ਪੰਜਾਬ ਦੇ 76 ਫੀਸਦੀ ਲੋਕਾਂ ਨੂੰ ਮਿਲੇਗਾ ਸਿਹਤ ਬੀਮਾ

76% People, Punjab, Health Insurance

ਭਾਰਤ ਸਰਕਾਰ 57 ਕਰੋੜ ਅਤੇ ਪੰਜਾਬ ਸਰਕਾਰ 276 ਕਰੋੜ ਦਾ ਪਾਵੇਗੀ ਯੋਗਦਾਨ | Health Insurance

  • 200 ਸਰਕਾਰੀ ਹਸਪਤਾਲਾਂ ਸਮੇਤ 450 ਹਸਪਤਾਲਾਂ ‘ਚ ਹੋ ਸਕੇਗਾ ਇਲਾਜ | Health Insurance
  • 1396 ਤਰ੍ਹਾਂ ਦੇ ਟ੍ਰੀਟਮੈਂਟ ਪੈਕੇਜ਼ ਬਣਾਏ | Health Insurance

ਮੁਹਾਲੀ (ਅਸ਼ਵਨੀ ਚਾਵਲਾ)। ਆਖ਼ਰਕਾਰ ਇੱਕ ਸਾਲ ਬਾਅਦ ਪੰਜਾਬ ਵਿੱਚ ਕੇਂਦਰੀ ਆਯੂਸ਼ਮਾਨ ਦੀ ਤਰਜ਼ ‘ਤੇ ਸਰਬੱਤ ਸਿਹਤ ਬੀਮਾ ਯੋਜਨਾ ਦਾ ਆਗਾਜ਼ ਮੰਗਲਵਾਰ ਤੋਂ ਹੋ ਗਿਆ ਹੈ। ਇਸ ਬੀਮਾ ਯੋਜਨਾ ਨੂੰ ਸ਼ੁਰੂ ਕਰਨ ਮੌਕੇ ਰੱਖੇ ਗਏ ਸੂਬਾ ਪੱਧਰੀ ਸਮਾਗਮ ਦੀ ਸ਼ੁਰੂਆਤ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ ਉਨ੍ਹਾਂ ਦੀ 75ਵੀਂ ਜਨਮ ਵਰ੍ਹੇਗੰਢ ਮੌਕੇ ਸ਼ਰਧਾਂਜਲੀ ਭੇਂਟ ਕਰਦਿਆਂ ਹੀ ਕੀਤੀ ਗਈ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜੀਵ ਗਾਂਧੀ ਦੇ ਜਨਮ ਦਿਨ ਦੀ ਵਰ੍ਹੇਗੰਢ ਸਰਕਾਰੀ ਪੈਸੇ ਰਾਹੀਂ ਮਨਾਉਣ ਲਈ ਵਿਰੋਧ ਕੀਤਾ ਗਿਆ ਸੀ ਪਰ ਇਸ ਵਿਰੋਧ ਦੇ ਬਾਵਜੂਦ ਕਾਂਗਰਸ ਦੀ ਸਰਕਾਰ ਨੇ ਇਸੇ ਸਰਕਾਰੀ ਸਮਾਗਮ ਮੌਕੇ ਰਾਜੀਵ ਗਾਂਧੀ ਨੂੰ ਯਾਦ ਕਰਦੇ ਹੋਏ ਸਿਹਤ ਬੀਮਾ ਯੋਜਨਾ ਦਾ ਅਗਾਜ਼ ਕੀਤਾ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਰਕਾਰ ਦੀ ਮਹੱਤਵਪੂਰਨ ਸਿਹਤ ਬੀਮਾ ਸਕੀਮ ‘ਸਰਬੱਤ ਸਿਹਤ ਬੀਮਾ ਯੋਜਨਾ’ ਦਾ ਅਗਾਜ਼ ਕੀਤਾ, ਜਿਸ ਨਾਲ 46 ਲੱਖ ਪਰਿਵਾਰਾਂ ਨੂੰ ਲਾਭ ਪੁੱਜੇਗਾ।ਅੱਜ ਇੱਥੇ ਸਕੀਮ ਦੀ ਸ਼ੁਰੂਆਤ ਕਰਦਿਆਂ ਮੁਹਾਲੀ ਜ਼ਿਲ੍ਹੇ ਦੇ ਪਹਿਲੇ 11 ਲਾਭਪਾਤਰੀਆਂ ਨੂੰ ਈ-ਕਾਰਡ ਵੀ ਸੌਂਪੇ ਗਏ। ਇਸ ਸਕੀਮ ਨਾਲ ਲਾਭਪਾਤਰੀ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕਣਗੇ। ਇਸ ਨਾਲ ਲਾਭਪਾਤਰੀਆਂ ਦਾ ਮੁਫਤ ਅਤੇ ਬਿਹਤਰ ਇਲਾਜ ਹੋ ਸਕੇਗਾ ਜਿਸ ਵਿੱਚ ਉਨ੍ਹਾਂ ਦੇ ਪਹਿਲਾਂ ਤੋਂ ਹੋਏ ਰੋਗ ਦਾ ਇਲਾਜ ਵੀ ਸ਼ਾਮਲ ਹੋਵੇਗਾ।

