ਦੀਪੂ ਦੀ ਵਾਪਸੀ

ਦੀਪੂ ਦੀ ਵਾਪਸੀ

ਕਾਂਡ-11 | ਇੱਧਰ ਸੂਰਜ ਅਸਤ ਹੋ ਚੁੱਕਾ ਸੀ ਟਾਵਾਂ-ਟਾਵਾਂ ਤਾਰਾ ਵੀ ਅਸਮਾਨ ਵਿੱਚ ਨਿੱਕਲ ਆਇਆ ਸੀ ਹਨੇ੍ਹਰਾ ਪਲ-ਪਲ ਗਹਿਰਾ ਹੁੰਦਾ ਜਾ ਰਿਹਾ ਸੀ ਇਸ ਹਨੇ੍ਹਰੇ ਦੇ ਗਹਿਰੇਪਣ ਦੇ ਨਾਲ ਹੀ ਨਿੰਦੀ ਦਾ ਫ਼ਿਕਰ ਵੀ ਵਧਦਾ ਹੀ ਜਾ ਰਿਹਾ ਸੀ ਪਹਿਲਾਂ ਤਾਂ ਉਸਨੇ ਸੋਚਿਆ ਕਿ ਵੀਰਾ ਸਕੂਲ ਜਾਣ ਤੋਂ ਡਰਦਾ ਕਿਤੇ ਲੁਕ-ਛਿਪ ਗਿਆ ਹੋਣਾ ਹੈ ਸ਼ਾਮ ਹੁੰਦੇ ਹੀ ਘਰੇ ਪਰਤ ਆਏਗਾ ਪਰ ਹੁਣ ਨਿੰਦੀ ਦੀ ਆਸ ਬੇ-ਉਮੀਦੀ ਵਿੱਚ ਬਦਲਦੀ ਜਾ ਰਹੀ ਸੀ ਹੁਣ ਤਾਂ ਰਾਤ ਵੀ ਬਹੁਤ ਹੋ ਚੁੱਕੀ ਸੀ ਪਰ ਦੀਪੂ ਦਾ ਕੋਈ ਥਹੁ-ਪਤਾ ਨਹੀਂ ਸੀ ਦੁਪਹਿਰੇ ਜਦੋਂ ਸਭ ਬੱਚੇ ਸਕੂਲੋਂ ਪੜ੍ਹ ਕੇ ਘਰੀਂ ਪਰਤ ਆਏ ਪਰ ਦੀਪੂ ਨਾ ਪਹੁੰਚਿਆ ਤਾਂ ਸੱਜਣ ਸਿੰਘ ਨੇ ਵੀ ਕਿਹਾ ਸੀ, ‘‘ਆ ਜਾਵੇਗਾ ਸ਼ਾਮ ਤੱਕ!’’ ਪਰ ਹੁਣ ਉਹ ਵੀ ਫਿਕਰਮੰਦ ਹੋਇਆ ਫਿਰਦਾ ਸੀ

