ਮਾਨਵਤਾ ਦੇ ਰਹਿਬਰ ਸ੍ਰੀ ਗੁਰੂ ਨਾਨਕ ਦੇਵ ਜੀ

Humanity, Revenue, Guru Nanak Dev ji

ਸਿੱਖ ਧਰਮ ਬਾਕੀ ਧਰਮਾਂ ਨਾਲੋਂ ਛੋਟੀ ਉਮਰ ਦਾ ਹੋਣ ਕਰਕੇ ਆਧੁਨਿਕਤਾ ਦੇ ਵਧੀਕ ਨੇੜੇ ਹੈ।  ਇਸ ਧਰਮ ਨੂੰ ਵਿਗਿਆਨਕ ਧਰਮ ਵੀ ਕਿਹਾ ਜਾਂਦਾ ਹੈ। ਇਸ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਵਿਸ਼ੇਸ਼ ਤੌਰ ‘ਤੇ ਵਿਗਿਆਨਕ ਵਿਚਾਰਧਾਰਾ ਪ੍ਰਦਾਨ ਕੀਤੀ ਹੈ। ਸਿੱਖ ਧਰਮ ਦੇ ਮੋਢੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੱਤਕ ਦੀ ਪੁੰਨਿਆ ਨੂੰ ਅਜੋਕੇ ਪਾਕਿਸਤਾਨ ਦੇ ਜ਼ਿਲ੍ਹਾ ਸੇਖੂਪੁਰੇ ਦੇ ਪਿੰਡ ਤਲਵੰਡੀ ਵਿਖੇ ਬਾਬਾ ਕਲਿਆਣ ਦਾਸ ਉਰਫ ਮਹਿਤਾ ਕਾਲੂ (ਪਟਵਾਰੀ) ਅਤੇ ਮਾਤਾ ਤ੍ਰਿਪਤਾ ਦੇ ਗ੍ਰਹਿ ਵਿਖੇ ਜਨਮ ਲਿਆ। ਇਹ ਉਹ ਮਾਣਮੱਤਾ ਪਿੰਡ ਹੈ, ਜਿਸ ਨੂੰ ਨਨਕਾਣਾ ਸਾਹਿਬ ਵੀ ਕਿਹਾ ਜਾਂਦਾ ਹੈ।

ਦੁਨਿਆਵੀ ਸਿੱਖਿਆ ਹਾਸਲ ਕਰਨ ਲਈ ਗੁਰੂ ਨਾਨਕ ਸਾਹਿਬ ਜੀ ਨੂੰ 7 ਸਾਲ ਦੀ ਉਮਰ ਵਿੱਚ ਗੋਪਾਲ ਪੰਡਿਤ ਪਾਸੋਂ ਹਿੰਦੀ ਅਤੇ ਬਿਰਜ ਲਾਲ ਪਾਸੋਂ ਸੰਸਕ੍ਰਿਤ ਪੜ੍ਹਨ ਹਿੱਤ ਭੇਜਿਆ ਗਿਆ। ਇੱਥੇ ਹੀ ਬੱਸ ਨਹੀਂ 13 ਸਾਲ ਦੀ ਉਮਰ ਵਿੱਚ ਗੁਰੂ ਜੀ ਨੂੰ ਫ਼ਾਰਸੀ ਤਾਲੀਮ ਸਿੱਖਣ ਦੇ ਮਨੋਰਥ ਹਿੱਤ ਮੌਲਵੀ ਕੁਤਬਦੀਨ ਪਾਸ ਵੀ ਭੇਜਿਆ ਗਿਆ। ਆਪ ਜੀ ਨੇ ਜਿੱਥੇ ਉਪਰੋਕਤ ਉਸਤਾਦਾਂ ਪਾਸੋਂ ਸੰਸਾਰੀ ਸਿੱਖਿਆ ਗ੍ਰਹਿਣ ਕੀਤੀ, ਉੱਥੇ ਉਹਨਾਂ (ਉਸਤਾਦਾਂ) ਨੂੰ ਸੱਚੀ ਸਿੱਖਿਆ (ਰੱਬੀ ਗਿਆਨ) ਦਾ ਪਾਠ ਵੀ ਪੜ੍ਹਾਇਆ। ਰਾਇ ਬੁਲਾਰ ਭੱਟੀ ਗੁਰੂ ਸਾਹਿਬ ਦੇ ਜੀਵਨ ਤੋਂ ਏਨਾ ਪ੍ਰਭਾਵਿਤ ਹੋਇਆ ਕਿ ਉਸਨੂੰ ਸਭ ਤੋਂ ਪਹਿਲਾਂ ਸਿੱਖ ਹੋਣ ਦਾ ਸ਼ਰਫ ਹਾਸਲ ਹੈ। ਪਿੰਡ ਤਲਵੰਡੀ ਦੇ ਵਸਨੀਕ ਭਾਈ ਮਰਦਾਨਾ ਜੀ, ਜੋ ਮੁਸਲਮਾਨ ਮਰਾਸੀ ਸਨ, ਗੁਰੂ ਸਾਹਿਬ ਦੇ ਬਹੁਤ ਪਿਆਰੇ ਸ਼ਰਧਾਲੂ ਸਨ। ਬਤੌਰ ਰਬਾਬੀ ਉਹ ਗੁਰੂ ਨਾਨਕ ਸਾਹਿਬ ਜੀ ਨਾਲ 6 ਦਹਾਕਿਆਂ ਤੱਕ ਰਹੇ ਹਨ।

