ਦੀਪੂ ਦੀ ਵਾਪਸੀ

ਦੀਪੂ ਦੀ ਵਾਪਸੀ

ਪਿਛਲੇ ਅੰਕ ਤੋਂ ਅੱਗੇ….ਮਾਂ ਦੇ ਗਲ਼ ਲੱਗ ਕੇ ਦੀਪੂ ਦੀਆਂ ਭੁੱਬਾਂ ਨਿੱਕਲ ਗਈਆਂ। ਉਹ ਹਟਕੋਰੇ ਭਰ-ਭਰ ਕੇ ਰੋਣ ਲੱਗ ਪਿਆ। ਉਸ ਨੇ ਆਪਣਾ-ਆਪ ਮਾਂ ਦੀ ਪਵਿੱਤਰ ਗੋਦ ਵਿੱਚ ਢੇਰੀ ਕਰ ਦਿੱਤਾ। ਰੋਂਦੀ ਮਾਂ ਦੀਆਂ ਉਂਗਲਾਂ ਉਸਦੇ ਵਾਲਾਂ ਵਿੱਚ ਕੰਘੀ ਕਰ ਰਹੀਆਂ ਸਨ। ਮਾਂ ਦੀਆਂ ਅੱਖਾਂ ਖੁਸ਼ੀ ਦੇ ਹੰਝੂਆਂ ਨਾਲ ਗੜੁੱਚ ਸਨ।‘‘ਕਿੱਥੇ ਚਲਾ ਗਿਆ ਸੀ ਮੇਰਾ ਪੁੱਤ?’’ ਮਾਂ ਨੇ ਇੱਕ ਦਿਨ ਪਹਿਲਾਂ ਵਿੱਛੜੇ ਪੁੱਤ ਨੂੰ ਗਲ ਨਾਲ ਲਾਉਂਦਿਆਂ ਪੁੱਛਿਆ। ਮਾਂ ਦੇ ਬੁੱਲ੍ਹਾਂ ਵਿੱਚੋਂ ਅੰਤਾਂ ਦਾ ਪਿਆਰ ਛਲਕ ਰਿਹਾ ਸੀ। ਅੱਖਾਂ ਵਿੱਚੋਂ ਹੰਝੂ ਮਮਤਾ ਬਣ ਕੇ ਹੇਠਾਂ ਨੂੰ ਸਰਕ ਰਹੇ ਸਨ। ਦੀਪੂ ਦੀ ਵੀ ਘਿੱਗੀ ਬੱਝੀ ਹੋਈ ਸੀ। ਉਸ ਕੋਲੋਂ ਮੂੰਹੋਂ ਕੁਝ ਵੀ ਬੋਲਿਆ ਨਹੀਂ ਜਾ ਰਿਹਾ ਸੀ। ਘਬਰਾਹਟ ਅਤੇ ਪਛਤਾਵੇ ਦਾ ਅਸਰ ਦੀਪੂ ਦੇ ਚਿਹਰੇ ’ਤੇ ਪ੍ਰਤੱਖ ਦਿਖਾਈ ਦੇ ਰਿਹਾ ਸੀ।

