ਰਿਹਾਇਸ਼ੀ ਖੇਤਰ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਖਿਲਾਫ਼ ਲੋਕਾਂ ਨੇ ਲਾਇਆ ਧਰਨਾ

ਰਿਹਾਇਸ਼ੀ ਖੇਤਰ ’ਚ ਸ਼ਰਾਬ ਦਾ ਠੇਕਾ ਖੋਲ੍ਹਣ ਖਿਲਾਫ਼ ਲੋਕਾਂ ਨੇ ਲਾਇਆ ਧਰਨਾ

ਲੌਂਗੋਵਾਲ , (ਹਰਪਾਲ ਸਿੰਘ) ਸਥਾਨਕ ਕਸਬਾ ਲੌਂਗੋਵਾਲ ਵਿਖੇ ਮੰਡੇਰਾਂ ਰੋਡ ਤੇ ਨਵਾਂ ਸ਼ਰਾਬ ਦਾ ਠੇਕਾ ਬਣਾਉਣ ਖਿਲਾਫ਼ ਪੰਜਾਬ ਸਰਕਾਰ ਅਤੇ ਠੇਕੇਦਾਰ ਵਿਰੁੱਧ ਧਰਨਾ ਦਿਤਾ ਗਿਆ । ਧਰਨੇ ਦੌਰਾਨ ਪੰਜਾਬ ਸਰਕਾਰ ਅਤੇ ਠੇਕੇਦਾਰ ਵਿਰੁੱਧ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਵਾਰਡ ਨੰਬਰ 11 ਤੋਂ ਮੌਜੂਦਾ ਕੌਂਸਲਰ ਬੀਬੀ ਪਰਮਿੰਦਰ ਕੌਰ ਬਰਾੜ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਇਕਾਈ ਪ੍ਰਧਾਨ ਬੂਟਾ ਸਿੰਘ ਅਕਾਲੀ ਅਤੇ ਸੁਰਜੀਤ ਸਿੰਘ ਸੱਦੇਕਾ ਨੇ ਬੋਲਦਿਆਂ ਕਿਹਾ ਇਹ ਸ਼ਰਾਬ ਦਾ ਠੇਕਾ ਸਾਡੇ ਘਰਾਂ ਦੇ ਨਜ਼ਦੀਕ ਸ਼ਰਾਬ ਦੇ ਠੇਕੇਦਾਰਾਂ ਖੋਲ੍ਹਿਆ ਗਿਆ ਹੈ। ਜਿਸ ਕਾਰਨ ਸਾਨੂੰ ਬਹੁਤ ਹੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ।

ਇਸ ਠੇਕੇ ਵਿੱਚੋਂ ਸ਼ਰਾਬ ਪੀਣ ਦੇ ਆਦੀ ਲੋਕ ਸ਼ਰਾਬ ਲੈਕੇ ਪੀਂਦੇ ਹਨ ਅਤੇ ਬਾਅਦ ਵਿੱਚ ਇੱਥੇ ਹੱਲਾ ਗੁੱਲਾ ਕਰਦੇ ਹਨ। ਜਿਸ ਕਾਰਨ ਅਕਸਰ ਇਥੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਅਜਿਹੇ ਮਾਹੌਲ ਵਿੱਚ ਸਾਡੇ ਘਰਾਂ ਦੀਆਂ ਔਰਤਾਂ ਅਤੇ ਲੜਕੀਆਂ ਨੂੰ ਘਰਾਂ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਲ ਹੋਇਆ ਪਿਆ ਹੈ। ਇਹ ਠੇਕਾ ਬਿਲਕੁਲ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਸਾਹਮਣੇ ਖੁੱਲ੍ਹਿਆ ਹੋਇਆ ਹੈ ।

ਉਨ੍ਹਾਂ ਕਿਹਾ ਕਿ ਇਸ ਬੱਸ ਸਟੈਂਡ ਤੋਂ ਢੱਡਰੀਆਂ,ਮੰਡੇਰ ਕਲਾਂ, ਲੋਹਾਖੇੜਾ,ਮੰਡੇਰ ਖੁਰਦ,ਸਾਹੋਕੇ, ਰੱਤੋਕੇ ਆਦਿ ਪਿੰਡਾਂ ਦੀਆਂ ਗਿਆਰ੍ਹਵੀਂ ਅਤੇ ਬਾਰ੍ਹਵੀਂ ਦੀਆਂ ਲੜਕੀਆਂ ਜੋ ਠੇਕੇ ਦੇ ਨਜਦੀਕ ਸਕੂਲ ਵਿਚ ਹੀ ਪੜਦੀਆਂ ਹਨ ਉਹ ਇਥੋਂ ਆਪੋ ਆਪਣੇ ਪਿੰਡਾਂ ਨੂੰ ਬੱਸਾਂ ਰਾਹੀਂ ਆਪਣੇ ਘਰਾਂ ਨੂੰ ਜਾਂਦੀਆਂ ਹਨ ਅਤੇ ਸ਼ਾਮ ਵੇਲੇ ਟਿਊਸ਼ਨ ਪੜਨ ਵਾਲੀਆਂ ਲੜਕੀਆਂ ਦਾ ਇਸ ਬੱਸ ਸਟੈਂਡ ਤੇ ਆਉਣਾ ਜਾਣਾ ਲੱਗਿਆ ਰਹਿੰਦਾ ਹੈ।ਉਨਾਂ ਕਿਹਾ ਕਿ ਕਾਨੂੰਨ ਮੁਤਾਬਕ ਸ਼ਰ੍ਹੇਆਮ ਨਿਯਮਾਂ ਦੀ ਘੋਰ ਉਲੰਘਣਾ ਹੈ।

ਇਹ ਠੇਕਾ ਸਕੂਲ ਦੇ ਮੇਨ ਗੇਟ ਤੋਂ 100 ਗਜ਼ ਦੀ ਦੂਰੀ ਦੇ ਅੰਦਰ ਅੰਦਰ ਬਣਿਆ ਹੋਇਆ ਹੈ।ਉਨ੍ਹਾਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਠੇਕਾ ਇਥੋਂ ਚ ੁਕਵਾਇਆ ਜਾਵੇ ਅਤੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਇਹ ਠੇਕਾ ਇਥੋਂ ਨਾ ਚੁੱਕਿਆ ਗਿਆ ਤਾਂ ਪਿੰਡ ਦੇ ਲੋਕਾਂ ਵੱਲੋਂ ਇਸ ਸੰਘਰਸ਼ ਨੂੰ ਤਿੱਖਾ ਅਤੇ ਹੋਰ ਤੇਜ ਕੀਤਾ ਜਾਵੇਗਾ ਇਸ ਮੌਕੇ ਕਮਲ ਬਰਾੜ, ਜਸਵਿੰਦਰ ਸਿੰਘ, ਗੋਬਿੰਦ ਸਿੰਘ ,ਸਤਨਾਮ ਸਿੰਘ,ਮਨਪ੍ਰੀਤ ਸਿੰਘ , ਛਿੰਦਰਪਾਲ ਕੌਰ,ਜੋਗਿੰਦਰ ਕੌਰ ਸਰਬਜੀਤ ਕੌਰ ਰਣਜੀਤ ਕੌਰ ਸੁਖਦੀਪ ਕੌਰ ਮਨਦੀਪ ਕੌਰ ਆਦਿ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.