ਬਾਲ ਕਹਾਣੀ : (Magic ) ਜਾਦੂ

Magic

ਬਾਲ ਕਹਾਣੀ : (Magic ) ਜਾਦੂ

ਮਨਦੀਪ ਸਿੰਘ ਤੀਸਰੀ ਜਮਾਤ ਵਿੱਚ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਸ ਦੇ ਪਿਤਾ ਸਬਜ਼ੀ ਵੇਚਣ ਦਾ ਕੰਮ ਕਰਦੇ ਸਨ। ਕੋਰੋਨਾ ਕਾਰਨ ਸਕੂਲ ਬੰਦ ਸਨ। ਇਸ ਲਈ ਇੱਕ ਦਿਨ ਮਨਦੀਪ ਨੂੰ ਉਸਦੇ ਪਿਤਾ ਜੀ ਆਪਣੇ ਨਾਲ ਲੈ ਗਏ। ਮਨਦੀਪ ਜਾਣਾ ਨਹੀਂ ਚਾਹੁੰਦਾ ਸੀ। ਕਿਉਂਕਿ ਉਸ ਦਾ ਮਨ ਕਰਦਾ ਸੀ ਕਿ ਉਹ ਘਰੇ ਖੇਡੇ। ਪਰੰਤੂ ਜਦ ਉਸਦੇ ਪਿਤਾ ਜੀ ਨੇ ਕਿਹਾ ਕਿ ਉਹ ਕੋਈ ਜਾਦੂ ਵਿਖਾਉਣਗੇ ਤਾਂ ਉਹ ਝੱਟ ਦੇਣੇ ਹੀ ਰਾਜ਼ੀ ਹੋ ਗਿਆ।

Magic

ਉਸਦੇ ਪਿਤਾ ਉਸਨੂੰ ਸਵੇਰੇ-ਸਵੇਰੇ ਮੋਟਰਸਾਈਕਲ ਰੇਹੜੀ ਉੱਤੇ ਸਬਜ਼ੀ ਮੰਡੀ ਲੈ ਗਏ। ਸਬਜ਼ੀ ਖਰੀਦ ਕੇ ਉਹ ਸ਼ਹਿਰ ਵਿੱਚ ਬੱਸ ਅੱਡੇ ਦੇ ਕੋਲ਼ ਰੁਕ ਗਏ। ਉੱਥੇ ਹੋਰ ਵੀ ਬਹੁਤ ਸਾਰੀਆਂ ਸਬਜ਼ੀ ਦੀਆਂ ਰੇਹੜੀਆਂ ਤੇ ਸਬਜ਼ੀ ਵਿਕ ਰਹੀ ਸੀ। ਉਸਦੇ ਪਿਤਾ ਸਬਜ਼ੀ ਨੂੰ ਸਜਾਉਣ ਵਿੱਚ ਕਾਫੀ ਸਮਾਂ ਲਾ ਰਹੇ ਸਨ ਜਦੋਂ ਕਿ ਬਾਕੀ ਸਬਜ਼ੀ ਵਾਲੇ ਸਬਜ਼ੀ ਬੋਰੀਆਂ ਵਿੱਚੋਂ ਕੱਢ ਕੇ ਰੇਹੜੀ ਉੱਤੇ ਰੱਖ ਕੇ ਵੇਚਣ ਲਈ ਤਿਆਰ ਸਨ। ਮਨਦੀਪ ਨੂੰ ਜਾਦੂ ਵੇਖਣ ਲਈ ਕਾਹਲੀ ਸੀ ਇਸ ਲਈ ਉਹ ਪਿਤਾ ਜੀ ਨੂੰ ਛੇਤੀ ਕਰਨ ਨੂੰ ਕਹਿ ਰਿਹਾ ਸੀ।

