ਪਿਆਜ ਦਾ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼ ‘ਚ ਡਰਾਈਵਰ ਦਾ ਕਤਲ

Driver,Kills,  Attempt, Onion, Truck

ਪੁਲਿਸ ਨੇ ਮਾਮਲਾ ਦਰਜ ਕਰਕੇ ਕੀਤੀ ਜਾਂਚ ਸ਼ੁਰੂ

ਅਸ਼ੋਕ ਵਰਮਾ/ਬਠਿੰਡਾ। ਬਾਦਲ ਰੋਡ ‘ਤੇ ਅੱਜ ਸਵੇਰੇ ਨੰਨ੍ਹੀਂ ਛਾਂ ਚੌਂਕ ਕੋਲ ਪਿਆਜ ਨਾਲ ਭਰਿਆ ਟਰੱਕ ਲੁੱਟਣ ਦੀ ਕੋਸ਼ਿਸ਼ ਦੌਰਾਨ ਤੇਜਧਾਰ ਹਥਿਆਰ ਨਾਲ ਡਰਾਈਵਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਟਰੱਕ ‘ਚ 20 ਲੱਖ ਦੇ ਪਿਆਜ ਸਨ, ਜਿਨ੍ਹਾਂ ਨੂੰ ਰਾਮਪੁਰਾ ਅਤੇ ਲੁਧਿਆਣਾ ਉਤਾਰਿਆ ਜਾਣਾ ਸੀ ਕਾਤਲ ਆਪਣੇ ਨਾਲ ਲਿਆਂਦਾ ਟਰੱਕ ਲੈ ਕੇ ਫਰਾਰ ਹੋ ਗਏ ਹਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਲੰਘੀ ਰਾਤ ਕਰੀਬ ਤਿੰਨ ਵਜੇ ਤੋਂ ਬਾਅਦ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਸੀ ਕਿ ਇੱਕ ਟਰੱਕ ‘ਚ ਸਵਾਰ ਕੁਝ ਲੋਕਾਂ ਨੇ ਪਿਆਜ ਨਾਲ ਭਰਿਆ ਟਰੱਕ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਅਤੇ ਡਰਾਈਵਰ ਨੂੰ ਗੰਭੀਰ ਰੂਪ ‘ਚ ਜ਼ਖਮੀ ਕਰ ਦਿੱਤਾ ਹੈ ਟਰੱਕ ਮਾਲਕ ਬਿੰਦਰ ਸਿੰਘ ਵਾਸੀ ਬਰਨਾਲਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਨਾਸਿਕ ਤੋਂ ਟਰੱਕ ‘ਚ ਪਿਆਜ ਭਰ ਕੇ ਲਿਆਇਆ ਸੀ ਤੇ ਡਰਾਈਵਰ ਬਨਵਾਰੀ ਲਾਲ (25) ਵਾਸੀ ਗੰਗਾਨਗਰ ਉਸ ਦੇ ਨਾਲ ਸੀ  ਦਿਨ ਵੇਲੇ ਟਰੱਕ ਬਿੰਦਰ ਸਿੰਘ ਅਤੇ ਰਾਤ ਵਕਤ ਡਰਾਈਵਰ ਚਲਾਉਂਦਾ ਸੀ।

ਪਿਆਜ ਨਾਲ ਭਰਿਆ ਟਰੱਕ ਲੈ ਕੇ ਉਹ ਡੱਬਵਾਲੀ ਤੋਂ ਰਾਮਪੁਰਾ ਨੂੰ ਚੱਲੇ ਸਨ ਨੰਨ੍ਹੀਂ ਛਾਂ ਚੌਂਕ ਤੋਂ ਪਹਿਲਾਂ ਡਰਾਈਵਰ ਨੇ ਟਰੱਕ ਰੋਕ ਕੇ ਚਾਹ ਪੀਤੀ ਅਤੇ ਮੁੜ ਆਪਣੀ ਮੰਜਿਲ ਵੱਲ ਤੁਰ ਪਏ ਥੋੜ੍ਹੀ ਦੂਰ ਅੱਗੇ ਜਾ ਕੇ ਇੱਕ ਖਾਲੀ ਟਰੱਕ, ਜਿਸ ‘ਚ ਤਿੰਨ ਵਿਅਕਤੀ ਸਵਾਰ ਸਨ, ਨੇ ਰਾਹ ਰੋਕ ਕੇ ਡਰਾਈਵਰ ਨੂੰ ਹੇਠਾਂ ਉੱਤਰਨ ਲਈ ਕਿਹਾ,  ਜਿਵੇਂ ਹੀ ਡਰਾਈਵਰ ਨੇ ਸ਼ੀਸ਼ਾ ਖੋਹਲਿਆ ਤਾਂ ਅਣਪਛਾਤੇ ਲੁਟੇਰਿਆਂ ਨੇ ਕਿਸੇ ਤੇਜਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿੱਤਾ ਕਿਉਂਕਿ ਟਰੱਕ ਮਾਲਕ ਪਿੱਛੇ ਸੌਂ ਰਿਹਾ ਸੀ ਤਾਂ ਖੂਨ ਨਾਲ ਲੱਥਪਥ ਡਰਾਈਵਰ ਨੇ ਉਸ ਨੂੰ ਜਗਾਇਆ ਅਤੇ ਟਰੱਕ ਲੁੱਟੇ ਜਾਣ ਬਾਰੇ ਦੱਸਿਆ ਬਿੰਦਰ ਸਿੰਘ ਨੇ ਡਰਾਇਵਰ ਨੂੰ ਪਿੱਛੇ ਹਟਾਕੇ ਖੁਦ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਅਤੇ ਤੇਜੀ ਨਾਲ ਆਪਣੀ ਜਾਨ ਬਚਾਉਂਦੇ ਹੋਏ ਪੁਲਿਸ ਕੰਟਰੋਲ ਰੂਮ ਦੇ 100 ਨੰਬਰ ਅਤੇ 108 ਐਂਬੂਲੈਂਸ ਨੂੰ ਫੋਨ ਕਰ ਦਿੱਤਾ ਰਾਹ ‘ਚ ਉਸ ਨੂੰ ਐਂਬੂਲੈਂਸ ਮਿਲ ਗਈ, ਜਿਸ ‘ਚ ਜ਼ਖਮੀ ਡਰਾਈਵਰ ਬਨਵਾਰੀ ਲਾਲ ਨੂੰ ਲਿਟਾ ਕੇ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਮਾਮਲੇ ਦੀ ਸੂਚਨਾ ਮਿਲਦਿਆਂ ਐਸ.ਪੀ (ਇਨਵੈਸਟੀਗੇਸ਼ਨ) ਗੁਰਵਿੰਦਰ ਸਿੰਘ ਸੰਘਾ ਅਤੇ ਡੀਐਸਪੀ ਗੁਰਜੀਤ ਸਿੰਘ ਰੋਮਾਣਾ ਮੌਕੇ ‘ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਥਾਣਾ ਕੈਨਾਲ ਕਲੋਨੀ ਦੀ ਪੁਲਿਸ ਵੀ ਮੌਕੇ ‘ਤੇ ਪੁੱਜੀ ਅਤੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਦੀ ਨਜ਼ਰ ‘ਚ ਮਾਮਲਾ ਸ਼ੱਕੀ

ਮੁੱਢਲੀ ਪੜਤਾਲ ਦੌਰਾਨ ਪੁਲਿਸ ਨੂੰ ਮਾਮਲਾ ਸ਼ੱਕੀ ਦਿਖਾਈ ਦੇ ਰਿਹਾ ਹੈ, ਕਿਉਂਕਿ ਟਰੱਕ ‘ਚ 30 ਟਨ ਪਿਆਜ ਸੀ ਜਦੋਂ ਕਿ ਦੂਸਰਾ ਟਰੱਕ ਖਾਲੀ ਦੱਸਿਆ ਗਿਆ ਹੈ ਪਿਆਜ ਨਾਲ ਭਰਿਆ ਟਰੱਕ ਖਾਲੀ ਟਰੱਕ ਤੋਂ ਕਿਸ ਤਰ੍ਹਾਂ ਭੱਜ ਸਕਦਾ ਹੈ ਪੁਲਿਸ ਇਸ ਦੀ ਵੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਆਮ ਤੌਰ ‘ਤੇ ਡਰਾਈਵਰ ਨਾਲ ਇੱਕ ਸਹਾਇਕ ਬੈਠਾ ਹੁੰਦਾ ਹੈ ਜਦੋਂਕਿ ਮਾਲਕ ਬਿੰਦਰ ਸਿੰਘ ਪਿੱਛੇ ਸੌਂ ਰਿਹਾ ਸੀ ਇਸ ਨੁਕਤੇ ਨੂੰ ਵੀ ਪੁਲਿਸ ਸ਼ੱਕ ਦੀ ਨਜ਼ਰ ਨਾਲ ਦੇਖ ਰਹੀ ਹੈ।

ਕਈ ਨੁਕਤਿਆਂ ਤਹਿਤ ਮਾਮਲੇ ਦੀ ਜਾਂਚ:ਐਸ.ਪੀ

ਐਸ.ਪੀ (ਇਨਵੈਸਟੀਗੇਸ਼ਨ) ਗੁਰਵਿੰਦਰ ਸਿੰਘ ਸੰਘਾ ਦਾ ਕਹਿਣਾ ਸੀ ਕਿ ਥਾਣਾ ਕੈਨਾਲ ਕਲੋਨੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਪੁਲਿਸ ਕੇਸ ਦਰਜ ਕਰ ਲਿਆ ਹੈ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਤੇ ਉਨ੍ਹਾਂ ਦੇ ਆਉਣ ‘ਤੇ ਪੋਸਟਮਾਰਟਮ ਉਪਰੰਤ ਲਾਸ਼ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇਗੀ ਸ੍ਰੀ ਸੰਘਾ ਨੇ ਦੱਸਿਆ ਕਿ ਪੁਲਿਸ ਕਈ ਨੁਕਤਿਆਂ ਤਹਿਤ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਜਲਦੀ ਹੀ ਕਾਤਲਾਂ ਦੇ ਫੜੇ ਜਾਣ ਦੀ ਉਮੀਦ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।