ਮਾਂ ਕਾਲਜ਼ਾ ਘੁੱਟੀ ਕਦੇ ਅੰਦਰ, ਕਦੇ ਬਾਹਰ ਤੇ ਕਦੇ ਕੋਠੇ ਚੜ੍ਹ ਕੇ ਦੀਪੂ ਦਾ ਰਾਹ ਤੱਕ ਰਹੀ ਸੀ ਮਾਂ ਦੀ ਹਾਲਤ ਬੁਖਾਰ ਚੜ੍ਹੇ ਵਰਗੀ ਹੋਈ ਪਈ ਸੀ ਫਿਕਰਾਂ ਮਾਰੀ ਮਾਂ ਨੂੰ ਆਪਣਾ ਸਰੀਰ ਕਦੇ ਫਿਕਰ ਨਾਲ ਕੰਬਦਾ ਤੇ ਕਦੇ ਤਪਦਾ ਮਹਿਸੂਸ ਹੋਣ ਲੱਗਦਾ ਸੀ ਬੁੱਲ੍ਹਾਂ ’ਚੋਂ ਅਵਾਜ਼ ਵੀ ਬੜੀ ਧੀਮੀ ਗਤੀ ਨਾਲ ਬਾਹਰ ਆ ਰਹੀ ਸੀ ਗ਼ਲਾ ਘੁੱਟਿਆ-ਘੁੱਟਿਆ ਮਹਿਸੂਸ ਹੋ ਰਿਹਾ ਸੀ ਉਸਦੇ ਦਿਲ ਦੀ ਧੜਕਣ ਵਧ-ਘਟ ਰਹੀ ਸੀ ਇਕਲੌਤੇ ਪੁੱਤ ਦੀ ਗੁਮਸ਼ੁਦਗੀ ਨਾਲ ਉਹ ਸੁੰਗੜ ਕੇ ਅੱਧੀ ਰਹਿ ਗਈ ਸੀਘਰ ਦੇ ਸਭ ਜੀਆਂ ਸਮੇਤ ਸੱਜਣ ਸਿੰਘ ਵੀ ਬੇਹੱਦ ਫ਼ਿਕਰਮੰਦ ਸੀ ਉਹ ਦੀਪੂ ਦੇ ਸਭ ਦੋਸਤਾਂ-ਮਿੱਤਰਾਂ ਦੇ ਘਰੀਂ ਚੱਕਰ ਲਾ ਆਇਆ ਸੀ ਹੁਣ ਉਸਨੂੰ ਹੋਰ ਕੋਈ ਵੀ ਥਾਂ-ਟਿਕਾਣਾ ਨਜ਼ਰੀਂ ਨਹੀਂ ਆ ਰਿਹਾ ਸੀ

ਜਿੱਥੋਂ ਦੀਪੂ ਦਾ ਪਤਾ-ਟਿਕਾਣਾ ਮਿਲ ਸਕਣ ਦੀ ਉਮੀਦ ਕੀਤੀ ਜਾ ਸਕਦੀ ਸੀ ਦੀਪੂ ਦੀ ਤਲਾਸ਼ ਨੇ ਉਸਨੂੰ ਥਕਾ ਦਿੱਤਾ ਸੀ ਉਹ ਥਕਾਨ ਵਿੱਚੋਂ ਹੀ ਸੋਚ ਰਿਹਾ ਸੀ ਕਿ ਕੱਲ੍ਹ ਕਿਉਂ ਦੀਪੂ ਨੂੰ ਕੁਟਾਪਾ ਚਾੜਿ੍ਹਆ? ਦੀਪੂ ਦੇ ਘਰ ਨਾ ਆਉਣ ਦਾ ਕਾਰਨ ਉਹ ਉਸਦੀ ਕੱਲ੍ਹ ਵਾਲੀ ਮਾਰ-ਕੁਟਾਈ ਨੂੰ ਹੀ ਸਮਝ ਰਿਹਾ ਸੀ ਸਕੂਲ ਤਾਂ ਪਹਿਲਾਂ ਹੀ ਉਸ ਵਾਸਤੇ ਇੱਕ ਹਊਆ ਬਣਿਆ ਹੋਇਆ ਸੀ ਹੁਣ ਤਾਂ ਘਰ ਵੀ ਦੀਪੂ ਨੂੰ ਕਸਾਈਖਾਨਾ ਨਜ਼ਰ ਆਉਣ ਲੱਗ ਪਿਆ ਸੀ ਸੱਜਣ ਸਿਹੁੰ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਪੀਕਰ ਵਿੱਚ ਦੀਪੂ ਦੇ ਲਾਪਤਾ ਹੋਣ ਦਾ ਹੋਕਾ ਦਿਵਾ ਆਇਆ ਸੀ