(Magic ) ਜਾਦੂ

ਬਾਕੀ ਰੇਹੜੀ ਵਾਲਿਆਂ ਕੋਲ ਵੀ ਓਨੀਆਂ ਹੀ ਸਬਜ਼ੀਆਂ ਸਨ ਪਰ ਪਿਤਾ ਜੀ ਨੇ ਵੱਧ ਵਿਖਾਉਣ ਲਈ ਇੱਕ-ਇੱਕ ਸਬਜ਼ੀ ਨੂੰ ਦੋ ਜਾਂ ਤਿੰਨ ਹਿੱਸਿਆਂ ਵਿੱਚ ਵੰਡ ਲਿਆ ਸੀ। ਸਾਰੀ ਸਬਜ਼ੀ ਨੂੰ ਧੋ ਕੇ ਜਿੰਨੀ ਸਬਜ਼ੀ ਰੇਹੜੀ ਉੱਤੇ ਟਿਕੀ ਓਨੀ ਹੀ ਸਜਾ ਕੇ ਟਿਕਾ ਲਈ, ਬਾਕੀ ਨੂੰ ਬੋਰੀਆਂ ਵਿੱਚ ਹੀ ਥੱਲੇ ਰੱਖ ਲਿਆ, ਲੋੜ ਪੈਣ ‘ਤੇ ਵਰਤਣ ਲਈ। ਮਨਦੀਪ ਸੋਚ ਰਿਹਾ ਸੀ ਕਿ ਉਸਦੇ ਪਿਤਾ ਐਵੇਂ ਹੀ ਸਮੇਂ ਦੀ ਬਰਬਾਦੀ ਕਰ ਰਹੇ ਹਨ। ਸਬਜ਼ੀ ਵੇਚਣ ਲਈ ਸਜਾਉਣ ਦੀ ਕੀ ਲੋੜ ਸੀ। ਬਾਕੀ ਰੇਹੜੀ ਵਾਲਿਆਂ ਨੇ ਕਿਹੜਾ ਇਸ ਤਰ੍ਹਾਂ ਕੀਤਾ ਹੈ। ਘੰਟੇ ਕੁ ਬਾਅਦ ਉਹਨਾਂ ਦੀ ਵੀ ਰੇਹੜੀ ਤਿਆਰ ਹੋ ਗਈ। ਸ਼ਾਮ ਹੋਣ ਤੋਂ ਪਹਿਲਾਂ ਹੀ ਉਹ ਵਿਹਲੇ ਹੋ ਗਏ। ਕਿਉਂਕਿ ਸਾਰੀ ਸਬਜ਼ੀ ਵਿਕ ਗਈ ਸੀ।

ਮੋਟਰਸਾਈਕਲ ਰੇਹੜੀ ਉੱਤੇ ਸਵਾਰ ਹੋ ਕੇ ਉਸਦੇ ਪਿਤਾ ਉਸਨੂੰ ਲੈ ਕੇ ਘਰ ਲਈ ਚੱਲ ਪਏ। ਮਨਦੀਪ ਆਪਣੇ ਪਿਤਾ ਜੀ ਨਾਲ ਰੁੱਸ ਗਿਆ। ਉਸ ਦੇ ਪਿਤਾ ਨੇ ਰੁੱਸਣ ਦਾ ਕਾਰਨ ਪੁੱਛਿਆ ਤਾਂ ਉਸ ਨੇ ਕਿਹਾ,  ”ਤੁਸੀਂ ਜਾਦੂ ਵਿਖਾਉਣ ਦਾ ਵਾਅਦਾ ਕੀਤਾ ਸੀ। ਹੁਣ ਤੁਸੀਂ ਘਰੇ ਜਾ ਰਹੇ ਹੋ। ਮੈਂ ਤਾਂ ਜਾਦੂ ਵੇਖਣਾ ਏ।” ਮਨਦੀਪ ਦੇ ਪਿਤਾ ਜੀ ਉਸਨੂੰ ਮਨਾਉਣ ਲਈ ਜੂਸ ਦੀ ਦੁਕਾਨ ‘ਤੇ ਲੈ ਗਏ। ਮਨਦੀਪ ਨੇ ਆਪਣੀ ਪਸੰਦ ਦਾ ਜੂਸ ਪੀਤਾ। ਫਿਰ ਉਸਦੇ ਪਿਤਾ ਉਸਨੂੰ ਸਮਝਾਉਂਦੇ ਹੋਏ ਬੋਲੇ, ”ਜਾਦੂ ਤਾਂ ਸਾਡੇ ਕੰਮਾਂ ਵਿੱਚ ਹੋਣਾ ਚਾਹੀਦਾ ਹੈ।