ਇਹ ਵੀ ਪੜ੍ਹੋ : ਆੜ੍ਹਤੀਏ ਕਰਨਗੇ 25 ਸਤੰਬਰ ਨੂੰ ਹੜਤਾਲ, ਮੋਗਾ ’ਚ ਹੋਵੇਗਾ ਵੱਡਾ ਇਕੱਠ

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਦੇ ਜਾਰੀ ਕਰਨ ਨਾਲ ਸੂਬੇ ਦੀ 76 ਫੀਸਦੀ ਵਸੋਂ ਸਿਹਤ ਬੀਮਾ ਤਹਿਤ ਕਵਰ ਹੋ ਗਈ ਹੈ ਅਤੇ ਏਨੀ ਵੱਡੀ ਗਿਣਤੀ ਨੂੰ ਕਵਰ ਕਰਨ ਵਾਲਾ ਪੰਜਾਬ, ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ। ਉਨਾਂ ਲੋਕ ਭਲਾਈ ਦੀ ਇਸ ਮਹੱਤਵਪੂਰਨ ਸਕੀਮ ਨੂੰ ਰਾਜੀਵ ਗਾਂਧੀ ਨੂੰ ਸਮਰਪਿਤ ਕੀਤਾ। ਇਹ ਗੱਲ ਯਾਦ ਰੱਖਣਯੋਗ ਹੈ ਕਿ ਸੂਬਾ ਸਰਕਾਰ ਵੱਲੋਂ ਕੁਝ ਮਹੀਨੇ ਪਹਿਲਾਂ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਦਾ ਦਾਇਰਾ ਵਧਾਉਣ ਦਾ ਫੈਸਲਾ ਕੀਤਾ ਗਿਆ ਸੀ  ਜਿਸ ਨਾਲ 31 ਲੱਖ ਹੋਰ ਪਰਿਵਾਰਾਂ ਨੂੰ 5-5 ਲੱਖ ਰੁਪਏ ਦਾ ਪ੍ਰਤੀ ਸਾਲ ਬੀਮਾ ਕਵਰ ਮਿਲਿਆ। ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ ਤਹਿਤ 14.86 ਲੱਖ ਪਰਿਵਰ ਕਵਰ ਹੁੰਦੇ ਹਨ ਜਿਸ ਦੇ ਪ੍ਰੀਮੀਅਮ ਦਾ ਖਰਚਾ ਕੇਂਦਰ ਤੇ ਸੂਬਾ ਸਰਕਾਰ ਵੱਲੋਂ 60:40 ਅਨੁਪਾਤ ਵਿੱਚ ਚੁੱਕਿਆ ਜਾਣਾ ਹੈ।

