Punjab
Education News: ਬੀਟੈਕ ਤੇ ਬੀਈ ਵਿੱਚ ਫਰਕ ਜਾਣਦੇ ਹੋਏ ਬਣਾਓ ਸੁਨਹਿਰੀ ਭਵਿੱਖ
ਬੀਟੈਕ ਤੇ ਬੀਈ ਵਿੱਚ ਫਰਕ ਜਾਣਦੇ ਹੋਏ ਬਣਾਓ ਸੁਨਹਿਰੀ ਭਵਿੱਖ
ਡਾ. ਸੰਦੀਪ ਸਿੰਹਮਾਰ
ਅੱਜ ਦਾ ਯੁੱਗ ਵਿਗਿਆਨ ਤੇ ਤਕਨੀਕ ਦਾ ਯੁੱਗ ਹੈ। ਚਾਰੇ ਪਾਸੇ ਨਵੀਆਂ ਤਕਨੀਕਾਂ, ਆਰਟੀਫਿਸ਼ੀਅਲ ਇੰਟੈਲੀਜੈਂਸ, ਰੋਬੋਟਿਕਸ, ਇੰਟਰਨੈੱਟ ਆਫ ਥਿੰਗਜ਼ ਅਤੇ ਡਿਜ਼ੀਟਲ ਕ੍ਰਾਂਤੀ ਦਾ ਬੋਲਬਾਲਾ ਹੈ। ਅਜਿਹੇ ਮਾਹੌਲ ਵਿਚ ਇੰਜੀਨੀਅਰਿੰਗ ਵੱਲ ਆਕਰਸ਼ਿਤ ਹੋਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਪਰ ਇੰਜੀਨੀਅਰਿੰਗ ਦੇ ਦਰਵਾਜ਼ੇ ’ਤੇ ਖੜ੍ਹੇ ਹੁੰਦੇ ਹੀ ਪਹਿਲਾ ਅਤੇ ਸਭ ਤੋਂ ਵੱਡਾ ਸਵਾਲ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਦੇ ਮਨ ਵਿਚ ਇਹ ਉੱਠਦਾ ਹੈ ਕਿ ਬੀ.ਟੈਕ ਕੀਤਾ ਜਾਵੇ ਜਾਂ ਬੀਈ। ਦੋਵੇਂ ਹੀ ਡਿਗਰੀਆਂ ਚਾਰ ਸਾਲਾ ਅੰਡਰਗ੍ਰੈਜੂਏਟ ਕੋਰਸ ਹਨ, ਦੋਵੇਂ ਹੀ ਏਆਈਸੀਟੀਈ ਤੇ ਯੂਜੀਸੀ ਵੱਲੋਂ ਮਾਨਤਾ ਪ੍ਰਾਪਤ ਹਨ, ਦੋਵੇਂ ਹੀ ਦੇਸ਼-ਵਿਦੇਸ਼ ਵਿਚ ਬਰਾਬਰ ਸਵੀਕਾਰਯੋਗ ਹਨ। ਫਿਰ ਵੀ ਇਨ੍ਹਾਂ ਵਿਚਕਾਰ ਸਿੱਖਿਆ-ਪ੍ਰਣਾਲੀ, ਦ੍ਰਿਸ਼ਟੀਕੋਣ ਅਤੇ ਫੋਕਸ ਦੇ ਪੱਧਰ ’ਤੇ ਕੁਝ ਸੂਖਮ ਪਰ ਮਹੱਤਵਪੂਰਨ ਅੰਤਰ ਮੌਜੂਦ ਹਨ, ਜਿਨ੍ਹਾਂ ਨੂੰ ਸਮਝਣਾ ਹਰ ਵਿਦਿਆਰਥੀ ਲਈ ਬਹੁਤ ਜ਼ਰੂਰੀ ਹੈ।