18 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਵਿਆਹ ਬਟਾਲੇ ਸ਼ਹਿਰ ਦੇ ਬਸ਼ਿੰਦੇ ਸ੍ਰੀ ਮੂਲ ਚੰਦ ਦੀ ਧੀ ਸੁਲੱਖਣੀ ਨਾਲ ਹੋਇਆ। ਆਪ ਜੀ ਦੇ ਘਰ ਦੋ ਪੁੱਤਰ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਪੈਦਾ ਹੋਏ।  35 ਸਾਲ ਦੀ ਉਮਰ ਵਿੱਚ ਗੁਰੂ ਨਾਨਕ ਸਾਹਿਬ ਆਪਣੀ ਭੈਣ ਨਾਨਕੀ ਦੇ ਗ੍ਰਹਿ ਸੁਲਤਾਨਪੁਰ ਵਿਖੇ ਪਹੁੰਚ ਗਏ। ਇੱਥੇ ਆਪ ਨਵਾਬ ਦੌਲਤ ਖਾਂ ਲੋਧੀ ਦੇ ਮੋਦੀ ਬਣ ਗਏ। ਜਿੱਥੇ ਆਪ ਨੇ ਰਿਸ਼ਵਤਖੋਰੀ ਬੰਦ ਕਰਵਾਈ ਅਤੇ ਗਰੀਬਾਂ ਅਮੀਰਾਂ ਨੂੰ ਇੱਕੋ-ਜਿਹਾ ਇਨਸਾਫ ਦਿੱਤਾ। ਕਾਰੋਬਾਰ ਤੋਂ ਵਿਹਲੇ ਹੋ ਕੇ ਗੁਰੂ ਜੀ ਇਸ ਨਗਰ ਵਿੱਚ ਸਤਿਸੰਗ ਵੀ ਕਰਿਆ ਕਰਦੇ ਸਨ। 1507 ਈ: ਵਿੱਚ ਗੁਰੂ ਨਾਨਕ ਸਾਹਿਬ ਜੀ ਵੱਲੋਂ ਜਗਤ ਜਲੰਦੇ ਦੇ ਸੁਧਾਰ ਹਿੱਤ ਇਕਾਂਤਵਾਸ ਕੀਤਾ ਗਿਆ। ਇਸ ਇਕਾਂਤਵਾਸ ਤੋਂ ਬਾਦ ਉਹਨਾਂ ਨੇ ਭਟਕੀ ਹੋਈ ਲੋਕਾਈ ਨੂੰ ਇੱਕ ਨਵੀਨ ਨਾਅਰਾ ‘ਨਾ ਕੋ ਹਿੰਦੂ ਨਾ ਮੁਸਲਮਾਨ’ ਦਿੱਤਾ। ਮਨੁੱਖਤਾ ਨੂੰ ਪਰਨਾਏ ਇਸ ਨਾਅਰੇ ਦੀ ਖੂਬ ਚਰਚਾ ਹੋਈ ਪਰ ਇਹ ਚਰਚਾ ਉਸ ਵਕਤ ਦੇ ਨਵਾਬ ਅਤੇ ਕਾਜ਼ੀ ਨੂੰ ਹਜ਼ਮ ਨਾ ਹੋ ਸਕੀ। ਉਹਨਾਂ ਨੇ ਗੁਰੂ ਸਾਹਿਬ ਦੀ ਇਨਕਲਾਬੀ ਸੋਚ ਦਾ ਵਿਰੋਧ ਕੀਤਾ ਪਰ ਜਿੱਤ ਆਖਰ ਸੱਚ ਦੀ ਹੀ ਹੋਈ। ਆਪਣੀ ਇਸ ਸੋਚ ਨੂੰ ਦੁਨੀਆਂ ਦੇ ਵੱਖ-ਵੱਖ ਖੇਤਰਾਂ ਤੱਕ ਪਹੁੰਚਾਉਣ ਹਿੱਤ ਗੁਰੂ ਜੀ ਵੱਲੋਂ ਕਈ ਪ੍ਰਚਾਰ ਦੌਰੇ ਵੀ ਕੀਤੇ ਗਏ, ਜਿਹਨਾਂ ਨੂੰ ਸਿੱਖ ਇਤਿਹਾਸ ਵਿੱਚ ਉਦਾਸੀਆਂ ਦੇ ਨਾਂਅ ਨਾਲ ਸਤਿਕਾਰਿਆ ਜਾਂਦਾ ਹੈ।

