ਵਾਲਮੀਕੀ ਭਾਈਚਾਰੇ ਖ਼ਿਲਾਫ਼ ਮੰਤਰੀ ਆਸ਼ੂ ਦੀ ਟਿੱਪਣੀ ਤੋਂ ਆਪ ਨਰਾਜ਼, ਹੰਗਾਮਾ ਅਤੇ ਵਾਕਆਊਟ

ਦਲਿਤ ਵਿਰੋਧੀ ਸੋਚ ਵਾਲਾ ਸਖ਼ਸ਼ ਹੈ ਭਾਰਤ ਭੂਸ਼ਨ ਆਸ਼ੂ, ਹੋਵੇ ਸਖ਼ਤ ਕਾਰਵਾਈ : ਹਰਪਾਲ ਸਿੰਘ ਚੀਮਾ

ਚੰਡੀਗੜ,(ਅਸ਼ਵਨੀ ਚਾਵਲਾ)। ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਨੇ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਦੀ ਵਾਇਰਲ ਵੀਡੀਓ ਦੇ ਮੁੱਦੇ ‘ਤੇ ਆਸ਼ੂ ਵਿਰੁੱਧ ਕਾਰਵਾਈ ਮੰਗੀ ਅਤੇ ਆਸ਼ੂ ਵੱਲੋਂ ਵਾਲਮੀਕੀ ਭਾਈਚਾਰੇ ਵਿਰੁੱਧ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਵਿਰੁੱਧ ਸਦਨ ‘ਚੋਂ ਵਾਕਆਊਟ ਕੀਤਾ।

ਸੋਮਵਾਰ ਨੂੰ ਸਿਫ਼ਰ ਕਾਲ (ਜ਼ੀਰੋ ਆਵਰ) ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਮੰਤਰੀ ਆਸ਼ੂ ਦੀ ਉਸ ਵਾਇਰਲ ਵੀਡੀਓ ਦਾ ਮੁੱਦਾ ਚੁੱਕਿਆ ਅਤੇ ਆਸ਼ੂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ।

(Harpal singh cheema) ਹਰਪਾਲ ਸਿੰਘ ਚੀਮਾ ਨੇ ਭਾਰਤ ਭੂਸ਼ਨ ਆਸ਼ੂ ਨੂੰ ਦਲਿਤ ਵਿਰੋਧੀ ਸੋਚ ਵਾਲਾ ਸ਼ਖ਼ਸ ਕਰਾਰ ਦਿੱਤਾ। ਚੀਮਾ ਨੇ ਸਪੀਕਰ ਕੋਲੋਂ ਮੰਤਰੀ ਆਸ਼ੂ ਦੀ ਵਾਇਰਲ ਵੀਡੀਓ ਨੂੰ ਸਦਨ ‘ਚ ਸੁਣਾਉਣ ਦੀ ਇਜਾਜ਼ਤ ਮੰਗੀ ਪਰੰਤੂ ਸਪੀਕਰ ਵੱਲੋਂ ਇਸ ਲਈ ਇਨਕਾਰ ਕਰ ਦਿੱਤਾ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ  ਅਮਰਿੰਦਰ ਸਿੰਘ ਨੂੰ ਪਤਾ ਨਹੀਂ ਕੀ ਹੋ ਗਿਆ , ਜੋ ਮੰਤਰੀ ਆਸ਼ੂ ਖ਼ਿਲਾਫ਼ ਕੋਈ ਕਾਰਵਾਈ ਹੀ ਨਹੀਂ ਕਰ ਰਹੇ, ਕਿਉਂਕਿ ਪਹਿਲਾਂ ਮੰਤਰੀ ਭਾਰਤ ਭੂਸ਼ਨ ਆਸ਼ੂ ਲੁਧਿਆਣਾ ਦੇ ਸੀਐਲਯੂ ਘਪਲੇ, ਫਿਰ ਡੀਐਸਪੀ ਨੂੰ ਧਮਕੀਆਂ, ਫਿਰ ਲੁਧਿਆਣਾ ਗੁੜ ਮੰਡੀ ਬੰਬ ਧਮਾਕੇ ਆਦਿ ਕੇਸਾਂ ਅਤੇ ਹੁਣ ਵਾਲਮੀਕੀ ਸਮਾਜ ਖ਼ਿਲਾਫ਼ ਟਿੱਪਣੀਆਂ ਦੇ ਮਾਮਲਿਆਂ ‘ਚ ਘਿਰਦੇ ਆ ਰਹੇ ਹਨ, ਪਰੰਤੂ ਕੋਈ ਕਾਰਵਾਈ ਆਸ਼ੂ ਖ਼ਿਲਾਫ਼ ਨਹੀਂ ਹੁੰਦੀ। ਚੀਮਾ ਨੇ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਆਸ਼ੂ ਖ਼ਿਲਾਫ਼ ਕਾਰਵਾਈ ਕਰਾਉਣ ਦੀ ਅਪੀਲ ਕੀਤੀ।

ਹਰਪਾਲ ਸਿੰਘ ਚੀਮਾ (Harpal cheema) ਇਸ ਮਾਮਲੇ ਵਿੱਚ ਹੋਰ ਬੋਲਣਾ ਚਾਹੁੰਦੇ ਸਨ ਪਰ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਇਜ਼ਾਜਤ ਨਾ ਮਿਲਣ ਅਤੇ ਸਰਕਾਰ ਵਲੋਂ ਕੋਈ ਵੀ ਸਪੱਸ਼ਟੀਕਰਨ ਜਾਂ ਫਿਰ ਕਾਰਵਾਈ ਦਾ ਭਰੋਸਾ ਨਾ ਮਿਲਣ ਕਾਰਨ ਹਰਪਾਲ ਦੀ ਅਗਵਾਈ ਹੇਠ ‘ਆਪ’ ਵਿਧਾਇਕਾਂ ਨੇ ਵੈੱਲ ਵਿੱਚ ਜਾ ਕੇ ਨਾਅਰੇਬਾਜ਼ੀ ਕੀਤੀ ਅਤੇ ਫਿਰ ਵਾਕਆਊਟ ਕਰਦੇ ਹੋਏ ਸਦਨ ਦੀ ਕਾਰਵਾਈ ਤੋਂ ਬਾਹਰ ਚਲੇ ਗਏ।

ਵਾਕਆਊਟ ਕਰਨ ਵਾਲਿਆਂ ‘ਚ ਪ੍ਰਿੰਸੀਪਲ ਬੁੱਧ ਰਾਮ, ਪ੍ਰੋ. ਬਲਜਿੰਦਰ ਕੌਰ, ਸਰਬਜੀਤ ਕੌਰ ਮਾਣੂੰਕੇ, ਕੁਲਵੰਤ ਸਿੰਘ ਪੰਡੋਰੀ, ਮੀਤ ਹੇਅਰ, ਜੈ ਕ੍ਰਿਸ਼ਨ ਸਿੰਘ ਰੋੜੀ, ਮਨਜੀਤ ਸਿੰਘ ਬਿਲਾਸਪੁਰ ਅਤੇ ਮਾਸਟਰ ਬਲਦੇਵ ਸਿੰਘ ਮੌਜੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।