ਰੁੱਤ-ਰੁੱਤ ਦਾ ਮੇਵਾ, ਲੈ ਜਾ ਛੱਲੀਆਂ ਭੁਨਾ ਲਈ ਦਾਣੇ ਵੇ ਮਿੱਤਰਾ…

ਪੰਜਾਬ ਦੀ ਗਿਣਤੀ ਖੇਤੀ ਪ੍ਰਧਾਨ ਸੂਬਿਆਂ ‘ਚ ਕੀਤੀ ਜਾਂਦੀ ਹੈ। ਬਹੁਗਿਣਤੀ ਪੰਜਾਬੀਆਂ ਦੀ ਆਰਥਿਕਤਾ ਅੱਜ ਵੀ ਖੇਤੀ ਨਾਲ ਜੁੜੀ ਹੋਈ ਹੈ ਕੁਦਰਤ ਨੇ ਜਿੱਥੇ ਪੰਜਾਬ ਨੂੰ ਜਰਖੇਜ਼ ਭੂਮੀ ਨਾਲ ਨਿਵਾਜਿਆ ਹੈ, ਉੱਥੇ ਹੀ ਹਰ ਫਸਲ ਦੀ ਉਪਜ ਲਈ ਯੋਗ ਮੌਸਮ ਦੀ ਵੀ ਬਖਸ਼ਿਸ਼ ਕੀਤੀ ਹੈ ਹਰ ਰੁੱਤ ‘ਚ ਬਦਲਵੀਆਂ ਫਸਲਾਂ ਖੇਤਾਂ ‘ਚ ਲਹਿਰਾਉਂਦੀਆਂ ਹਨ ਇਹਨਾਂ ਫਸਲਾਂ ‘ਚੋਂ ਇੱਕ ਹੈ ਮੱਕੀ ਦੀ ਫਸਲ ਤਕਰੀਬਨ ਹਾੜ ਮਹੀਨੇ ਸ਼ੁਰੂ ਹੋਈ ਛੱਲੀਆਂ ਦੀ ਆਮਦ ਭਾਦੋਂ ਮਹੀਨੇ ਤੱਕ ਆਪਣੇ ਸਿਖਰ ‘ਤੇ ਪੁੱਜ ਜਾਂਦੀ ਹੈ ਕਦੇ ਹਾੜੀ ਦੀ ਪ੍ਰਮੁੱਖ ਫਸਲ ਰਹੀ ਮੱਕੀ ਨੂੰ ਹੁਣ ਵਿਗਿਆਨੀਆਂ ਨੇ ਸਾਉਣੀ ਦੀ ਫਸਲ ਵੀ ਬਣਾ ਦਿੱਤਾ ਹੈ। ਹਾੜੂ ਅਤੇ ਸਿਆਲੂ ਮੱਕੀ ਦੀਆਂ ਕਿਸਮਾਂ ਦੀ ਆਮਦ ਨਾਲ ਹੁਣ ਛੱਲੀਆਂ ਦੀ ਆਮਦ ਸਾਲ ਵਿੱਚ ਦੋ ਵਾਰੀ ਹੋਣ ਲੱਗੀ ਹੈ ਮੱਕੀ ਦੀਆਂ ਛੱਲੀਆਂ ਦਾ ਪੰਜਾਬੀ ਸੱਭਿਆਚਾਰ ਨਾਲ ਬਹੁਤ ਡੂੰਘਾ ਰਿਸ਼ਤਾ ਹੈ।