ਜਦੋਂ ਗੁਰੂ ਜੀ ਨੇ ਅਵਤਾਰ ਧਾਰਿਆ ਉਸ ਸਮੇਂ ਭਾਰਤੀ ਸਮਾਜ ਬਹੁਤ ਹੀ ਗੁੰਝਲਦਾਰ ਜਾਤੀਆਂ ਤੇ ਧਾਰਮਿਕ ਫਿਰਕਿਆਂ ‘ਚ ਵੰਡਿਆ ਹੋਇਆ ਸੀ। ਲੋਕਾਂ ਵਿਚੋਂ ਆਪਸੀ ਭਾਈਚਾਰੇ ਅਤੇ ਇੱਕਸੁਰਤਾ ਦੀ ਭਾਵਨਾ ਪੂਰੀ ਤਰ੍ਹਾਂ ਅਲੋਪ ਹੋ ਚੁੱਕੀ ਸੀ। ਅਜਿਹੀ ਤਰਸਯੋਗ ਸੁਰਤ-ਏ-ਹਾਲ ਵਿੱਚ ਸਿਫ਼ਤੀ ਅਤੇ ਇਨਕਲਾਬੀ ਤਬਦੀਲੀ ਲਿਆਉਣ ਲਈ ਗੁਰੂ ਨਾਨਕ ਸਾਹਿਬ ਜੀ ਨੇ ਸਤੰਬਰ 1507 ਈ. ‘ਚ ਭਾਈ ਮਰਦਾਨੇ ਨੂੰ ਨਾਲ ਲੈ ਕੇ ਦੁਨੀਆਂ ਦੀਆਂ ਵੱਖ-ਵੱਖ ਦਿਸ਼ਾਵਾਂ ਵਿੱਚ ਪ੍ਰਚਾਰ ਦੌਰੇ ਅਰੰਭ ਕੀਤੇ ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ।ਵੱਖ-ਵੱਖ ਉਦਾਸੀਆਂ ਦੌਰਾਨ ਵੱਖ-ਵੱਖ ਦੇਸ਼ਾਂ ਤੇ ਭਾਰਤ ਦੇ ਕੋਨੇ-ਕੋਨਿਆਂ ‘ਚ ਜਾ ਕੇ ਗੁਰੂ ਜੀ ਨੇ ਮਨੁੱਖਤਾ ਨੂੰ ਸਿੱਧੇ ਰਾਹ ਪਾਉਣ ਦਾ ਬੀੜਾ ਚੁੱਕਿਆ

