ਇਰਾਨ-ਪਾਕਿ ’ਚ ਟਕਰਾਅ

Iran-Pakistan

ਦੁਨੀਆ ਦੇ ਵੱਖ-ਵੱਖ ਹਿੱਸਿਆਂ, ਖਾਸ ਕਰਕੇ ਪੱਛਮੀ ਏਸ਼ੀਆ ’ਚ ਵਧਦੇ ਭੂ-ਰਾਜਨੀਤਿਕ ਸੰਘਰਸ਼ਾਂ ਅਤੇ ਤਣਾਵਾਂ ਵਿਚਕਾਰ ਇਰਾਨ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਇੱਕ ਚਿੰਤਾਜਨਕ ਵਿਸ਼ਾ ਹੈ। ਇਰਾਨ ਨੇ ਡਰੋਨ ਅਤੇ ਮਿਜ਼ਾਇਲਾਂ ਨਾਲ ਪਾਕਿਸਤਾਨੀ ਸੀਮਾ ’ਚ ਲਗਭਗ 50 ਕਿਲੋਮੀਟਰ ਅੰਦਰ ਜੈਸ਼-ਏ-ਅਦਲ ਨਾਂਅ ਦੇ ਇੱਕ ਅੱਤਵਾਦੀ ਸੰਗਠਨ ਦੇ ਦੋ ਟਿਕਾਣਿਆਂ ’ਤੇ ਹਮਲੇ ਕੀਤੇ। ਇਰਾਨੀ ਹਮਲਿਆਂ ਦੇ ਜਵਾਬ ’ਚ ਪਾਕਿਸਤਾਨ ਨੇ ਵੀ ਇਰਾਨ ਦੀ ਇੱਕ ਸਰਹੱਦ ਨੇੜਲੀ ਬਸਤੀ ’ਤੇ ਹਮਲੇ ਕੀਤੇ ਹਨ।

ਹਾਲਾਂਕਿ ਦੋਵੇਂ ਦੇਸ਼ ਇੱਕ-ਦੂਜੇ ’ਤੇ ਅੱਤਵਾਦੀ ਗਿਰੋਹਾਂ ਨੂੰ ਪਨਾਹ ਦੇਣ ਦਾ ਦੋਸ਼ ਲਾਉਂਦੇ ਰਹੇ ਹਨ, ਪਰ ਇਹ ਪਹਿਲਾ ਮੌਕਾ ਹੈ, ਜਦੋਂ ਅਧਿਕਾਰਕ ਤੌਰ ’ਤੇ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਖਿਲਾਫ਼ ਫੌਜੀ ਕਾਰਵਾਈ ਕੀਤੀ ਹੈ। ਦੋਵਾਂ ਦੇਸ਼ਾਂ ਵਿਚਕਾਰ ਇਹ ਟਕਰਾਅ ਅਜਿਹੇ ਸਮੇਂ ਹੋਇਆ ਹੈ, ਜਦੋਂ ਪੱਛਮੀ ਏਸ਼ੀਆ ’ਚ ਇਜ਼ਰਾਇਲ-ਹਮਾਸ ਸੰਘਰਸ਼ ਅਤੇ ਗਾਜ਼ਾ ’ਚ ਇਜ਼ਰਾਇਲ ਦੇ ਲਗਾਤਾਰ ਹਮਲੇ ਨਾਲ ਇੱਕ ਵੱਡੇ ਖੇਤਰੀ ਜੰਗ ਦੀ ਸੰਭਾਵਨਾ ਵਧਦੀ ਜਾ ਰਹੀ ਹੈ।

Also Read : ਰਾਮਪੁਰਾ ਫੂਲ ਦੀ ਵਿਦਿਆਰਥਣ ਅਪੈਕਸ਼ਾ ਨੇ ਮੈਥ ਵਿਸ਼ੇ ’ਚ ਬਣਾਇਆ ਇੱਕ ਹੋਰ ਵਰਲਡ ਰਿਕਾਰਡ

