ਗੇਟ ਨਹੀਂ ਖੁੱਲ੍ਹਣ ਕਰਕੇ ਨਰਾਜ਼ ਹੋਏ ਪ੍ਰਤਾਪ ਬਾਜਵਾ, ਮੀਟਿੰਗ ਦਾ ਬਾਈਕਾਟ ਕਰ ਵਾਪਸ ਹੋਏ ਰਵਾਨਾ

ਪ੍ਰਤਾਪ ਬਾਜਵਾ ਨਾਲ ਓ.ਪੀ. ਸੋਨੀ ਅਤੇ ਰਾਣਾ ਕੇ.ਪੀ. ਸਿੰਘ ਨੇ ਵੀ ਕੀਤੀ ਬਾਈਕਾਟ

  • ਰਾਜਾ ਵੜਿੰਗ ਆਏ ਮਨਾਉਣ ਪਰ ਵਾਪਸ ਜਾ ਚੁੱਕੇ ਸਨ ਪ੍ਰਤਾਪ ਬਾਜਵਾ

(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਵੱਲੋਂ ਸੂਬਾ ਸਰਕਾਰ ਦੀ ਧੱਕੇਸ਼ਾਹੀ ਦੇ ਖ਼ਿਲਾਫ਼ ਧਰਨਾ ਦੇਣ ਤੋਂ ਪਹਿਲਾਂ ਹੀ ਆਪਸੀ ਕਲੇਸ਼ ਵਿੱਚ ਇਸ ਕਦਰ ਉਲਝ ਕਰ ਰਹਿ ਗਈ ਕਿ ਕਾਂਗਰਸ ਵਿਧਾਇਕ ਦਲ ਦੇ ਲੀਡਰ ਪ੍ਰਤਾਪ ਬਾਜਵਾ ਅਤੇ ਸਾਬਕਾ ਉਪ ਮੁੱਖ ਮੰਤਰੀ ਓ.ਪੀ. ਸੋਨੀ ਸਣੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਕਾਂਗਰਸ ਭਵਨ ਵਿੱਚ ਚੱਲ ਰਹੀ ਮੀਟਿੰਗ ਦਾ ਬਾਈਕਾਟ ਕਰਕੇ ਹੀ ਚਲੇ ਗਏ। ਪ੍ਰਤਾਪ ਬਾਜਵਾ ਪਾਰਟੀ ਦੇ ਕਿਸੇ ਲੀਡਰ ਤੋਂ ਨਹੀਂ ਸਗੋਂ ਗੇਟ ’ਤੇ ਖੜੇ ਪੁਲਿਸ ਕਰਮਚਾਰੀਆਂ ਤੋਂ ਨਰਾਜ਼ ਹੋ ਗਏ ਸਨ ਕਿ ਉਨਾਂ ਦੀ ਗੱਡੀ ਨੂੰ ਕਾਂਗਰਸ ਭਵਨ ਦੇ ਬਾਹਰ ਰੋਕ ਲਿਆ ਗਿਆ ਅਤੇ ਗੱਡੀ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਗੱਲ ਦੀ ਨਰਾਜ਼ਗੀ ਤੋਂ ਬਾਅਦ ਪਹਿਲਾ ਪ੍ਰਤਾਪ ਬਾਜਵਾ ਨੇ ਦਫ਼ਤਰ ਵਿੱਚ ਜਾ ਕੇ ਖਰੀ ਖਰੀ ਸੁਣਾਉਂਦੇ ਹੋਏ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਉਸ ਤੋਂ ਬਾਅਦ ਮੀਟਿੰਗ ਵਿੱਚ ਬੈਠਣ ਦੀ ਥਾਂ ’ਤੇ ਉਸ ਦਾ ਬਾਈਕਾਟ ਕਰਦੇ ਹੋਏ ਵਾਪਸ ਚਲੇ ਗਏ।

ਜਾਣਕਾਰੀ ਅਨੁਸਾਰ ਪੰਜਾਬ ਕਾਂਗਰਸ ਵੱਲੋਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸੂ ਦੇ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੇ ਸ਼ੱਕ ਵਿੱਚ ਪੰਜਾਬ ਵਿਜੀਲੈਂਸ ਦੇ ਦਫ਼ਤਰ ਦਾ ਘਿਰਾਓ ਕਰਨਾ ਸੀ ਅਤੇ ਇਸ ਲਈ ਪਹਿਲਾਂ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਪੁੱਜਣ ਦਾ ਪ੍ਰੋਗਰਾਮ ਸੀ ਤਾਂ ਕਿ ਮੀਟਿੰਗ ਕਰਦੇ ਹੋਏ ਰਣਨੀਤੀ ਤਿਆਰ ਕਰਨ ਤੋਂ ਬਾਅਦ ਹੀ ਵਿਜੀਲੈਂਸ ਦਫ਼ਤਰ ਵੱਲ ਨੂੰ ਕੂਚ ਕੀਤਾ ਜਾ ਸਕੇ। ਜਿਸ ਸਮੇਂ ਪੰਜਾਬ ਕਾਂਗਰਸ ਭਵਨ ਵਿਖੇ ਮੀਟਿੰਗ ਦੀ ਸ਼ੁਰੂਆਤ ਹੋ ਰਹੀ ਸੀ ਤਾਂ ਇੱਕ ਇੱਕ ਕਰਕੇ ਆ ਰਹੇ ਲੀਡਰਾਂ ਦਰਮਿਆਨ ਹੀ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਵਾ ਆਪਣੀ ਗੱਡੀ ਵਿੱਚ ਕਾਂਗਰਸ ਭਵਨ ਵਿਖੇ ਪੁੱਜ ਗਏ। ਪ੍ਰਤਾਪ ਬਾਜਵਾ ਦੀ ਗੱਡੀ ਵਿੱਚ ਸਾਬਕਾ ਮੰਤਰੀ ਓ.ਪੀ. ਸੋਨੀ ਅਤੇ ਸਾਬਕਾ ਸਪੀਕਰ ਰਾਣਾ ਕੇ.ਪੀ. ਸਿੰਘ ਵੀ ਬੈਠੇ ਸਨ।

