Russia China Relations: ਜੰਗ ਤੋਂ ਬਾਅਦ ਰੂਸ-ਚੀਨ ਸਬੰਧਾਂ ਦਾ ਨਵਾਂ ਦੌਰ

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹਾਲੀਆ ਚੀਨ ਯਾਤਰਾ ਨੇ ਅੰਤਰਰਾਸ਼ਟਰੀ ਰਾਜਨੀਤੀ ’ਚ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ

Khushdeep Singh Picture
Published On

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਹਾਲੀਆ ਚੀਨ ਯਾਤਰਾ ਨੇ ਅੰਤਰਰਾਸ਼ਟਰੀ ਰਾਜਨੀਤੀ ’ਚ ਨਵੀਂ ਬਹਿਸ ਨੂੰ ਜਨਮ ਦਿੱਤਾ ਹੈ। ਇਹ ਯਾਤਰਾ ਉਸ ਸਮੇਂ ਹੋਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਚੀਨ ਪ੍ਰਤੀ ਲਗਾਤਾਰ ਹਮਲਾਵਰ ਰਵੱਈਆ ਅਪਣਾ ਰਹੇ ਹਨ। ਟਰੰਪ ਦੀ ਚੀਨ ਯਾਤਰਾ ਤੋਂ ਕੁਝ ਦਿਨ ਬਾਅਦ ਪੁਤਿਨ ਦਾ ਬੀਜਿੰਗ ਪਹੁੰਚਣਾ ਦੁਨੀਆਂ ਦੀਆਂ ਵੱਡੀਆਂ ਤਾਕਤਾਂ ਵਿਚਾਲੇ ਚੱਲ ਰਹੀ ਰਣਨੀਤਕ ਖੇਡ ਨੂੰ ਹੋਰ ਵੀ ਸਪੱਸ਼ਟ ਕਰਦਾ ਹੈ। ਭਾਵੇਂ ਰੂਸ ਨੇ ਇਸ ਯਾਤਰਾ ਨੂੰ ਪਹਿਲਾਂ ਤੋਂ ਤੈਅ ਪ੍ਰੋਗਰਾਮ ਦੱਸਿਆ ਹੈ, ਫਿਰ ਵੀ ਇਸ ਦੀ ਰਾਜਨੀਤਿਕ ਤੇ ਕੂਟਨੀਤਿਕ ਮਹੱਤਤਾ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਰੂਸ ਤੇ ਚੀਨ ਦੇ ਸੰਬੰਧ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਮਜ਼ਬੂਤ ਹੋਏ ਹਨ। ਦੋਵਾਂ ਦੇਸ਼ਾਂ ਨੇ ਇਸ ਸਾਲ ਆਪਣੇ ਰਣਨੀਤਿਕ ਤਾਲਮੇਲ ਸਹਿਯੋਗ ਦੇ ਤੀਹ ਸਾਲ ਪੂਰੇ ਕੀਤੇ ਹਨ।

ਇਸ ਤੋਂ ਇਲਾਵਾ ਦੋਸਤੀ ਅਤੇ ਸਹਿਯੋਗ ਸੰਧੀ ਦੀ 25ਵੀਂ ਵਰ੍ਹੇਗੰਢ ਵੀ ਮਨਾਈ ਜਾ ਰਹੀ ਹੈ। ਇਨ੍ਹਾਂ ਸਮਝੌਤਿਆਂ ਨੇ ਦੋਵੇਂ ਦੇਸ਼ਾਂ ਵਿਚਾਲੇ ਲੰਮੇ ਸਮੇਂ ਦਾ ਵਿਸ਼ਵਾਸ ਅਤੇ ਰਾਜਨੀਤਿਕ ਸਹਿਯੋਗ ਦੀ ਮਜ਼ਬੂਤ ਨੀਂਹ ਤਿਆਰ ਕੀਤੀ ਹੈ। ਇਹੀ ਕਾਰਨ ਹੈ ਕਿ ਬੀਜਿੰਗ ’ਚ ਪੁਤਿਨ ਦੀ ਹਾਜ਼ਰੀ ਨੂੰ ਇੱਕ ਆਮ ਰਸਮੀ ਯਾਤਰਾ ਮੰਨਣਾ ਉਚਿਤ ਨਹੀਂ ਹੋਵੇਗਾ। ਇਸ ਦੇ ਪਿੱਛੇ ਵਿਸ਼ਾਲ ਭੂ-ਰਾਜਨੀਤਿਕ ਸੋਚ ਕੰਮ ਕਰ ਰਹੀ ਹੈ।  ਯੂਕਰੇਨ ਜੰਗ ਤੋਂ ਬਾਅਦ ਰੂਸ ’ਤੇ ਪੱਛਮੀ ਦੇਸ਼ਾਂ ਨੇ ਸਖ਼ਤ ਆਰਥਿਕ ਅਤੇ ਵਪਾਰਕ ਪਾਬੰਦੀਆਂ ਲਾਈਆਂ ਹਨ। ਇਨ੍ਹਾਂ ਪਾਬੰਦੀਆਂ ਨੇ ਰੂਸ ਨੂੰ ਨਵੇਂ ਸਹਿਯੋਗੀਆਂ ਦੀ ਭਾਲ ਲਈ ਮਜ਼ਬੂਰ ਕੀਤਾ ਹੈ। ਇਸ ਸਮੇਂ ਚੀਨ ਰੂਸ ਲਈ ਸਭ ਤੋਂ ਵੱਡਾ ਸਹਾਰਾ ਬਣ ਕੇ ਉੱਭਰਿਆ ਹੈ।

Read Also : RCB vs GT: ਗੁਜਰਾਤ ਨੂੰ ਹਰਾ RCB ਲਗਾਤਾਰ ਦੂਜੇ ਸਾਲ ਫਾਈਨਲ 'ਚ ਪਹੁੰਚੀ

ਚੀਨ ਨੇ ਰੂਸ ਤੋਂ ਊਰਜਾ ਦਰਾਮਦ ਵਧਾਈ ਹੈ ਤੇ ਵਪਾਰਕ ਸੰਬੰਧਾਂ ਨੂੰ ਵਿਸਥਾਰ ਦਿੱਤਾ ਹੈ। ਦੂਜੇ ਪਾਸੇ ਚੀਨ ਵੀ ਅਮਰੀਕਾ ਦੇ ਵਧਦੇ ਦਬਾਅ ਅਤੇ ਤਾਈਵਾਨ ਮੁੱਦੇ ’ਤੇ ਪੱਛਮੀ ਦੇਸ਼ਾਂ ਦੀ ਸਰਗਰਮੀ ਬਾਰੇ ਚੌਕਸ ਹੈ।  ਇਸ ਲਈ ਦੋਵੇਂ ਦੇਸ਼ਾਂ ਦੇ ਹਿੱਤ ਕਈ ਪੱਧਰਾਂ ’ਤੇ ਇੱਕ-ਦੂਜੇ ਨਾਲ ਜੁੜੇ ਨਜ਼ਰ ਆਉਂਦੇ ਹਨ। ਬੀਜਿੰਗ ’ਚ ਹੋਈ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਬਹੁ-ਧਰੁਵੀ ਵਿਸ਼ਵ ਵਿਵਸਥਾ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਦਾ ਇਸ਼ਾਰਾ ਸਾਫ਼ ਸੀ ਕਿ ਉਹ ਉਸ ਦੁਨੀਆਂ ਨੂੰ ਚਾਹੁੰਦੇ ਹਨ ਜਿੱਥੇ ਕਿਸੇ ਇੱਕ ਦੇਸ਼ ਦਾ ਪ੍ਰਭਾਵ ਨਾ ਹੋਵੇ। ਰੂਸ ਅਤੇ ਚੀਨ ਲੰਮੇ ਸਮੇਂ ਤੋਂ ਅਮਰੀਕੀ ਪ੍ਰਭਾਵ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸੇ ਉਦੇਸ਼ ਨਾਲ ਉਹ ਸ਼ੰਘਾਈ ਸਹਿਯੋਗ ਸੰਸਥਾ ਅਤੇ ਬ੍ਰਿਕਸ ਵਰਗੇ ਪਲੇਟਫਾਰਮਾਂ ਨੂੰ ਮਜ਼ਬੂਤ ਬਣਾਉਣ ’ਚ ਲੱਗੇ ਹੋਏ ਹਨ। ਇਨ੍ਹਾਂ ਸੰਸਥਾਵਾਂ ਰਾਹੀਂ ਦੋਵੇਂ ਦੇਸ਼ ਵਿਕਾਸਸ਼ੀਲ ਦੇਸ਼ਾਂ ਨੂੰ ਆਪਣੇ ਨਾਲ ਜੋੜਨ ਦਾ ਯਤਨ ਕਰ ਰਹੇ ਹਨ ਤਾਂ ਜੋ ਵਿਸ਼ਵੀ ਸ਼ਕਤੀ ਸੰਤੁਲਨ ’ਚ ਪੱਛਮੀ ਦੇਸ਼ਾਂ ਦਾ ਪ੍ਰਭਾਵ ਘੱਟ ਹੋ ਸਕੇ।