ਨਿੰਦੀ ਭੱਜ ਕੇ ਪਾਣੀ ਦਾ ਗਲਾਸ ਭਰ ਲਿਆਈ। ਦੀਪੂ ਨੇ ਭੈਣ ਦੇ ਹੱਥੋਂ ਦੋ ਕੁ ਘੁੱਟਾਂ ਪਾਣੀ ਪੀਤਾ। ਮਾਂ ਨੇ ਆਪਣੀ ਚੁੰਨੀ ਦੇ ਲੜ ਨਾਲ ਦੀਪੂ ਦੀਆਂ ਅੱਖਾਂ ਪੂੰਝੀਆਂ ਤੇ ਫਿਰ ਉਸਨੂੰ ਗਲਵੱਕੜੀ ਵਿੱਚ ਲੈ ਕੇ ਬਰਾਂਡੇ ਵਿੱਚ ਮੰਜੇ ਉੱਤੇ ਬਿਠਾ ਲਿਆ। ਹੁਣ ਦੀਪੂ ਦੇ ਹਟਕੋਰੇ ਲਗਭਗ ਬੰਦ ਹੋ ਗਏ ਸਨ। ਕੁਝ ਹੀ ਪਲਾਂ ਤੱਕ ਉਸ ਨੇ ਆਪਣਾ ਆਪਾ ਸੰਭਾਲ ਲਿਆ ਸੀ। ਉਹ ਉੱਠ ਕੇ ਮਾਂ ਦੇ ਪੈਰਾਂ ਉੱਤੇ ਡਿੱਗਦਿਆਂ ਬੋਲਿਆ, ‘‘ਮੈਨੂੰ ਮਾਫ਼ ਕਰਦੇ ਮਾਂ! …ਮੈਂ ਘਰੋਂ ਜਾ ਕੇ ਬਹੁਤ ਵੱਡੀ ਭੁੱਲ ਕਰ ਬੈਠਾ ਸਾਂ। ਰਾਤ ਭਰ, ਤਨ-ਮਨ ’ਤੇ ਵਿਛੋੜੇ ਦੀ ਪੀੜ ਸਹੀ ਹੈ। ਹੁਣ ਮੈਂ ਕਦੇ ਵੀ ਘਰੋਂ ਨਹੀਂ ਜਾਵਾਂਗਾ, ਕਦੇ ਵੀ ਨਹੀਂ। ਤੇਰਾ ਆਗਿਆਕਾਰੀ ਪੁੱਤਰ ਬਣਾਂਗਾ ਮਾਂ। ਮੈਂ ਸਾਰੀਆਂ ਬੁਰੀਆਂ ਆਦਤਾਂ ਤਿਆਗ ਕੇ ਡਟ ਕੇ ਪੜ੍ਹਾਈ ਕਰਾਂਗਾ…!

ਖੂਬ ਪੜ੍ਹਾਂਗਾ ਮਾਂ!’’ ਮਾਂ ਕੁਝ ਵੀ ਨਾ ਬੋਲੀ। ਬੱਸ ਆਪਣੇ ਬੁਰੇ ਰਸਤਿਓਂ ਮੁੜ ਆਏ ਪੁੱਤ ਦਾ ਸਿਰ ਆਪਣੇ ਪਵਿੱਤਰ ਹੱਥਾਂ ਨਾਲ ਸਹਿਲਾਉਂਦੀ ਰਹੀ, ਪਲੋਸਦੀ ਰਹੀ। ਫਿਰ ਦੀਪੂ ਨਿੰਦੀ ਵੱਲ ਵੇਖ ਕੇ ਬੋਲਿਆ, ‘‘ਤੂੰ ਵੀ ਮਾਫ਼ ਕਰੀ ਭੈਣੇ! ਤੇਰੀਆਂ ਕੀਮਤੀ ਗੱਲਾਂ ਦੀ ਮੈਂ ਕਦੇ ਕਦਰ ਨਹੀਂ ਪਾਈ ਸੀ। ਹਮੇਸ਼ਾ ਡਾਂਟ ਕੇ ਚੁੱਪ ਕਰਾਉਂਦਾ ਰਿਹਾ ਹਾਂ, ਬੱਸ ਸਾਰੇ ਜਾਣੇ ਮੇਰੀ ਇੱਕੋ ਹੀ ਗਲਤੀ ਮਾਫ਼ ਕਰ ਦਿਉ, ਅੱਗੇ ਤੋਂ ਮੇਰੀ ਗਲਤੀਆਂ ਤੋਂ ਤੋਬਾ!’’‘‘ਵੀਰ ਤੂੰ ਮਾਂ ਦਾ ਹਾਲ ਵੇਖਿਆ? ਸਾਰੀ ਰਾਤ ਨਹੀਂ ਸੁੱਤੀ। ਤੇਰੇ ਬਾਰੇ ਆਉਂਦੇ ਬੁਰੇ-ਬੁਰੇ ਖਿਆਲਾਂ ਨੇ ਮਾਂ ਦਾ ਮਰਨ ਵਾਲਾ ਹਾਲ ਕਰ ਦਿੱਤਾ ਹੈ।