ਸੁਰੱਖਿਆ ਕਰਮਚਾਰੀਆਂ ਵਲੋਂ ਕਾਂਗਰਸ ਭਵਨ ਦਾ ਮੁੱਖ ਗੇਟ ਨਹੀਂ ਖੋਲ੍ਹੇ ਜਾਣ ’ਤੇ ਪ੍ਰਤਾਪ ਬਾਜਵਾ ਆਪਣੇ ਸਾਥੀ ਕਾਂਗਰਸੀ ਲੀਡਰਾਂ ਨਾਲ ਪੈਦਲ ਚਲ ਕੇ ਅੰਦਰ ਚਲੇ ਗਏ ਤਾਂ ਗੇਟ ਨਹੀਂ ਖੋਲੇ ਜਾਣ ’ਤੇ ਉਨਾਂ ਵੱਲੋਂ ਦਫ਼ਤਰ ਵਿੱਚ ਜਾ ਕੇ ਨਰਾਜ਼ਗੀ ਜ਼ਾਹਰ ਕੀਤੀ ਗਈ। ਜਿਸ ਤੋਂ ਬਾਅਦ ਪ੍ਰਤਾਪ ਬਾਜਵਾ ਕੁਝ ਹੀ ਮਿੰਟ ’ਚ ਵਾਪਸ ਬਾਹਰ ਆ ਗਏ ਅਤੇ ਆਪਣੀ ਗੱਡੀ ਵਿੱਚ ਸਾਥੀ ਲੀਡਰਾਂ ਨਾਲ ਸਵਾਰ ਹੋ ਕੇ ਵਾਪਸ ਚਲੇ ਗਏ ਤੇ ਉਨਾਂ ਨੇ ਮੀਟਿੰਗ ਵਿੱਚ ਭਾਗ ਵੀ ਨਹੀਂ ਲਿਆ।

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੁਰੱਖਿਆ ਕਰਮਚਾਰੀਆਂ ਨੂੰ ਪਾਈ ਝਾੜ

ਇਸ ਘਟਨਾ ਤੋਂ ਕੁਝ ਹੀ ਮਿੰਟ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਦਫ਼ਤਰ ਦੇ ਅੰਦਰ ਤੋਂ ਗੇਟ ਕੋਲ ਪੁੱਜੇ ਅਤੇ ਉਨਾਂ ਨੇ ਸੁਰੱਖਿਆ ਕਰਮਚਾਰੀਆਂ ਨੂੰ ਕਾਫ਼ੀ ਜਿਆਦਾ ਬੂਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ ਕਿ ਉਨਾਂ ਨੇ ਸਰਕਾਰ ਦੇ ਇਸ਼ਾਰੇ ’ਤੇ ਇੰਜ ਕੀਤਾ ਹੈ, ਕਿਉਂਕਿ ਸੁਰੱਖਿਆ ਵਿੱਚ ਪੰਜਾਬ ਪੁਲਿਸ ਦੇ ਕਰਮਚਾਰੀ ਲੱਗੇ ਹੋਏ ਸਨ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਦਫ਼ਤਰ ਵੱਲੋਂ ਸੁਰੱਖਿਆ ਕਰਮਚਾਰੀਆਂ ਨੂੰ ਗੱਡੀ ਰੋਕਣ ਦੇ ਕੋਈ ਆਦੇਸ਼ ਨਹੀਂ ਸਨ ਪਰ ਫਿਰ ਵੀ ਇਨਾਂ ਵੱਲੋਂ ਜਾਣਬੂਝ ਕੇ ਗੱਡੀ ਰੋਕੀ ਗਈ ਅਤੇ ਇਹ ਘਟਨਾ ਵਾਪਰ ਗਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੌਕੇ ‘ਤੇ ਹਾਜ਼ਰ ਸੁਰੱਖਿਆ ਕਰਮਚਾਰੀਆਂ ਨੂੰ ਝਾੜ ਪਾਉਂਦੇ ਹੋਏ ਇਥੇ ਤੱਕ ਕਹਿ ਦਿੱਤਾ ਕਿ ਉਹ ਚਲੇ ਜਾਣ ਅਤੇ ਉਨਾਂ ਨੂੰ ਇਸ ਤਰਾਂ ਦੀ ਸੁਰੱਖਿਆ ਨਹੀਂ ਚਾਹੀਦੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