ਅਜੇ ਤੱਕ ਹੋਕੇ ਦਾ ਕੋਈ ਅਸਰ ਨਜ਼ਰੀ ਨਹੀਂ ਆ ਰਿਹਾ ਸੀ ਕਿੱਧਰੋਂ ਵੀ ਕੋਈ ਖਬਰ-ਸੋ ਨਹੀਂ ਆਈ ਸੀ ਨਿੰਦੀ ਨੂੰ ਪਿਓ ’ਤੇ ਗੁੱਸਾ ਆ ਰਿਹਾ ਸੀ ਪਰ ਸਿਆਣੀ ਤੇ ਸੂਝਵਾਨ ਨਿੰਦੀ ਪਿਓ ਮੂਹਰੇ ਕੁਝ ਨਾ ਬੋਲੀ ਸੱਜਣ ਸਿਹੁੰ ਦੀ ਬੀਬੀ ਦਾਹੜੀ ਤੱਕ ਕੇ ਉਸਨੂੰ ਤਰਸ ਵੀ ਆ ਰਿਹਾ ਸੀ ਉਸ ਨੇ ਧੁਰ ਅੰਦਰੋਂ ਸੋਚਿਆ ਕਿ ਬਾਪੂ ਵਿਚਾਰੇ ਦਾ ਕੀ ਦੋਸ਼? ਉਹ ਤਾਂ ਵੀਰੇ ਦੇ ਭਲੇ ਵਾਸਤੇ ਹੀ ਉਸਨੂੰ ਸਕੂਲ ਤੋਰ ਰਿਹਾ ਸੀ ਉਸ ਨਿਰਮੋਹੇ ਨੇ ਪਿਓ ਬਾਰੇ ਕੀ ਸੋਚਿਆ? ਚੱਲੋ ਕੁਝ ਵੀ ਹੈ, ਹੁਣ ਇੱੱਕ ਵਾਰੀ ਦੀਪੂ ਵੀਰਾ ਆ ਜਾਵੇ ਸਹੀ! ਮੈਂ ਬਾਪੂ ਨੂੰ ਕਹਿ ਕੇ ਉਸਦੀ ਸਕੂਲ ’ਚੋਂ ਛੁੱਟੀ ਕਰਵਾ ਦਿਆਂਗੀ ਨਹੀਂ ਪੜ੍ਹਦਾ ਨਾ ਪੜ੍ਹੇ! ਖਸਮਾਂ ਨੂੰ ਖਾਵੇ! ਆਪੇ ਖੇਤੀ ਕਰਦਾ ਰਹੂ! ਜਿਵੇਂ-ਕਿਵੇਂ ਆਪਣੀ ਜ਼ਿੰਦਗੀ ਗੁਜ਼ਾਰ ਲਵੇਗਾ! ਕੀ ਪਤਾ ਬਹੁਟੀ ਹੀ ਪੜ੍ਹੀ-ਲਿਖੀ ਮਿਲ ਜਾਵੇ! ਉਹ ਨੌਕਰੀ ਕਰਦੀ ਰਵ੍ਹੇਗੀ, ਇਹ ਖੇਤੀ ਕਰਿਆ ਕਰੂ! ਆਪੇ ਆਪਣੇ ਜੁਆਕ ਪਾਲ ਲੈਣਗੇ!

ਜ਼ਿੰਦਗੀ ਗੁਜ਼ਰ ਜਾਵੇਗੀ ਬਾਲ-ਬੱਚੇ ਪੜ੍ਹ-ਲਿਖ ਜਾਣਗੇ! ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁੁਰੂ ਹੋ ਜਾਵੇਗੀ! ਇਉਂ ਨਿੰਦੀ ਦੀਪੂ ਬਾਰੇ ਕਈ ਕੁਝ ਸੋਚੀ ਜਾ ਰਹੀ ਸੀ ਉਸਦਾ ਇੱਕੋ ਇੱਕ ਅੰਮੀ ਜਾਇਆ ਵੀਰਾ ਘਰ ਨਹੀਂ ਸੀ ਆਇਆ ਉਸ ਨੂੰ ਭੈਣ ਕਹਿ ਕੇ ਕੌਣ ਬੁਲਾਇਆ ਕਰੇਗਾ? ਕੌਣ ਉਸਨੂੰ ਝਿੜਕੇਗਾ? ਕੌਣ ਉਸਦੇ ਥੱਪੜ ਮਾਰਿਆ ਕਰੇਗਾ? ਉਹ ਕਿਸਦੇ ਰੱਖੜੀ ਬੰਨ੍ਹੇਗੀ? ਕੌਣ ਉਸਨੂੰ…? ਨਿੰਦੀ ਸੋਚਾਂ ਦੀਆਂ ਤੰਦਾਂ ਵਿੱਚ ਗੁੰਮ ਹੋਈ ਪਈ ਸੀ ਰਾਤ ਬੀਤਦੀ ਜਾ ਰਹੀ ਸੀ ਇੱਕ ਅਣਜਾਣਾ ਜਿਹਾ ਭੈਅ ਉਸਦੇ ਅੰਦਰ ਘਰ ਕਰੀ ਬੈਠਾ ਸੀ ਕੋਈ ਬੇਚੈਨੀ ਜਿਹੀ ਉਸਦੇ ਮਨ ਮਸਤਕ ਨੂੰ ਖੇਰੂੰ-ਖੇਰੂੰ ਕਰੀ ਜਾ ਰਹੀ ਸੀ ਉਸਨੂੰ ਕਦੇ ਨੀਂਦ ਦੀ ਝਪਕੀ ਆ ਜਾਂਦੀ ਤੇ ਕਦੇ ਉਹ ਅੱਭੜਵਾਹੇ ਹੀ ਜਾਗ ਜਾਂਦੀ ਸੀ