ਬਾਪੂ ਤੈਨੂੰ ਕੱਲ੍ਹ ਰਾਤੀਂ ਕਈ ਥਾਈਂ ਟੋਲਦਾ ਤੁਰਿਆ ਫਿਰਦਾ ਰਿਹਾ ਸੀ। ਸਾਰੀ ਰਾਤ ਮੈਂ ਵੇਖਦੀ ਰਹੀ ਹਾਂ ਬੇਚੈਨੀ ਵਿੱਚ ਪਾਸੇ ਮਾਰਦੇ ਨੂੰ, ਭੋਰਾ ਨਹੀਂ ਸੁੱਤਾ ਮੈਨੂੰ ਤੇਰੇ ਬਾਰੇ ਰਾਤ ਭਰ ਬੁਰੇ-ਬੁਰੇ ਖਿਆਲਾਂ ਨੇ ਘੇਰੀ ਰੱਖਿਆ!’’ ਕਹਿ ਕੇ ਨਿੰਦੀ ਅੱਖਾਂ ਵਿੱਚੋਂ ਆਪ-ਮੁਹਾਰੇ ਵਹਿ ਆਏ ਹੰਝੂ ਪੂੰਝਣ ਲੱਗ ਪਈ ਸੀ। ਦੀਪੂ ਨੇ ਉੱਠ ਕੇ ਭੈਣ ਨੂੰ ਕਲਾਵੇ ਵਿੱਚ ਲੈ ਕੇ ਚੁੱਪ ਕਰਾਇਆ। ਅਜਿਹੇ ਜਜ਼ਬਾਤੀ ਮਾਹੌਲ ਵਿੱਚ ਗਲੀ-ਗੁਆਂਢ ਦੇ ਹੋਰ ਵੀ ਕਈ ਲੋਕ ਇਕੱਠੇ ਹੋ ਗਏ ਸਨ। ਸਭ ਦੀਆਂ ਅੱਖਾਂ ਨਮ ਸਨ।ਫਿਰ ਦੀਪੂ ਆਸੇ-ਪਾਸੇ ਬਾਪੂ ਨੂੰ ਨਾ ਵੇਖ ਕੇ ਬੋਲਿਆ, ‘‘ਤੇ ਹੁਣ ਬਾਪੂ ਕਿੱਥੇ ਗਿਆ ਐ?’’ ਤਾਂ ਮਾਂ ਤੇ ਨਿੰਦੀ ਇਕੱਠੀਆਂ ਹੀ ਬੋਲੀਆਂ, ‘‘ਤੜਕੇ ਦਾ ਹੀ ਪੱਠੇ ਸੁੱਟ ਕੇ ਤੈਨੂੰ ਲੱਭਣ ਨਿੱਕਲ ਗਿਆ ਸੀ।

ਕਹਿੰਦਾ ਸੀਗਾ ਆਸੇ-ਪਾਸੇ ਵਾਲੇ ਪਿੰਡਾਂ ’ਚ ਵੇਖ ਕੇ ਆਊਂਗਾ। ਸਭ ਪਿੰਡੀਂ ਤੇਰੇ ਗੁੰਮ ਹੋਣ ਦਾ ਹੋਕਾ ਵੀ ਦਿਵਾ ਕੇ ਆਊਂਗਾ!’’ ਸੁਣ ਕੇ ਦੀਪੂ ਚੁੱਪ ਕਰ ਗਿਆ। ਸ਼ਰਮ ਨਾਲ ਉਸ ਦਾ ਸਿਰ ਨਿਉਂ ਗਿਆ ਸੀ। ਹੁਣ ਉਹ ਚੁੱਪ ਬੈਠਾ ਪੈਰ ਦੇ ਅੰਗੂਠੇ ਨਾਲ ਧਰਤੀ ਖੁਰਚ ਰਿਹਾ ਸੀ। ’ਕੱਠੇ ਹੋਏ ਗੁਆਂਢੀ ਮਾਂ ਕੋਲੋਂ ਉਸਦਾ ਹਾਲ-ਚਾਲ ਪੁੱਛ ਰਹੇ ਸਨ। ਮਾਂ ਲੋਕਾਂ ਦੇ ‘ਕਿਉਂ? ਕਿਵੇਂ? ਕਿੱਥੇ?’ ਵਰਗੇ ਸਰਸਰੀ ਸਵਾਲਾਂ ਦੇ ਉੱਤਰ ਦੇ ਰਹੀ ਸੀ। ਲੋਕਾਂ ਦਾ ਆਉਣਾ-ਜਾਣਾ ਲੱਗਿਆ ਹੋਇਆ ਸੀ। ਸਭ ਉਸਦਾ ਹੁਲੀਆ ਵੇਖ ਕੇ ਹੈਰਾਨ ਹੋ ਰਹੇ ਸਨ। ਉਹਦੇ ਵਾਲਾਂ ਦੀਆਂ ਗੰਢਾਂ ਬੱਝੀਆਂ ਹੋਈਆਂ ਸਨ। ਉਘੜ-ਦੁਘੜੀ ਬੰਨ੍ਹੀ ਪੱਗ ਮੈਲ ਨਾਲ ਬਦਰੰਗ ਹੋਈ ਪਈ ਸੀ। ਉਹਦੇ ਕੱਪੜੇ ਮੈਲ ਨਾਲ ਆਕੜੇ ਪਏ ਸਨ।

