ਹੜ੍ਹਾਂ ਦੀ ਮਾਰ : ਚਾਂਦਪੁਰਾ ਬੰਨ੍ਹ ਨਾ ਬੰਨ੍ਹਣ ਕਰਕੇ ਖਤਰਾ ਹੋਰ ਵਧਿਆ

Ghaggar River
ਰਾਹਤ ਕਾਰਜਾਂ ਲਈ ਪੁੱਜੀ ਐਨਡੀਆਰਐਫ ਦੀ ਟੀਮ, ਜੋ ਕਿਸ਼ਤੀਆਂ ਰਾਹੀਂ ਪੀੜ੍ਹਤਾਂ ਤੱਕ ਪੁੱਜਕੇ ਮੱਦਦ ਕਰੇਗੀ।

ਮਾਨਸਾ/ਬਰੇਟਾ/ਬੋਹਾ,(ਸੁਖਜੀਤ ਮਾਨ/ਕ੍ਰਿਸ਼ਨ ਭੋਲਾ/ਤਰਸੇਮ ਮੰਦਰਾ)। ਪੰਜਾਬ-ਹਰਿਆਣਾ ਦੀ ਹੱਦ ’ਤੇ ਟੁੱਟੇ ਘੱਗਰ ਦੇ ਚਾਂਦਪੁਰਾ ਬੰਨ੍ਹ ਬੰਨ੍ਹਣ ਦਾ ਕੰਮ ਅੱਜ ਤੀਜੇ ਦਿਨ ਵੀ ਸ਼ੁਰੂ ਨਹੀਂ ਹੋਇਆ। ਬੰਨ੍ਹ ਪੂਰਨ ਲਈ ਫੌਜ ਤੇ ਪ੍ਰਸਾਸ਼ਨਿਕ ਅਧਿਕਾਰੀਆਂ ਵਿੱਚ ਚੱਲੀ ਲੰਬੀ ਮੀਟਿੰਗ ਮਗਰੋਂ ਜਾਪਦਾ ਸੀ ਕਿ ਅੱਜ ਸਵੇਰੇ ਕੰਮ ਸ਼ੁਰੂ ਹੋ ਜਾਵੇਗਾ ਪਰ ਅਜਿਹਾ ਨਹੀਂ ਹੋਇਆ। ਬੰਨ੍ਹ ਬੰਨਣ ’ਚ ਹੋ ਰਹੀ ਦੇਰੀ ਹੋਰਨਾਂ ਪਿੰਡਾਂ ਲਈ ਵੀ ਖਤਰਾ ਬਣ ਰਹੀ ਹੈ। ਵੇਰਵਿਆਂ ਮੁਤਾਬਿਕ ਪੰਜਾਬ-ਹਰਿਆਣਾ ਦੀ ਹੱਦ ’ਤੇ ਪੈਂਦੇ ਚਾਂਦਪੁਰਾ ਬੰਨ੍ਹ ’ਚ 15 ਜੁਲਾਈ ਨੂੰ ਸਵੇਰ ਵੇਲੇ ਪਾੜ ਪਿਆ ਸੀ। ਜਦੋਂ ਇਹ ਬੰਨ੍ਹ ਟੁੱਟਿਆ ਸੀ ਤਾਂ ਉਦੋਂ ਸਿਰਫ 30 ਫੁੱਟ ਦਾ ਪਾੜ ਸੀ ਜੋ ਉਸੇ ਦਿਨ ਸ਼ਾਮ ਤੱਕ ਵਧਕੇ 100 ਫੁੱਟ ਤੱਕ ਪੁੱਜ ਗਿਆ ਤੇ ਇਸ ਵੇਲੇ ਪਾੜ ਦੀ ਲੰਬਾਈ 150 ਦੇ ਕਰੀਬ ਹੋ ਚੁੱਕੀ ਹੈ। (Ghaggar River)

