ਕਿਉਂ ਖੋਹ ਲਿਆ ਮੇਰਾ ਅੰਬਰ?

Sky

ਪੰਛੀਆਂ ਤੇ ਅੰਬਰ (Sky) ਦਾ ਰਿਸ਼ਤਾ ਬੜਾ ਗੂੜ੍ਹ ਹੈ । ਇਹ ਇੱਕ-ਦੂਜੇ ਦੇ ਪੂਰਕ ਹਨ। ਦੋਵਾਂ ਨੂੰ ਵੱਖ-ਵੱਖ ਕਰਕੇ ਆਂਕਣਾ ਸੰਭਵ ਨਹੀਂ। ਪਰਿੰਦੇ ਆਕਾਸ਼ ਬਿਨਾਂ ਅਧੂਰੇ ਹਨ ਤੇ ਪੰਛੀਆਂ ਦੀ ਲੰਬੀਆਂ ਕਤਾਰਾਂ ਬਣਾ ਉੱਡ ਸਕਣ ਦੀ ਖੁੱਲ੍ਹ ਹੀ ਕਿਸੇ ਸਥਾਨ ਨੂੰ ਅੰਬਰਾਂ ਦਾ ਦਰਜਾ ਪ੍ਰਦਾਨ ਕਰਦੀ ਹੈ । ਬੰਦਿਸ਼ਾਂ ਵਾਲੀ ਜਗ੍ਹਾ ਕਦੇ ਵੀ ਅਸਮਾਨ ਨਹੀਂ ਹੁੰਦੀ, ਬਲਕਿ ਪਿੰਜਰਾ ਕਹਾਉਂਦੀ ਹੈ ਆਦਮੀ ਵੱਲੋਂ ਜ਼ਮੀਨ ਉੱਪਰ ਜਾਤ, ਮਜ੍ਹਬ ਤੇ ਨਸਲ ਦੇ ਰੂਪ ਵਿੱਚ ਪਾਈ ਵੰਡੀ ਨੇ ਪਿ੍ਰਥਵੀ ਨੂੰ ਪਿੰਜਰੇ ਦਾ ਰੂਪ ਦੇ ਦਿੱਤਾ ਹੈ ਜਦਕਿ ਗਗਨ ਮੇਰ-ਤੇਰ ਤੋਂ ਪੂਰਨ ਤੌਰ ’ਤੇ ਪਰੇ ਹੈ।

ਅੰਬਰ ਦਾ ਅਜਿਹਾ ਸਲੀਕਾ ਹੀ ਉਸਦੇ ਦਰਜੇ ਨੂੰ ਧਰਤ ਤੋਂ ਉੱਚਾ ਤੇ ਸੁੱਚਾ ਕਰਦਾ ਹੈ। ਅੰਬਰੀਂ ਉੱਡਣ ਦਾ ਸੁਫ਼ਨਾ ਹਰ ਮਨ ਲੋਚਦਾ ਹੈ ਫਿਰ ਉਹ ਚਾਹੇ ਪਰਿੰਦਾ ਹੋਵੇ ਤੇ ਚਾਹੇ ਮਨੁੱਖ। ਖੁੱਲੇ੍ਹ ਆਕਾਸ਼ ਦੀ ਵਿਲੱਖਣਤਾ ਤੇ ਰੰਗਾਂ ਦੀ ਖੂਬਸੂਰਤੀ ਇਸ ਦਾ ਕਾਰਨ ਬਣਦੀ ਹੈ। ਅਸਮਾਨੀਂ ਉੱਡਣ ਦੀ ਇਹ ਚਾਹ ਮਨੁੱਖ ਨੂੰ ਹਵਾਈ ਜਹਾਜ਼ ਦੀ ਖੋਜ ਤੱਕ ਲੈ ਗਈ ।

ਜਾਤ, ਮਜ੍ਹਬ ਤੇ ਨਸਲੀ ਵਿਤਕਰਾ
ਧਰਤ ’ਤੇ ਹਨ ਭਾਰੀ ।
ਅੰਬਰ ਦੀ ਖੁੱਲ੍ਹ ਮਨ ਨੂੰ ਭਾਵੇ
ਤੂੰ ਕਰ ਉੱਡਣ ਦੀ ਤਿਆਰੀ ।
ਤੋੜ ਜੰਜੀਰਾਂ, ਖੋਲ੍ਹ ਪਿੰਜਰਾ
ਪਰਿੰਦਿਆ ਉੱਡ ਜਾ ਮਾਰ ਉਡਾਰੀ ।
ਨਾ ਕੋਈ ਹੱਦਾਂ, ਨਾ ਸਰਹੱਦਾਂ
ਨਾ ਕੋਈ ਉੱਥੇ ਸ਼ਿਕਾਰੀ ।
ਪੰਖ ਖਿਲਾਰ ਕੇ ਛੋਹ ਲੈ ਸਿਖਰਾਂ
ਤੂੰ ਪਰਵਾਜ਼ਾਂ ਦਾ ਖਿਡਾਰੀ ।
ਬਣ ਜਾ ‘ਵਿਨਰ’, ਜਿੱਤ ਲੈ ਬਾਜੀ
ਛੱਡ ਨਾਲ ਸਲੀਬਾਂ ਯਾਰੀ