ਤਕਰੀਬਨ ਬਹੁਤੀਆਂ ਫਸਲਾਂ ਨੂੰ ਫਲ ਸਿਖਰ ‘ਤੇ ਆਉਂਦਾ ਹੈ ਅਤੇ ਜਾਂ ਫਿਰ ਜ਼ਮੀਨ ਵਿੱਚ ਪਰ ਮੱਕੀ ਦੀ ਫਸਲ ਦੀ ਬਾਕੀ ਫਸਲਾਂ ਨਾਲੋਂ ਇੱਕ ਖਾਸੀਅਤ ਇਹ ਵੀ ਹੈ ਕਿ ਇਸ ਨੂੰ ਫਲ ਨਾ ਉੱਪਰ ਆਉਂਦਾ ਹੈ ਅਤੇ ਨਾ ਹੀ ਧਰਤੀ ਵਿੱਚ ਮੱਕੀ ਦੀਆਂ ਛੱਲੀਆਂ ਪੌਦੇ ਦੇ ਵਿਚਕਾਰ ਲੱਗਦੀਆਂ ਹਨ ਇਹ ਛੱਲੀਆਂ ਪੱਕਣ ਤੋਂ ਪਹਿਲਾਂ ਹੀ ਕੰਮ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਕੱਚੀਆਂ ਛੱਲੀਆਂ ਚੱਬਣਾ ਪੰਜਾਬੀਆਂ ਦੇ ਮੁੱਖ ਸਵਾਦਾਂ ਵਿੱਚ ਸ਼ੁਮਾਰ ਹੈ ਖੇਤਾਂ ਵਿੱਚ ਜਦੋਂ ਵੀ ਭੁੱਖ ਲੱਗੇ ਛੱਲੀ ਤੋੜ ਕੇ ਅੱਗ ‘ਤੇ ਭੁੰਨ ਕੇ ਖੁਰਾਕ ਬਣਾ ਲਈ ਜਾਂਦੀ ਹੈ ਮੱਕੀ ਦੀਆਂ ਛੱਲੀਆਂ ਚੱਬਣ ਦਾ ਵੱਖਰਾ ਹੀ ਨਜ਼ਾਰਾ ਹੈ ਮੈਂ ਖੇਤਾਂ ਵਿੱਚ ਛੱਲੀਆਂ ਚੱਬਣ ਦੇ ਨਜ਼ਾਰਿਆਂ ਨੂੰ ਬਹੁਤ ਨੇੜੇ ਤੋਂ ਮਾਣਿਆ ਹੈ ਦੁਪਹਿਰ ਸਮੇਂ ਜਦੋਂ ਬਾਕੀ ਮੈਂਬਰਾਂ ਨੇ ਰੋਟੀ ਖਾਣੀ ਤਾਂ ਅਸੀਂ ਨਿਆਣਿਆਂ ਨੇ ਛੱਲੀਆਂ ਤੋੜ ਲਿਆਉਣੀਆਂ ਅਤੇ ਚੁੱਲ੍ਹੇ ਦੀ ਅੱਗ ‘ਤੇ ਭੁੰਨ ਕੇ ਖਾਣੀਆਂ  ਛੱਲੀ ਨੂੰ ਬਲਦੀ ਅੱਗ ‘ਤੇ ਵੀ ਭੁੰਨਿਆ ਜਾ ਸਕਦਾ ਹੈ ਅਤੇ ਕੋਲਿਆਂ ‘ਤੇ ਵੀ।

ਦੋਵੇਂ ਤਰ੍ਹਾਂ ਨਾਲ ਭੁੰਨੀ ਛੱਲੀ ਦਾ ਸਵਾਦ ਵੀ ਅਲੱਗ ਅਲੱਗ ਹੁੰਦਾ ਹੈ ਕੋਲਿਆਂ ਦੀ ਮੱਠੀ-ਮੱਠੀ ਅੱਗ ‘ਤੇ ਭੁੱਜਦੀ ਛੱਲੀ ਦੀਆਂ ਮਹਿਕਾਂ ਚੁਫੇਰੇ ਫੈਲ ਜਾਂਦੀਆਂ ਹਨ। ਕੱਚੀਆਂ, ਅੱਧ-ਪੱਕੀਆਂ ਅਤੇ ਪੂਰੀ ਤਰ੍ਹਾਂ ਪੱਕੀਆਂ ਛੱਲੀਆਂ ਦੀ ਵਰਤੋਂ ਵੱਖ-ਵੱਖ ਤਰ੍ਹਾਂ ਨਾਲ ਕੀਤੀ ਜਾਂਦੀ ਹੈ ਅੱਧ-ਕੱਚੀਆਂ ਛੱਲੀਆਂ ਦੇ ਦਾਣੇ ਕੱਢ ਕੇ ਭੱਠੀ ਤੋਂ ਭੁਨਾ ਲਏ ਜਾਂਦੇ ਹਨ ਅਤੇ ਇਹਨਾਂ ਦਾਣਿਆਂ ਨੂੰ ਮੁਰਮਰੇ ਕਿਹਾ ਜਾਂਦਾ ਹੈ ਪੱਕੀ ਮੱਕੀ ਦੇ ਦਾਣੇ ਭੱਠੀ ਤੋਂ ਭੁਨਾ ਕੇ ਖਾਣਾ ਵੀ ਪੰਜਾਬੀਆਂ ਦੀ ਖੁਰਾਕ ਦਾ ਅਹਿਮ ਹਿੱਸਾ ਰਿਹਾ ਹੈ।