ਉਹ ਅੱਧ-ਸੁੱਤੀ ਜਿਹੀ ਵੀਰ ਨੂੰ ਕਿਸੇ ਮੁਸੀਬਤ ਵਿੱਚ ਫਸਿਆ ਤੱਕਦੀ ਤਾਂ ਡਰ ਕੇ ਉੱਠ ਜਾਂਦੀ ਸੀ ਕਦੇ ਮਨ ਹੀ ਮਨ ਵੇਖਦੀ ਕਿ ਉਸਦੇ ਦੀਪੂ ਵੀਰ ਨੂੰ ਤਿੰਨ-ਚਾਰ ਮੋਟੇ-ਮੋਟੇ ਆਦਮੀ ਜੀਪ ਵਿੱਚ ਸੁੱਟ ਕੇ ਲੈ ਗਏ ਹਨ ਉਹ ਦੀਪੂ ਨੂੰ ਬੁਰੀ ਤਰ੍ਹਾਂ ਕੁੱਟ-ਮਾਰ ਰਹੇ ਹਨ ਦੀਪੂ ਦੀ ਮੱਦਦ ਕਰਨ ਵਾਸਤੇ ਉਹ ਹੰਭਲਾ ਮਾਰਦੀ ਉਹ ਹਨੇ੍ਹਰੇ ਵਿੱਚ ਹੀ ਆਪਣੀਆਂ ਅੱਖਾਂ ਪੂਰੀ ਤਰ੍ਹਾਂ ਖੋਲ੍ਹ ਲੈਂਦੀ, ਜਿਵੇਂ ਉਹ ਸਭ ਬੁਰੇ ਆਦਮੀ ਉਸ ਤੋਂ ਡਰ ਕੇ ਭੱਜ ਜਾਣਗੇ ਉਹ ਸੋਚਦੀ ਮੇਰੇ ਹੁੰਦਿਆਂ ਕੋਈ ਮੇਰੇ ਵੀਰ ਦਾ ਕੁਝ ਨਹੀਂ ਵਿਗਾੜ ਸਕਦਾ! ਉਸਦੇ ਅੰਦਰ ਇੱਕ ਦਲੇਰੀ ਭਰਿਆ ਜਜ਼ਬਾ ਜਾਗ ਉੱਠਦਾ ਉਹ ਬੇਫਿਕਰ ਹੋ ਕੇ ਸੌਂ ਜਾਂਦੀ ਉਸਨੂੰ ਗਹਿਰੀ ਝਪਕੀ ਆ ਜਾਂਦੀ ਉਹ ਕੁਝ ਚਿਰ ਸੁੱਤੀ ਪਈ ਰਹਿੰਦੀ ਪਰ ਉਹ ਸੁਪਨੇ ਜਿਹੇ ਵਿੱਚ ਫਿਰ ਕੁਝ ਮਾੜਾ ਹੁੰਦਾ ਵੇਖ ਲੈਂਦੀ ਤੁਰੰਤ ਹੀ ਜਾਗ ਜਾਂਦੀ