ਉਹਦੇ ਨੇੜਿਉਂ ਅਜੀਬ ਤਰ੍ਹਾਂ ਦੀ ਬਾਸ ਆ ਰਹੀ ਸੀ। ਉਹ ਇੱਕਦਮ ਭਿਖਾਰੀ ਲੱਗ ਰਿਹਾ ਸੀ।ਉਸਦੀ ਹਾਲਤ ਦਾ ਆਭਾਸ ਕਰਕੇ ਨਿੰਦੀ ਨੇ ਪਾਣੀ ਭਰਕੇ ਗੁਸਲਖਾਨੇ ਵਿੱਚ ਰੱਖ ਦਿੱਤਾ। ਉਸਨੂੰ ਨਹਾਉਣ ਵਾਸਤੇ ਕਹਿ ਕੇ ਆਪ ਉਸਦੇ ਧੋਤੇ ਕੱਪੜੇ ਟਰੰਕ ’ਚੋਂ ਲੈਣ ਅੰਦਰ ਚਲੀ ਗਈ। ਉਹ ਖੂਬ ਸਾਬਣ ਮਲ-ਮਲ ਕੇ ਨਹਾਤਾ। ਮੰਨੋ ਤਨ-ਮਨ ਦੀ ਸਾਰੀ ਗੰਦਗੀ ਉਸ ਨੇ ਖੁਰਚ-ਖੁਰਚ ਉਤਾਰ ਕੇ ਨਾਲੀ ਵਿੱਚ ਵਹਾ ਦਿੱਤੀ ਸੀ। ਕੁਝ ਹੀ ਮਿੰਟਾਂ ਵਿੱਚ ਉਹ ਨਹਾ-ਧੋ ਕੇ, ਸਾਫ-ਸੁਥਰੇ ਕੱਪੜੇ ਪਾ ਕੇ ਇੱਕ ਭਿਖਾਰੀ ਤੋਂ ‘ਪਾੜ੍ਹਾ ਮੁੰਡਾ’ ਬਣ ਗਿਆ ਸੀ। ਉਸਨੇ ਮਾਂ ਦੇ ਹੱਥਾਂ ਦੀ ਬਣੀ ਰੋਟੀ ਖਾਧੀ, ਚਾਹ ਪੀਤੀ। ਮਾਂ ਦੇ ਪਵਿੱਤਰ ਹੱਥਾਂ ਦੇ ਬਣੇ ਸਵਾਦੀ ਖਾਣੇ ਨੇ ਕੱਲ੍ਹ ਦੇ ਸ਼ਹਿਰੋਂ ਤੇ ਸਟੇਸ਼ਨ ਤੋਂ ਖਾਧੀਆਂ ‘ਅਲਾਅ-ਬਲਾਅ’ ਚੀਜਾਂ ਦੀ ਬਾਸ ਢਿੱਡ ਵਿੱਚ ਹੇਠਾਂ ਹੀ ਕਿਤੇ ਨੱਪ ਦਿੱਤੀ ਸੀ। ਉਸ ਨੂੰ ਆ ਰਹੇ ਸੜੇ-ਸੜੇ ਡਕਾਰ ਹੁਣ ਬੰਦ ਹੋ ਗਏ ਸਨ।