ਘਰ ਲੱਗੇ ਨਿੰਮ ’ਤੇ ਚਿੜੀਆਂ ਤੇ ਹੋਰ ਪੰਛੀਆਂ ਦੀ ਬੜੀ ਭੀੜ ਜੁੜਦੀ। ਆਪ-ਮੁਹਾਰਾ ਰੌਲਾ ਕਦੇ ਸੰਗੀਤਕ ਧੁਨਾਂ ਦੇ ਵੇਗ ਨੂੰ ਉਪਜਦਾ ਤੇ ਕਦੇ ਕੰਨ ਪਾੜ ਸ਼ੋਰ ਬਣਦਾ। ਟੋਕਰੇ ਹੇਠ ਕਾਨਾ ਫਸਾ ਚਿੜੀਆਂ ਫੜਨ ਦੀ ਸ਼ਰਾਰਤ ਬਚਪਨ ’ਚ ਕੇਵਲ ਇੱਕ ਖੇਡ ਮਾਤਰ ਲੱਗਦੀ ਸੀ। ਛੁੱਟੀ ਆਲੀ ਸਵੇਰ ਪੂਰੀ ਰੀਝ ਨਾਲ ਇਹ ਖੇਡ ਖੇਡਦੇ । ਪੰਛੀ ਫੜਦੇ ਤੇ ਉਸ ਦੇ ਖੰਭਾਂ ਨੂੰ ਰੰਗ ਕੇ ਆਥਣ ਨੂੰ ਖੁੱਲ੍ਹੇ ਆਕਾਸ਼ ਵਿੱਚ ਛੱਡ ਦਿੰਦੇ । ਫਿਰ ਰੰਗਾਂ ਤੋਂ ਪਹਿਚਾਣ ਸਾਥੀਆਂ ਕੋਲ ਆਪਣੇ ਹੱਥੀਂ ਛੱਡੇ ਹੋਣ ਦਾ ਰੌਲਾ ਪਾਉਂਦੇ। ਅੰਤਾਂ ਦੀ ਖੁਸ਼ੀ ਤੇ ਸਕੂਨ ਮਿਲਦਾ।

ਇਹ ਵੀ ਪੜ੍ਹੋ : ਖੇਤੀ ਮੇਲਿਆਂ ਦਾ ਅਸਲ ਮਕਸਦ

ਇੱਕ ਦਿਨ ਇੱਕ ਕਾਲੀ ਚਿੜੀ ਅੜ ਗਈ। ਡਾਹਢੀ ਸੋਹਣੀ ਤੇ ਮੁਲਾਇਮ। ਨਾ ਰੰਗਣ ਨੂੰ ਜੀਅ ਕੀਤਾ ਤੇ ਨਾ ਛੱਡਣ ਨੂੰ । ਹਰ ਰੋਜ਼ ਦੋ-ਤਿੰਨ ਘੰਟੇ ਖੇਡ ਟੋਕਰੇ ਹੇਠ ਰੱਖ ਦਿੰਦੇ। ਤਿੰਨ-ਚਾਰ ਦਿਨ ਇਵੇਂ ਚੱਲਦਾ ਰਿਹਾ । ਪਾਪਾ ਜੀ ਨੂੰ ਪਤਾ ਲੱਗਾ ਤਾਂ ਬਹੁਤ ਨਰਾਜ਼ ਹੋਏ ਤੇ ਡਾਂਟ ਪਾਈ । ਛੇਤੀ ਨਾਲ ਟੋਕਰੇ ਵੱਲ ਦੌੜੇ ਤੇ ਚਿੜੀ ਨੂੰ ਹੇਠੋਂ ਕੱਢ ਕੇ ਬੜੀ ਗਹੁ ਨਾਲ ਚੈੱਕ ਕੀਤਾ, ਪਾਣੀ ਪਿਆਇਆ ਤੇ ਅਸਮਾਨ ਵੱਲ ਛੱਡ ਦਿੱਤਾ । ਲੰਬਾ ਸਾਹ ਲਿਆ ਤੇ ਦੋਵੇਂ ਹੱਥ ਜੋੜ ਅਕਾਸ਼ ਨੂੰ ਨਮਸਕਾਰ ਕੀਤਾ ਜਿਵੇਂ ਕੋਈ ਵੱਡਾ ਪਾਪ ਹੋਣ ਤੋਂ ਟਲ਼ ਗਿਆ ਹੋਵੇ ।

