇਂ ਅਤੇ ਹਾਲਾਤ ਮੁਤਾਬਕ ਕਾਨੂੰਨ ਵਿੱਚ ਲੋੜੀਂਦੀਆਂ ਤਬਦੀਲੀਆਂ ਨਾ ਕੀਤੇ ਜਾਣ ਕਾਰਨ ਅਪਰਾਧੀਆਂ ਅਤੇ ਆਮ ਨਾਗਰਿਕਾਂ ਵਿੱਚ ਫਰਕ ਕਰਨਾ ਮੁਸ਼ਕਲ ਹੋ ਗਿਆ ਹੈ। ਦੇਸ਼ ਭਰ ਵਿੱਚ ਘਾਤਕ ਹਥਿਆਰਾਂ ਦੀ ਉਪਲੱਬਧਤਾ ਇਸ ਹੱਦ ਤੱਕ ਵਧ ਚੁੱਕੀ ਹੈ ਕਿ ਉੱਥੋਂ ਦੀ ਕੁੱਲ ਅਬਾਦੀ ਨਾਲੋਂ ਵੀ ਵੱਧ ਹਥਿਆਰ ਨਾਗਰਿਕਾਂ ਕੋਲ ਮੌਜੂਦ ਹਨ। ਅਮਰੀਕਾ ਵਿੱਚ ਲੋਕਾਂ ਕੋਲ ਲਗਭਗ 39 ਕਰੋੜ ਹਥਿਆਰ ਹਨ, ਅਤੇ ਇਹ ਅੰਕੜਾ ਪ੍ਰਤੀ ਵਿਅਕਤੀ ਹਥਿਆਰਾਂ ਦੀ ਉਪਲੱਬਧਤਾ ਦੇ ਮਾਮਲੇ ਵਿੱਚ ਭਾਰਤ ਨਾਲੋਂ 23 ਗੁਣਾ ਵੱਧ ਹੈ, ਭਾਵ ਹਰ ਅਮਰੀਕੀ ਨਾਗਰਿਕ ਕੋਲ ਔਸਤਨ ਇੱਕ ਤੋਂ ਵੱਧ ਹਥਿਆਰ ਹਨ। US Gun Violence
ਜਦੋਂ ਕਿਸੇ ਵੀ ਆਮ ਵਿਅਕਤੀ ਲਈ ਬਿਨਾਂ ਕਿਸੇ ਸਖ਼ਤ ਪੜਤਾਲ ਦੇ ਮਾਰਕੀਟ ਵਿੱਚੋਂ ਆਧੁਨਿਕ ਹਥਿਆਰ ਖਰੀਦਣਾ ਸੰਭਵ ਹੋ ਜਾਵੇ, ਤਾਂ ਦੇਸ਼ ਵਿੱਚ ਹਿੰਸਕ ਅਪਰਾਧਾਂ ਦਾ ਵਧਣਾ ਸੁਭਾਵਿਕ ਹੀ ਹੈ। ਗੰਨ ਕਲਚਰ ਦਾ ਇਹ ਨਕਾਰਾਤਮਕ ਪ੍ਰਭਾਵ ਹੁਣ ਸਿਰਫ਼ ਸੜਕਾਂ ਜਾਂ ਵਾਰਦਾਤਾਂ ਤੱਕ ਹੀ ਸੀਮਤ ਨਹੀਂ ਰਿਹਾ, ਸਗੋਂ ਇਸ ਨੇ ਸਕੂਲਾਂ, ਕਾਲਜਾਂ, ਵਪਾਰਕ ਬਾਜ਼ਾਰਾਂ ਤੇ ਸ਼ਾਂਤ ਰਿਹਾਇਸ਼ੀ ਇਲਾਕਿਆਂ ਤੱਕ ਆਪਣੇ ਪੈਰ ਪਸਾਰ ਲਏ ਹਨ। ਵਿੱਦਿਅਕ ਸੰਸਥਾਵਾਂ ਵਿੱਚ ਅਕਸਰ ਵਾਪਰਨ ਵਾਲੀਆਂ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਮਾਸੂਮ ਬੱਚਿਆਂ ਦੇ ਸੁਰੱਖਿਅਤ ਭਵਿੱਖ ਉੱਤੇ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਖੜ੍ਹਾ ਕਰਦੀਆਂ ਹਨ।
