ਪਹਿਲੇ ਗੇੜ ’ਚ ਝੋਨੇ ਲਈ ਅੱਠ ਘੰਟੇ ਬਿਜਲੀ ਸਪਲਾਈ ਅੱਜ ਤੋਂ

Agriculture Department

ਕੰਡਿਆਲੀ ਤਾਰ ਤੋਂ ਪਾਰਲੇ ਖੇਤਰਾਂ ਵਾਸਤੇ ਝੋਨੇ ਦੀ ਲਵਾਈ ਸ਼ੁਰੂ | Power Supply

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਝੋਨੇ ਦੇ ਸੀਜ਼ਨ ਲਈ ਪਾਵਰਕੌਮ ਵੱਲੋਂ 10 ਜੂਨ ਤੋਂ ਪਹਿਲੇ ਗੇੜ ’ਚ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ (Power Supply) ਸ਼ੁਰੂ ਹੋ ਜਾਵੇਗੀ। ਉਂਜ ਝੋਨੇ ਦਾ ਪਹਿਲਾ ਗੇੜ ਕੰਡਿਆਲੀ ਤਾਰ ਤੋਂ ਪਾਰ ਵਾਲੇ ਖੇਤਾਂ ਤੋਂ ਸ਼ੁਰੂ ਹੋਵੇਗਾ। ਇਸ ਵਾਰ ਵੀ ਪੰਜਾਬ ਅੰਦਰ ਝੋੋਨੇ ਦੀ ਲਵਾਈ ਚਾਰ ਗੇੜਾਂ ਵਿੱਚ ਹੋਣ ਕਾਰਨ ਪਾਵਰਕੌਮ ’ਤੇ ਜਿਆਦਾ ਲੋਡ ਨਹੀਂ ਪਵੇਗਾ। ਜਾਣਕਾਰੀ ਅਨੁਸਾਰ ਸੂਬੇ ਅੰਦਰ 14 ਲੱਖ ਦੇ ਕਰੀਬ ਟਿਊਬਵੈੱਲ ਕੁਨੈਕਸ਼ਨ ਹਨ ਅਤੇ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਝੋਨੇ ਦੀ ਲਵਾਈ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਹੈ।

ਮਾਨ ਸਰਕਾਰ ਵੱਲੋਂ ਪਿਛਲੇ ਸਾਲ ਵੀ ਇਹ ਤਜ਼ਰਬਾ ਕੀਤਾ ਗਿਆ ਸੀ ਤਾਂ ਜੋ ਪਾਰਵਕੌਮ ’ਤੇ ਇਕੱਠਾ ਬਿਜਲੀ ਦਾ ਲੋਡ ਨਾ ਪਵੇ। 10 ਜੂਨ ਤੋਂ ਸ਼ੁਰੂ ਹੋ ਰਹੇ ਪਹਿਲੇ ਗੇੜ ਵਿੱਚ ਅੰਤਰਰਾਸ਼ਟਰੀ ਸਰਹੱਦ ’ਤੇ ਕੰਡਿਆਲੀ ਤਾਰ ਤੋਂ ਪਰਲੇ ਪਾਸੇ ਦੇ ਖੇਤਰਾਂ ਵਿੱਚ ਝੋਨੇ ਦੀ ਲੁਆਈ ਦਾ ਕੰਮ ਸ਼ੁਰੂ ਹੋ ਜਾਵੇਗਾ, ਜਿਸ ਲਈ ਪਾਵਰਕੌਮ ਵੱਲੋਂ 8 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਈ ਜਾਵੇਗੀ, ਕੰਡਿਆਲੀ ਤਾਰ ਤੋਂ ਪਰਲੇ ਪਾਸੇ 8 ਘੰਟੇ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਪਾਰਵਕੌਮ ਸਿਰ ਜ਼ਿਆਦਾ ਬਿਜਲੀ ਲੋਡ ਨਹੀਂ ਪਵੇਗਾ।