ਗੁਰੂ ਸਾਹਿਬ ਦੀ ਪਹਿਲੀ ਉਦਾਸੀ ਦਾ ਸਮਾਂ ਲਗਭਗ 8 ਸਾਲ ਹੈ। ਇਸ ਉਦਾਸੀ ਦੌਰਾਨ ਉਹ ਸਭ ਤੋਂ ਪਹਿਲਾਂ ਐਮਨਾਬਾਦ ਗਏ ਜੋ ਤਲਵੰਡੀ ਤੋਂ ਲਗਭਗ 60 ਕਿਮੀ. ‘ਤੇ ਸਥਿਤ ਹੈ। ਇੱਥੇ ਆਪ ਧਰਮ ਦੀ ਕਿਰਤ ਕਰਨ ਵਾਲੇ ਇੱਕ ਅਤਿ ਗਰੀਬੜੇ ਮਨੁੱਖ ਭਾਈ ਲਾਲੋ ਦੇ ਘਰ ਠਹਿਰੇ। ਭਾਈ ਸਾਹਿਬ ਲੱਕੜੀ ਦਾ ਕੰਮ ਕਰਦੇ ਸਨ। ਬ੍ਰਾਹਮਣਾਂ ਨੇ ਇਸ ਗੱਲ ਦਾ ਬੁਰਾ ਮਨਾਇਆ ਕਿ ਗੁਰੂ ਜੀ ਨੀਵੀਂ ਜਾਤੀ ਦੇ ਵਿਅਕਤੀ ਦੇ ਘਰ ਕਿਉਂ ਠਹਿਰੇ ਹਨ। ਪਰ ਆਪ ਨੇ ਇਸ ਵਿਰੋਧ ਦਾ ਕੋਈ ਅਸਰ ਨਾ ਕਬੂਲਿਆ। ਕਿਉਂਕਿ ਉਹਨਾਂ ਦਾ ਮਿਸ਼ਨ ਵੀ ਵਰਣਵਾਦੀ ਸਿਸਟਮ ਨੂੰ ਤੋੜਨਾ ਸੀ।

ਹਰਿਦੁਆਰ ਵਿਖੇ ਵਿਸਾਖੀ ਦਾ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਸੀ। ਮੇਲਾ ਵੇਖਣ ਵਾਲੇ ਮੇਲੀ ਤੇ ਸ਼ਰਧਾਲੂ ਗੰਗਾ ਨਦੀ ਵਿੱਚ ਇਸ਼ਨਾਨ ਕਰਦੇ ਸਨ। ਸਿਰਫ਼ ਇਸ਼ਨਾਨ ਹੀ ਨਹੀਂ ਸਗੋਂ ਆਪਣੇ ਪਿੱਤਰਾਂ ਨੂੰ ਸੂਰਜ ਰਾਹੀਂ ਪਾਣੀ ਵੀ ਪਹੁੰਚਾਉਂਦੇ ਸਨ। ਗੁਰੂ ਜੀ ਨੇ ਜਿੱਥੇ ਬੜੇ ਨਾਟਕੀ ਢੰਗ ਨਾਲ ਅਜਿਹੇ ਵਿਚਾਰਾਂ ਨੂੰ ਤਿਲਾਂਜਲੀ ਦੇਣ ਦਾ ਉਪਦੇਸ਼ ਦਿੱਤਾ, ਉੱਥੇ ਵੈਸ਼ਨਵ ਸਾਧੂਆਂ ਨੂੰ ਮਨੁੱਖੀ ਬਰਾਬਰਤਾ ਦਾ ਸਬਕ ਵੀ ਦਿੱਤਾ।