ਇਸ ਹਮਲੇ ਤੋਂ ਬਾਅਦ ਪਾਕਿਸਤਾਨ ਹੁਣ ਤਕਰੀਬਨ ਉਹੀ ਤਰਕ ਦੇ ਰਿਹਾ ਹੈ, ਜੋ ਉਸ ਨੇ ਬਾਲਾਕੋਟ ਦੇ ਸਮੇਂ ਦਿੱਤੇ ਸਨ ਜਾਂ ਫਿਰ ਉਦੋਂ ਦਿੱਤੇ ਸਨ, ਜਦੋਂ ਐਬਟਾਬਾਦ ’ਚ ਅਮਰੀਕਾ ਦੇ ਨੇਵੀ ਸੀਲ ਕਮਾਂਡੋ ਨੇ ਓਸਾਮਾ ਬਿਨ ਲਾਦੇਨ ਨੂੰ ਮਾਰ ਸੁੱਟਿਆ ਸੀ। ਅੱਜ ਪਾਕਿਸਤਾਨ ਅਤੇ ਚੀਨ ਦੇ ਰਿਸ਼ਤੇ ਭਾਵੇਂ ਹੀ ਚੰਗੇ ਨਜ਼ਰ ਆਉਂਦੇ ਹੋਣ, ਪਰ ਚੀਨ ਵੀ ਪਾਕਿਸਤਾਨ ’ਤੇ ਉਈਗਰ ਅੱਤਵਾਦੀਆਂ ਨੂੰ ਸ਼ਹਿ ਦੇਣ ਦੇ ਦੋਸ਼ ਲਾਉਂਦਾ ਰਿਹਾ ਹੈ। ਇਹ ਗੱਲ ਵੱਖ ਹੈ ਕਿ ਦੁਨੀਆ ਦੇ ਮੌਜੂਦਾ ਭੂ-ਰਾਜਨੀਤਿਕ ਸਮੀਕਰਨ ’ਚ ਦੋਵਾਂ ਦੇਸ਼ਾਂ ਦੇ ਸਾਹਮਣੇ ਇੱਕ-ਦੂਜੇ ਨਾਲ ਖੜ੍ਹੇ ਹੋਣ ਦੀ ਮਜ਼ਬੂਰੀ ਹੈ।

ਤਣਾਅ ਦਾ ਹੱਲ ਕੱਢਣ

ਪਾਕਿਸਤਾਨ, ਇਰਾਨ ਅਤੇ ਅਫ਼ਗਾਨਿਸਤਾਨ ਸਾਡੇ ਗੁਆਂਢ ’ਚ ਹਨ। ਇਸ ਲਈ ਭਾਰਤ ਦੀ ਉਮੀਦ ਇਹੀ ਰਹੇਗੀ ਕਿ ਦੋਵੇਂ ਦੇਸ਼ਾਂ ਦਾ ਟਕਰਾਅ ਅੱਗੇ ਨਾ ਵਧੇ ਤੇ ਕੋਈ ਵੱਡਾ ਸੰਕਟ ਪੈਦਾ ਨਾ ਹੋਵੇ। ਇਸ ਸਬੰਧੀ ਕੂਟਨੀਤਿਕ ਯਤਨਾਂ ਨਾਲ ਤਣਾਅ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਪਾਕਿਸਤਾਨ ਨੂੰ ਸਪੱਸ਼ਟ ਸੰਦੇਸ਼ ਆਪਣੇ ਗੁਆਂਢੀ ਦੇਸ਼ਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਦੇਣਾ ਚਾਹੀਦਾ ਹੈ ਕਿ ਅੱਤਵਾਦ ਲਈ ਉਹ ਆਪਣੀ ਜ਼ਮੀਨ ਦੀ ਵਰਤੋਂ ਨਹੀਂ ਹੋਣ ਦੇਵੇਗਾ। ਇਰਾਨ ਨੂੰ ਵੀ ਪਰਿਪੱਕ ਵਿਹਾਰ ਕਰਨਾ ਚਾਹੀਦਾ ਹੈ।