ਕੁੱਝ ਦੇਰ ਬਾਅਦ ਗੁੱਸਾ ਸ਼ਾਂਤ ਹੋਣ ’ਤੇ ਬੜੇ ਪਿਆਰ ਨਾਲ ਮੈਨੂੰ ਕੋਲ ਬਿਠਾਇਆ ਤੇ ਸਮਝਾਇਆ ਕਿ ਪੰਛੀਆਂ ਨੂੰ ਕਦੇ ਕੈਦ ਨਹੀਂ ਕਰੀ ਦਾ ਪੁੱਤਰ! ਪਰਿੰਦੇ ਤਾਂ ਹਮੇਸ਼ਾ ਆਜ਼ਾਦ ਹੁੰਦੇ ਨੇ! ਹਰੇਕ ਆਪਣੇ ਹਿੱਸੇ ਦਾ ਆਕਾਸ਼ ਲੈ ਕੇ ਹੀ ਜਨਮ ਲੈਂਦਾ! ਅੰਬਰ ਇਨ੍ਹਾਂ ਦਾ ਹੈ ਤੇ ਇਸ ਨੂੰ ਖੋਹਣ ਦਾ ਹੱਕ ਕਿਸੇ ਨੂੰ ਵੀ ਨਹੀਂ । ਖੁੱਲੇ੍ਹ ਅਸਮਾਨ ਵਿੱਚ ਉੱਡਣਾ ਤੇ ਤਾਰੀਆਂ ਲਾਉਣੀਆਂ ਇਨ੍ਹਾਂ ਦਾ ਕੁਦਰਤੀ ਹੱਕ ਹੈ।

ਇਹ ਵੀ ਪੜ੍ਹੋ : ਬ੍ਰਾਜੀਲ ਦੇ ਅਮੇਜਨ ਜਹਾਜ ਹਾਦਸੇ ’ਚ 14 ਦੀ ਮੌਤ

ਬਾਪੂ ਦੇ ਪਿਆਰ ਤੇ ਦੁਲਾਰ ਨਾਲ ਸਮਝਾਈ ਇਸ ਗੱਲ ਨੇ ਮਨ ’ਤੇ ਗਹਿਰਾ ਅਸਰ ਕੀਤਾ । ਮੁੜ ਕਦੇ ਵੀ ਅਜਿਹੀ ਹਰਕਤ ਨਾ ਕੀਤੀ। ਪਿਤਾ ਜੀ ਨੇ ਇਸ ਫਲਸਫੇ ਨੂੰ ਸਿਰਫ ਪਰਿੰਦਿਆਂ ਤੱਕ ਹੀ ਸੀਮਤ ਨਾ ਰੱਖਿਆ ਬਲਕਿ ਪੂਰੇ ਪਰਿਵਾਰ ’ਤੇ ਲਾਗੂ ਕੀਤਾ ਤੇ ਸਾਰੀ ਉਮਰ ਇਸ ਦੀ ਪਾਲਣਾ ਵੀ ਕੀਤੀ। ਨਾ ਕਦੇ ਪੁੱਤ-ਧੀ ’ਚ ਕੋਈ ਫਰਕ ਕੀਤਾ ਤੇ ਨਾ ਹੀ ਉਨ੍ਹਾਂ ਦੀ ਪੜ੍ਹਾਈ-ਲਿਖਾਈ ’ਚ । ਅੱਸੀ ਦੇ ਦਹਾਕੇ ’ਚ ਜਦ ਹਰ ਕੋਈ ਕੁੜੀਆਂ ਨੂੰ ਘਰੋਂ ਬਾਹਰ ਭੇਜਣ ਤੋਂ ਡਰਦਾ ਸੀ ਅਜਿਹੇ ਸਮਿਆਂ ’ਚ ਬਾਪੂ ਨੇ ਆਪਣੀਆਂ ਧੀਆਂ ਨੂੰ ਬਾਹਰਲੇ ਸੂਬੇ ਦੇ ਵੱਡੇ ਸ਼ਹਿਰ ’ਚ ਪੜ੍ਹਾਈ ਲਈ ਭੇਜਿਆ। ਹਰੇਕ ਨੂੰ ਆਪਣੀ ਮਰਜੀ ਨਾਲ ਪੜ੍ਹਨ ਤੇ ਆਪਣਾ ਖੇਤਰ ਚੁਣਨ ਦਾ ਅਧਿਕਾਰ ਦਿੱਤਾ ।

