ਆਂਗਣਵਾੜੀ ਵਰਕਰਾਂ ਨੇ ਕੀਤਾ ਫਿਰੋਜ਼ਪੁਰ ਰੋਡ ਜਾਮ 

Anganwari workers, Road jams, Protest

ਪੁਲਿਸ ਅਫ਼ਸਰਾਂ ਨੇ  ਗੱਲਬਾਤ ਕਰਕੇ ਖੁੱਲ੍ਹਵਾਇਆ ਜਾਮ

ਰਘਬੀਰ ਸਿੰਘ, ਲੁਧਿਆਣਾ: ਆਂਗਣਵਾੜੀ ਮੁਲਾਜ਼ਮਾਂ ਨੇ ਪੰਜਾਬ ਸੀਟੂ ਵੱਲੋਂ ਜ਼ਿਲ੍ਹਾ ਪ੍ਰਧਾਨ ਸੁਭਾਸ਼ ਰਾਣੀ ਦੀ ਅਗਵਾਈ ਹੇਠ ਆਲ ਇੰਡੀਆ ਫੈਡਰੇਸ਼ਨ ਆਫ ਆਂਗਣਵਾੜੀ ਵਰਕਰਜ਼ ਹੈਲਪਰ ਦੇ ਸੱਦੇ ‘ਤੇ ਆਪਣੀਆਂ ਜਾਇਜ਼ ਮੰਗਾਂ ਪ੍ਰਤੀ ਸਰਕਾਰ ਨੂੰ ਸੁਚੇਤ ਕਰਨ ਅਤੇ ਜਲਦੀ ਤੋਂ ਜਲਦੀ ਠੋਸ ਹੱਲ ਕਰਨ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਕਚਿਹਰੀ ਚੌਂਕ ਵਿੱਚ ਜਾਮ ਲਾਇਆ। ਜਾਮ ਕਾਰਨ ਫਿਰੋਜ਼ਪੁਰ ਰੋਡ ‘ਤੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ। ਜਾਮ ਲੱਗਣ ਨਾਲ ਪੁਲਿਸ ਦੇ ਹੱਥ ਪੈਰ ਫੁੱਲ ਗਏ। ਮੌਕੇ ‘ਤੇ ਪਹੁੰਚੇ ਪੁਲਿਸ ਅਫ਼ਸਰਾਂ ਨੇ ਆਂਗਣਵਾੜੀ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਕਰਕੇ ਜਾਮ ਖੁੱਲ੍ਹਵਾਇਆ। ਫਿਰੋਜ਼ਪੁਰ ਰੋਡ ਤਕਰੀਬਨ 15-20 ਮਿੰਟ ਜਾਮ ਕਰੀ ਰੱਖਿਆ। ਪ੍ਰ੍ਰਦਰਸ਼ਨ ਕਰ ਰਹੀਆਂ ਆਂਗਣਵਾੜੀ ਵਰਕਰਾਂ ਨੇ ਕਾਲੇ ਦੁਪੱਟੇ ਲੈ ਰੱਖੇ ਸਨ ਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇ ਲਾ ਰਹੀਆਂ ਸਨ।

ਸਰਕਾਰ ਖਿਲਾਫ਼ ਕੀਤੀ ਨਾਅਰੇਬਾਜ਼ੀ

ਜਾਮ ਲਾਉਂਣ ਤੋਂ ਪਹਿਲਾਂ ਉਨ੍ਹਾਂ ਇੱਕ ਵਿਸ਼ਾਲ ਰੋਸ ਰੈਲੀ ਕੀਤੀ ਜਿੱਥੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਇਹ ਵਰਕਰਾਂ ਪੂਰੇ ਦੇਸ਼ ਵਿੱਚ 14 ਲੱਖ ਆਂਗਣਵਾੜੀ ਸੈਂਟਰਾਂ ਰਾਹੀਂ ਦੇਸ਼ ਦੇ 10 ਕਰੋੜ ਤੋਂ ਵੱਧ ਬੱਚਿਆਂ ਅਤੇ ਦੋ ਕਰੋੜ ਗਰਭਵਤੀ ਤੇ ਦੁੱਧ ਪਿਲਾਉਣ ਵਾਲੀਆਂ ਮਾਵਾਂ ਦੀ ਸਿਹਤ ਸੰਭਾਲ ਲਈ ਖੁਰਾਕ ਮੁਹੱਈਆ ਕਰਵਾਉਂਦੀਆਂ ਹਨ। ਪਰ ਕੇਂਦਰ ਦੀ ਸਰਕਾਰ 3 ਸਾਲਾਂ ਤੋਂ ਲਗਾਤਾਰ ਬਜਟ ਵਿੱਚ ਕਟੌਤੀ ਕਰਕੇ ਇਸ ਸਕੀਮ ਨੂੰ ਖਤਮ ਕਰਨ ਜਾਂ ਨਿੱਜੀ ਹੱਥਾਂ ਵਿੱਚ ਦੇਣ ਲਈ ਮਨਸੂਬੇ ਘੜ ਰਹੀ ਹੈ।

ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਸੱਤਾ ਵਿੱਚ ਆਉਂਣ ‘ਤੇ ਉਨ੍ਹਾਂ ਦੀ ਸਰਕਾਰ ਆਂਗਣਵਾੜੀ ਵਰਕਰਾਂ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਹੱਲ ਕਰੇਗੀ ਅਤੇ ਹਰਿਆਣਾ ਦੀ ਤਰਜ ‘ਤੇ ਮਾਣਭੱਤਾ ਦਿੱਤਾ ਜਾਵੇਗਾ  ਪ੍ਰੰਤੂ 4 ਮਹੀਨੇ ਬੀਤਣ ਤੋਂ ਬਾਅਦ ਵੀ ਯੂਨੀਅਨ ਨਾਲ ਗੱਲਬਾਤ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ

ਇਸ ਮੌਕੇ ਜਨਰਲ ਸਕੱਤਰ ਭਿੰਦਰ ਕੌਰ, ਸੁਰਜੀਤ ਕੌਰ ਖਜਾਨਚੀ, ਜਸਵੀਰ ਕੌਰ, ਆਸ਼ਾ ਰਾਣੀ, ਨਿਰਮਲ ਕੌਰ, ਆਰਤੀ, ਅਮਰਜੀਤ ਕੌਰ, ਪਰਮਿੰਦਰ ਕੌਰ, ਚਰਨਜੀਤ ਕੌਰ, ਸੁਨੀਤਾ ਰਾਣੀ, ਰਵਿੰਦਰ ਕੌਰ, ਸੀਟੂ ਦੇ ਆਲ ਇੰਡੀਆ ਮੀਤ ਪ੍ਰਧਾਨ ਕਾ: ਰਘੁਨਾਥ, ਕਾ: ਜਤਿੰਦਰ ਪਾਲ, ਕਾ: ਤਰਸੇਮ ਜੋਧਾਂ, ਕਾ: ਹਨੂੰਮਾਨ ਪ੍ਰਸਾਦ, ਕਾ:ਅਮਰਨਾਥ ਕੂਮਕਲਾਂ, ਦਲਜੀਤ, ਸੁਖਵਿੰਦਰ ਕੋਟੇ, ਕਾ: ਵਿਨੋਦ ਤਿਵਾੜੀ, ਕਾ: ਰਾਮਲਾਲ ਯਾਦਵ ਆਦਿ ਨੇ ਸੰਬੋਧਨ ਕੀਤਾ