ਗੋਰਖ ਮਤੇ ਗੋਰਖ ਨਾਥ ਅਤੇ ਉਸਦੇ ਚੇਲਿਆਂ ਦਾ ਗੜ੍ਹ ਸੀ। ਇਹ ਸਥਾਨ ਪੀਲੀਭੀਤ ਤੋਂ ਲਗਭਗ 20 ਕੁ ਕਿਲੋਮੀਟਰ ਦੀ ਵਿੱਥ ‘ਤੇ ਸਥਿਤ ਹੈ। ਗੁਰੂ ਜੀ ਦੀ ਆਮਦ ਸਦਕਾ ਇਸ ਸਥਾਨ ਦਾ ਨਾਂਅ ਗੋਰਖ ਮਤੇ ਤੋਂ ਤਬਦੀਲ ਹੋ ਕੇ ਨਾਨਕ ਮਤਾ ਪੈ ਗਿਆ। ਨਾਨਕ ਮਤੇ ਤੋਂ ਪ੍ਰਚਾਰ ਕਰਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੀਵਾਲੀ ਵਾਲੇ ਦਿਨ ਅਯੁੱਧਿਆ ਪਹੁੰਚੇ। ਇਥੇ ਆਪ ਜੀ ਦੀ ਭੇਟ ਭਾਈ ਰਾਮਾਨੰਦ ਜੀ ਦੇ ਚੇਲਿਆਂ ਨਾਲ ਹੋਈ। ਇਹਨਾਂ ਬੈਰਾਗੀਆਂ ਨੂੰ ਮੁਕਤੀ ਮਾਰਗ ਬਾਰੇ ਦੱਸਦਿਆਂ ਗੁਰੂ ਜੀ ਨੇ ਫੁਰਮਾਇਆ ਕਿ ਮੂਰਤੀ ਪੂਜਾ ਨੂੰ ਤਿਆਗ ਕੇ ਇੱਕ ਅਕਾਲ ਪੁਰਖ ਦੀ ਪੂਜਾ ਵਿੱਚ ਲੱਗ ਜਾਉ। ਇਸ ਤਰ੍ਹਾਂ ਜਾਤਾਂ ਪਾਤਾਂ, ਊਚ ਨੀਚ ਦਾ ਭੇਦ ਮਿਟਾਉਂਦੇ ਬਾਬਾ ਨਾਨਕ ਜੀ ਦੇਸ਼ ਵਿਦੇਸ਼ ਲੋਕਾਂ ਨੂੰ ਤਾਰਦੇ ਰਹੇ ਗੁਰੂ ਜੀ ਦੀ ਇਸ (ਪਹਿਲੀ) ਉਦਾਸੀ ਦਾ ਅੰਤਿਮ ਪੜਾਅ ਕੁਰੂਕਸ਼ੇਤਰ ਸੀ।