ਮੁੱਖ ਮੰਤਰੀ ਨੇ ਇਸ ਮੌਕੇ ਰਾਜੀਵ ਗਾਂਧੀ ਨੂੰ ਯਾਦ ਕਰਦਿਆਂ ਕਿਹਾ ਕਿ ਉਨਾਂ ਦੀ ਅਗਾਂਹਵਧੂ ਸੋਚ ਸਦਕਾ ਪੰਜਾਬ ਵਿੱਚ ਪੈਪਸੀ ਦੇ ਰੂਪ ਵਿੱਚ ਪਹਿਲਾ ਬਹੁਕੌਮੀ ਪ੍ਰਾਜੈਕਟ ਸਥਾਪਤ ਕੀਤਾ ਗਿਆ ਸੀ। ਮੁੱਖ ਮੰਤਰੀ ਨੇ ਕਿਹਾ, ”ਮੈਂ ਉਸ ਵੇਲੇ ਪੰਜਾਬ ਵਿੱਚ ਖੇਤੀਬਾੜੀ ਮੰਤਰੀ ਸੀ ਜਦੋਂ ਮੈਂ ਇਸ ਪਲਾਂਟ ਨੂੰ ਸਥਾਪਤ ਕਰਨ ਦੀ ਯੋਜਨਾ ਪ੍ਰਧਾਨ ਮੰਤਰੀ ਦਫਤਰ ਕੋਲ ਲੈ ਕੇ ਗਿਆ ਜਿਹੜੀ ਕਿ ਸੂਬੇ ਵਿੱਚ ਫਸਲੀ ਵਿਭਿੰਨਤਾ ਲਾਗੂ ਕਰਨ ਦੀ ਦਿਸ਼ਾ ਵਿੱਚ ਵੱਡਾ ਕਦਮ ਸੀ। ਮੈਨੂੰ ਹੁਣ ਵੀ ਯਾਦ ਹੈ ਕਿ ਕਿਵੇਂ ਮੈਨੂੰ ਅੱਠਵੇਂ ਦਿਨ ਇਹ ਸੰਦੇਸ਼ ਮਿਲਿਆ ਕਿ ਪ੍ਰਧਾਨ ਮੰਤਰੀ ਨੇ ਇਹ ਪ੍ਰਾਜੈਕਟ ਮਨਜ਼ੂਰ ਕਰ ਲਿਆ ਹੈ ਅਤੇ ਉਹ ਮੈਨੂੰ ਮਿਲਣਾ ਚਾਹੁੰਦੇ ਹਨ।”

ਇਹ ਵੀ ਪੜ੍ਹੋ : ਕਿਉਂ ਖੋਹ ਲਿਆ ਮੇਰਾ ਅੰਬਰ?

ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਵਰ ਕੀਤੇ 46 ਲੱਖ ਪਰਿਵਾਰਾਂ ਬਾਰੇ ਵਿਸਥਾਰ ਵਿੱਚ ਖੁਲਾਸਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਸਕੀਮ ਤਹਿਤ 20.43 ਲੱਖ ਲਾਭਪਾਤਰੀ ਸਮਾਰਟ ਰਾਸ਼ਨ ਕਾਰਡ ਹੋਲਡਰ ਪਰਿਵਾਰ ਹਨ। ਇਸ ਤੋਂ ਇਲਾਵਾ ਸੀ.ਈ.ਸੀ.ਸੀ. ਦੇ ਅੰਕੜਿਆਂ ਅਨੁਸਾਰ 14.86 ਲੱਖ ਪਰਿਵਾਰ, 2.8 ਲੱਖ ਛੋਟੇ ਕਿਸਾਨ, ਸੂਬਾ ਉਸਾਰੀ ਭਲਾਈ ਬੋਰਡ ਕੋਲ ਪੰਜੀਕ੍ਰਿਤ 2.38 ਲੱਖ ਤੋਂ ਜ਼ਿਆਦਾ ਉਸਾਰੀ ਕਿਰਤੀ, 46 ਹਜ਼ਾਰ ਛੋਟੇ ਵਪਾਰੀ ਵੀ ਸ਼ਾਮਲ ਹਨ। ਇਸ ਸਕੀਮ ਵਿੱਚ ਸੂਬਾ ਸਰਕਾਰ ਦੇ ਐਕਰੀਡੇਟਿਡ ਤੇ ਪੀਲਾ ਕਾਰਡ ਧਾਰਕ 4500 ਪੱਤਰਕਾਰ ਵੀ ਕਵਰ ਕੀਤੇ ਗਏ ਹਨ। ਇਸ ਸਕੀਮ ਰਾਹੀਂ ਲਾਭਪਾਤਰੀ 200 ਸਰਕਾਰੀ ਹਸਪਤਾਲਾਂ ਸਮੇਤ 450 ਤੋਂ ਵੱਧ ਸੂਚੀਬੱਧ ਹਸਪਤਾਲਾਂ ਰਾਹੀਂ ਆਪਣਾ ਇਲਾਜ ਕਰਵਾ ਸਕਣਗੇ। ਇਸ ਸਕੀਮ ਤਹਿਤ ਵਿਸ਼ੇਸ਼ ਤੌਰ ‘ਤੇ 1396 ਟ੍ਰੀਟਮੈਂਟ ਪੈਕੇਜ ਡਿਜ਼ਾਈਨ ਕੀਤੇ ਗਏ ਹਨ।