ਉਹ ਟਹਿਰਕੇ ਵਿੱਚ ਹੋ ਗਿਆ ਸੀ। ਥਕਾਨ ਤੇ ਉਦਾਸੀ ਕਿਧਰੇ ਗਾਇਬ ਹੋ ਗਈ ਸੀ।ਉਹ ਆਪਣੀ ਭੈਣ ਨੂੰ ਸੰਬੋਧਨ ਹੋ ਕੇ ਬੋਲਿਆ, ‘‘ਨਿੰਦੀ, ਚੱਲ ਭੈਣੇ ਰੁੱਗ ਲਾ, ਆਪਾਂ ਪੱਠੇ ਕੁਤਰ ਲਈਏ!’’ ਇਸ ਤੋਂ ਪਹਿਲਾਂ ਕਿ ਉਹ ਮਸ਼ੀਨ ਗੇੜਦਾ ਨਿੰਦੀ ਨੇ ਉਸਦੇ ਬਾਹਵਾਂ-ਲੱਤਾਂ ’ਤੇ ਰਗੜਾਂ ਦੇ ਨਿਸ਼ਾਨ ਵੇਖੇ। ਪਹਿਲਾਂ ਉਸਨੇ ਦੀਪੂ ਦੇ ਜਖਮਾਂ ’ਤੇ ਮੱਲ੍ਹਮ ਲਾਈ। ਉਸਨੂੰ ਮਸ਼ੀਨ ’ਤੇ ਲੱਗਣ ਤੋਂ ਮਨ੍ਹਾ ਕਰ ਦਿੱਤਾ ਪਰ ਜਬਰਦਸਤੀ ਉਹ ਮਸ਼ੀਨ ਗੇੜਨ ਲੱਗ ਪਿਆ। ਮਾਂ ਅਤੇ ਨਿੰਦੀ ਖੁਸ਼ੀ ਨਾਲ ਪਾਗਲ ਹੋਈਆਂ ਫਿਰ ਰਹੀਆਂ ਸਨ। ਖੁਸ਼ੀ ਵਿੱਚ ਉਨ੍ਹਾਂ ਦੇ ਪੈਰ ਧਰਤੀ ’ਤੇ ਖੌਰੂ ਪਾਉਂਦੇ ਫਿਰ ਰਹੇ ਸਨ।

ਧਰਤੀ ਦਾ ਤਲ ਉਨ੍ਹਾਂ ਦੀ ਤੋਰ ਨਾਲ ਧੁਰ ਅੰਦਰ ਤੱਕ ਹਿੱਲਦਾ ਪ੍ਰਤੀਤ ਹੁੰਦਾ ਸੀ। ਏਨੀ ਦੇਰ ’ਚ ਉਸਦਾ ਬਾਪੂ ਵੀ ਆ ਗਿਆ। ਉਸਦਾ ਚਿਹਰਾ ਉੱਡਿਆ ਹੋਇਆ ਸੀ। ਉਹ ਕਹਿਣ ਹੀ ਵਾਲਾ ਸੀ ਕਿ ਦੀਪੂ ਤਾਂ ਅੱਜ ਵੀ ਨਹੀਂ ਕਿਤੋਂ ਮਿਲਿਆ!…ਉਸਦੀ ਨਿਗ੍ਹਾ ਮਸ਼ੀਨ ਗੇੜਦੇ ਦੀਪੂ ’ਤੇ ਜਾ ਪਈ। ਉਸਦੇ ਉਦਾਸ ਮੁੱਖੜੇ ’ਤੇ ਖੁਸ਼ੀ ਦੀ ਇੱਕ ਲੀਕ ਫਿਰ ਗਈ। ਉਹ ਸਾਈਕਲ ਖੜ੍ਹਾ ਕਰਕੇ ਉੱਧਰ ਨੂੰ ਅਹੁਲਿਆ। ਦੀਪੂ ਪਹਿਲਾਂ ਹੀ ਮਸ਼ੀਨ ਛੱਡ ਕੇ ਪਿਉ ਦੇ ਪੈਰੀਂ ਆ ਡਿੱਗਾ। ਰੋ-ਰੋ ਕੇ ਮਾਫ਼ੀਆਂ ਮੰਗ ਰਿਹਾ ਸੀ।ਸੱਜਣ ਸਿੰਘ ਬਹੁਤ ਹੀ ਕਰੁਨਾ ਭਰੀ ਭੜਰਾਈ ਅਵਾਜ ਵਿੱਚ ਬੋਲਿਆ, ‘‘ਪੁੱਤ ਜੇ ਤੂੰ ਨਹੀਂ ਪੜ੍ਹਨਾ ਚਾਹੁੰਦਾ ਤੇ ਨਾ ਪੜ੍ਹ ਪੁੱਤ! …ਪਰ ਸਾਨੂੰ ਛੱਡ ਕੇ ਕਿਤੇ ਨਾ ਜਾਵੀਂ। ਤੇਰੇ ਬਿਨਾਂ ਸਾਡਾ ਕੌਣ ਹੈ ਜੱਗ ’ਤੇ?’’