ਹੁਣ ਇਹ ਦਾਣੇ ”ਪੌਪਕੌਰਨ”ਬਣ ਕੇ ਖਾਧੇ ਜਾਣ ਲੱਗੇ ਹਨ ਮੱਕੀ ਦਾ ਆਟਾ ਸਰਦੀਆਂ ਵਿੱਚ ਪੰਜਾਬੀਆਂ ਦੀ ਖੁਰਾਕ ਦਾ ਅਹਿਮ ਹਿੱਸਾ ਹੁੰਦਾ ਸੀ ਮੱਕੀ ਦੇ ਆਟੇ ਅਤੇ ਸਰ੍ਹੋਂ ਦੇ ਸਾਗ ਦਾ ਆਪਸੀ ਸੰਬੰਧ ਹਰ ਪੰਜਾਬੀ ਨੂੰ ਪਤਾ ਹੈ ਮੱਕੀ ਦੇ ਆਟੇ ਦਾ ਇਸਤੇਮਾਲ ਸਾਗ ਵਿੱਚ ਆਲਣ ਵਜੋਂ ਅਤੇ ਮੱਕੀ ਦੀਆਂ ਰੋਟੀਆਂ ਬਣਾਉਣ ਲਈ ਕੀਤਾ ਜਾਂਦਾ ਹੈ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਵਿਸ਼ਵ ਪ੍ਰਸਿੱਧ ਖੁਰਾਕ ਹੈ ਮੱਕੀ ਦੀਆਂ ਕੱਚੀਆਂ ਛੱਲੀਆਂ ਜਿੰਨ੍ਹਾਂ ਨੂੰ ਦੋਧੇ ਕਿਹਾ ਜਾਂਦਾ ਹੈ ਪਸ਼ੂਆਂ ਦੀ ਮੁੱਖ ਖੁਰਾਕ ਹੈ ਅਤੇ ਦੁਧਾਰੂ ਪਸ਼ੂਆਂ ਲਈ ਇਸ ਨੂੰ ਬਹੁਤ ਸਿਹਤਮੰਦ ਖੁਰਾਕ ਮੰਨਿਆ ਜਾਂਦਾ ਹੈ ਖੇਤਾਂ ਵਿੱਚ ਮੱਕੀ ਦੀ ਪੱਕੀ ਫਸਲ ਦੀ ਰਾਖੀ ਦੇ ਦ੍ਰਿਸ਼ ਬੜੇ ਮਨਮੋਹਕ ਹੁੰਦੇ ਸਨ।

ਖੇਤ ਦੇ ਵਿਚਕਾਰ ਲੱਕੜਾਂ ਦੇ ਥੰਮ ਖੜ੍ਹੇ ਕਰਕੇ ਇੱਕ ਚੌਰਸ ਪਲੇਟਫਾਰਮ ਤਿਆਰ ਕੀਤਾ ਜਾਂਦਾ ਸੀ ਜਿਸ ਨੂੰ ”ਮਨਾ”ਕਹਿੰਦੇ ਸਨ ਇੱਕ ਆਦਮੀ ਇਸ ਉੱਪਰ ਮੰਜਾ ਡਾਹ ਕੇ ਦਿਨ-ਰਾਤ ਜਾਨਵਰਾਂ ਅਤੇ ਪਸ਼ੂਆਂ ਤੋਂ ਫਸਲ ਦੀ ਰਾਖੀ ਕਰਦਾ ਹੁੰਦਾ ਸੀ ਮੱਕੀ ਦੀਆਂ ਪੱਕੀਆਂ ਛੱਲੀਆਂ ਤੋੜ ਕੇ ਖੇਤ ਵਿੱਚ ਉਹਨਾਂ ਦਾ ਢੇਰ ਲਗਾ ਲਿਆ ਜਾਂਦਾ ਅਤੇ ਫਿਰ ਕਈ ਕਈ ਦਿਨਾਂ ‘ਚ ਛੱਲੀਆਂ ਦੇ ਛਿਲਕੇ ਉਤਾਰੇ ਜਾਂਦੇ ਅਤੇ ਪਹਿਲਾਂ ਪਹਿਲਾਂ ਛੱਲੀਆਂ ਨੂੰ ਭਾਰੇ ਸੋਟਿਆਂ ਨਾਲ ਕੁੱਟ-ਕੁੱਟ ਦਾਣਿਆਂ ਨੂੰ ਗੁੱਲਾਂ ਤੋਂ ਅਲੱਗ ਕੀਤਾ ਜਾਂਦਾ ਫਿਰ ਹੌਲੀ-ਹੌਲੀ ਇਸ ਕੰਮ ਲਈ ਮਸ਼ੀਨਾਂ ਦੀ ਆਮਦ ਹੋ ਗਈ।