ਉਸਦੇ ਚਹੁੰ ਪਾਸੀਂ ਡਰ ਹੀ ਡਰ ਵਰਤਮਾਨ ਹੋ ਜਾਂਦਾ ਸੀ ਉਸਦਾ ਕੋਮਲ ਹਿਰਦਾ ਤੇ ਬਾਲ ਮਨ ਫਿਰ ਕਿਸੇ ਵਗਦੇ ਦਰਿਆ ਦੇ ਪਾਣੀ ਦੀਆਂ ਛੱਲਾਂ ਵਾਂਗ ਉੱਪਰ-ਥੱਲੇ ਹੋਣਾ ਸ਼ੁਰੂ ਹੋ ਜਾਂਦਾ ਉਸਦੀ ਅੰਦਰਲੀ ਕਲਪਨਾ ਫਿਰ ਚੰਨ ਵਾਂਗ ਵਧਣ-ਘਟਣ ਲੱਗ ਪੈਂਦੀ ਸੀ ਰਾਤ ਬਹੁਤ ਲੰਬੀ ਹੋ ਗਈ ਸੀ, ਮੁੱਕਣ ਵਿੱਚ ਹੀ ਨਹੀਂ ਸੀ ਆ ਰਹੀ ਨਿੰਦੀ ਦੀ ਮਾਂ ਨਿੰਦੀ ਤੋਂ ਵੀ ਵੱਧ ਪਰੇਸ਼ਾਨ ਸੀ ਉਹ ਵੀ ਸਾਰੀ ਰਾਤ ਉੱਠ-ਉੱਠ ਕੇ ਬਿੜਕਾਂ ਲੈਂਦੀ ਰਹੀ ਵਿਹੜੇ ’ਚ ਬੰਨ੍ਹੇ ਪਸ਼ੂਆਂ ਦੀ ਹਿੱਲਜੁਲ ਹੁਣ ਆਮ ਵਾਂਗ ਨਹੀਂ ਸੀ ਲੱਗਦੀ

ਉਹ ਪਸ਼ੂਆਂ ਦਾ ਖੜਕਾ ਸੁਣ ਕੇ ਤ੍ਰਬਕ ਕੇ ਉੱਠ ਬਹਿੰਦੀ ਉਸਨੂੰ ਲੱਗਦਾ ਜਿਵੇਂ ਦੀਪੂ ਘਰ ਵਾਪਸ ਆ ਗਿਆ ਹੈ ਕਾਲੀ ਰਾਤ ਦੇ ਹਨੇ੍ਹਰੇ ਵਿੱਚ ਜਗ ਰਹੇ ਬੱਲਬ ਦੀ ਮੱਧਮ ਜਿਹੀ ਰੌਸ਼ਨੀ ਵਿੱਚ ਉੱਠ ਕੇ ਉਹ ਇੱਧਰ-ਉੱਧਰ ਵੇਖਦੀ ਚੁੱਪ ਟਿਕੀ ਰਾਤ ਦਾ ਸੰਨਾਟਾ ਉਹਨੂੰ ਖਾਣ ਨੂੰ ਪੈਂਦਾ ਇੱਕ ਅਣਜਾਣਾ ਜਿਹਾ ਡਰ ਉਹਦੇ ਮਨ ਦੀ ਕਿਸੇ ਨੁੱਕਰੋਂ ਉੱਭਰ ਕੇ ਉਸਦੀ ਵੇਦਨਾ ਨੂੰ ਹੋਰ ਵੀ ਤੇਜ ਕਰ ਜਾਂਦਾ ਉਹ ਫਿਰ ਨਿਰਾਸ਼ ਹੋ ਕੇ ਲੇਟ ਜਾਂਦੀ ਨੀਂਦ ਉਸ ਤੋਂ ਵੀ ਕੋਹਾਂ ਦੂਰ ਸੀਪਰ੍ਹਾਂ ਬਰਾਂਡੇ ਵਿੱਚ ਸੱਜਣ ਸਿੰਘ ਮੰਜੇ ’ਤੇ ਪਿਆ ਪਾਸੇ ਮਾਰ ਰਿਹਾ ਸੀ