ਜਿਵੇਂ ਤੇਰੀ ਮਾਂ ਬਹੁਤ ਸੁਆਦੀ ਖਾਣਾ ਪਕਾਉਂਦੀ ਹੈ। ਆਪਾਂ ਸਾਰੇ ਖਾਣਾ ਖਾਣ ਤੋਂ ਬਾਅਦ ਉਸਦੀ ਤਾਰੀਫ਼ ਵਿੱਚ ਕਹਿੰਦੇ ਹਾਂ ਕਿ ਤੇਰੇ ਹੱਥਾਂ ਵਿੱਚ ਕੋਈ ਜਾਦੂ ਹੈ। ਤੂੰ ਛੋਟੀ ਉਮਰ ਦਾ ਬੱਚਾ ਹੈਂ ਇਸ ਲਈ ਮੈਂ ਤੈਨੂੰ ਕੋਈ ਕੰਮ ਨਹੀਂ ਕਹਿੰਦਾ ਪਰ ਤੇਰੀ ਪੜ੍ਹਾਈ ਤੋਂ ਨਾਖੁਸ਼ ਹਾਂ। ਬੇਸ਼ੱਕ ਪੜ੍ਹਾਈ ਤੂੰ ਕਰਦਾ ਏਂ ਪਰ ਨਾ ਤੇਰੀ ਲਿਖਾਈ ਸੁੰਦਰ ਹੈ, ਨਾ ਕਾਪੀਆਂ-ਕਿਤਾਬਾਂ ਅਤੇ ਬਸਤੇ ਦੀ ਸੰਭਾਲ ਕਰਦਾ ਏਂ ਅਤੇ ਨਾ ਵਰਦੀ ਦੀ ਸੰਭਾਲ ਕਰਦਾ ਏਂ। ਤੁਹਾਡੇ ਅਧਿਆਪਕ ਆਪਣੇ ਪੱਧਰ ‘ਤੇ ਤੁਹਾਨੂੰ ਟਾਈ-ਬੈਲਟ ਮੁਹੱਈਆ ਕਰਵਾਉਂਦੇ ਹਨ ਤੁਹਾਨੂੰ ਉਹਨਾਂ ਦੀ ਕਦਰ ਕਰਦੇ ਹੋਏ ਆਪਣੀ ਵਰਦੀ ਦੀ ਸੰਭਾਲ ਕਰਨੀ ਚਾਹੀਦੀ ਹੈ।