ਬਾਪੂ ਨੇ ਆਪਣੀਆਂ ਅੱਖਾਂ ਪੂੰਝੀਆਂ। ਦੀਪੂ ਦਾ ਵੀ ਰੋਣ ਨਿੱਕਲ ਗਿਆ। ਉਸ ਨੂੰ ਬਾਪੂ ਦੀ ਕੰਬਦੀ ਦਾਹੜੀ ਤੇ ਵਿੱਚ ਟਪਕਦੇ ਹੰਝੂ ਕੁਝ ਕਹਿੰਦੇ ਪ੍ਰਤੀਤ ਹੋ ਰਹੇ ਸਨ। ਉਸ ਨੇ ਬਾਪੂ ਨੂੰ ਅੱਜ ਪਹਿਲੀ ਵਾਰ ਐਨਾ ਜ਼ਜਬਾਤੀ ਤੇ ਉਦਾਸ ਵੇਖਿਆ ਸੀ। ਅੱਜ ਪੁੱਤਰ ਵਿਯੋਗ ਵਿੱਚ ਬਾਪੂ ਦੀ ਨਿੱਕਲੀ ਭੁੱਬ ਨੇ ਦੀਪੂ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਦੀਪੂ ਦੇ ਵੀ ਜ਼ਜਬਾਤ ਕਾਬੂ ਵਿੱਚ ਨਹੀਂ ਰਹੇ ਸਨ।

ਉਹ ਡਡਿਆ ਕੇ ਬੋਲਿਆ, ‘‘ਨਹੀਂ ਬਾਪੂ! ਮੈਂ ਹੁਣ ਤੇਰਾ ਸਾਊ ਪੁੱਤ ਬਣੂੰਗਾ! ਅੱਜ ਤੋਂ ਮੈਂ ਸਭ ਬੁਰੇ ਕੰਮ ਤਿਆਗ ਦਿੱਤੇ ਹਨ। ਮੈਂ ਖੂਬ ਪੜ੍ਹਾਂਗਾ! ਦਿਲ ਲਾ ਕੇ, ਮਨ ਲਾ ਕੇ ਖੂਬ ਪੜ੍ਹਾਈ ਕਰਾਂਗਾ। ਬਾਪੂ ਹੁਣ ਮੈਂ ਪੜ੍ਹਾਈ ਵਿੱਚ ਆਪਣੀ ਪੂਰੀ ਵਾਹ ਲਾ ਦੇਵਾਂਗਾ! ਤੇਰੀਆਂ ਸਭ ਬਲਾਵਾਂ ਮੈਂ ਆਪਣੀ ਵਿੱਦਿਆ ਦੀ ਰੌਸ਼ਨੀ ਨਾਲ ਮਿਟਾ ਕੇ ਦਮ ਲਵਾਂਗਾ। ਤੂੰ ਹੁਣ ਚਿੰਤਾ-ਮੁਕਤ ਹੋਜਾ ਬਾਪੂ… ਵੇਖੀਂ ਆਪਣੇ ਪੁੱਤਰ ਦੇ ਕਮਾਲ ਹੁਣ!’’ ਦੀਪੂ ਪੂਰੇ ਭਰੋਸੇ ਨਾਲ ਬੋਲਿਆ। ਇੱਕੋ ਠ੍ਹੋਕਰ ਨੇ ਉਸ ਵਿੱਚ ਅੰਤਾਂ ਦਾ ਵਿਸ਼ਵਾਸ ਪੈਦਾ ਕਰ ਦਿੱਤਾ ਸੀ। ਉਹ ਦੁਨੀਆਂ ਦੀ ਹਰ ਔਕੜ ਨਾਲ ਟੱਕਰ ਲੈਣ ਦੇ ਰੌਂ ਵਿੱਚ ਖੜ੍ਹਾ ਹੋ ਗਿਆ ਸੀ।