ਫਸਲਾਂ ਦੇ ਹੋਏ ਵਪਾਰੀਕਰਨ ਨੇ ਮੱਕੀ ਦੀ ਫਸਲ ਨੂੰ ਵਿਆਪਕ ਪੱਧਰ ‘ਤੇ ਢਾਹ ਲਾਈ ਹੈ ਹੁਣ ਕਿਸਾਨ ਮੱਕੀ ਦੀ ਫਸਲ ਨੂੰ ਬੀਜਣ ਤੋਂ ਗੁਰੇਜ਼ ਕਰਨ ਲੱਗੇ ਹਨ ਭੂਮੀ ਦਾ ਬਹੁਤਾ ਹਿੱਸਾ ਝੋਨੇ ਦੀ ਫਸਲ ਹੇਠ ਆ ਗਿਆ ਹੈ ਅੱਜ-ਕੱਲ੍ਹ ਬਹੁਗਿਣਤੀ ਕਿਸਾਨਾਂ ਦੇ ਘਰੋਂ ਮੱਕੀ ਦੀਆਂ ਛੱਲੀਆਂ ਅਲੋਪ ਹੋ ਗਈਆਂ ਹਨ ਹੁਣ ਛੱਲੀਆਂ ਵੀ ਬਾਕੀ ਫਸਲਾਂ ਵਾਂਗ ਮੰਡੀ ਵਿੱਚ ਵਿਕਣ ਆਉਂਦੀਆਂ ਹਨ ਤੇ ਛੱਲੀਆਂ ਭੁੰਨ ਕੇ ਵੇਚਣਾ ਇੱਕ ਕਿੱਤੇ ਵਜੋਂ ਵਿਕਸਤ ਹੋ ਗਿਆ ਹੈ ਬਜ਼ਾਰਾਂ, ਸੜਕਾਂ ਅਤੇ ਚੌਂਕਾਂ ‘ਚ ਖੜ੍ਹੇ ਛੱਲੀਆਂ ਭੁੰਨਣ ਵਾਲੇ ਆਮ ਮਿਲਣ ਲੱਗੇ ਹਨ ਹਾਈਬ੍ਰਿਡ ਬੀਜਾਂ ਦੀ ਆਮਦ ਨਾਲ ਛੱਲੀਆਂ ਦਾ ਪਹਿਲਾਂ ਵਾਲਾ ਸਵਾਦ ਹੌਲੀ-ਹੌਲੀ ਅਲੋਪ ਹੋ ਰਿਹਾ ਹੈ।

ਦੇਸੀ ਮੱਕੀ ਦੀਆਂ ਛੱਲੀਆਂ ਦੀਆਂ ਮਹਿਕਾਂ ਵੰਡਦਾ ਸਵਾਦ ਹੁਣ ਗੁਜਰੇ ਸਮੇਂ ਦੀ ਗੱਲ ਬਣ ਕੇ ਰਹਿ ਗਿਆ ਹੈ ਅੱਜ-ਕੱਲ੍ਹ ਦੇ ਬੱਚੇ ਛੱਲੀਆਂ ਅਤੇ ਮੱਕੀ ਦੇ ਦਾਣੇ ਚੱਬਣਾ ਬਹੁਤਾ ਪਸੰਦ ਨਹੀਂ ਕਰਦੇ ਉਹਨਾਂ ਦੇ ਸਵਾਦ ਫਾਸਟ ਫੂਡ ਵੱਲ ਜ਼ਿਆਦਾ ਹੋ ਗਏ ਹਨ ਘਰਾਂ ਵਿੱਚ ਲਿਆਂਦੀਆਂ ਛੱਲੀਆਂ ਪਈਆਂ ਹੀ ਰਹਿ ਜਾਂਦੀਆਂ ਹਨ ਛੱਲੀਆਂ ਬਾਬਤ ਤਾਂ ਬੱਚਿਆਂ ਨੂੰ ਇਹ ਵੀ ਨਹੀਂ ਪਤਾ ਰਿਹਾ ਕਿ ਛੱਲੀਆਂ ਚੱਬੀਆਂ ਜਾਂਦੀਆਂ ਹਨ ਜਾਂ ਖਾਧੀਆਂ ਜਾਂਦੀਆਂ ਹਨ ਬੱਚੇ ਅਕਸਰ ਕਹਿ ਦਿੰਦੇ ਹਨ ਮੈਂ ਨਹੀਂ ਛੱਲੀ ਖਾਣੀ। ਮੱਕੀ ਦੇ ਦਾਣੇ ਭੁੰਨਾਉਣ ਦਾ ਰਿਵਾਜ਼ ਵੀ ਤਕਰੀਬਨ ਤਕਰੀਬਨ ਖਤਮ ਹੋ ਗਿਆ ਹੈ ਅੱਜ-ਕੱਲ੍ਹ ਭੱਠੀਆਂ ਦੀ ਬਜਾਇ ਮਾਈਕ੍ਰੋਵੇ ਚੁੱਲ੍ਹਿਆਂ ਜਾਂ ਫਿਰ ਪ੍ਰੈਸ਼ਰ ਕੂਕਰਾਂ ਵਿੱਚ ਪੌਪਕੌਰਨ ਬਣਾਏ ਜਾਣ ਲੱਗੇ ਹਨ।