ਇਸ ਤੋਂ ਪਹਿਲਾਂ ਆਪਣੇ ਸਵਾਗਤੀ ਭਾਸ਼ਨ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਹ ਇਤਿਹਾਸਕ ਫੈਸਲਾ ਲੈਣ ਲਈ ਮੁੱਖ ਮੰਤਰੀ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਇਹ ਕਦਮ ਸੂਬੇ ਦੇ ਸਿਹਤ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆਵੇਗਾ। ਉਨਾਂ ਇਹ ਵੀ ਦੱਸਿਆ ਕਿ ਮਰੀਜ਼ ਕੋਲ ਈ.ਕਾਰਡ ਨਾ ਹੋਣ ਦੀ ਸੂਰਤ ਵਿੱਚ ਵੀ ਉਹ ਕਿਸੇ ਵੀ ਸੂਚੀਬੱਧ ਹਸਪਤਾਲ ਵਿੱਚ ਜਾ ਕੇ ਅਰੋਗਿਆ ਮਿੱਤਰ ਨੂੰ ਮਿਲ ਸਕਦਾ ਹੈ ਜਿੱਥੇ ਉਸ ਦਾ ਮੌਕੇ ‘ਤੇ ਈ.ਕਾਰਡ ਬਣਾ ਕੇ ਨਗਦੀ ਰਹਿਤ ਅਦਾਇਗੀ ਦੀ ਸਹੂਲਤ ਪ੍ਰਦਾਨ ਕੀਤੀ ਜਾਵੇਗਾ। ਇਸ ਨਿਵੇਕਲੇ ਕਦਮ ਲਈ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਵੀ ਮੁੱਖ ਮੰਤਰੀ ਦਾ ਧੰਨਵਾਦ ਕੀਤਾ।

ਇਹ ਹਨ ਹੱਕਦਾਰ | Health Insurance

  1. 46 ਲੱਖ ਕੁੱਲ ਪਰਿਵਾਰ
  2. ਸਮਾਰਟ ਰਾਸ਼ਨ ਕਾਰਡ ਹੋਲਡਰ 20.43 ਲੱਖ
  3. ਸੀ. ਈ. ਸੀ. ਸੀ. 14.86 ਲੱਖ ਪਰਿਵਾਰ
  4. ਛੋਟੇ ਕਿਸਾਨ 2.8 ਲੱਖ
  5. ਮਜ਼ਦੂਰ 2.38 ਲੱਖ
  6. ਛੋਟੇ ਵਪਾਰੀ 46 ਹਜ਼ਾਰ
  7. ਐਕਰੀਡੇਟਡ ਤੇ ਪੀਲੇ ਕਾਰਡ ਵਾਲੇ ਪੱਤਰਕਾਰ 4500