ਮਾਪਿਆਂ ਦੇ ਮਨਾਂ ਵਿੱਚ ਸਹਿਮ ਪੈਦਾ ਕਰਦੀਆਂ ਹਨ। ਅਮਰੀਕੀ ਸਮਾਜ ਵਿੱਚ ਵਧ ਰਹੀਆਂ ਮਾਨਸਿਕ ਸਿਹਤ ਦੀਆਂ ਸਮੱਸਿਆਵਾਂ ਅਤੇ ਘਾਤਕ ਹਥਿਆਰਾਂ ਦੀ ਸੁਖਾਲੀ ਪ੍ਰਾਪਤੀ ਦਾ ਆਪਸੀ ਸੁਮੇਲ ਸਮੁੱਚੇ ਦੇਸ਼ ਲਈ ਬੇਹੱਦ ਘਾਤਕ ਸਾਬਤ ਹੋ ਰਿਹਾ ਹੈ। ਕਈ ਵਾਰ ਨਿਰਾਸ਼ਾ, ਨਸ਼ੇ ਦੀ ਲਤ ਜਾਂ ਅਚਾਨਕ ਆਏ ਗੁੱਸੇ ਵਿੱਚ ਆਮ ਵਿਅਕਤੀ ਆਸਾਨੀ ਨਾਲ ਹਥਿਆਰ ਚੁੱਕ ਲੈਂਦੇ ਹਨ ਤੇ ਪਲਾਂ ਵਿੱਚ ਹੀ ਵੱਡੇ ਪੱਧਰ ’ਤੇ ਜਾਨੀ ਨੁਕਸਾਨ ਕਰ ਦਿੰਦੇ ਹਨ, ਜਿਸ ਨੂੰ ਰੋਕਣ ਵਿੱਚ ਪ੍ਰਸ਼ਾਸਨ ਵੀ ਕਈ ਵਾਰ ਬੇਵੱਸ ਨਜ਼ਰ ਆਉਂਦਾ ਹੈ। ਇਸ ਤਰ੍ਹਾਂ ਦੀ ਅੰਨ੍ਹੀ ਹਿੰਸਾ ਦਾ ਅਸਰ ਸਿਰਫ਼ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਣ ਵਾਲੇ ਪੀੜਤ ਪਰਿਵਾਰਾਂ ਤੱਕ ਹੀ ਸੀਮਤ ਨਹੀਂ ਰਹਿੰਦਾ।
ਸਗੋਂ ਇਹ ਪੂਰੇ ਦੇਸ਼ ਵਿੱਚ ਡਰ, ਦਹਿਸ਼ਤ ਅਤੇ ਅਸੁਰੱਖਿਆ ਦਾ ਭਾਰੀ ਮਾਹੌਲ ਪੈਦਾ ਕਰ ਦਿੰਦਾ ਹੈ। ਸਰਕਾਰੀ ਅਤੇ ਸਿਆਸੀ ਪੱਧਰ ’ਤੇ ਹਥਿਆਰਾਂ ਦੀ ਵਿਕਰੀ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਨੂੰ ਲੈ ਕੇ ਵੱਡੀਆਂ ਬਹਿਸਾਂ ਛਿੜੀਆਂ ਰਹਿੰਦੀਆਂ ਹਨ। ਹਾਲਾਂਕਿ ਲਗਭਗ 53 ਫੀਸਦੀ ਅਮਰੀਕੀ ਦੇਸ਼ ਵਿੱਚ ਹਥਿਆਰਾਂ ’ਤੇ ਰੋਕ ਲਈ ਸਖ਼ਤ ਕਾਨੂੰਨਾਂ ਦੇ ਹੱਕ ਵਿੱਚ ਹਨ, ਪਰ ਸ਼ਕਤੀਸ਼ਾਲੀ ਹਥਿਆਰ ਲਾਬੀਆਂ ਤੇ ਸਿਆਸੀ ਹਿੱਤਾਂ ਕਾਰਨ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਸਕਦਾ। ਜਦੋਂ ਤੱਕ ਹਥਿਆਰਾਂ ਦੇ ਕਾਰੋਬਾਰ ਤੇ ਮੁਨਾਫ਼ੇ ਨੂੰ ਸੀਮਤ ਕਰਨ ਲਈ ਰਾਜਨੀਤਿਕ ਇੱਛਾ-ਸ਼ਕਤੀ ਨਾਲ ਸਖ਼ਤ ਕਾਨੂੰਨ ਨਹੀਂ ਬਣਦੇ।
ਇਹ ਵੀ ਪੜ੍ਹੋ : Bhagwant Mann France Visit: ਭਗਵੰਤ ਮਾਨ ਦੀ ਫਰਾਂਸ ਯਾਤਰਾ ਨੂੰ ਹਾਈ ਕੋਰਟ ਦੀ ਮਨਜ਼ੂਰੀ, ਕੇਂਦਰ ਦੀ ਸੁਰੱਖਿਆ ਖ਼ਤਰੇ ਵਾਲੀ ਦਲੀਲ ਰੱਦ