ਜਦੋਂ ਬੇਚੈਨੀ ਬੇਚੈਨ ਕਰਦੀ ਤਾਂ ਉੱਠ ਕੇ ਬੈਠ ਜਾਂਦਾ ਬਹਿ ਕੇ ਇੱਧਰ-ਉੱਧਰ ਵੇਖਦਾ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਹਿੱਲਜੁਲ ਉਸਨੂੰ ਹੋਰ ਵੀ ਤਲਖੀ ਲਾ ਦੇਂਦੀ ਉਸਦੀ ਕੋਈ ਪੇਸ਼ ਨਹੀਂ ਜਾ ਰਹੀ ਸੀ ਉਹ ਬੇਵਾਹ ਹੋਇਆ ਪਿਆ ਸੀ ਉਹ ਫਿਰ ਪੈ ਜਾਂਦਾ, ਸੌਣ ਦੀ ਕੋਸ਼ਿਸ਼ ਕਰਦਾ ਨੀਂਦ ਤਾਂ ਜਿਵੇਂ ਅੱਜ ਨਾਤਾ ਹੀ ਤੋੜ ਗਈ ਸੀ ਇਉਂ ਘਰ ਦੇ ਇਸ ਦੁਖਦਾਈ ਮਾਹੌਲ ਵਿੱਚ ਹੀ ਰਾਤ ਬੀਤ ਗਈ ਸਵੇਰਾ ਹੋਇਆ ਸਾਰਾ ਪਰਿਵਾਰ ਹਰ ਰੋਜ਼ ਨਾਲੋਂ ਪਹਿਲਾਂ ਹੀ ਉੱਠ ਬੈਠਾ ਫਿਕਰ, ਸੋਚਾਂ ਤੇ ਦੁੱਖ ਸਭ ਦੇ ਚਿਹਰਿਆਂ ’ਤੇ ਵਰਤਮਾਨ ਸੀ ਨਿੰਦੀ ਸਵੇਰੇ ਸਾਝਰੇ ਹੀ ਉੱਠ ਕੇ ਮਾਂ ਨਾਲ ਕੰਮ-ਧੰਦਿਆਂ ਵਿੱਚ ਹੱਥ ਵਟਾਉਣ ਲੱਗ ਪਈ ਉਨੀਂਦੀ ਹੋਣ ਕਰਕੇ ਉਸ ਦੀਆਂ ਅੱਖਾਂ ਸੁੱਜੀਆਂ ਜਿਹੀਆਂ ਪ੍ਰਤੀਤ ਹੋ ਰਹੀਆਂ ਸਨ

ਮਾਂ ਉਸਦਾ ਚਿਹਰਾ ਵੇਖ ਕੇ ਉਸਦੀ ਅੰਦਰਲੀ ਵੇਦਨਾ ਨੂੰ ਸਮਝ ਗਈ ਉਹ ਜਾਣ ਗਈ ਕਿ ਉਹ ਵੀ ਸਾਰੀ ਰਾਤ ਜਾਗਦੀ ਰਹੀ ਹੈ ਮਾਂ ਨੇ ਚਾਹ ਬਣਾਈ, ਨਿੰਦੀ ਨੂੰ ਦਿੱਤੀ ਨਾਲੇ ਆਪ ਪੀਤੀ ਸੱਜਣ ਸਿਹੁੰ ਚਾਹ ਪੀ ਕੇ ਸਵੇਰੇ ਸਾਝਰੇ ਹੀ ਪੱਠੇ ਲੈਣ ਖੇਤਾਂ ਨੂੰ ਤੁਰ ਗਿਆ ਉਹ ਸਾਈਕਲ ’ਤੇ ਗਿਆ ਸੀ, ਝਬਦੇ ਹੀ ਮੁੜ ਆਇਆ ਪੱਠੇ ਕੁਤਰਨ ਲਈ ਨਿੰਦੀ ਤੇ ਨਿੰਦੀ ਦੀ ਮਾਂ ਨੂੰ ਕਹਿ ਕੇ ਆਪ ਉਹ ਦੀਪੂ ਦੀ ਤਲਾਸ਼ ਵਿੱਚ ਨਿੱਕਲ ਗਿਆ ਨਾਲ ਲੱਗਦੇ ਦੋ-ਤਿੰਨ ਪਿੰਡਾਂ ਵਿੱਚ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਰਹਿੰਦੇ ਸਨ ਉਸਨੇ ਸੋਚਿਆ ਸ਼ਾਇਦ ਕਿਸੇ ਰਿਸ਼ਤੇਦਾਰ ਦੇ ਘਰ ਚਲਾ ਗਿਆ ਹੋਵੇ ?