ਬਦਲੇ ਹਾਲਾਤਾਂ ਨੇ ਇਸ ਧਾਰਨਾ ਦਾ ਅੰਤ ਕੀਤਾ ਹੈ। ਅੱਜ ਦੇ ਮਾਸੂਮ ਪਰਿੰਦਿਆਂ (ਬੱਚਿਆਂ) ਤੋਂ ਉਹਨਾਂ ਦੇ ਹਿੱਸੇ ਦਾ ਅੰਬਰ ਖੋਹਿਆ ਜਾ ਰਿਹਾ ਹੈ। ਬੇਗਾਨੇ ਸੁਪਨਿਆਂ ਦੇ ਭਾਰੀ ਬੋਝੇ ਨੂੰ ਆਪਣੇ ਖੰਬਾਂ ’ਤੇ ਚੁੱਕ ਕੇ ਉੱਡ ਸਕਣਾ, ਹੁਣ ਮਾਸੂਮਾਂ ਦੇ ਵੱਸ ਤੋਂ ਬਾਹਰ ਹੋ ਰਿਹਾ ਹੈ। ਪਰ ਮਾਪੇ ਇਸ ਖਬਰ ਤੋਂ ਬੇਖਬਰ ਹਨ। ਤ੍ਰਾਸਦੀ ਤਾਂ ਇਹ ਹੈ ਕਿ ਅਣਹੋਣੀਆਂ ਘਟਨਾਵਾਂ ਬਾਅਦ ਵੀ ਇਹ ਕੁਪੱਤੀ ਰੀਤ ਆਪਣੇ ਪੱਕੇ ਪੈਰੀਂ ਜੀਵਤ ਹੈ। ਅੱਠਵੀਂ ਕਲਾਸ ਤੋਂ ਹੀ ਬੱਚਿਆਂ ਨੂੰ ਸਿਵਲ ਸਰਵਿਸਜ਼ ਤੇ ਡਾਕਟਰੀ ਦੀ ਤਿਆਰੀ ਲਈ ਮਹਿੰਗੇ ਤੇ ਮਸ਼ਹੂਰ ਕੋਚਿੰਗ ਸੰਸਥਾਨਾਂ ਵੱਲ ਧੱਕਿਆ ਜਾ ਰਿਹਾ ਹੈ। ਇਸ ਅਗੇਤ ਸਦਕਾ ਛੋਟੇ ਮਨਾਂ ’ਤੇ ਮਾਨਸਿਕ ਤਣਾਅ ਭਾਰੀ ਹੋਇਆ ਹੈ । ਪਿਛਲੇ ਦਿਨੀਂ ਰਾਜਸਥਾਨ ਦੇ ਸ਼ਹਿਰ ਕੋਟਾ ’ਚ ਮੈਡੀਕਲ ਖੇਤਰ ਲਈ ਕੋਚਿੰਗ ਲੈ ਰਹੇ ਇੱਕ ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ। ਇਸ ਦੁਖਦ ਕਾਰੇ ਲਈ ਕਾਮਯਾਬੀ ਨਾ ਮਿਲਣ ਦਾ ਡਰ ਹੀ ਵੱਡਾ ਕਾਰਨ ਬਣਿਆ।

ਇਹ ਵੀ ਪੜ੍ਹੋ : ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ’ਤੇ ਜਾਨਲੇਵਾ ਹਮਲੇ ਦੀ ਡੀਟੀਐੱਫ਼ ਵੱਲੋਂ ਨਿਖੇਧੀ