ਇਸ ਪਾੜ ਕਾਰਨ ਮਾਨਸਾ ਜ਼ਿਲ੍ਹੇ ਦੇ ਤਹਿਸੀਲ ਬੁਢਲਾਡਾ ਦੇ ਅੱਧੀ ਦਰਜ਼ਨ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਆ ਗਿਆ ਜੋ ਹੁਣ ਅਬਾਦੀ ਨੂੰ ਵੀ ਘੇਰਾ ਪਾਉਣ ਲੱਗ ਪਿਆ। ਚਾਂਦਪੁਰਾ ਬੰਨ੍ਹ ਦੀ ਲੰਬਾਈ 8 ਕਿਲੋਮੀਟਰ ਹੈ, ਜਿਸ ਕਾਰਨ ਪਾੜ ਹੋਰ ਵਧਣ ਦੀਆਂ ਸਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤਹਿਸੀਲ ਬੁਢਲਾਡਾ ਦੇ ਕਈ ਪਿੰਡਾਂ ’ਚੋਂ ਲੋਕ ਆਪਣਾ ਘਰੇਲੂ ਸਮਾਨ ਚੁੱਕ ਕੇ ਸੁਰੱਖਿਅਤ ਥਾਵਾਂ ਵੱਲ ਲਗਾਤਾਰ ਜਾ ਰਹੇ ਹਨ। ਪਿੰਡ ਬੀਰੇਵਾਲਾ ਡੋਗਰਾ ’ਚ ਪਾਣੀ ਭਰਨ ਕਰਕੇ ਐਨਡੀਆਰਐਫ ਨੇ ਮੋਰਚਾ ਸੰਭਾਲ ਲਿਆ। ਐਨਡੀਆਰਐਫ ਦੀਆਂ ਟੀਮਾਂ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਪਿੰਡੋਂ ਬਾਹਰ ਕੱਢਣ ’ਚ ਜੁਟੀਆਂ ਹੋਈਆਂ ਹਨ। (Ghaggar River)

ਇਹ ਵੀ ਪੜ੍ਹੋ : ਘੱਗਰ ਨੇ ਕੀਤੇ ਖਤਰੇ ਦੇ ਸਾਰੇ ਨਿਸ਼ਾਨ ਪਾਰ, ਬਚਾਅ ਕਾਰਜ਼ਾਂ ’ਚ ਜੁਟੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ

ਬੀਰੇਵਾਲਾ ਡੋਗਰਾ ਦੇ ਹਾਲਾਤ ਇੱਥੋਂ ਤੱਕ ਖਰਾਬ ਹੋ ਗਏ ਕਿ ਉਸ ਪਿੰਡ ਵੱਲ ਕਿਸੇ ਹੋਰ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ। ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟਲੀ ਖੁਰਦ ਤੋਂ ਹੜ੍ਹ ਪੀੜ੍ਹਤ ਲੋਕਾਂ ਦੇ ਪਸ਼ੂਆਂ ਲਈ ਇਕੱਠਾ ਕਰਕੇ ਹਰਾ ਚਾਰਾ ਲੈ ਕੇ ਗਈਆਂ ਟਰਾਲੀਆਂ ਨੂੰ ਵੀ ਚੱਲ ਅਲੀਸ਼ੇਰ ਰੋਕ ਲਿਆ। ਨੌਜਵਾਨਾਂ ਨੇ ਦੱਸਿਆ ਕਿ ਐਨਡੀਆਰਐਫ ਵੱਲੋਂ ਕਿਹਾ ਗਿਆ ਹੈ ਕਿ ਅੱਗੇ ਖਤਰਾ ਹੈ। ਰਾਹਤ ਸਮੱਗਰੀ ਨੂੰ ਉਹ ਆਪਣੀਆਂ ਕਿਸ਼ਤੀਆਂ ਰਾਹੀਂ ਅੱਗੇ ਪਹੁੰਚਾ ਦੇਣਗੇ। ਪਿੰਡ ਰਿਉਂਦ ਖੁਰਦ ’ਚੋਂ ਵੱਡੀ ਗਿਣਤੀ ਪਰਿਵਾਰ ਸੁਰੱਖਿਅਤ ਥਾਵਾਂ ਵੱਲ ਚਲੇ ਗਏ। ਲੋਕਾਂ ਨੇ ਆਪਣੇ ਘਰਾਂ ਦੇ ਅੱਗੇ ਗੱਟੇ ਰੱਖ ਕੇ ੳੁੱਚੇ ਬੰਨ੍ਹ ਬਣਾ ਦਿੱਤੇ ਕਿਉਂਕਿ ਪਿੰਡ ’ਚ ਪਾਣੀ ਦਾਖਲ ਹੋਣ ਦਾ ਪੂਰਾ ਖਤਰਾ ਹੈ।