ਇਸ ਲਈ ਉਹ ਦੀਪੂ ਦੀ ਤਲਾਸ਼ ਵਿੱਚ ਉਨ੍ਹੀਂ ਪਿੰਡੀਂ ਗੇੜਾ ਲਾਉਣ ਨਿੱਕਲ ਗਿਆ ਸੱਜਣ ਸਿਹੁੰ ਦੇ ਜਾਣ ਤੋਂ ਬਾਅਦ ਮਾਂ-ਧੀ ਪੱਠੇ ਕੁਤਰਨ ਲੱਗ ਪਈਆਂ ਮਾਂ ਮਸ਼ੀਨ ਗੇੜ ਰਹੀ ਸੀ ਤੇ ਨਿੰਦੀ ਛੋਟੇ-ਛੋਟੇ ਹੱਥਾਂ ਨਾਲ ਰੁੱਗ ਲਾ ਰਹੀ ਸੀ ਦੋਵੇ ਮਾਵਾਂ-ਧੀਆਂ ਔਖੀਆਂ ਹੋ ਕੇ ਪੱਠੇ ਕੁਤਰ ਰਹੀਆਂ ਸਨ ਸਿਰ ’ਤੇ ਆਣ ਪਈ ਅਣਜਾਣੀ ਮੁਸੀਬਤ ਦਾ ਰਲ ਕੇ ਟਾਕਰਾ ਕਰਨਾ ਹੀ ਪੈਣਾ ਸੀ ਅੱਧੇ ਕੁ ਪੱਠੇ ਕੁਤਰਕੇ ਉਨ੍ਹਾਂ ਨੇ ਮੱਝਾਂ ਦੀਆਂ ਖੁਰਲੀਆਂ ਵਿੱਚ ਸੁੱਟ ਦਿੱਤੇ ਡੰਗਰ ਚਾਰਾ ਖਾਣ ਲੱਗ ਪਏ ਥੋੜ੍ਹਾ ਦਮ ਮਾਰ ਕੇ ਉਹ ਬਾਕੀ ਬਚਦੇ ਪੱਠੇ ਫਿਰ ਕੁਤਰਨ ਲੱਗ ਪਈਆਂ

ਇਉਂ ਉਹ ਹੌਲੀ-ਹੌਲੀ ਪੱਠੇ ਕੁਤਰਨ ਦਾ ਕੰਮ ਮੁਕਾ ਕੇ ਫਿਰ ਘਰ ਦੇ ਬਾਕੀ ਬਚਦੇ ਕੰਮ ਵੀ ਜਲਦੀ ਨਿਪਟਾ ਕੇ ਦੀਪੂ ਦੀ ਤਲਾਸ਼ ਵਿੱਚ ਜੁੱਟ ਜਾਣਾ ਚਾਹੁੰਦੀਆਂ ਸਨ ਕੰਮ ਦਰਮਿਆਨ ਕੋਈ ਆਂਢੀ-ਗੁਆਂਢੀ ਆ ਜਾਂਦਾ ਆਉਣ ਵਾਲਾ ਦੀਪੂ ਬਾਰੇ ਹੀ ਪੁੱਛਦਾ ਸੀ ਸਭ ਦੇ ਆਪੋ-ਆਪਣੇ ਮਸ਼ਵਰੇ ਸਨ ਕੋਈ ਦੀਪੂ ਨੂੰ ਚੰਗਾ ਕਹਿੰਦਾ, ਕੋਈ ਬੁਰਾ ਹਰ ਕੋਈ ਆਪਣੀ ਮੱਤ ਅਨੁਸਾਰ ਵਾਪਰੀ ਘਟਨਾ ਦੀ ਆਲੋਚਨਾ ਕਰ ਰਿਹਾ ਸੀ ਕੋਈ ਸਿਆਣਾ ਆਦਮੀ ਪਰਿਵਾਰ ਦੇ ਦੁੱਖ ਨੂੰ ਸਮਝ ਕੇ ਹੌਂਸਲਾ ਦਿੰਦਿਆਂ ਪਰਿਵਾਰ ਨੂੰ ਢਾਰਸ ਦੇ ਜਾਂਦਾ ਸੀ ਸਾਰੇ ਕੰਮ ਆਪਣੀ ਰਫ਼ਤਾਰ ਨਾਲ ਹੋਈ ਜਾ ਰਹੇ ਸਨ ਪਰ ਫਿਰ ਵੀ ਦੁਖੀ ਪਰਿਵਾਰ ਨੂੰ ਇਉਂ ਭਾਸਦਾ ਸੀ ਜਿਵੇਂ ਸਮਾਂ ਠਹਿਰ ਗਿਆ ਹੈ

