ਇਸ ਦੁਸਹਿਰੇ ਅੰਦਰਲੀਆਂ ਬੁਰਾਈਆਂ ਸਾੜੀਏ!

Happy Dussehra

ਭਾਰਤ ਪੀਰਾਂ, ਫਕੀਰਾਂ ਦੀ ਧਰਤੀ ਹੈ। ਇਸ ਦੀ ਜਰਖੇਜ਼ ਜ਼ਮੀਨ ਵਿੱਚੋਂ ਅਜਿਹੇ ਬਹੁਤ ਸਾਰੇ ਪੀਰਾਂ, ਫਕੀਰਾਂ, ਪੈਗੰਬਰਾਂ ਅਤੇ ਬਹਾਦਰਾਂ ਨੇ ਜਨਮ ਲਿਆ, ਜਿਨ੍ਹਾਂ ਨੇ ਇਸ ਦਾ ਨਾਂਅ ਪੂਰੀ ਦੁਨੀਆਂ ਵਿੱਚ ਚਮਕਾ ਦਿੱਤਾ। ਹਰ ਦਿਨ ਭਾਰਤ ਦੇ ਕਿਸੇ ਨਾ ਕਿਸੇ ਸਥਾਨ ’ਤੇ ਕਿਸੇ ਨਾ ਕਿਸੇ ਪੀਰ, ਪੈਗੰਬਰ, ਸੰਤ ਤੇ ਸ਼ਹੀਦਾਂ ਦੀ ਯਾਦ ਵਿੱਚ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਇਹ ਮੇਲੇ ਅਤੇ ਤਿਉਹਾਰ ਸੱਚਾਈ, ਪ੍ਰੇਮ, ਭਾਈਚਾਰਕ ਸਾਂਝ ਅਤੇ ਬੁਰਾਈ ਦੇ ਅੰਤ ਹੋਣ ਦਾ ਪ੍ਰਤੀਕ ਹੁੰਦੇ ਹਨ। ਇਨ੍ਹਾਂ ਹੀ ਤਿਉਹਾਰਾਂ ਵਿੱਚੋਂ ਇੱਕ ਹੈ ਦੁਸਹਿਰੇ ਦਾ ਤਿਉਹਾਰ। (Happy Dussehra)

ਦੁਸਹਿਰੇ ਦਾ ਤਿਉਹਾਰ ਜੋ ਕਿ ਕੱਤਕ ਮਹੀਨੇ ਵਿੱਚ ਨੌਂ ਨਰਾਤਿਆਂ ਤੋਂ ਬਾਅਦ ਦਸਵੀਂ ਵਾਲੇ ਦਿਨ ਮਨਾਇਆ ਜਾਂਦਾ ਹੈ। ਦੁਸਹਿਰੇ ਦੇ ਤਿਉਹਾਰ ਨੂੰ ਮਨਾਉਣ ਦਾ ਮੁੱਖ ਅਤੇ ਇਤਿਹਾਸਕ ਕਾਰਨ ਅਯੁੱਧਿਆ ਦੇ ਰਾਜਾ ਭਗਵਾਨ ਰਾਮਚੰਦਰ ਦਾ ਲੰਕਾ ਵਿੱਚ ਜਾ ਕੇ ਹੰਕਾਰੀ ਰਾਵਣ ਦਾ ਅੰਤ ਕਰਕੇ ਮਾਤਾ ਸੀਤਾ ਨੂੰ ਜ਼ੁਲਮ ਦੇ ਰਾਜ ਵਿੱਚੋਂ ਅਜ਼ਾਦ ਕਰਵਾਉਣਾ ਹੈ।

