ਟੋਲ ਪਲਾਜ਼ਾ ਕਾਲਾਝਾੜ ਵਿਖੇ ਧਰਨੇ ਦੌਰਾਨ ਫੌਤ ਹੋਈ ਕਿਸਾਨ ਬੀਬੀ ਗੁਰਮੇਲ ਕੌਰ ਦਾ ਦੂਜੇ ਦਿਨ ਵੀ ਨਹੀਂ ਕੀਤਾ ਸਸਕਾਰ

ਟੋਲ ਪਲਾਜ਼ਾ ਕਾਲਾਝਾੜ ਵਿਖੇ ਧਰਨੇ ਦੌਰਾਨ ਫੌਤ ਹੋਈ ਕਿਸਾਨ ਬੀਬੀ ਗੁਰਮੇਲ ਕੌਰ ਦਾ ਦੂਜੇ ਦਿਨ ਵੀ ਨਹੀਂ ਕੀਤਾ ਸਸਕਾਰ

ਭਵਾਨੀਗੜ੍ਹ, (ਸੱਚ ਕਹੂੰ ਨਿਊਜ਼) ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਦੇ ਬੰਦ ਦੇ ਸੱਦੇ ਤੇ 8 ਦਸੰਬਰ ਨੂੰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਅਗਵਾਈ ਹੇਠ ਟੌਲ ਪਲਾਜ਼ਾ ਕਾਲਾਝਾੜ ਵਿਖੇ ਲਗਾਏ ਧਰਨੇ ਦੌਰਾਨ ਨੇੜਲੇ ਪਿੰਡ ਘਰਾਚੋਂ ਦੀ ਇੱਕ ਕਿਸਾਨ ਬੀਬੀ ਗੁਰਮੇਲ ਕੌਰ ਪਤਨੀ ਮੱਘਰ ਸਿੰਘ ਦੀ ਮੌਤ ਹੋ ਗਈ ਸੀ। ਇਸ ਸਬੰਧੀ ਕਿਸਾਨ ਆਗੂ ਹਰਜਿੰਦਰ ਸਿੰਘ ਘਰਾਚੋਂ, ਸਤਵਿੰਦਰ ਸਿੰਘ ਘਰਾਚੋਂ, ਸੁਖਦੇਵ ਸਿੰਘ ਘਰਾਚੋਂ, ਹਰਜੀਤ ਸਿੰਘ ਮਹਿਲਾਂ ਅਤੇ ਸੁਖਵਿੰਦਰ ਸਿੰਘ ਬਲਿਆਲ ਨੇ ਪ੍ਰਸਾਸ਼ਨ ਨੂੰ ਲਿਖਤੀ ਮੰਗ ਪੱਤਰ ਦੇ ਕੇ ਮ੍ਰਿਤਕ ਬੀਬੀ ਗੁਰਮੇਲ ਕੌਰ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਦੇਣ ਅਤੇ ਪਰਿਵਾਰ ਦੇ ਇਕ ਜੀਅ ਨੂੰ ਨੌਕਰੀ ਦੇਣ ਦੀ ਮੰਗ ਕੀਤੀ ਗਈ ਸੀ। ਇਸੇ ਦੌਰਾਨ ਬੀਬੀ ਗੁਰਮੇਲ ਕੌਰ ਦੀ ਮ੍ਰਿਤਕ ਦੇਹ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਸੰਭਾਲ ਦਿੱਤਾ ਗਿਆ ਸੀ।

ਕਿਸਾਨ ਆਗੂਆਂ ਨੇ ਟੌਲ ਪਲਾਜ਼ਾ ਕਾਲਾਝਾੜ ਵਿਖੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਤੱਕ ਉਕਤ ਦੋਵੇਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ। ਉਸ ਸਮੇਂ ਤੱਕ ਉਹ ਬੀਬੀ ਗੁਰਮੇਲ ਕੌਰ ਦਾ ਸਸਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਯੂਨੀਅਨ ਜਲਦੀ ਹੀ ਇਸ ਸਬੰਧੀ ਅਗਲੀ ਕਾਰਵਾਈ ਕਰੇਗੀ। ਇਸ ਬਾਰੇ ਯੂਨੀਅਨ ਦੇ ਇਕ ਵਫਦ ਨੇ ਸੁਖਰਾਜ ਸਿੰਘ ਘੁੰਮਣ ਡੀਐਸਪੀ ਭਵਾਨੀਗੜ ਨਾਲ ਵੀ ਮੀਟਿੰਗ ਕੀਤੀ। ਇਸ ਸਬੰਧੀ ਡਾ. ਕਰਮਜੀਤ ਸਿੰਘ ਐਸਡੀਐਮ ਭਵਾਨੀਗੜ੍ਹ ਨੇ ਕਿਹਾ ਕਿ ਉਨਾਂ ਨੇ ਮੁਆਵਜ਼ੇ ਸਬੰਧੀ ਆਪਣੇ ਵੱਲੋਂ ਡਿਪਟੀ ਕਮਿਸ਼ਨਰ ਸੰਗਰੂਰ ਨੂੰ ਰਿਪੋਰਟ ਭੇਜ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.