ਦੁੱਖ ਦੀਆਂ ਘੜੀਆਂ ਬੀਤਣ ਵਿੱਚ ਹੀ ਨਹੀਂ ਸੀ ਆ ਰਹੀਆਂ ਅਚਾਨਕ ਰੁੱਗ ਲਾਉਂਦਿਆਂ ਨਿੰਦੀ ਦੀ ਨਜ਼ਰ ਬਾਹਰ ਵਾਲੇ ਗੇਟ ’ਤੇ ਪਈ ਕੋਈ ਮੈਲੇ-ਕੁਚੈਲੇ ਕੱਪੜਿਆਂ ਵਾਲਾ ਮੰੁਡਾ ਅੰਦਰ ਤੁਰਿਆ ਆਉਂਦਾ ਉਸ ਦੀ ਨਜ਼ਰੀਂ ਪਿਆ ਉਹਨੂੰ ਕਿਸੇ ਭਿਖਾਰੀ ਦਾ ਝਉਲਾ ਪਿਆ ਪਰ ਫਿਰ ਗਹੁ ਨਾਲ ਵੇਖਿਆਂ ਉਹ ਝੱਟ, ਮਾਂ ਵੀਰਾ ਆ ਗਿਆ! ਕਹਿੰਦੀ ਦੀਪੂ ਦੇ ਗਲ਼ ਜਾ ਲੱਗੀ ਦੀਪੂ ਦੇ ਕੱਪੜਿਆਂ ਦੀ ਮੈਲ ਦੇ ਵਿੱਚੋਂ ਆ ਰਹੀ ਅਜੀਬ ਤਰ੍ਹਾਂ ਦੀ ਬਦਬੂ ਦੀ ਉਸ ਨੂੰ ਕੋਈ ਪਰਵਾਹ ਨਹੀਂ ਸੀ ਉਸਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਭਰ ਆਏ ਸਨ ਉਹਦੇ ਮਨ ਦੇ ਧੁਰ ਅੰਦਰ ਤੱਕ ਦੁੱਖ ਤੇ ਵੇਦਨਾ ਦਾ ਭਰਿਆ ਪਿਆਲਾ ਛਲਕ ਪਿਆ ਸੀ

ਉਸਨੇ ਵੀਰੇ ਨੂੰ ਹੋਰ ਕੁਝ ਵੀ ਨਹੀਂ ਪੁੱਛਿਆ ਬੱਸ ਉਹ ਸਹੀ-ਸਲਾਮਤ ਘਰੇ ਆ ਗਿਆ ਸੀ ਉਸਨੂੰ ਹੁਣ ਕੋਈ ਸ਼ਿਕਵਾ-ਸ਼ਿਕਾਇਤ ਨਹੀਂ ਰਹੀ ਸੀ ਭੈਣ ਨੇ ਆਪਣੇ ਵੀਰ ਦੇ ਮੈਲੇ ਹੱਥਾਂ ਨੂੰ ਕਈ ਵਾਰ ਪਿਆਰ ਨਾਲ ਘੁੱਟਿਆ ਉਸਨੂੰ ਤਸੱਲੀ ਹੋ ਗਈ ਕਿ ਵੀਰਾ ਹਰ ਤਰ੍ਹਾਂ ਸਹੀ-ਸਲਾਮਤ ਹੈ ਮਾਂ ਵੀ ਤੇਜੀ ਨਾਲ ਨਿੰਦੀ ਦੇ ਮਗਰੇ ਹੀ ਦੀਪੂ ਕੋਲ ਪਹੁੰਚ ਗਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।