ਔਰਤ ਦੇ ਸਨਮਾਨ ਨੂੰ ਠੇਸ

ਹੁਣ ਜੇਕਰ ਅਸੀਂ ਅਜੋਕੇ ਸਮੇਂ ਨੂੰ ਭਗਵਾਨ ਰਾਮਚੰਦਰ ਦੇ ਸਮੇਂ ਨਾਲ ਤੁਲਨਾ ਕਰਕੇ ਦੇਖੀਏ ਤਾਂ ਜਮੀਨ-ਅਸਮਾਨ ਦਾ ਅੰਤਰ ਦੇਖਣ ਨੂੰ ਮਿਲਦਾ ਹੈ। ਇੱਕ ਭਗਵਾਨ ਰਾਮ ਚੰਦਰ ਜੀ ਸਨ ਜਿਨ੍ਹਾਂ ਆਪਣੀ ਪਤਨੀ ਲਈ ਅਨਿਆਂ ਅਤੇ ਜ਼ੁਲਮ ਖ਼ਿਲਾਫ ਆਵਾਜ ਬੁਲੰਦ ਕਰਕੇ ਯੁੱਧ ਕੀਤਾ, ਦੂਜੇ ਪਾਸੇ ਇੱਕ ਅਜੋਕਾ ਮਨੁੱਖ ਹੈ ਜੋ ਔਰਤ ਨੂੰ ਆਪਣੀ ਜਗੀਰ ਸਮਝਦਾ ਹੋਇਆ ਉਸ ’ਤੇ ਤਸ਼ੱਦਦ ਢਾਹੁੰਦਾ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਹਰ ਰੋਜ਼ ਅਜਿਹੀਆਂ ਹਜਾਰਾਂ ਘਟਨਾਵਾਂ ਵਾਪਰਦੀਆਂ ਹਨ ਜੋ ਕਿ ਔਰਤ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਂਦੀਆਂ ਹੋਈਆਂ ਉਸ ਨੂੰ ਸਮਾਜਿਕ ਅਤੇ ਮਾਨਸਿਕ ਪੱਖੋਂ ਕਮਜੋਰ ਬਣਾਉਂਦੀਆਂ ਹਨ।

ਦਿੱਲੀ, ਕਠੂਆ ਅਤੇ ਮਨੀਪੁਰ ਵਿਚ ਵਾਪਰੀਆਂ ਅਣਮਨੁੱਖੀ ਘਟਨਾਵਾਂ ਅਜੇ ਵੀ ਤਰੋਤਾਜਾ ਹਨ ਜਿਨ੍ਹਾਂ ਦੇ ਜਖਮਾਂ ਨੂੰ ਭੁਲਾਉਣਾ ਮੁਸ਼ਕਿਲ ਹੀ ਨਹੀਂ ਸਗੋਂ ਅਸੰਭਵ ਜਾਪਦਾ ਹੈ। ਇੱਕ ਪਾਸੇ ਤਾਂ ਜਿੱਥੇ ਨਰਾਤਿਆਂ ਵਿੱਚ ਔਰਤ ਨੂੰ ਕੰਜਕਾਂ ਦੇ ਰੂਪ ਵਿੱਚ ਪੂਜਿਆ ਜਾਂਦਾ ਹੈ ਜਦਕਿ ਦੂਜੇ ਪਾਸੇ ਔਰਤ ਨੂੰ ਹੀ ਬੇਪਰਦ ਕਰਕੇ ਬਜ਼ਾਰਾਂ ਅਤੇ ਜਲੂਸਾਂ ਵਿੱਚ ਘੁਮਾਇਆ ਜਾਂਦਾ ਹੈ। ਅਸੀਂ ਪੜ੍ਹਦੇ ਜ਼ਰੂਰ ਹਾਂ ਪਰ ਚਿੰਤਨ ਨਹੀਂ ਕਰਦੇ। ਅਮਲਾਂ ਤੋਂ ਬਗੈਰ ਗਿਆਨ ਭਾਰ ਹੈ।

ਬੁਰਾਈ ਦੀ ਹਮੇਸ਼ਾ ਹਾਰ ਹੁੰਦੀ ਐ | Happy Dussehra

ਦੁਸਹਿਰੇ ’ਤੇ ਜਦੋਂ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਸਾੜੇ ਜਾਂਦੇ ਹਨ ਤਾਂ ਅੱਛਾਈ ਦੀ ਬੁਰਾਈ ’ਤੇ ਜਿੱਤ ਦੀਆਂ ਬਹੁਤ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਬੁਰਾਈ ਦਾ ਖਾਤਮਾ ਹੋਇਆ ਕਿੱਥੇ ਹੈ? ਇਹ ਰਾਵਣ ਤਾਂ ਸਦੀਆਂ ਪਹਿਲਾਂ ਸਾੜਿਆ ਜਾ ਚੁੱਕਾ ਹੈ, ਇਸ ਨੂੰ ਵਾਰ-ਵਾਰ ਸਾੜਨ ਦਾ ਕੀ ਫਾਇਦਾ? ਜੇਕਰ ਅਸੀਂ ਸਾੜਨਾ ਹੀ ਹੈ ਤਾਂ ਆਪਣੇ ਸਰੀਰ, ਆਪਣੇ ਦਿਮਾਗ ਵਿਚਲਾ ਰਾਵਣ ਸਾੜੀਏ ਜੋ ਸਾਡੇ ਵਿੱਚ ਬੁਰਾਈ ਅਤੇ ਨਫਰਤ ਦੇ ਬੀਜ ਪੈਦਾ ਕਰਦਾ ਹੈ। ਇਹ ਨਫਰਤ ਦਾ ਬੀਜ ਵੱਡਾ ਹੋ ਕੇ ਸਾਡੇ ਪਿਆਰ-ਮੁਹੱਬਤ ਅਤੇ ਭਾਈਚਾਰਕ ਸਾਂਝ ਨੂੰ ਦੰਗੇ ਅਤੇ ਮੁਜਾਹਰਿਆਂ ਵਿੱਚ ਬਦਲ ਦਿੰਦਾ ਹੈ ਜਿਨ੍ਹਾਂ ਨੂੰ ਸਾਡੇ ਰਾਜਨੀਤਿਕ ਆਗੂ ਆਪਣੇ ਰਾਜਸੀ ਫਾਇਦਿਆਂ ਅਤੇ ਸੱਤਾ ਦੇ ਲਾਲਚ ਲਈ ਹੋਰ ਹਵਾ ਦੇਣ ਦਾ ਕੰਮ ਕਰਦੇ ਹਨ।