ਇਕਲੌਤੇ ਪੁੱਤ ਨੇ ਇਸ ਕਦਮ ਤੋਂ ਪਹਿਲਾਂ ਮਾਪਿਆਂ ਤੋਂ ਮੁਆਫੀ ਵੀ ਮੰਗੀ ।‘ਮੈਨੂੰ ਮੁਆਫ ਕਰਨਾ ਪਾਪਾ ਮੈਂ ਤੁਹਾਡੇ ਸੁਪਨੇ ਨੂੰ ਪੂਰਾ ਨਹੀਂ ਕਰ ਸਕਿਆ !’ ਉਸ ਦੇ ਆਖਰੀ ਸ਼ਬਦ ਸਨ। ਹੁਣ ਲਾਡਲੇ ਦੇ ਤੁਰ ਜਾਣ ਬਾਅਦ ਤਾਅ-ਉਮਰ ਵਹਾਏ ਹੰਝੂਆਂ ਦਾ ਪਾਣੀ ਵੀ ਅਜਿਹੇ ਘੋਰ ਅਨਰਥ ਦੇ ਦਾਗ ਧੋਣ ਤੋਂ ਅਸਮਰੱਥ ਰਹੇਗਾ। ਪੁੱਤਰ ਦੇ ਇਸ ਖੁਦਕੁਸ਼ੀ ਨੋਟ ਨੇ ਸਮੂਹ ਜਗਤ ਦੇ ਉਹਨਾਂ ਮਾਪਿਆਂ ’ਤੇ ਗੰਭੀਰ ਸਵਾਲ ਖੜ੍ਹਾ ਕੀਤਾ ਹੈ ਜੋ ਬੇਲੋੜੀਆਂ ਇੱਛਾਵਾਂ ਤੇ ਖਵਾਇਸ਼ਾਂ ਹੇਠ ਆਪਣੇ ਨੰਨੇ੍ਹ ਬੱਚਿਆਂ ਦਾ ਭੋਲਾ ਬਚਪਨ ਖਾ ਰਹੇ ਹਨ। ਹਰ ਬੱਚਾ ਖਾਸ ਹੁੰਦਾ ਹੈ।ਹਰੇਕ ਦੀ ਯੋਗਤਾ ਤੇ ਵਿਸ਼ੇਸ਼ਤਾ ਅਲੱਗ ਹੁੰਦੀ ਹੈ ਜਿਸ ਨੂੰ ਸਮਝਣਾ ਹੀ ਮਾਪੇ ਹੋਣ ਦਾ ਅਸਲੀ ਅਰਥ ਹੈ।

ਸਾਰੇ ਡਾਕਟਰ ਤੇ ਅਫਸਰ ਨਹੀਂ ਬਣ ਸਕਦੇ। ਹਰੇਕ ਬੱਚੇ ਨੂੰ ਉਸ ਦੇ ਬਣਦੇ ਹਿੱਸੇ ਦਾ ਅੰਬਰ ਦੇਣਾ ਮਾਪਿਆਂ ਤੇ ਸਮਾਜ ਦਾ ਨੈਤਿਕ ਫਰਜ ਬਣਦਾ ਹੈ । ਅਜੋਕੇ ਮਾਪਿਆਂ ਦੇ ਅਜਿਹੇ ਗੈਰ-ਜ਼ਿੰਮੇਵਾਰ ਰਵੱਈਏ ਤੋਂ ਮਹਿਸੂਸ ਹੁੰਦੈ ਕਿ ਬਾਪੂ ਭਾਵੇਂ ਪੜ੍ਹਿਆ ਘੱਟ ਸੀ ਪਰ ਸੱਚੀਂ ਵੱਡਾ ਤੇ ਨੇਕ ਬੰਦਾ ਸੀ ।

ਰਲ *ਸ਼ਿਕਾਰੀਆਂ ਜਾਲ ਫੈਲਾਇਆ
ਖੋਹ ਲਿਆ ਮੇਰਾ ਅੰਬਰ ।
ਉੱਡਣਾ ਚਾਹਾਂ ਪਰ ਉੱਡ ਨਾ ਪਾਵਾਂ
ਅਜਬ ਹੈ ਮੇਰਾ ਮੰਜਰ ।
ਖਾਬ ਬੇਗਾਨੇ, ਭਾਰੀ ਪੰਖ ਮੇਰੇ ਤੇ
ਘੁੱਟ ਦਿੱਤਾ ਮੇਰਾ ਅੰਦਰ ।
ਅਰਮਾਨਾਂ ਦੀ **ਅੱਗ ਪਿਆ ਸੇਕਾਂ
ਰਚਿਆ ਕਿਸ ਨੇ ਇਹ ਅਡੰਬਰ?
(*ਮਾਪੇ/ਕੋਚਿੰਗ ਸੰਸਥਾਨ, **ਖੁਦਕੁਸ਼ੀ ਬਾਅਦ ਚਿਤਾ ਦੀ)

ਕੇ. ਮਨੀਵਿਨਰ
ਪ੍ਰੋਫੈਸਰ ਕਾਲੋਨੀ, ਤਲਵੰਡੀ ਸਾਬੋ ।
ਮੋ. 94641-97487