ਉਹਦਾ ਵਿਸ਼ਵਾਸ ਵੇਖ ਕੇ ਹਰ ਅਸਫਲਤਾ ਦੀਪੂ ਕੋਲੋਂ ਕੰਬਦੀ ਪ੍ਰਤੀਤ ਹੋ ਰਹੀ ਸੀ। ਦੀਪੂ ਦੀਆਂ ਵਿਸ਼ਵਾਸ ਭਰਪੂਰ ਗੱਲਾਂ ਸੁਣ ਕੇ ਸੱਜਣ ਸਿਹੁੰ ਦੇ ਅੰਦਰਲਾ ਭੈਅ, ਭੈਅਭੀਤ ਹੋ ਰਿਹਾ ਸੀ। ਉਸਨੂੰ ਜਾਪਿਆ ਹੁਣ ਉਹਦੇ ਇਕੱਲੇ ਦੀਪੂ ਵਿੱਚ ਲੱਖਾਂ ਦੀਪੂਆਂ ਦਾ ਵਿਸ਼ਵਾਸ ਪੈਦਾ ਹੋ ਗਿਆ ਹੈ। ਉਸਨੇ ਦੀਪੂ ਨੂੰ ਘੁੱਟ ਕੇ ਆਪਣੀ ਛਾਤੀ ਨਾਲ ਲਾ ਲਿਆ। ਉਸਨੂੰ ਦੀਪੂ ਦੇ ਕਮਾਊ ਪੁੱਤ ਹੋਣ ਦਾ ਫਕਰ ਹੁਣ ਤੋਂ ਹੀ ਹੋਣ ਲੱਗ ਪਿਆ ਸੀ। ਉਸ ਨੂੰ ਆਪਣੀ ਵਧ ਰਹੀ ਉਮਰ ਦੇ ਨਾਲ-ਨਾਲ ਵਧ ਰਹੇ ਬੁਢਾਪੇ ਦੀ ਚਿੰਤਾ ਖਤਮ ਹੁੰਦੀ ਜਾਪ ਰਹੀ ਸੀ। ਉਹ ਸਵੈ-ਵਿਸ਼ਵਾਸ ਨਾਲ ਲਬਰੇਜ਼ ਹੋ ਗਿਆ। ਉਸ ਨੇ ਕੋਲ ਖੜ੍ਹੀ ਨਿੰਦੀ ਨੂੰ ਵੀ ਆਪਣੇ ਕਲਾਵੇ ਵਿੱਚ ਲੈ ਲਿਆ।

ਉਸ ਨੂੰ ਜਾਪਿਆ ਸਾਰੀ ਦੁਨੀਆਂ ਤੋਂ ਵੱਧ ਦੌਲਤ ਉਹਦੇ ਕੋਲ, ਆਪਣੇ ਦੋਨੋਂ ਬੱਚਿਆਂ-ਨਿੰਦੀ ਅਤੇ ਦੀਪੂ ਦੇ ਰੂਪ ਵਿੱਚ ਹੈ! ਉਹ ਦੋਵਾਂ ਬੱਚਿਆਂ ਨੂੰ ਕਲਾਵੇ ਵਿੱਚ ਲੈ ਕੇ ਅੰਦਰ ਬਰਾਂਡੇ ਵਿੱਚ ਆ ਖੜ੍ਹਾ ਹੋਇਆ। ਉੱਥੇ ਦੋਵਾਂ ਬਾਲਾਂ ਦੀ ਮਾਂ ਉਨ੍ਹਾਂ ਤਿੰਨਾਂ ਨੂੰ ਵੇਖ ਕੇ ਮੁਸਕਰਾ ਰਹੀ ਸੀ।ਅੰਤਿਕਾ-ਇੱਕ ਹਫ਼ਤੇ ਬਾਅਦਦੀਪੂ ਸਕੂਲੋਂ ਆ ਕੇ ਆਪਣੇ ਬਾਪੂ ਨਾਲ ਪੱਠੇ ਕੁਤਰਾ ਰਿਹਾ ਸੀ, ਜਦੋਂ ਆਪਣੇ ਢਿੱਲੇ ਜਿਹੇ ਜੂੜੇ ’ਤੇ ਸੂਤ ਲਪੇਟਦਾ ਨਿਰਮਲ ਆ ਧਮਕਿਆ। ਦਰਵਾਜੇ ’ਚੋਂ ਝਾਤੀ ਮਾਰਦਿਆਂ ਉਸਨੇ ਅੰਦਰੋਂ ਦੀਪੂ ਦੀ ਬਿੜਕ ਲਈ। ਦੀਪੂ ਤੇ ਬਾਪੂ ਇਕੱਠੇ ਵੇਖ ਕੇ ਉਸਦੀ ਸਿੱਧਾ ਹੀ ਅੰਦਰ ਲੰਘ ਆਉਣ ਦੀ ਹਿੰਮਤ ਨਾ ਪਈ।