ਇਹ ਵੀ ਪੜ੍ਹੋ; ਅੱਜ ਦੇ ਹਾਲਾਤ ਤੇ ਸੰਯੁਕਤ ਰਾਸ਼ਟਰ ਸੰਗਠਨ ਦੀ ਅਹਿਮੀਅਤ

ਭਗਤ ਕਬੀਰ ਜੀ ਦਾ ਸਲੋਕ ਹੈ ‘‘ਬੁਰਾ ਜੋ ਦੇਖਣ ਮੈਂ ਚਲਾ ਬੁਰਾ ਨਾ ਮਿਲਿਆ ਕੋਇ, ਜੋ ਦਿਲ ਖੋਜਾ ਆਪਣਾ ਮੁਝਸੇ ਬੁਰਾ ਨਾ ਕੋਇ’’ ਇਸ ਸਲੋਕ ਵਿੱਚ ਭਗਤ ਕਬੀਰ ਜੀ ਕਹਿੰਦੇ ਹਨ ਕਿ ਜਦੋਂ ਮੈਂ ਬੁਰਾ ਦੇਖਣ ਨਿੱਕਲਿਆ ਤਾਂ ਮੈਨੂੰ ਕੋਈ ਵੀ ਬੁਰਾ ਨਹੀਂ ਲੱਭਿਆ ਅਤੇ ਜਦੋਂ ਮੈਂ ਲੰਮੀ ਖੋਜ ਕਰਨ ਉਪਰੰਤ ਆਪਣੇ ਅੰਦਰ ਖੋਜ ਕੀਤੀ ਤਾਂ ਮੈਂ ਹੀ ਸਭ ਤੋਂ ਬੁਰਾ ਮਿਲਿਆ। ਬੁਰਾਈ ਦਾ ਅੰਤ ਉਸ ਦਿਨ ਸ਼ੁਰੂ ਹੋਵੇਗਾ ਜਿਸ ਦਿਨ ਅਸੀਂ ਆਪਣੇ ਕੱਪੜਿਆਂ ਦੇ ਨਾਲ-ਨਾਲ ਆਪਣੇ ਮਨ ਅੰਦਰਲੀ ਮੈਲ ਵੀ ਧੋ ਲਵਾਂਗੇ।

ਆਉ! ਵਾਅਦਾ ਕਰੀਏ ਕਿ ਜਿਸ ਦਿਨ ਹੁਣ ਦੁਸਹਿਰੇ ’ਤੇ ਰਾਵਣ ਨੂੰ ਸਾੜਿਆ ਜਾਵੇਗਾ ਉਸ ਦਿਨ ਅਸੀਂ ਵੀ ਆਪਣੇ ਸਰੀਰ ਅੰਦਰਲੇ ਬੁਰਾਈ ਦੇ ਰਾਵਣ ਨੂੰ ਸਾੜ ਕੇ ਸਵਾਹ ਕਰ ਦੇਵਾਂਗੇ ਅਤੇ ਹਮੇਸ਼ਾ ਲਈ ਭੇਦਭਾਵ ਦਾ ਫਰਕ ਮਿਟਾਉਂਦੇ ਹੋਏ ਇੱਕ-ਦੂਜੇ ਨਾਲ ਮੋਹ, ਭਾਈਚਾਰਕ ਅਤੇ ਅਪਣੱਤ ਦੀ ਸਾਂਝ ਬਰਕਰਾਰ ਰੱਖਾਂਗੇ, ਫਿਰ ਹੀ ਸਾਡੇ ਸਾਰਿਆਂ ਦਾ ਦੁਸਹਿਰੇ ਦਾ ਤਿਉਹਾਰ ਮਨਾਉਣ ਦਾ ਮਨੋਰਥ ਪੂਰਾ ਹੋਵੇਗਾ।

ਰਜਵਿੰਦਰ ਪਾਲ ਸ਼ਰਮਾ
ਕਾਲਝਰਾਣੀ, ਬਠਿੰਡਾ
ਮੋ. 70873-67969