ਰੂਸ ਦੀ ਆਰਥਿਕਤਾ ਅੱਜ ਬਹੁਤ ਹੱਦ ਤੱਕ ਚੀਨ ਨਾਲ ਵਪਾਰ ’ਤੇ ਨਿਰਭਰ ਹੋ ਰਹੀ ਹੈ। ਪੱਛਮੀ ਕੰਪਨੀਆਂ ਦੇ ਰੂਸ ਤੋਂ ਬਾਹਰ ਨਿੱਕਲਣ ਤੋਂ ਬਾਅਦ ਚੀਨੀ ਕੰਪਨੀਆਂ ਨੇ ਉੱਥੇ ਤੇਜ਼ੀ ਨਾਲ ਆਪਣੀ ਥਾਂ ਬਣਾਈ ਹੈ। ਰੂਸ ਦੇ ਬਾਜ਼ਾਰਾਂ ’ਚ ਚੀਨੀ ਵਾਹਨਾਂ, ਤਕਨਾਲੋਜੀ ਤੇ ਖ਼ਪਤਕਾਰ ਵਸਤੂਆਂ ਦੀ ਮੌਜੂਦਗੀ ਵਧੀ ਹੈ। ਊਰਜਾ ਖੇਤਰ ’ਚ ਵੀ ਦੋਵਾਂ ਦੇਸ਼ਾਂ ਦੇ ਸੰਬੰਧ ਲਗਾਤਾਰ ਮਜ਼ਬੂਤ ਹੋ ਰਹੇ ਹਨ। ‘ਪਾਵਰ ਆਫ਼ ਸਾਇਬੇਰੀਆ-ਦੋ’ ਵਰਗੇ ਗੈਸ ਪ੍ਰਾਜੈਕਟ ਇਸ ਸਹਿਯੋਗ ਦਾ ਵੱਡਾ ਉਦਾਹਰਨ ਹਨ। ਇਨ੍ਹਾਂ ਪ੍ਰਾਜੈਕਟਾਂ ਰਾਹੀਂ ਰੂਸ ਚੀਨ ਨੂੰ ਕੁਦਰਤੀ ਗੈਸ ਦੀ ਸਪਲਾਈ ਵਧਾਉਣਾ ਚਾਹੁੰਦਾ ਹੈ, ਜਦਕਿ ਚੀਨ ਸਸਤੀ ਊਰਜਾ ਰਾਹੀਂ ਆਪਣੀਆਂ ਉਦਯੋਗਿਕ ਲੋੜਾਂ ਪੂਰੀਆਂ ਕਰ ਰਿਹਾ ਹੈ। ਰੱਖਿਆ ਅਤੇ ਸੁਰੱਖਿਆ ਖੇਤਰ ’ਚ ਵੀ ਦੋਵਾਂ ਦੇਸ਼ਾਂ ਦੇ ਸੰਬੰਧ ਨਵੀਆਂ ਉੱਚਾਈਆਂ ਤੱਕ ਪਹੁੰਚੇ ਹਨ। ਰੂਸ ਅਤੇ ਚੀਨ ਲਗਾਤਾਰ ਸਾਂਝੇ ਫੌਜੀ ਅਭਿਆਸ ਕਰ ਰਹੇ ਹਨ।

