ਇੱਕ ਦਿਨ ਬਾਅਦ ਦੀਵਾਲੀ ਮਨਾਉਂਦੈ ਮੋਹਾਲੀ ਦਾ ਪਿੰਡ ਚਿੱਲਾ

Day later, Diwali, Celebrates , village, Chila, Mohali

ਕੁਲਵੰਤ ਕੋਟਲੀ/ਮੋਹਾਲੀ। ਦੇਸ਼ ਭਰ ਵਿਚ 27 ਅਕਤੂਬਰ ਨੂੰ ਦੀਵਾਲੀ ਧੂਮਧਾਮ ਨਾਲ ਮਨਾਈ ਗਈ, ਪ੍ਰੰਤੂ ਮੋਹਾਲੀ ਜ਼ਿਲ੍ਹੇ ਦਾ ਇੱਕ ਅਜਿਹਾ ਪਿੰਡ ਹੈ ਜਿੱਥੇ ਦੀਵਾਲੀ ਬਾਕੀ ਦੇਸ਼ ਨਾਲੋਂ ਅਲੱਗ ਦਿਨ ਮਨਾਈ ਜਾਂਦੀ ਹੈ। ਜ਼ਿਲ੍ਹਾ ਮੋਹਾਲੀ ਦੇ ਪਿੰਡ ਚਿੱਲਾ ਵਿਚ ਦੀਵਾਲੀ ਤੋਂ ਅਗਲੇ ਦਿਨ ਦੀਵਾਲੀ ਮਨਾਈ ਜਾਂਦੀ ਹੈ। ਇਸ ਵਿਚ ਪਿੰਡ ਵਿਚ ਦੀਵਾਲੀ ਦਾ ਤਿਉਹਾਰ ਅਗਲੇ ਦਿਨ ਮਨਾਉਣ ਦੀ ਪਰੰਪਰਾ ਕਈ ਸਦੀਆਂ ਤੋਂ ਲਗਾਤਾਰ ਚਾਲੂ ਹੈ। ਇਸ ਵਾਰ ਵੀ ਦੀਵਾਲੀ ਪਿੰਡ ਵਾਸੀਆਂ ਵੱਲੋਂ 28 ਅਕਤੂਬਰ ਨੂੰ ਮਨਾਈ ਗਈ। ਇਸ ਦੀਵਾਲੀ ਨੂੰ ਲੈ ਕੇ ਭਾਵੇਂ ਵੱਖ-ਵੱਖ ਧਰਾਵਾਂ ਮੰਨੀਆਂ ਜਾਂਦੀਆਂ ਹਨ।

ਪ੍ਰੰਤੂ ਲੋਕਾਂ ਵੱਲੋਂ ਜਿਸ ਨੂੰ ਜ਼ਿਆਦਾ ਮਾਨਤਾ ਦਿੱਤੀ ਗਈ ਹੈ ਉਹ ਪਸ਼ੂ ਚੋਰੀ ਹੋਣ ਦੀ ਹੈ। ਪਿੰਡ ਦੇ ਇੱਕ 87 ਸਾਲਾ ਬਜ਼ੁਰਗ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ ਤੋਂ ਪਹਿਲਾਂ ਤੋਂ ਲੈ ਕੇ ਦੀਵਾਲੀ ਅਗਲੇ ਦਿਨ ਮਨਾਈ ਜਾਂਦੀ ਹੈ। ਉਸਨੇ ਦੱਸਿਆ ਕਿ ਬਹੁਤ ਸਮਾਂ ਪਹਿਲਾਂ ਜਦੋਂ ਪਿੰਡ ਦੇ ਸਾਰੇ ਪਸ਼ੂ ਪਿੰਡੋਂ ਬਾਹਰ ਇੱਕੋ ਥਾਂ ‘ਤੇ ਬੰਨ੍ਹੇ ਜਾਂਦੇ ਸਨ ਤਾਂ ਇੱਕ ਵਾਰ ਦੀਵਾਲੀ ਵਾਲੇ ਦਿਨ ਰਾਤ ਸਮੇਂ ਜਦੋਂ ਲੋਕ ਦੀਵਾਲੀ ਦਾ ਮੱਥਾ ਟੇਕਣ ਦੀ ਤਿਆਰੀ ਕਰ ਰਹੇ ਸਨ ਤਾਂ ਪਸ਼ੂਆਂ ਦਾ ਵੱਗ ਕਿਸੇ ਪਾਸੇ ਚਲਾ ਗਿਆ।

ਜਦੋਂ ਇਸ ਸਬੰਧੀ ਪਿੰਡ ਵਾਸੀਆਂ ਨੂੰ ਪੱਤਾ ਲੱਗਿਆ ਤਾਂ ਸਾਰੇ ਆਦਮੀ ਪਸ਼ੂਆਂ ਦੀ ਭਾਲ ਲਈ ਚਲੇ ਗਏ। ਮਰਦ ਮੈਂਬਰਾਂ ਦੀ ਗੈਰ-ਹਾਜ਼ਰੀ ਵਿਚ ਘਰਾਂ ਵਿਚ ਰਹਿ ਰਹੀਆਂ ਔਰਤਾਂ ਨੇ ਦੀਵਾਲੀ ਦਾ ਮੱਥਾ ਟੇਕਣਾ ਚੰਗਾ ਨਾ ਸਮਝਿਆ। ਜਦੋਂ ਦੇਰ ਰਾਤ ਪਿੰਡ ਵਾਸੀ ਪਸ਼ੂਆਂ ਦੇ ਵੱਗ ਨੂੰ ਮੋੜ ਕੇ ਲਿਆਏ, ਉਦੋਂ ਰਾਤ ਗੁਜ਼ਰ ਗਈ ਸੀ। ਪਿੰਡ ਵਾਸੀਆਂ ਨੇ ਉਸ ਦਿਨ ਨੂੰ ਅਸ਼ੁੱਭ ਸ਼ਗਨ ਮੰਨਦਿਆਂ ਦੂਜੇ ਦਿਨ ਦੀਵਾਲੀ ਦਾ ਮੱਥਾ ਟੇਕਣ ਦਾ ਫੈਸਲਾ ਕੀਤਾ। ਸਦੀਆਂ ਪੁਰਾਣੀ ਇਸ ਘਟਨਾ ਤੋਂ ਲੈ ਕੇ ਅੱਜ ਤੱਕ ਪਿੰਡ ਚਿੱਲਾ ਦੇ ਸਮੁੱਚੇ ਵਾਸੀ ਦੀਵਾਲੀ ਦੂਜੇ ਦਿਨ ਮਨਾਉਂਦੇ ਆ ਰਹੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।