ਬੀਈ ਦਾ ਸਵਰੂਪ ਤੇ ਦਾਰਸ਼ਨਿਕ ਪੱਖ | Education News
ਬੀਈ ਭਾਵ ਬੈਚਲਰ ਆਫ ਇੰਜੀਨੀਅਰਿੰਗ ਇੱਕ ਅਜਿਹਾ ਵਿੱਦਿਅਕ ਕੋਰਸ ਹੈ, ਜੋ ਇੰਜੀਨੀਅਰਿੰਗ ਦੇ ਸਿਧਾਂਤਕ, ਵਿਗਿਆਨਕ ਅਤੇ ਮੌਲਿਕ ਪਹਿਲੂਆਂ ’ਤੇ ਡੂੰਘਾ ਧਿਆਨ ਕੇਂਦਰਿਤ ਕਰਦਾ ਹੈ। ਇਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇੰਜੀਨੀਅਰਿੰਗ ਦੇ ਮੂਲ ਸਿਧਾਂਤਾਂ, ਗਣਿੱਤੀ ਆਧਾਰਾਂ ਅਤੇ ਵਿਗਿਆਨਕ ਸੰਕਲਪਾਂ ਦੀ ਡੂੰਘੀ ਸਮਝ ਪ੍ਰਦਾਨ ਕਰਨਾ ਹੈ। ਬੀਈ ਦੇ ਕੋਰਸ ਵਿਚ ਵਿਗਿਆਨ, ਗਣਿੱਤ ਤੇ ਇੰਜੀਨੀਅਰਿੰਗ ਦੇ ਸਿਧਾਂਤਕ ਪਹਿਲੂਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਇਹ ਡਿਗਰੀ ਉਨ੍ਹਾਂ ਵਿਦਿਆਰਥੀਆਂ ਲਈ ਵਧੇਰੇ ਢੁਕਵੀਂ ਮੰਨੀ ਜਾਂਦੀ ਹੈ ਜੋ ਭਵਿੱਖ ਵਿਚ ਖੋਜ ਕਾਰਜ, ਅਕਾਦਮਿਕ ਕੈਰੀਅਰ, ਡਿਜ਼ਾਈਨ ਇੰਜੀਨੀਅਰਿੰਗ ਜਾਂ ਉੱਚ ਸਿੱਖਿਆ ਵੱਲ ਅੱਗੇ ਵਧਣਾ ਚਾਹੁੰਦੇ ਹਨ। ਬੀਈ ਦੀ ਸਿੱਖਿਆ-ਪ੍ਰਣਾਲੀ ਵਿਚ ਲੈਬੋਰੇਟਰੀ ਕੰਮ ਅਤੇ ਪ੍ਰੈਕਟੀਕਲ ਸੈਸ਼ਨ ਹੁੰਦੇ ਹਨ, ਪਰ ਉਨ੍ਹਾਂ ਦਾ ਉਦੇਸ਼ ਮੁੱਖ ਤੌਰ ’ਤੇ ਸਿਧਾਂਤਕ ਗਿਆਨ ਨੂੰ ਪ੍ਰਯੋਗ ਰਾਹੀਂ ਸਾਬਤ ਕਰਨਾ ਹੁੰਦਾ ਹੈ, ਨਾ ਕਿ ਸਿੱਧਾ ਉਦਯੋਗ-ਅਨੁਕੂਲ ਹੁਨਰ ਵਿਕਸਿਤ ਕਰਨਾ।
ਉਦਯੋਗ ਅਨੁਕੂਲ ਡਿਗਰੀ ਹੈ ਬੀਟੈਕ