ਸਮੁੰਦਰੀ ਗਸ਼ਤ ਅਤੇ ਰਣਨੀਤਿਕ ਸਹਿਯੋਗ ਰਾਹੀਂ ਦੋਵਾਂ ਦੇਸ਼ਾਂ ਨੇ ਇਹ ਸੁਨੇਹਾ ਦਿੱਤਾ ਹੈ ਕਿ ਉਹ ਸੁਰੱਖਿਆ ਮਾਮਲਿਆਂ ’ਚ ਵੀ ਇੱਕ-ਦੂਜੇ ਦੇ ਨਾਲ ਖੜ੍ਹੇ ਹਨ। ਹਾਲਾਂਕਿ ਅਜੇ ਤੱਕ ਦੋਵਾਂ ਦੇਸ਼ਾਂ ਵਿਚਾਲੇ ਰਸਮੀ ਫੌਜੀ ਗਠਜੋੜ ਨਹੀਂ ਬਣਿਆ ਹੈ, ਫਿਰ ਵੀ ਉਨ੍ਹਾਂ ਦਾ ਸਹਿਯੋਗ ਲਗਾਤਾਰ ਡੂੰਘਾ ਹੋ ਰਿਹਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਵਿੱਖ ’ਚ ਇਹ ਭਾਈਵਾਲੀ ਹੋਰ ਵੀ ਵਧੇਰੇ ਸੰਗਠਿਤ ਰੂਪ ਲੈ ਸਕਦੀ ਹੈ। ਪੁਤਿਨ ਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਵਿਚਾਲੇ ਵਿਅਕਤੀਗਤ ਵਿਸ਼ਵਾਸ ਵੀ ਇਸ ਰਿਸ਼ਤੇ ਨੂੰ ਮਜ਼ਬੂਤ ਬਣਾ ਰਿਹਾ ਹੈ। ਦੋਵੇਂ ਨੇਤਾ ਕਈ ਵਾਰ ਜਨਤਕ ਮੰਚਾਂ ’ਤੇ ਇੱਕ-ਦੂਜੇ ਦੀ ਤਾਰੀਫ਼ ਕਰ ਚੁੱਕੇ ਹਨ। ਪੁਤਿਨ ਨੇ ਆਪਣੀ ਯਾਤਰਾ ਦੌਰਾਨ ਚੀਨੀ ਕਹਾਵਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੱਚੇ ਮਿੱਤਰਾਂ ਵਿਚਾਲੇ ਦੂਰੀ ਦਾ ਕੋਈ ਮਹੱਤਵ ਨਹੀਂ ਹੁੰਦਾ।

ਇਹ ਬਿਆਨ ਸਿਰਫ਼ ਰਸਮੀ ਨਹੀਂ ਸੀ, ਸਗੋਂ ਦੋਵਾਂ ਦੇਸ਼ਾਂ ਦੇ ਵਧਦੇ ਵਿਸ਼ਵਾਸ ਦਾ ਪ੍ਰਤੀਕ ਮੰਨਿਆ ਜਾ ਰਿਹਾ ਹੈ। ਹਾਲਾਂਕਿ ਰੂਸ ਤੇ ਚੀਨ ਲਗਾਤਾਰ ਇਹ ਦਾਅਵਾ ਕਰਦੇ ਰਹੇ ਹਨ ਕਿ ਉਨ੍ਹਾਂ ਦਾ ਸਹਿਯੋਗ ਕਿਸੇ ਤੀਜੇ ਦੇਸ਼ ਵਿਰੁੱਧ ਨਹੀਂ ਹੈ, ਪਰ ਅਸਲੀਅਤ ਇਸ ਤੋਂ ਵੱਖਰੀ ਨਜ਼ਰ ਆਉਂਦੀ ਹੈ। ਸਾਂਝੇ ਬਿਆਨ ’ਚ ਦੋਵਾਂ ਦੇਸ਼ਾਂ ਨੇ ਪੱਛਮੀ ਨੀਤੀਆਂ ਅਤੇ ਵਿਸ਼ਵੀ ਤਣਾਅ ਲਈ ਅਮਰੀਕਾ ਦੀ ਭੂਮਿਕਾ ’ਤੇ ਅਪ੍ਰਤੱਖ ਸਵਾਲ ਉਠਾਏ ਹਨ। ਇਸ ਤੋਂ ਸਪੱਸ਼ਟ ਇਸ਼ਾਰਾ ਮਿਲਦਾ ਹੈ ਕਿ ਦੋਵੇਂ ਤਾਕਤਾਂ ਅੰਤਰਰਾਸ਼ਟਰੀ ਵਿਵਸਥਾ ’ਚ ਪੱਛਮੀ ਪ੍ਰਭਾਵ ਨੂੰ ਚੁਣੌਤੀ ਦੇਣ ਦੀ ਦਿਸ਼ਾ ’ਚ ਅੱਗੇ ਵਧ ਰਹੀਆਂ ਹਨ। ਚੀਨ ਦੀ ਭੂਮਿਕਾ ਵੀ ਇਸ ਪੂਰੇ ਘਟਨਾਕ੍ਰਮ ’ਚ ਮਹੱਤਵਪੂਰਨ ਹੋ ਗਈ ਹੈ।

