Punjab
Bathinda News: ਬਠਿੰਡਾ ਬਣਿਆ ਪੰਜਾਬ ਦਾ ਪਹਿਲਾ ਸ਼ਹਿਰ, ਜਿੱਥੇ ਹਰ ਸੰਪਤੀ ਨੂੰ ਮਿਲੀ ਡਿਜੀਟਲ ਲੋਕੇਸ਼ਨ
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਵਾਰਡ ਨੰਬਰ 46 ’ਚ ਯੂਨਿਟਨੈਵ ਪਾਇਲਟ ਪ੍ਰੋਜੈਕਟ ਕੀਤਾ ਸ਼ੁਰੂ
ਬਠਿੰਡਾ (ਸੁਖਜੀਤ ਮਾਨ)। ਨਗਰ ਨਿਗਮ ਬਠਿੰਡਾ ਦੇ ਮੇਅਰ ਪਦਮਜੀਤ ਸਿੰਘ ਮਹਿਤਾ ਦੀ ਅਗਵਾਈ ਹੇਠ ਬਠਿੰਡਾ ਨੂੰ ਆਧੁਨਿਕ, ਸਮਾਰਟ ਤੇ ਲੋਕ-ਅਨੁਕੂਲ ਸ਼ਹਿਰ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਦਿਆਂ ਨਗਰ ਨਿਗਮ ਬਠਿੰਡਾ ਨੇ ਮੇਅਰ ਵਾਰਡ ਨੰਬਰ 46 ’ਚ ਮੇਅਰ ਦੇ ਸੁਪਨਿਆਂ ਦਾ ਪਾਇਲਟ ਪ੍ਰੋਜੈਕਟ, ਨਵੀਨ ਡਿਜੀਟਲ ਨੈਵੀਗੇਸ਼ਨ ਪ੍ਰਣਾਲੀ ਯੂਨਿਟ ਨੈਵੀਗੇਸ਼ਨ (ਯੂਨਿਟਨੈਵ) ਸ਼ੁਰੂ ਕੀਤੀ ਹੈ।
ਇਸ ਪ੍ਰੋਜੈਕਟ ਦਾ ਰਸਮੀ ਉਦਘਾਟਨ ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕੀਤਾ। ਇਸ ਦੇ ਨਾਲ ਹੀ ਬਠਿੰਡਾ ਪੰਜਾਬ ਦਾ ਪਹਿਲਾ ਸ਼ਹਿਰ ਬਣ ਗਿਆ ਹੈ, ਜਿੱਥੇ ਨਗਰ ਨਿਗਮ ਦੀ ਸੰਪਤੀ ਸੰਖਿਆ ਨੂੰ ਉਨ੍ਹਾਂ ਦੇ ਜ਼ਮੀਨ ’ਤੇ ਸਥਿਤ ਸਟੀਕ ਸਥਾਨ ਨਾਲ ਡਿਜੀਟਲ ਤੌਰ ’ਤੇ ਜੋੜਿਆ ਗਿਆ ਹੈ।ਇਸ ਡਿਜੀਟਲ ਕੰਮ ਦੇ ਪਹਿਲੇ ਪੜਾਅ ਵਿੱਚ ਇਸ ਪਾਇਲਟ ਪ੍ਰੋਜੈਕਟ ਤਹਿਤ ਵਾਰਡ ਨੰਬਰ 46 ਦੀਆਂ 2,021 ਸੰਪਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨਾਲ ਨਿਵਾਸੀ ਤੇ ਸ਼ਹਿਰ ਵਿੱਚ ਆਉਣ ਵਾਲੇ ਲੋਕ ਸਮਾਰਟਫੋਨ ਰਾਹੀਂ ਕਿਸੇ ਵੀ ਰਜਿਸਟਰਡ ਸੰਪਤੀ ਦਾ ਸਥਾਨ ਆਸਾਨੀ ਨਾਲ ਲੱਭ ਸਕਣਗੇ।
ਮੇਅਰ ਨੇ ਕਿਹਾ ਕਿ ਯੂਨਿਟਨੈਵ ਪ੍ਰੋਜੈਕਟ ਨਾਲ ਸ਼ਹਿਰ ਵਿੱਚ ਸੰਪਤੀਆਂ ਦੀ ਪਛਾਣ ਅਤੇ ਉਨ੍ਹਾਂ ਨੂੰ ਲੱਭਣ ਦੇ ਤਰੀਕੇ ਵਿੱਚ ਵੱਡਾ ਬਦਲਾਅ ਆਵੇਗਾ। ਉਨ੍ਹਾਂ ਕਿਹਾ ਕਿ ਕਿਸੇ ਨਿਵਾਸੀ ਦੇ ਪ੍ਰਾਪਰਟੀ ਟੈਕਸ ਨੋਟਿਸ, ਪਾਣੀ ਦੇ ਬਿੱਲ ਅਤੇ ਬਿਜਲੀ ਕੁਨੈਕਸ਼ਨ ’ਤੇ ਪਹਿਲਾਂ ਤੋਂ ਦਰਜ ਨਗਰ ਨਿਗਮ ਦੀ ਸੰਪਤੀ ਸੰਖਿਆ ਹੁਣ ਉਸ ਸੰਪਤੀ ਦੇ ਸਟੀਕ ਸਥਾਨ ਤੱਕ ਪਹੁੰਚਣ ਦਾ ਇੱਕ ਡਿਜੀਟਲ ਮਾਧਿਅਮ ਬਣ ਸਕਦੀ ਹੈ। ਸਾਡਾ ਉਦੇਸ਼ ਬਠਿੰਡਾ ਨੂੰ ਹੋਰ ਵਧੇਰੇ ਆਧੁਨਿਕ, ਸੁਵਿਧਾਜਨਕ ਅਤੇ ਨਾਗਰਿਕ-ਅਨੁਕੂਲ ਸ਼ਹਿਰ ਬਣਾਉਣਾ ਹੈ। ਕਿਸੇ ਪਰਿਵਾਰ ਨੂੰ ਆਪਣੇ ਪਤੇ ਬਾਰੇ ਵਾਰ-ਵਾਰ ਫੋਨ ’ਤੇ ਸਮਝਾਉਣਾ ਨਾ ਪਵੇ।
ਅੱਜ ਦੇ ਡਿਜੀਟਲ ਯੁੱਗ ਵਿੱਚ ਹਰੇਕ ਸੰਪਤੀ ਦੀ ਅਜਿਹੀ ਪਛਾਣ ਹੋਣੀ ਚਾਹੀਦੀ ਹੈ, ਜਿਸ ਨੂੰ ਤਕਨਾਲੋਜੀ ਰਾਹੀਂ ਆਸਾਨੀ ਨਾਲ ਲੱਭਿਆ ਜਾ ਸਕੇ। ਉਨ੍ਹਾਂ ਕਿਹਾ ਕਿ ਯੂਨਿਟਨੈਵ ਪ੍ਰਣਾਲੀ ਵਿੱਚ ਸੰਪਤੀ ਸੰਖਿਆ ਦਰਜ ਕਰਨ ਤੋਂ ਬਾਅਦ ਉਪਭੋਗਤਾ ਸੰਪਤੀ ਦਾ ਸਟੀਕ ਸਥਾਨ, ਦੂਰੀ, ਦਿਸ਼ਾ ਅਤੇ ਉਸ ਦੇ ਗੇਟ ਤੱਕ ਪਹੁੰਚਣ ਦਾ ਪੈਦਲ ਰਸਤਾ ਵੀ ਪ੍ਰਾਪਤ ਕਰ ਸਕਦੇ ਹਨ। ਇਹ ਸੇਵਾ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਕਿਸੇ ਵੀ ਮੋਬਾਈਲ ਬ੍ਰਾਊਜ਼ਰ ਰਾਹੀਂ ਉਪਲਬਧ ਹੈ। ਇਸ ਲਈ ਕੋਈ ਵੱਖਰੀ ਐਪਲੀਕੇਸ਼ਨ ਡਾਊਨਲੋਡ ਕਰਨ ਦੀ ਲੋੜ ਨਹੀਂ ਹੈ ਤੇ ਇਸ ਨੂੰ ਆਮ ਸਹੂਲਤਾਂ ਵਾਲੇ ਸਮਾਰਟਫੋਨ ’ਤੇ ਵੀ ਆਸਾਨੀ ਨਾਲ ਵਰਤਿਆ ਜਾ ਸਕਦਾ ਹੈ।
ਐਮਰਜੈਂਸੀ ਸਥਿਤੀਆਂ ’ਚ ਹੋਵੇਗਾ ਲਾਭਦਾਇਕ ਸਾਬਤ : ਮੇਅਰ
ਮੇਅਰ ਪਦਮਜੀਤ ਸਿੰਘ ਮਹਿਤਾ ਨੇ ਕਿਹਾ ਕਿ ਇਹ ਪ੍ਰੋਜੈਕਟ ਵਿਸ਼ੇਸ਼ ਤੌਰ ’ਤੇ ਐਮਰਜੈਂਸੀ ਸਥਿਤੀਆਂ ਵਿੱਚ ਕਾਫੀ ਲਾਭਦਾਇਕ ਸਾਬਤ ਹੋਵੇਗਾ। ਜੇਕਰ ਐਂਬੂਲੈਂਸ, ਫਾਇਰ ਸਰਵਿਸ ਜਾਂ ਕੋਈ ਹੋਰ ਐਮਰਜੈਂਸੀ ਸੇਵਾ ਸਮੇਂ ਸਿਰ ਕਿਸੇ ਘਰ ਦਾ ਪਤਾ ਨਹੀਂ ਲਗਾ ਪਾਉਂਦੀ, ਤਾਂ ਇਹ ਸਿਰਫ਼ ਇੱਕ ਅਸੁਵਿਧਾ ਨਹੀਂ, ਸਗੋਂ ਗੰਭੀਰ ਖ਼ਤਰਾ ਬਣ ਸਕਦਾ ਹੈ। ਸਟੀਕ ਡਿਜੀਟਲ ਲੋਕੇਸ਼ਨ ਰਾਹੀਂ ਐਮਰਜੈਂਸੀ ਸੇਵਾਵਾਂ ਲੋਕਾਂ ਤੱਕ ਹੋਰ ਤੇਜ਼ੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚ ਸਕਣਗੀਆਂ।
ਇਹ ਵੀ ਪੜ੍ਹੋ : Parvinder Jhota Murder: ਪਰਵਿੰਦਰ ਮਾਮਲਾ, ਖੇਤੀਬਾੜੀ ਮੰਤਰੀ ਨੇ ਪਰਿਵਾਰ ਨਾਲ ਕੀਤੀ ਮੁਲਾਕਾਤ
Comments