ਬੀਟੈਕ ਭਾਵ ਬੈਚਲਰ ਆਫ ਟੈਕਨਾਲੋਜੀ ਇੱਕ ਵਿਹਾਰਕ, ਤਕਨੀਕ-ਕੇਂਦਰਿਤ ਅਤੇ ਉਦਯੋਗ-ਅਨੁਕੂਲ ਡਿਗਰੀ ਹੈ। ਇਸ ਕੋਰਸ ਦਾ ਮੁੱਖ ਫੋਕਸ ਆਧੁਨਿਕ ਤਕਨੀਕਾਂ, ਹੱਥੀਂ ਹੁਨਰ ਅਤੇ ਉਦਯੋਗਾਂ ਦੀਆਂ ਅਸਲ ਲੋੜਾਂ ’ਤੇ ਹੁੰਦਾ ਹੈ। ਬੀਟੈਕ ਦੇ ਕੋਰਸ ਵਿਚ ਲੈਬੋਰੇਟਰੀ ਸੈਸ਼ਨ, ਵਰਕਸ਼ਾਪ, ਇੰਟਰਨਸ਼ਿਪ, ਪ੍ਰੋਜੈਕਟ-ਆਧਾਰਿਤ ਸਿੱਖਿਆ ਅਤੇ ਉਦਯੋਗ ਟੂਰ ਨੂੰ ਲਾਜ਼ਮੀ ਅਤੇ ਨਿਯਮਿਤ ਹਿੱਸੇ ਵਜੋਂ ਸ਼ਾਮਲ ਕੀਤਾ ਜਾਂਦਾ ਹੈ। ਇਹ ਡਿਗਰੀ ਉਨ੍ਹਾਂ ਵਿਦਿਆਰਥੀਆਂ ਲਈ ਵਧੇਰੇ ਢੁਕਵੀਂ ਹੈ, ਜੋ ਸਿੱਧਾ ਉਦਯੋਗ ਜਗਤ ਵਿਚ ਦਾਖਲ ਹੋਣਾ, ਤਕਨੀਕੀ ਹੁਨਰ ਹਾਸਲ ਕਰਨਾ, ਸਟਾਰਟਅੱਪ ਸ਼ੁਰੂ ਕਰਨਾ ਜਾਂ ਕਾਰਪੋਰੇਟ ਖੇਤਰ ਵਿਚ ਕੈਰੀਅਰ ਬਣਾਉਣਾ ਚਾਹੁੰਦੇ ਹਨ। ਬੀਟੈਕ ਦਾ ਕੋਰਸ ਲਗਾਤਾਰ ਨਵੀਆਂ ਤਕਨੀਕਾਂ, ਬਾਜ਼ਾਰ ਦੀ ਮੰਗ ਅਤੇ ਉਦਯੋਗ ਦੇ ਬਦਲਦੇ ਰੂਪ ਅਨੁਸਾਰ ਅੱਪਡੇਟ ਹੁੰਦਾ ਰਹਿੰਦਾ ਹੈ, ਜਿਸ ਨਾਲ ਵਿਦਿਆਰਥੀ ਨਵੇਂ ਤਕਨੀਕੀ ਰੁਝਾਨਾਂ ਤੋਂ ਜਾਣੂ ਰਹਿੰਦੇ ਹਨ।
ਇਹ ਵੀ ਪੜ੍ਹੋ : Amritsar News: ਅੰਮ੍ਰਿਤਸਰ 'ਚ ਨਸ਼ਿਆਂ ਖ਼ਿਲਾਫ਼ ਪੁਲਿਸ ਦਾ ਵੱਡਾ ਕਾਸੋ ਆਪ੍ਰੇਸ਼ਨ, 100 ਤੋਂ ਵੱਧ ਮੁਲਾਜ਼ਮਾਂ ਨੇ ਕੀਤੀ ਚੈਕਿੰਗ
ਮੁੱਖ ਫਰਕ ਅਤੇ ਚੋਣ ਦਾ ਆਧਾਰ | Education News