ਬੀਜਿੰਗ ਹੁਣ ਆਪਣੇ-ਆਪ ਨੂੰ ਵਿਸ਼ਵੀ ਵਿਚੋਲੇ ਅਤੇ ਸੰਤੁਲਨ ਬਣਾਉਣ ਵਾਲੀ ਤਾਕਤ ਵਜੋਂ ਪੇਸ਼ ਕਰਨਾ ਚਾਹੁੰਦਾ ਹੈ। ਚੀਨ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਉਹ ਦੁਨੀਆਂ ਦੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ’ਚ ਸਰਗਰਮ ਭੂਮਿਕਾ ਨਿਭਾਉਣ ’ਚ ਸਮਰੱਥ ਹੈ। ਰੂਸ ਨਾਲ ਉਸ ਦੀ ਨੇੜਤਾ ਉਸ ਨੂੰ ਵਿਸ਼ਵੀ ਰਾਜਨੀਤੀ ’ਚ ਵਾਧੂ ਰਣਨੀਤਕ ਤਾਕਤ ਪ੍ਰਦਾਨ ਕਰਦੀ ਹੈ। ਪੁਤਿਨ ਦੀ ਇਹ ਯਾਤਰਾ ਸਿਰਫ਼ ਦੋ ਦੇਸ਼ਾਂ ਵਿਚਾਲੇ ਸੰਬੰਧਾਂ ਦਾ ਮਾਮਲਾ ਨਹੀਂ ਹੈ, ਸਗੋਂ ਇਹ ਬਦਲਦੀ ਵਿਸ਼ਵ ਰਾਜਨੀਤੀ ਦਾ ਸੰਕੇਤ ਵੀ ਹੈ। ਰੂਸ ਅਤੇ ਚੀਨ ਦੀ ਵਧਦੀ ਭਾਈਵਾਲੀ ਆਉਣ ਵਾਲੇ ਸਾਲਾਂ ’ਚ ਅੰਤਰਰਾਸ਼ਟਰੀ ਸ਼ਕਤੀ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਜੇਕਰ ਦੋਵਾਂ ਦੇਸ਼ਾਂ ਦਾ ਸਹਿਯੋਗ ਇਸੇ ਗਤੀ ਨਾਲ ਅੱਗੇ ਵਧਦਾ ਰਿਹਾ ਤਾਂ ਵਿਸ਼ਵੀ ਰਾਜਨੀਤੀ ’ਚ ਇੱਕ ਨਵੇਂ ਧਰੁਵ ਦਾ ਉਦੈ ਸੰਭਵ ਹੈ। ਇਸ ਨਾਲ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਸਾਹਮਣੇ ਨਵੀਆਂ ਕੂਟਨੀਤਿਕ ਅਤੇ ਰਣਨੀਤਕ ਚੁਣੌਤੀਆਂ ਖੜ੍ਹੀਆਂ ਹੋ ਸਕਦੀਆਂ ਹਨ। ਸਪੱਸ਼ਟ ਹੈ ਕਿ ਬੀਜਿੰਗ ’ਚ ਹੋਈ ਇਹ ਮੁਲਾਕਾਤ ਆਮ ਡਿਪਲੋਮੈਟਿਕ ਯਾਤਰਾ ਤੋਂ ਕਿਤੇ ਵਧੇਰੇ ਮਹੱਤਵ ਰੱਖਦੀ ਹੈ। ਇਹ ਉਸ ਬਦਲਦੀ ਦੁਨੀਆਂ ਦੀ ਤਸਵੀਰ ਪੇਸ਼ ਕਰਦੀ ਹੈ ਜਿੱਥੇ ਮਹਾਂਸ਼ਕਤੀਆਂ ਆਪਣੇ ਹਿੱਤਾਂ ਦੀ ਰੱਖਿਆ ਲਈ ਨਵੇਂ ਗੱਠਜੋੜ ਬਣਾ ਰਹੀਆਂ ਹਨ। ਰੂਸ ਅਤੇ ਚੀਨ ਦਾ ਇਹ ਵਧਦਾ ਸਹਿਯੋਗ ਆਉਣ ਵਾਲੇ ਸਮੇਂ ’ਚ ਵਿਸ਼ਵ ਰਾਜਨੀਤੀ ਦੀ ਦਿਸ਼ਾ ਤੈਅ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਡਾ. ਐੱਨ. ਕੇ. ਸੋਮਾਨੀ

About The Author

Related Posts