ਬਾਲ ਕਹਾਣੀ : (Magic ) ਜਾਦੂ

ਅੱਜ ਮੈਂ ਤੈਨੂੰ ਇਹੋ ਸਮਝਾਉਣਾ ਚਾਹੁੰਦਾ ਸੀ ਕਿ ਸਬਜ਼ੀ ਨੂੰ  ਰੇਹੜੀ ‘ਤੇ ਚੰਗੀ ਤਰ੍ਹਾਂ ਸਜ਼ਾ ਕੇ ਕਿਵੇਂ ਹੋਰਨਾਂ ਤੋਂ ਛੇਤੀ ਵੇਚ ਸਕਦੇ ਹਾਂ। ਇਹੋ ਜਾਦੂ ਸੀ। ਬਾਕੀ ਰੇਹੜੀ ਵਾਲਿਆਂ ਤੋਂ ਰਾਤ ਤੱਕ ਵੀ ਨਹੀਂ ਵਿਕਣੀ। ਆਪਾਂ ਬਾਕੀਆਂ ਨਾਲੋਂ ਬਾਅਦ ਵਿੱਚ ਗਏ ਸੀ ਅਤੇ ਪਹਿਲਾਂ ਸਬਜ਼ੀ ਵੇਚ ਕੇ ਮੁੜ ਆਏ। ਮਿੱਠਾ ਬੋਲਣਾ ਅਤੇ ਆਪਣੇ ਕੰਮ ਨੂੰ ਸਲੀਕੇ ਨਾਲ ਕਰਨਾ ਵੀ ਇੱਕ ਜਾਦੂ ਹੈ। ਬਚਪਨ ਵਿੱਚ ਪੜ੍ਹਾਈ ਕਰਨ ਲਈ ਨਾ ਮੇਰੇ ਮਾਪਿਆਂ ਨੇ ਮੈਨੂੰ ਸਮਝਾਇਆ ਨਾ ਬਹੁਤਾ ਅਧਿਆਪਕਾਂ ਨੇ। ਹੁਣ ਤੇਰੇ ਮਾਸਟਰ ਵੀ ਪਿੱਛੇ-ਪਿੱਛੇ ਫਿਰਦੇ ਨੇ ਅਤੇ ਮੈਂ ਵੀ। ਜੇ ਮੈਂ ਨਹੀਂ ਪੜ੍ਹਿਆ ਤਾਂ ਹੀ ਸਬਜ਼ੀ ਵੇਚ ਰਿਹਾ ਹਾਂ।

(Magic ) ਜਾਦੂ

ਨਹੀਂ ਸ਼ਾਇਦ ਮੈਂ ਵੀ ਕੋਈ ਮੁਲਾਜ਼ਮ ਹੋਣਾ ਸੀ। ਕੰਮ ਕੋਈ ਮਾੜਾ ਨਹੀਂ ਪਰ ਸਬਜ਼ੀ ਵਾਲੇ ਕੰਮ ਨੂੰ ਕਰਨਾ ਸੌਖਾ ਨਹੀਂ, ਸਵੇਰੇ ਚਾਰ ਵਜੇ ਉੱਠਣਾ, ਕਿਸੇ ਵੀ ਮੌਸਮ ਵਿੱਚ ਸਬਜ਼ੀ ਖਰੀਦ ਕੇ ਲੈ ਕੇ ਆਉਣਾ, ਮੀਂਹ ਆਵੇ ਜਾਂ ਹਨ੍ਹੇਰੀ ਕੰਮ ਕਰਨਾ ਹੀ ਪੈਂਦਾ ਹੈ। ਬਾਕੀ ਸਾਡੇ ਸਮਾਜ ਵਿੱਚ ਬਹੁਤੀ ਕਦਰ ਵਾਲਾ ਕੰਮ ਵੀ ਨਹੀਂ ਇਹ। ਇਸ ਲਈ ਮੇਰਾ ਸੁਫ਼ਨਾ ਹੈ ਕਿ ਤੂੰ ਪੜ੍ਹ-ਲਿਖ ਕੇ ਕੋਈ ਨੌਕਰੀ ਕਰੇਂ। ਇਸ ਲਈ ਮਿਹਨਤ ਐਨੀ ਕਰ ਕਿ ਤੇਰੇ ਕੰਮ ਵਿੱਚੋਂ ਲੋਕਾਂ ਨੂੰ ਜਾਦੂ ਹੋਣ ਦਾ ਭੁਲੇਖਾ ਪਵੇ।” ਮਨਦੀਪ ਹੁਣ ਸਮਝ ਗਿਆ। ਉਹ ਘਰੇ ਜਾ ਕੇ ਆਪਣੇ ਬਸਤੇ ਦੀ ਸਫ਼ਾਈ ਕਰਕੇ ਕਾਪੀਆਂ ‘ਤੇ ਅਖਬਾਰ ਚੜ੍ਹਾਉਣ ਲੱਗ ਪਿਆ।
ਸੁਖਦੀਪ ਸਿੰਘ ਗਿੱਲ ਈ ਟੀ ਟੀ ਚਹਿਲਾਂਵਾਲੀ, ਮਾਨਸਾ
ਮੋ. 94174-51887

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.