ਪਹਿਲੀ ਉਦਾਸੀ ਦੀ ਤਰਜ਼ ‘ਤੇ ਦੂਜੀ ਉਦਾਸੀ ਦਾ ਮੁਹਾਣ ਵੀ ਵਹਿਮਾਂ ਭਰਮਾਂ ਨੂੰ ਤੋੜਨਾ ਅਤੇ ਲੋਕਾਂ ਨੂੰ ਸੱਚ ਨਾਲ ਜੋੜਨਾ ਸੀ ਸੁਮੇਰ ਪਰਬਤ ਦੀਆਂ ਗੁਫਾਵਾਂ ਵਿੱਚ ਸਿੱਧ, ਜੋਗੀ ਤੇ ਨਾਥ ਨਿਵਾਸ ਕਰਦੇ ਸਨ ਇੱਥੇ ਗੁਰੂ ਸਾਹਿਬ ਦੀਆਂ ਸਿੱਧਾਂ ਨਾਲ ਧਾਰਮਿਕ ਗੋਸ਼ਟੀਆਂ ਹੋਈਆਂ। ਜੋ ਸਿੱਧ ਜੋਗੀ ਗੁਰੂ ਜੀ ਦੇ ਤਰਕ ਦਾ ਸਾਹਮਣਾ ਨਾ ਕਰ ਸਕੇ ਤਾਂ ਉਹਨਾਂ ਨੇ ਕਰਾਮਾਤੀ ਚੱਕਰ ਚਲਾਉਣੇ ਸ਼ੁਰੂ ਕਰ ਦਿੱਤੇ ਪਰ ਇਹ ਚੱਕਰ ਵੀ ਗੁਰੂ ਸਾਹਿਬ ‘ਤੇ ਕੋਈ ਪ੍ਰਭਾਵ ਨਾ ਪਾ ਸਕੇ। ਆਖ਼ਿਰ ਸਿੱਧਾਂ ਨੇ ਗੁਰੂ ਜੀ ਦੇ ਦਲੀਲਮਈ ਵਿਚਾਰਾਂ ਅੱਗੇ ਹਥਿਆਰ ਸੁੱਟ ਦਿੱਤੇ। ਸੁਮੇਰ ਪਰਬਤ ਤੋਂ ਬਾਅਦ ਗੁਰੂ ਜੀ ਨੇਪਾਲ ਪਹੁੰਚੇ ਤੇ ਉੱਥੋਂ ਦੇ ਰਾਜੇ ਰਘਬੀਰ ਨੂੰ ਆਪਣਾ ਸੇਵਕ ਬਣਾਇਆ। ਕਸ਼ਮੀਰ ਦੇ ਇਲਾਕੇ ਵਿੱਚ ਗੁਰੂ ਜੀ ਨੇ ਸ੍ਰੀਨਗਰ, ਮਟਨ ਸਾਹਿਬ, ਅਮਰਨਾਥ ਵਿਖੇ ਗਏ ਤੇ ਲੋਕਾਂ ਨੂੰ ਸੱਚ ਦਾ ਰਾਹ ਵਿਖਾਇਆ। ਇਸ ਉਦਾਸੀ ਦਾ ਛੇਕੜਲਾ ਪੜਾਅ ਪਸਰੂਰ ਸੀ।

ਗੁਰੂ ਨਾਨਕ ਸਾਹਿਬ ਜੀ ਦੀ ਤੀਜੀ ਉਦਾਸੀ ਮੁਸਲਮਾਨੀ ਮੱਤ ਦੇ ਧਾਰਮਿਕ ਸਥਾਨਾਂ ਵੱਲ ਸੀ। ਤਿੰਨ ਵਰ੍ਹਿਆਂ ਦੀ ਇਸ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਜੀ ਨੇ ਇਸਲਾਮ ਧਰਮ ਦੇ ਪੀਰਾਂ, ਫਕੀਰਾਂ, ਮੌਲਵੀਆਂ ਅਤੇ ਹੋਰ ਪੈਰੋਕਾਰਾਂ ਨੂੰ ਅੱਲ੍ਹਾ ਤੋਂ ਦੂਰ ਲਿਜਾਣ ਵਾਲੇ ਵਿਚਾਰ ਅਤੇ ਵਿਵਹਾਰ ਤੋਂ ਪ੍ਰਹੇਜ ਕਰਨ ਦਾ ਉਪਦੇਸ਼ ਦਿੱਤਾ। ਪਾਕਪਟਨ ਦਾ ਪਹਿਲਾ ਨਾਂਅ ਅਯੋਧਨ ਸੀ। ਗੁਰੂ ਸਾਹਿਬ ਉੱਥੇ ਬਾਬਾ ਸ਼ੇਖ ਫਰੀਦ ਦੇ 11ਵੇਂ ਗੱਦੀ-ਨਸ਼ੀਨ ਬਾਬਾ ਸ਼ੇਖ ਬ੍ਰਹਮ ਨੂੰ ਮਿਲੇ ਅਤੇ ਬਾਬਾ ਫਰੀਦ ਦੀ ਬਾਣੀ ਪ੍ਰਾਪਤ ਕੀਤੀ ਜੋ ਗੁਰਮਤਿ ਦੀ ਅਨੁਸਾਰੀ ਸੀ।