ਟੁੱਟੇ ਹੋਏ ਬੰਨ੍ਹਾਂ ਆਦਿ ’ਤੇ ਸੈਲਫ਼ੀਆਂ ਲੈਣ ’ਤੇ ਪਾਬੰਦੀ | Ghaggar River

ਜ਼ਿਲ੍ਹਾ ਮੈਜਿਸਟ੍ਰੇਟ ਰਿਸ਼ੀਪਾਲ ਸਿੰਘ ਨੇ ਜ਼ਿਲ੍ਹਾ ਮਾਨਸਾ ਦੇ ਜਿਸ ਵੀ ਇਲਾਕੇ ਵਿੱਚ ਪਾਣੀ ਭਰਿਆ ਹੋਇਆ ਹੈ, ਟੁੱਟੇ ਹੋਏ ਬੰਨ੍ਹਾਂ, ਨਦੀ ਨਾਲਿਆਂ ਦੇ ਪੁਲਾਂ ਅਤੇ ਕਿਨਾਰਿਆਂ ’ਤੇ ਮੋਬਾਇਲ ਫੋਨ ਰਾਹੀਂ ਸੈਲਫੀਆਂ ਲੈਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਜਿਨ੍ਹਾਂ ਇਲਾਕਿਆਂ ਵਿੱਚ ਪਾਣੀ ਭਰਿਆ ਹੋਇਆ ਹੈ, ਆਮ ਲੋਕ ਉੱਥੇ ਪਹੁੰਚ ਕੇ ਆਪਣੇ ਮੋਬਾਇਲ ਫੋਨ ਰਾਹੀਂ ਸੈਲਫ਼ੀਆਂ ਲੈ ਰਹੇ ਹਨ। ਇਸ ਤਰ੍ਹਾਂ ਕਰਨ ਨਾਲ ਵਿਅਕਤੀ ਦੀ ਜਾਨ ਜਾਣ ਦਾ ਖ਼ਤਰਾ ਬਣ ਜਾਂਦਾ ਹੈ। ਇਸ ਲਈ ਇਸ ਪ੍ਰਵਿਰਤੀ ਨੂੰ ਰੋਕਿਆ ਜਾਣਾ ਅਤਿ-ਜ਼ਰੂਰੀ ਹੈ। ਇਹ ਹੁਕਮ 31 ਜੁਲਾਈ 2023 ਤੱਕ ਲਾਗੂ ਰਹੇਗਾ। (Ghaggar River)

ਹੜ੍ਹ ਪ੍ਰਭਾਵਿਤ ਇਲਾਕਿਆਂ ’ਚ 19 ਜੁਲਾਈ ਤੱਕ ਬੰਦ ਰਹਿਣਗੇ ਸਕੂਲ | Ghaggar River

ਜ਼ਿਲ੍ਹਾ ਮੈਜਿਸਟਰੇਟ ਰਿਸ਼ੀਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਕੁੱਝ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਅਗਲੇ ਹੁਕਮਾਂ ਤੱਕ ਛੁੱਟੀ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ ਐਸ.ਡੀ.ਐਮ ਬੁਢਲਾਡਾ ਤੇ ਐਸ.ਡੀ.ਐਮ ਸਰਦੂਲਗੜ੍ਹ ਦੀ ਮੰਗ ਅਨੁਸਾਰ ਕੀਤੇ ਹਨ। ਉਨ੍ਹਾਂ ਕਿਹਾ ਕਿ ਬੁਢਲਾਡਾ ਦੇ ਪਿੰਡ ਗੋਰਖਨਾਥ, ਚੱਕ ਅਲੀਸ਼ੇਰ ਕਲਾਂ, ਬੀਰੇਵਾਲਾ ਡੋਗਰਾ, ਭਾਵਾ, ਕੁਲਰੀਆਂ, ਰਿਓਂਦ ਕਲਾਂ, ਰਿਓਂਦ ਖੁਰਦ, ਆਦਰਸ਼ ਸੈਕੰਡਰੀ ਸਕੂਲ ਬੋਹਾ ਅਤੇ ਸਰਦੂਲਗੜ੍ਹ ਵਿਖੇ ਰੋੜਕੀ ਅਤੇ ਬਰਨ ਦੇ ਸਕੂਲਾਂ ਵਿੱਚ ਛੁੱਟੀ ਰਹੇਗੀ। ਬਾਕੀ ਸਕੂਲ ਆਮ ਦਿਨਾਂ ਵਾਂਗ ਪੰਜਾਬ ਸਰਕਾਰ ਵੱਲੋਂ ਜਾਰੀ ਸਮੇਂ ਮੁਤਾਬਿਕ ਖੁੱਲ੍ਹੇ ਰਹਿਣਗੇ। (Ghaggar River)