ਐਨਐਚਐਮ ਕਾਮਿਆਂ ਤੇ ਮਨਰੇਗਾ ਵਰਕਰਾਂ ਨੇ ਸਰਕਾਰ ਨੂੰ ਕੋਸਿਆ

NHM and MGNREGA Workers Sachkahoon

ਐਨਐਚਐਮ ਕਾਮਿਆਂ ਦੀ ਰੈਗੂਲਰ ਕਰਨ ਸਬੰਧੀ ਹੜਤਾਲ ਜਾਰੀ

ਸਰਕਾਰ ਨੇ ਸਾਡੀ ਨਾ ਸੁਣੀ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ: ਬੁਲਾਰੇ

(ਨਰੇਸ਼ ਕੁਮਾਰ) ਸੰਗਰੂਰ। ਸਿਹਤ ਵਿਭਾਗ ਪੰਜਾਬ ਅਧੀਨ ਕੰਮ ਕਰ ਰਹੇ ਐਨ.ਐਚ.ਐਮ. ਕਰਮਚਾਰੀ ਦੀ 16 ਨਵੰਬਰ ਤੋਂ ਕੀਤੀ ਗਈ ਹੜਤਾਲ ਅੱਜ ਤੀਸਰੇ ਦਿਨ ਵੀ ਜਾਰੀ ਰਹੀ ਜਿਸ ਕਾਰਨ ਪੰਜਾਬ ਭਰ ਦੀਆਂ ਸਿਹਤ ਸੇਵਾਵਾਂ ਜਿਵੇਂ ਟੀਕਾਕਰਨ, ਕਰੋਨਾ ਸੈਂਪਲਿੰਗ ਆਦਿ ਪ੍ਰਭਾਵਿਤ ਹੋ ਰਹੀਆਂ ਹਨ ਜਿਸ ਦੀ ਸਮੁੱਚੀ ਜ਼ਿੰਮੇਵਾਰੀ ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀ ਹੈ।

ਇਹ ਪ੍ਰਗਟਾਵਾ ਐਨ. ਐਚ. ਐਮ. ਇੰਪਲਾਈਜ ਯੂਨੀਅਨ, ਪੰਜਾਬ ਦੇ ਕਾਰਜਕਾਰੀ ਸੂਬਾ ਪ੍ਰਧਾਨ ਸੁਖਜੀਤ ਕੰਬੋਜ਼ ਅਤੇ ਐਨ.ਐਚ.ਐਮ. ਇੰਪਲਾਇਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਡਾ: ਇੰਦਰਜੀਤ ਸਿੰਘ ਰਾਣਾ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਉਹਨਾਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੇ ਸਾਰੇ ਜਿਲ੍ਹਿਆਂ ਦੇ ਐਨ.ਐਚ. ਐਮ. ਕਾਮੇ ਇਸ ਆਰਪਾਰ ਦੀ ਲੜਾਈ ਵਿੱਚ ਕੁੱਦ ਪਏ ਹਨ ਅਤੇ ਜੇਕਰ ਹੁਣ ਵੀ ਪੰਜਾਬ ਸਰਕਾਰ ਦੇ ਕੰਨੀ ਜੂੰ ਨਾ ਸਰਕੀ ਤਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

ਇਸ ਦੌਰਾਨ ਸੂਬਾ ਆਗੂਆਂ ਡਾਕਟਰ ਵਾਹਿਦ ਅਤੇ ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਇਸ ਵਾਰ ਵੀ ਸਿਹਤ ਵਿਭਾਗ ਦੇ ਐਨ.ਐਚ.ਐਮ. ਕਰੋਨਾ ਯੋਧਿਆਂ ਨੂੰ ਰੈਗੂਲਰ ਨਾ ਕਰਕੇ ਉਹਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ, ਜਦੋਂ ਕਿ ਇਹ ਕਰਮਚਾਰੀ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਕਰਮਚਾਰੀਆਂ ਦੇ ਮੁਕਾਬਲੇ ਬਹੁਤ ਹੀ ਘੱਟ ਤਨਖਾਹ ਲੈ ਰਹੇ ਹਨ। ਇਸ ਦੌਰਾਨ ਸਾਰੇ ਐਨ.ਐਚ.ਐਮ. ਕਾਮਿਆਂ ਵੱਲੋਂ ਇਕ ਸੁਰ ਵਿੱਚ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਹੋਏ ਇਹ ਹੜਤਾਲ ਅਣਮਿੱਥੇ ਸਮੇਂ ਤੱਕ ਅਤੇ ਰੈਗੂਲਰ ਕਰਨ ਦੀ ਜਾਇਜ਼ ਮੰਗ ਪੂਰੀ ਹੋਣ ਤੱਕ ਜਾਰੀ ਰੱਖਣ ਦਾ ਸੰਕਲਪ ਲਿਆ ਗਿਆ।

ਸੁਖਜੀਤ ਕੰਬੋਜ਼ ਵੱਲੋਂ ਕਿਹਾ ਗਿਆ ਕਿ ਐਨ.ਐਚ.ਐਮ. ਅਧੀਨ ਮੈਡੀਕਲ, ਪੈਰਾ ਮੈਡੀਕਲ ਅਤੇ ਕਲੈਰੀਕਲ ਵਿੱਚ ਆਉਂਦੇ ਵੱਖ-ਵੱਖ ਕੇਡਰਾਂ ਦੇ ਮਲਾਜ਼ਮਾਂ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਲਗਭਗ ਡੇਢ ਦਹਾਕੇ ਤੋਂ ਲਗਾਤਾਰ ਪੱਕੇ ਕਰਨ ਦੇ ਲਾਰੇ ਲਾਏ ਜਾ ਰਹੇ ਹਨ ਤੇ ਪੱਕੇ ਮੁਲਾਜ਼ਮਾਂ ਤੋਂ ਲਗਭਗ 5 ਗੁਣਾ ਘੱਟ ਤਨਖਾਹਾਂ ’ਤੇ ਐਨ.ਐਚ.ਐਮ.ਕਾਮਿਆਂ ਤੋਂ 10 ਗੁਣਾ ਜਿਆਦਾ ਕੰਮ ਲਿਆ ਜਾ ਰਿਹਾ ਹੈ ਅਤੇ ਬਰਾਬਰ ਕੰਮ ’ਤੇ ਬਰਾਬਰ ਤਨਖਾਹ ਦੇ ਨਿਯਮ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