ਸੂਬੇ ਅੰਦਰ ਚਾਰ ਗੋੜਾਂ ’ਚ ਕਿਸਾਨਾਂ ਨੂੰ ਮਿਲੇਗੀ ਬਿਜਲੀ

ਝੋਨੇ ਦਾ ਦੂਜਾ ਪੜਾਅ 16 ਜੂਨ ਤੋਂ ਸ਼ੁਰੂ ਹੋਵੇਗਾ ਅਤੇ ਇਸ ਦੌਰਾਨ ਪਾਵਰਕੌਮ ਸਿਰ ਬਿਜਲੀ ਸਪਲਾਈ ਦਾ ਲੋਡ ਵਧੇਗਾ। ਦੂਜੇ ਪੜਾਅ ਵਿੱਚ ਸੱਤ ਜ਼ਿਲ੍ਹਿਆਂ ਫਿਰੋਜ਼ਪੁਰ, ਫਰੀਦਕੋਟ, ਪਠਾਨਕੋਟ, ਸ੍ਰੀ ਫਤਹਿਗੜ੍ਹ ਸਾਹਿਬ, ਗੁਰਦਾਸਪੁਰ, ਐੱਸਬੀਐੱਸ ਨਗਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਵੇਗਾ। ਝੋਨੇ ਦਾ ਤੀਜਾ ਪੜਾਅ 19 ਜੂਨ ਤੋਂ ਸ਼ੁਰੂ ਹੋਵੇਗਾ, ਜਿਸ ਤਹਿਤ ਰੂਪਨਗਰ, ਐੱਸਏਐੱਸ ਨਗਰ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਅਤੇ ਅੰਮਿ੍ਰਤਸਰ ਜ਼ਿਲ੍ਹਿਆਂ ਵਿੱਚ ਪਾਵਰਕੌਮ ਵੱਲੋਂ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਝੋਨੇ ਦਾ ਚੌਥਾ ਤੇ ਅਹਿਮ ਪੜਾਅ 21 ਜੂਨ ਤੋਂ ਸ਼ੁਰੂ ਹੋਵੇਗਾ, ਜਿਸ ਵਿੱਚ ਪਾਵਰਕੌਮ ਦੀ ਅਮਲੀ ਤੌਰ ’ਤੇ ਪਰਖ ਮਾਪੀ ਜਾਵੇਗੀ। ਇਸ ਪੜਾਅ ਹੇਠ 9 ਜ਼ਿਲ੍ਹਿਆਂ ਪਟਿਆਲਾ, ਜਲੰਧਰ, ਮੋਗਾ, ਸ੍ਰੀ ਮੁਕਤਸਰ ਸਾਹਿਬ, ਹੁਸ਼ਿਆਰਪੁਰ, ਸੰਗਰੂਰ, ਮਲੇਰਕੋਟਲਾ, ਬਰਨਾਲਾ ਅਤੇ ਮਾਨਸਾ ਬਿਜਲੀ ਸਪਲਾਈ ਸ਼ੁਰੂ ਹੋਵੇਗੀ।

ਕਿਸੇ ਵੀ ਖਪਤਕਾਰ ਨੂੰ ਦਿੱਕਤ ਨਹੀਂ ਆਵੇਗੀ: ਸੀਐਮਡੀ ਬਲਦੇਵ ਸਰਾ

ਓਧਰ ਪਾਵਰਕੌਮ ਦੇ ਸੀਐੱਮਡੀ ਬਲਦੇਵ ਸਿੰਘ ਸਰਾ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ਲਈ ਪਾਵਰਕੌਮ ਪੂਰੀ ਤਰ੍ਹਾਂ ਤਿਆਰ ਹੈ ਅਤੇ ਬਿਜਲੀ ਪ੍ਰਬੰਧ ਪੂਰੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ-ਨਾਲ ਘਰੇਲੂ ਖਪਤਕਾਰਾਂ ਨੂੰ ਵੀ ਕਿਸੇ ਪ੍ਰਕਾਰ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦੀ ਸਥਿਤੀ ਵੀ ਪੂਰੀ ਤਰ੍ਹਾਂ ਬਿਹਤਰ ਹੈ।

ਬਿਜਲੀ ਦੀ ਮੰਗ ਮੁੜ 10 ਹਜ਼ਾਰ ਮੈਗਾਵਾਟ ਨੇੜੇ ਪੁੱਜੀ | Power Supply

ਮੀਹਾਂ ਤੋਂ ਬਾਅਦ ਮੁੜ ਗਰਮੀ ਵੱਧਣ ਕਾਰਨ ਬਿਜਲੀ ਦੀ ਮੰਗ ਅੱਜ 10 ਹਜਾਰ ਮੈਗਾਵਾਟ ਦੇ ਨੇੜੇ ਪੁੱਜ ਗਈ ਹੈ। ਪਾਵਰਕੌਮ ਦੇ ਮੌਜੂਦਾ ਸਮੇਂ ਸਰਕਾਰੀ ਅਤੇ ਪ੍ਰਾਈਵੇਟ ਥਰਮਲਾਂ ਦੇ 12 ਯੂਨਿਟ ਬਿਜਲੀ ਉਤਪਾਦਨ ਕਰ ਰਹੇ ਹਨ। ਪਾਵਰਕੌਮ ਤੇ ਪ੍ਰਾਈਵੇਟ ਥਰਮਲਾਂ ਦੇ ਸਾਰੇ 7 ਯੂਨਿਟ ਚਾਲੂ ਹਨ ਅਤੇ ਇੱਥੋਂ 3451 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸ ਤੋਂ ਇਲਾਵਾ ਸਰਕਾਰੀ ਥਰਮਲਾਂ ਦੇ 5 ਯੂਨਿਟ ਚੱਲ ਰਹੇ ਹਨ ਅਤੇ ਇਨ੍ਹਾਂ ਤੋਂ 935 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਸਰਕਾਰੀ ਥਰਮਲਾਂ ਦੇ 3 ਯੂਨਿਟ ਬੰਦ ਪਏ ਹਨ।