ਬੀਈ ਅਤੇ ਬੀਟੈਕ ਵਿਚਕਾਰ ਫਰਕ ਸਿਰਫ਼ ਨਾਂਅ ਦਾ ਨਹੀਂ, ਸਗੋਂ ਸਿੱਖਿਆ-ਪ੍ਰਣਾਲੀ, ਫੋਕਸ ਅਤੇ ਦ੍ਰਿਸ਼ਟੀਕੋਣ ਦਾ ਹੈ। ਬੀਈ ਵਿਚ ਸਿਧਾਂਤਕ ਗਿਆਨ, ਮੌਲਿਕ ਸਿਧਾਂਤ ਅਤੇ ਵਿਗਿਆਨਕ ਸੰਕਲਪਾਂ ’ਤੇ ਵਧੇਰੇ ਜ਼ੋਰ ਦਿੱਤਾ ਜਾਂਦਾ ਹੈ, ਜਦੋਂ ਕਿ ਬੀਟੈਕ ਵਿਚ ਵਿਹਾਰਕ ਉਪਯੋਗ, ਤਕਨੀਕੀ ਹੁਨਰ ਅਤੇ ਉਦਯੋਗ-ਅਨੁਕੂਲਤਾ ’ਤੇ ਵਧੇਰੇ ਧਿਆਨ ਕੇਂਦਰਿਤ ਹੁੰਦਾ ਹੈ। ਬੀਈ ਦੇ ਕੋਰਸ ਵਿਚ ਇੰਟਰਨਸ਼ਿਪ ਅਕਸਰ ਆਪਸ਼ਨਲ ਜਾਂ ਘੱਟ ਲਾਜ਼ਮੀ ਹੁੰਦੀ ਹੈ, ਜਦਕਿ ਬੀਟੈਕ ਵਿਚ ਇੰਟਰਨਸ਼ਿਪ, ਪ੍ਰੋਜੈਕਟ ਅਤੇ ਉਦਯੋਗ ਟੂਰ ਲਾਜ਼ਮੀ ਅਤੇ ਨਿਯਮਿਤ ਹੁੰਦੇ ਹਨ। ਬੀਈ ਦੀ ਸਿੱਖਿਆ-ਪ੍ਰਣਾਲੀ ਖੋਜ ਅਤੇ ਅਕਾਦਮਿਕ ਕੈਰੀਅਰ ਲਈ ਵਧੇਰੇ ਢੁਕਵੀਂ ਹੈ, ਜਦੋਂ ਕਿ ਬੀਟੈਕ ਦੀ ਸਿੱਖਿਆ-ਪ੍ਰਣਾਲੀ ਉਦਯੋਗ, ਪਲੇਸਮੈਂਟ ਅਤੇ ਤਕਨੀਕੀ ਨੌਕਰੀਆਂ ਲਈ ਵਧੀਆ ਮੰਨੀ ਜਾਂਦੀ ਹੈ। ਵਿਦਿਆਰਥੀਆਂ ਨੂੰ ਚੋਣ ਕਰਦੇ ਸਮੇਂ ਆਪਣੀ ਰੁਚੀ, ਕੈਰੀਅਰ ਟੀਚੇ ਅਤੇ ਸੰਸਥਾ ਦੀ ਗੁਣਵੱਤਾ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ, ਸਿਰਫ਼ ਡਿਗਰੀ ਦੇ ਨਾਂਅ ਨੂੰ ਨਹੀਂ।
ਭਵਿੱਖ ਦੀਆਂ ਸੰਭਾਵਨਾਵਾਂ ਅਤੇ ਕਰੀਅਰ | Education News
ਵਿਗਿਆਨ ਅਤੇ ਤਕਨੀਕ ਦੇ ਇਸ ਯੁੱਗ ਵਿਚ ਦੋਵਾਂ ਡਿਗਰੀਆਂ ਦਾ ਭਵਿੱਖ ਉੱਜਵਲ ਅਤੇ ਸੁਰੱਖਿਅਤ ਹੈ। ਦੇਸ਼ ਵਿਚ ਚੱਲ ਰਹੇ ਮੇਕ ਇਨ ਇੰਡੀਆ, ਡਿਜ਼ੀਟਲ ਇੰਡੀਆ, ਸਟਾਰਟਅੱਪ ਇੰਡੀਆ ਵਰਗੇ ਮਿਸ਼ਨਾਂ ਅਤੇ ਵਿਸ਼ਵ ਪੱਧਰ ’ਤੇ ਤਕਨੀਕੀ ਕ੍ਰਾਂਤੀ ਨੇ ਇੰਜੀਨੀਅਰਿੰਗ ਗ੍ਰੈਜੂਏਟਾਂ ਲਈ ਬੇਸ਼ੁਮਾਰ ਮੌਕੇ ਪੈਦਾ ਕੀਤੇ ਹਨ। ਬੀਈ ਤੋਂ ਬਾਅਦ ਵਿਦਿਆਰਥੀ ਖੋਜ ਸੰਸਥਾਵਾਂ ਜਿਵੇਂ ਡੀਆਰਡੀਓ, ਇਸਰੋ, ਸੀਐੱਸਆਈਆਰ, ਅਕਾਦਮਿਕ ਸੰਸਥਾਵਾਂ, ਕੋਰ ਇੰਜੀਨੀਅਰਿੰਗ ਕੰਪਨੀਆਂ ਜਿਵੇਂ ਲਾਰਸਨ ਐਂਡ ਟੁਬਰੋ, ਬੀਐੱਚਈਐੱਲ ਜਾਂ ਉੱਚ ਸਿੱਖਿਆ ਵੱਲ ਅੱਗੇ ਵਧ ਸਕਦੇ ਹਨ। ਬੀਟੈਕ ਤੋਂ ਬਾਅਦ ਸਾਫਟਵੇਅਰ ਕੰਪਨੀਆਂ, ਆਈਟੀ ਹੱਬ, ਟੈਕ ਸਟਾਰਟਅੱਪ, ਮੈਨੂਫੈਕਚਰਿੰਗ ਯੂਨਿਟਾਂ, ਰੋਬੋਟਿਕਸ, ਆਰਟੀਫਿਸ਼ੀਅਲ ਇੰਟੈਲੀਜੈਂਸ, ਇੰਟਰਨੈੱਟ ਆਫ ਥਿੰਗਜ਼, ਡਾਟਾ ਸਾਇੰਸ ਵਰਗੇ ਉੱਭਰਦੇ ਖੇਤਰਾਂ ਵਿਚ ਤੁਰੰਤ ਮੌਕੇ ਮਿਲਦੇ ਹਨ। ਦੋਵਾਂ ਡਿਗਰੀਆਂ ਤੋਂ ਬਾਅਦ ਸ਼ੁਰੂਆਤੀ ਤਨਖਾਹ 4 ਤੋਂ 15 ਲੱਖ ਰੁਪਏ ਪ੍ਰਤੀ ਸਾਲ ਦੇ ਵਿਚਕਾਰ ਹੁੰਦੀ ਹੈ, ਜੋ ਸੰਸਥਾ, ਹੁਨਰ, ਮੁਹਾਰਤ ਅਤੇ ਪ੍ਰਦਰਸ਼ਨ ਦੇ ਆਧਾਰ ’ਤੇ ਵਧ ਸਕਦੀ ਹੈ। ਉੱਚ ਸਿੱਖਿਆ ਦੇ ਦਰਵਾਜ਼ੇ ਦੋਵਾਂ ਡਿਗਰੀਆਂ ਲਈ ਬਰਾਬਰ ਖੁੱਲ੍ਹੇ ਹਨ।
ਰੁਚੀ ਅਨੁਸਾਰ ਫੈਸਲਾ ਲੈਣ ਵਿਦਿਆਰਥੀ
ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਉਹ ਬੀਈ ਅਤੇ ਬੀਟੈਕ ਵਿਚਕਾਰ ਚੋਣ ਕਰਦੇ ਸਮੇਂ ਸਿਰਫ਼ ਡਿਗਰੀ ਦੇ ਨਾਂਅ ਜਾਂ ਸਮਾਜ ਵਿਚ ਪ੍ਰਚੱਲਿਤ ਧਾਰਨਾਵਾਂ ਦੇ ਆਧਾਰ ’ਤੇ ਫੈਸਲਾ ਨਾ ਲੈਣ। ਸਭ ਤੋਂ ਪਹਿਲਾਂ ਆਪਣੀ ਰੁਚੀ ਅਤੇ ਕੈਰੀਅਰ ਟੀਚੇ ਨੂੰ ਸਪੱਸ਼ਟ ਰੂਪ ਵਿਚ ਪਛਾਣੋ। ਕੀ ਤੁਸੀਂ ਇੰਜੀਨੀਅਰਿੰਗ ਦੇ ਸਿਧਾਂਤਕ ਪਹਿਲੂਆਂ ਵਿਚ ਡੂੰਘਾਈ ਨਾਲ ਜਾਣਾ ਚਾਹੁੰਦੇ ਹੋ ਜਾਂ ਹੱਥੀਂ ਤਕਨੀਕ ਸਿੱਖ ਕੇ ਉਦਯੋਗ ਜਗਤ ਵਿਚ ਦਾਖਲ ਹੋਣਾ ਚਾਹੁੰਦੇ ਹੋ? ਦੂਜਾ, ਸੰਸਥਾ ਦੀ ਗੁਣਵੱਤਾ, ਫੈਕਲਟੀ, ਇੰਫ੍ਰਾਸਟ੍ਰਕਚਰ, ਪਲੇਸਮੈਂਟ ਰਿਕਾਰਡ ਅਤੇ ਉਦਯੋਗ ਸੰਬੰਧਾਂ ਨੂੰ ਧਿਆਨ ਨਾਲ ਪਰਖੋ
। ਇੱਕ ਉੱਤਮ ਬੀਈ ਕਾਲਜ ਦੀ ਕੀਮਤ ਇੱਕ ਔਸਤ ਦਰਜੇ ਦੇ ਬੀਟੈਕ ਕਾਲਜ ਨਾਲੋਂ ਕਿਤੇ ਵੱਧ ਹੋ ਸਕਦੀ ਹੈ। ਤੀਜਾ, ਚਾਹੇ ਬੀਈ ਹੋਵੇ ਜਾਂ ਬੀਟੈਕ, ਕੋਡਿੰਗ, ਪ੍ਰੋਜੈਕਟ ਮੈਨੇਜਮੈਂਟ, ਸੰਚਾਰ ਹੁਨਰ ਅਤੇ ਵਿਹਾਰਕ ਯੋਗਤਾਵਾਂ ’ਤੇ ਲਗਾਤਾਰ ਧਿਆਨ ਦਿਓ, ਕਿਉਂਕਿ ਇਹੀ ਹੁਨਰ ਕੈਰੀਅਰ ਨੂੰ ਉੱਚਾਈਆਂ ’ਤੇ ਲੈ ਜਾਂਦੇ ਹਨ। ਚੌਥਾ, ਇੰਟਰਨਸ਼ਿਪ ਅਤੇ ਪ੍ਰੋਜੈਕਟ ਨੂੰ ਗੰਭੀਰਤਾ ਨਾਲ ਲਓ, ਕਿਉਂਕਿ ਇਹੀ ਤੁਹਾਡੀ ਨੌਕਰੀ ਅਤੇ ਕੈਰੀਅਰ ਦੀ ਕੁੰਜੀ ਹਨ। ਪੰਜਵਾਂ, ਉੱਚ ਸਿੱਖਿਆ ਦਾ ਵਿਕਲਪ ਹਮੇਸ਼ਾ ਖੁੱਲ੍ਹਾ ਰੱਖੋ, ਕਿਉਂਕਿ ਦੋਵਾਂ ਡਿਗਰੀਆਂ ਤੋਂ ਬਾਅਦ ਐਮ.ਟੈਕ, ਅੱੈਮਬੀਏ ਜਾਂ ਵਿਦੇਸ਼ ਵਿਚ ਅੱੈਮਅੱੈਸ. ਦੀਆਂ ਸੰਭਾਵਨਾਵਾਂ ਬਰਾਬਰ ਮੌਜੂਦ ਹਨ। ਹੁੰਦਾ ਹੈ ਜੋ ਤਕਨੀਕੀ ਮੁਹਾਰਤ ਦੇ ਨਾਲ-ਨਾਲ ਸਾਫਟ ਸਕਿੱਲਸ- ਸਮੱਸਿਆ ਹੱਲ, ਸੰਚਾਰ, ਟੀਮਵਰਕ, ਅਨੁਕੂਲਤਾ ਤੇ ਸਮਾਂ ਪ੍ਰਬੰਧਨ ’ਚ ਵੀ ਨਿਪੁੰਨ ਹੋਵੇ।