ਉਸਨੇ ਦੀਪੂ ਨੂੰ ਬਾਹਰੋਂ ਹੀ ਅਵਾਜ਼ ਮਾਰਨੀ ਠੀਕ ਸਮਝੀ। ਉਹ ਉੱਚੀ ਅਵਾਜ਼ ਵਿੱਚੋਂ ਲੰਮੀ ਹੇਕ ਕੱਢਦਿਆਂ ਬੋਲਿਆ, ‘‘ਦੀਪੂ ਉਏਏਏ!’’‘‘ਇੱਥੇ ਕੋਈ ਦੀਪੂ-ਸ਼ੀਪੂ ਨਹੀਂ ਰਹਿੰਦਾ, ਮੈਂ ਤਾਂ ਸਰਦਾਰ ਦਪਿੰਦਰ ਸਿੰਘ ਹਾਂ, ਪਾਲੇ ਦਾ ਪੱਕਾ ਮਿੱਤਰ! ਤੂੰ ਭੱਜ ਜਾਹ ਇੱਥੋਂ, ਮੁੜ ਸਾਡੇ ਗੇਟ ਮੂਹਰੇ ਨਾ ਖੜ੍ਹੀਂ ਆ ਕੇ ਕੁੱਟੂੰਗਾ ਫੜ੍ਹ ਕੇ!’’ ਕਹਿੰਦਿਆਂ ਦੀਪੂ ਨੇ ਪੱਠਿਆਂ ਦਾ ਰੁੱਗ ਚੁੱਕ ਕੇ ਮਸ਼ੀਨ ਵਿੱਚ ਜ਼ੋਰ ਦੀ ਧੱਕਿਆ। ਬਾਪੂ ਮਸ਼ੀਨ ਰੋਕ ਕੇ ਅਵਾਕ ਦੀਪੂ ਦੇ ਮੂੰਹ ਵੱਲ ਤੱਕ ਰਿਹਾ ਸੀ। ਦੀਪੂ ਅਜੇ ਵੀ ਗੇਟ ਵੱਲੀਂ ਵਾਪਸ ਜਾ ਰਹੇ ਨਿਰਮਲ ਵੱਲੀਂ ਗੁੱਸੇ ਨਾਲ ਦੇਖੀ ਜਾ ਰਿਹਾ ਸੀ!

ਇੱਕ ਹੋਰ ਅੰਤਿਕਾ-ਕਈ ਵਰ੍ਹੇ ਬੀਤ ਗਏ ਸਨਇਨ੍ਹਾਂ ਵਰਿ੍ਹਆਂ ਦੌਰਾਨ ਦੀਪੂ ਪੜ੍ਹ-ਲਿਖ ਕੇ ਇੱਕ ਪੁਲਿਸ ਅਫ਼ਸਰ ਬਣ ਗਿਆ। ਨਿੰਦੀ ਸਕੂਲ ਵਿੱਚ ਅਧਿਆਪਕਾ ਲੱਗ ਗਈ। ਪਾਲਾ ਪ੍ਰੋਫੈਸਰ ਅਤੇ ਇੱਕ ਵਿਦਵਾਨ ਲੇਖਕ ਬਣ ਗਿਆ। ਸਭ ਵਿਆਹੇ-ਵਰੇ ਗਏ। ਬਾਲ-ਬੱਚੇਦਾਰ ਹੋ ਗਏ। ਪਰ ਨਿਰਮਲ ਨਿਕੰਮੇ ਦਾ ਨਿਕੰਮਾ ਹੀ ਰਿਹਾ। ਉਹ ਨਸ਼ੱਈ ਅਤੇ ਚੋਰ-ਉਚੱਕਾ ਬਣਨ ਤੋਂ ਬਾਅਦ ਅੱਜ ਵੀ ਜੇਲ੍ਹ ਦੀਆਂ ਸੀਖਾਂ ਪਿੱਛੇ ਬੰਦ ਹੈ। ਦੀਪੂ ਦੇ ਮਾਂ-ਪਿਓ ਬਜ਼ੁਰਗ ਹਨ, ਪਰ ਅਜੇ ਵੀ ਜ਼ਿੰਦਾ ਹਨ, ਤੰਦਰੁਸਤ ਹਨ। ਦੀਪੂ ਦੇ ਬਾਲਾਂ ਨਾਲ ਮਸਤੀ ਕਰਦੇ ,ਦੀਪੂ ਦੇ ਘਰ ਦੀ ਰੌਣਕ ਬਣੇ ਹੋਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।