ਉਦੋਂ ਤੱਕ ਜ਼ਮੀਨੀ ਹਾਲਾਤ ਵਿੱਚ ਸੁਧਾਰ ਦੀ ਉਮੀਦ ਕਰਨਾ ਬੇਕਾਰ ਹੈ। ਸਮਾਜਿਕ ਜਾਗਰੂਕਤਾ ਪੈਦਾ ਕਰਨ ਅਤੇ ਨੌਜਵਾਨ ਪੀੜ੍ਹੀ ਨੂੰ ਹਿੰਸਾ ਦੇ ਰਸਤੇ ਤੋਂ ਦੂਰ ਰੱਖਣ ਲਈ ਵਿੱਦਿਅਕ ਸੰਸਥਾਵਾਂ ਅਤੇ ਪਰਿਵਾਰਾਂ ਨੂੰ ਮਿਲ ਕੇ ਉਪਰਾਲੇ ਕਰਨ ਦੀ ਬੇਹੱਦ ਲੋੜ ਹੈ। ਸਿਰਫ਼ ਕਾਨੂੰਨ ਪਾਸ ਕਰ ਦੇਣ ਨਾਲ ਹੀ ਮਸਲਾ ਹੱਲ ਨਹੀਂ ਹੋਵੇਗਾ, ਸਗੋਂ ਨਾਗਰਿਕਾਂ ਦੀ ਮਾਨਸਿਕ ਸਿਹਤ ਪ੍ਰਤੀ ਗੰਭੀਰ ਹੋਣ ਅਤੇ ਉਨ੍ਹਾਂ ਦੀ ਸੋਚ ਵਿੱਚ ਉਸਾਰੂ ਬਦਲਾਅ ਲਿਆਉਣ ਨਾਲ ਹੀ ਅਜਿਹੇ ਘਾਤਕ ਅਪਰਾਧਾਂ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਅਮਰੀਕਾ ’ਚ ਗੰਨ ਕਲਚਰ ਦੇ ਖਾਤਮੇ ਲਈ ਸਮੁੱਚੀ ਕੌਮ ਅਤੇ ਸਰਕਾਰ ਨੂੰ ਆਪਣੇ ਨਿੱਜੀ ਸਿਆਸੀ ਸੁਆਰਥਾਂ ਤੋਂ ਉੱਪਰ ਉੱਠ ਕੇ ਗੰਭੀਰਤਾ ਨਾਲ ਸੋਚਣਾ ਪਵੇਗਾ। US Gun Violence
ਜੇਕਰ ਹਰ ਆਮ ਨਾਗਰਿਕ ਦੀ ਕੀਮਤੀ ਜਾਨ ਨੂੰ ਵਪਾਰਕ ਮੁਨਾਫ਼ੇ ਤੇ ਹਥਿਆਰ ਰੱਖਣ ਦੇ ਸੁਤੰਤਰ ਅਧਿਕਾਰ ਨਾਲੋਂ ਉੱਪਰ ਰੱਖਿਆ ਜਾਵੇਗਾ, ਤਾਂ ਹੀ ਦੇਸ਼ ਵਿੱਚ ਅਸਲ ਸ਼ਾਂਤੀ ਅਤੇ ਭਰੋਸਾ ਕਾਇਮ ਹੋ ਸਕਦਾ ਹੈ। ਅੰਤ ਵਿੱਚ, ਇਹ ਗੰਭੀਰ ਸਵਾਲ ਸਿਰਫ਼ ਅਮਰੀਕਾ ਤੱਕ ਹੀ ਸੀਮਤ ਨਹੀਂ ਹੈ, ਸਗੋਂ ਪੂਰੀ ਦੁਨੀਆ ਲਈ ਇੱਕ ਵੱਡਾ ਸਬਕ ਹੈ ਕਿ ਆਜ਼ਾਦੀ ਦਾ ਦਾਇਰਾ ਜਦੋਂ ਮਨੁੱਖੀ ਜਾਨਾਂ ਲਈ ਸਰਾਪ ਬਣ ਜਾਵੇ, ਤਾਂ ਸਮਾਜ ਅਤੇ ਸਰਕਾਰਾਂ ਨੂੰ ਉਸ ਉੱਤੇ ਮੁੜ-ਵਿਚਾਰ ਕਰਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁਰੱਖਿਅਤ ਭਵਿੱਖ ਦਿੱਤਾ ਜਾ ਸਕੇ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਚੌੜੀ ਗਲੀ, ਬੁਢਲਾਡਾ (ਮਾਨਸਾ)
ਡਾ. ਕ੍ਰਿਸ਼ਨ ਲਾਲ