ਸੋਸ਼ਲ ਮੀਡੀਆ ਰਾਹੀਂ 19 ਸਾਲਾਂ ਤੋਂ ਲਾਪਤਾ ਵਿਅਕਤੀ ਮਿਲਿਆ ਪਰਿਵਾਰ ਨੂੰ

Social Media Sachkahoon

ਸੋਸ਼ਲ ਮੀਡੀਆ ਰਾਹੀਂ 19 ਸਾਲਾਂ ਤੋਂ ਲਾਪਤਾ ਵਿਅਕਤੀ ਮਿਲਿਆ ਪਰਿਵਾਰ ਨੂੰ

(ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਲਾਗਲੇ ਪਿੰਡ ਸੇਰੋਂ ਤੋਂ ਪਿਛਲੇ 19 ਸਾਲ ਤੋਂ ਘਰੋਂ ਲਾਪਤਾ ਹੋਇਆ ਕਿਸਾਨ ਪਰਿਵਾਰ ਦਾ ਮੈਂਬਰ ਮੇਜਰ ਸਿੰਘ ਅੱਜ ਆਪਣੇ ਪਰਿਵਾਰ ਨੂੰ ਮਿਲ ਗਿਆ ਹੈ, ਉਹ ਮੋਗਾ ਦੇ ਇੱਕ ਬਿਰਧ ਆਸ਼ਰਮ ਵਿਖੇ ਰਹਿ ਰਿਹਾ ਸੀ। ਇਸ ਮੌਕੇ ਮੇਜਰ ਸਿੰਘ ਦੇ ਭਤੀਜੇ ਸੁਖਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਸ ਦਾ ਚਾਚਾ ਪਿਛਲੇ 19 ਸਾਲਾਂ ਤੋਂ ਘਰੋਂ ਲਾਪਤਾ ਹੋ ਗਿਆ ਸੀ। ਉਸ ਵਕਤ ਉਨ੍ਹਾਂ ਦੇ ਪਰਿਵਾਰ ਨੇ ਉਸ ਨੂੰ ਲੱਭਣ ਦੀ ਬਹੁਤ ਭਾਲ ਕੀਤੀ ਪ੍ਰੰਤੂ ਮੇਜਰ ਸਿੰਘ ਉਨ੍ਹਾਂ ਨੂੰ ਕਿਤੇ ਨਹੀਂ ਮਿਲਿਆ।

ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਬਿਰਧ ਆਸ਼ਰਮ ਦੇ ਪ੍ਰਬੰਧਕ ਵੱਲੋਂ ਉਕਤ ਵਿਅਕਤੀ ਦੀ ਪਹਿਚਾਣ ਕਰਨ ਲਈ ਕਿਹਾ ਗਿਆ ਸੀ ਪ੍ਰੰਤੂ ਦਿਮਾਗੀ ਤੌਰ ’ਤੇ ਪਰੇਸ਼ਾਨ ਹੋਣ ਕਾਰਨ ਮੇਜਰ ਸਿੰਘ ਆਪਣੇ ਪਿੰਡ ਦਾ ਨਾਂਅ ਛਾਜਲੀ ਜਾਂ ਕਦੇ ਪਿੰਡ ਸ਼ੇਰੋਂ ਜਿਲ੍ਹਾ ਸੰਗਰੂਰ ਦੱਸ ਰਿਹਾ ਸੀ। ਉਨ੍ਹਾਂ ਉਸ ਵੀਡੀਓ ਵਿੱਚ ਮੇਜਰ ਸਿੰਘ ਦੀ ਪਹਿਚਾਣ ਕੀਤੀ ਅਤੇ ਦੱਸੇ ਨੰਬਰ ’ਤੇ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਮੋਗਾ ਦੇ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਵਿਖੇ ਰਹਿ ਰਿਹਾ ਸੀ। ਜਦੋਂ ਉਹ ਦੱਸੇ ਪਤੇ ’ਤੇ ਉਕਤ ਬਿਰਧ ਆਸ਼ਰਮ ਵਿਖੇ ਉਸ ਦੇ ਚਾਚੇ ਨੂੰ ਲੈਣ ਲਈ ਪਹੁੰਚੇ ਤਾਂ ਉਨ੍ਹਾਂ ਨੂੰ ਦੇਖ ਕੇ ਮੇਜਰ ਸਿੰਘ ਖਿੜ ਉੱਠਿਆ।

ਮੇਜਰ ਸਿੰਘ ਨੂੰ ਭਾਕਿਯੂ ਏਕਤਾ ਉਗਰਾਹਾਂ ਜਥੇਬੰਦੀ ਸ਼ੇਰੋਂ ਪਿੰਡ ਦੇ ਇਕਾਈ ਪ੍ਰਧਾਨ ਜਸਪਾਲ ਸਿੰਘ ਮੱਖਣ, ਭਤੀਜਾ ਸੁਖਵਿੰਦਰ ਸਿੰਘ ਕਾਲਾ, ਰੂਪ ਸਿੰਘ, ਜਸਪ੍ਰੀਤ ਸਿੰਘ ਜੱਸੀ ਆਦਿ ਘਰ ਲੈ ਕੇ ਆਏ। 20 ਸਾਲਾਂ ਬਾਅਦ ਪਰਿਵਾਰ ਨਾਲੋਂ ਵਿੱਛੜੇ ਮੇਜਰ ਸਿੰਘ ਨੂੰ ਦੇਖ ਕੇ ਉਸ ਦਾ ਪਰਿਵਾਰ ਬਹੁਤ ਖ਼ੁਸ਼ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਜੀਅ 20 ਸਾਲਾਂ ਬਾਅਦ ਅੱਜ ਉਨ੍ਹਾਂ ਨੂੰ ਦੁਬਾਰਾ ਮਿਲਿਆ ਹੈ ਜਿਸ ’ਤੇ ਉਹ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਕਰਦੇ ਹਨ। ਇਸ ਮੌਕੇ ਪਿੰਡ ਦੇ ਲੋਕ ਉਸ ਨੂੰ ਮਿਲਣ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵੱਡੀ ਗਿਣਤੀ ਵਿਚ ਪਹੁੰਚ ਰਹੇ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