ਇਸ ਤੋਂ ਅਗਲੇਰਾ ਪੈਂਡਾ ਤੈਅ ਕਰਦੇ ਗੁਰੂ ਜੀ ਤੁਲੰਬੇ ਜੋ ਲਾਹੌਰ ਤੋਂ ਮੁਲਤਾਨ ਵਾਲੀ ਸੜਕ ‘ਤੇ ਸਥਿਤ ਹੈ, ਪਹੁੰਚੇ। ਇੱਥੋਂ ਦਾ ਵਸਨੀਕ ਸੱਜਣ ਮੱਲ ਪਹਿਲਾਂ ਆਏ-ਗਏ ਨੂੰ ਆਪਣੇ ਮੁਸਾਫਰਖਾਨੇ ਵਿੱਚ ਠਹਿਰਾ ਦਿੰਦਾ ਸੀ, ਪਰ ਬਾਅਦ ਵਿੱਚ ਲਾਲਚ ਵੱਸ ਆ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੰਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਭਾਈ ਮਰਦਾਨੇ ਸਮੇਤ ਉਸ ਕੋਲ ਪਹੁੰਚੇ ਤਾਂ ਉਸ ਨੇ ਅਜਿਹੇ ਪਾਪਾਂ ਤੋਂ ਤੋਬਾ ਕੀਤੀ ਅਤੇ ਧਰਮੀ ਬੰਦਾ ਬਣਨ ਦਾ ਵਚਨ ਦਿੱਤਾ। ਮੱਕਾ ਅਰਬ ਦੇਸ਼ ਦਾ ਅੰਤਰਰਾਸ਼ਟਰੀ ਪ੍ਰਸਿੱਧੀ ਦਾ ਸ਼ਹਿਰ ਹੈ। ਇੱਥੇ ਇਸਲਾਮ ਦੇ ਪੈਰੋਕਾਰਾਂ ਦਾ ਤੀਰਥ ਸਥਾਨ ਕਾਅਬਾ ਵਾਕਿਆ ਹੈ। ਇੱਥੇ ਆਪ ਨੇ ਮੁਸਲਮਾਨ ਕਾਜ਼ੀਆਂ, ਪੀਰਾਂ ਅਤੇ ਫਕੀਰਾਂ ਨੂੰ ਖੁਦਾ ਦੀ ਸਰਵਵਿਆਪਕਤਾ ਦਾ ਉਪਦੇਸ਼ ਦੇ ਕੇ ਉਹਨਾਂ ਦੇ ਤੰਗਦਿਲੀ ਵਾਲੇ ਭਰਮ ਨੂੰ ਤੋੜਿਆ।

ਹਸਨ ਅਬਦਾਲ ਵਿਖੇ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਰਾਮਾਤੀ ਫ਼ਕੀਰ ਵਲੀ ਕੰਧਾਰੀ ਦਾ ਹੰਕਾਰ ਤੋੜਿਆ। ਇੱਥੇ ਇਸ ਘਟਨਾ ਨੂੰ ਤਾਜ਼ਾ ਕਰਦਿਆਂ ਹੋਇਆ ਗੁਰਦੁਆਰਾ ਪੰਜਾ ਸਾਹਿਬ ਮੌਜੂਦ ਹੈ। ਸਿੱਖ ਇਤਿਹਾਸ ਵਿੱਚ ਸੈਦਪੁਰ ਦੀ ਘਟਨਾ ਵੀ ਸੁਨਹਿਰੀ ਅੱਖਰਾਂ ਵਿੱਚ ਲਿਖੀ ਹੋਈ ਮਿਲਦੀ ਹੈ। ਇਥੇ ਆਪ ਸਿੱਖ ਸ਼ਰਧਾਲੂ ਭਾਈ ਲਾਲੋ ਦੇ ਘਰ ਠਹਿਰੇ। ਇਸੇ ਠਹਿਰ ਸਮੇਂ ਬਾਬਰ ਦਾ ਹਮਲਾ ਹੋ ਗਿਆ। ਇਸ ਹਮਲੇ ਤਹਿਤ ਮਾਰਧਾੜ ਅਤੇ ਲੁੱਟ ਕਾਰਨ ਚਾਰੇ ਪਾਸੇ ਹਾਹਾਕਾਰ ਮੱਚ ਗਈ। ਸ਼ਹਿਰ ਤਬਾਹ ਹੋ ਗਏ, ਜੋ ਪ੍ਰਾਣੀ ਬਚ ਗਏ ਸਨ, ਉਹਨਾਂ ਨੂੰ ਕੈਦ ਕਰ ਲਿਆ ਗਿਆ। ਗੁਰੂ ਜੀ ਵੀ ਭਾਈ ਮਰਦਾਨੇ ਸਮੇਤ ਕੈਦ ਹੋ ਗਏ। ਇਸ ਕੈਦ ਦੌਰਾਨ ਗੁਰੂ ਜੀ ਨੇ ਬਾਬਰ ਨੂੰ ਖਰੀਆਂ-ਖਰੀਆਂ ਸੁਣਾਈਆਂ।

ਗੁਰੂ ਸਾਹਿਬ ਮੂੰਹੋਂ ਸੱਚ ਸੁਣ ਕੇ ਬਾਬਰ ਨੇ ਸਾਰੇ ਕੈਦੀਆਂ ਨੂੰ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ। ਉਪਰੋਕਤ ਦੀ ਰੌਸ਼ਨੀ ਵਿੱਚ ਕਿਹਾ ਜਾ ਸਕਦਾ ਹੈ ਕਿ ਰੱਬੀ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਉਸ ਵਕਤ ਦੁਨੀਆਂ ਭਰ ਦੀ ਲੋਕਾਈ ਦੇ ਨਾਲ ਹੁੰਦੇ ਧੱਕੇ ਅਤੇ ਬੇਇਨਸਾਫ਼ੀ ਦਾ ਇਲਮ ਸੀ। ਸਿਰਫ਼ ਇਲਮ ਹੀ ਨਹੀਂ ਸਗੋਂ ਗੁਰੂ ਜੀ ਦੇ ਮੰਦਰ ਵਿੱਚ ਲੋਕਾਂ ਦਾ ਦਰਦ ਵੀ ਸੀ। ਇਸ ਦਰਦ ਨੂੰ ਵੰਡਾਉਣ ਲਈ ਉਹਨਾਂ ਦੇਸ਼-ਵਿਦੇਸ਼ ਦਾ ਕੋਹਾਂ ਮੀਲ ਪੈਂਡਾ ਤੈਅ ਕੀਤਾ। ਇਹ ਇੱਕ ਅਜਿਹਾ ਬਿਖੜਿਆ ਪੈਂਡਾ ਸੀ ਜਿਸ ਉੱਪਰ ਚੱਲਣਾ ਗੁਰੂ ਨਾਨਕ ਦੇਵ ਜੀ ਵਰਗੇ ਦਲੇਰ, ਫਿਲਾਸਫਰ ਅਤੇ ਸੱਚ ਦੇ ਵਪਾਰੀ ਮਹਾਂਪੁਰਖ ਦੇ ਹੀ ਹਿੱਸੇ ਆ ਸਕਦਾ ਹੈ।

ਰਮੇਸ਼ ਬੱਗਾ ਚੋਹਲਾ
ਰਿਸ਼ੀ ਨਗਰ ਐਕਸਟੈਨਸ਼ਨ (ਲੁਧਿਆਣਾ)
ਮੋ. 94631-32719

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।