Wheat Procurement Punjab : ਖੰਨਾ ਮੰਡੀ ’ਚ ਕਣਕ ਦੀ ਆਮਦ ਸ਼ੁਰੂ, ਨਹੀਂ ਲੱਗੀ ਬੋਲੀ
ਕਣਕ ਦਾ ਭਾਅ 2585 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ
Wheat Procurement Punjab : (ਸੁਰਿੰਦਰ ਕੁਮਾਰ ਸ਼ਰਮਾ) ਖੰਨਾ। ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ’ਚ ਕਣਕ ਦੀ ਆਮਦ ਚੌਥੇ ਦਿਨ ਸ਼ੁਰੂ ਹੋ ਗਈ ਹੈ, ਜਦੋਂਕਿ ਸਰਕਾਰੀ ਖ਼ਰੀਦ ਪਹਿਲੀ ਅਪਰੈਲ ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਭੜੀ ਦਾ ਕਿਸਾਨ ਪਰਮਿੰਦਰ ਸਿੰਘ ਆਪਣੀ ਅਗੇਤੀ ਫ਼ਸਲ ਲੈ ਕੇ ਮੰਡੀ ਵਿੱਚ ਪਹੁੰਚਿਆ। ਉਸ ਨੇ ਕਰੀਬ ਤਿੰਨ ਏਕੜ ’ਚ ਕਣਕ ਦੀ ਕਾਸ਼ਤ ਕੀਤੀ ਸੀ ਅਤੇ ਫ਼ਸਲ ਦੀ ਕੁਆਲਟੀ ਵਧੀਆ ਹੋਣ ਦੇ ਨਾਲ ਝਾੜ ਵੀ ਠੀਕ ਦੱਸਿਆ ਪਰ ਕਣਕ ਦੀ ਬੋਲੀ ਨਾ ਲੱਗਣ ਕਾਰਨ ਉਹ ਹਾਲੇ ਮੰਡੀ ’ਚ ਬੈਠਣ ਲਈ ਮਜ਼ਬੂਰ ਹੈ।
ਇਹ ਵੀ ਪੜ੍ਹੋ: LPG Gas Supply News: ਗੈਸ ਸਪਲਾਈ ਨੂੰ ਲੈ ਕੇ ਆਈ ਵੱਡੀ ਖ਼ਬਰ: ਸਰਕਾਰ ਨੇ ਦਿੱਤੀ ਸਭ ਤੋਂ ਵੱਡੀ ਰਾਹਤ!
ਆੜ੍ਹਤੀ ਰਾਜ ਕੁਮਾਰ ਰਾਜੂ ਮੁਤਾਬਕ, ਮੰਡੀ ਵਿੱਚ ਫ਼ਸਲ ਆਉਣ ਮਗਰੋਂ ਉਸਦੀ ਸਫ਼ਾਈ ਅਤੇ ਸੰਭਾਲ ਕਰਵਾਉਣਾ ਆੜ੍ਹਤੀ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਜੇ ਬੋਲੀ ਨਹੀਂ ਲੱਗਦੀ ਤਾਂ ਹਾਲਾਤ ਔਖੇ ਹੋ ਜਾਂਦੇ ਹਨ। ਮਾਰਕੀਟ ਕਮੇਟੀ ਦੇ ਸਕੱਤਰ ਕਮਲਦੀਪ ਸਿੰਘ ਮਾਨ ਨੇ ਦੱਸਿਆ ਕਿ ਖ਼ਰੀਦ ਤੋਂ ਪਹਿਲਾਂ ਫ਼ਸਲ ਦੇ ਮਾਪਦੰਡ ਚੈੱਕ ਕੀਤੇ ਜਾਣਗੇ। ਕਣਕ ਵਿੱਚ ਨਮੀ ਦੀ ਮਾਤਰਾ 13 ਫ਼ੀਸਦੀ ਤੱਕ ਹੋਣੀ ਲਾਜ਼ਮੀ ਹੈ, ਜਿਸ ਮਗਰੋਂ ਹੀ ਬੋਲੀ ਲੱਗ ਸਕੇਗੀ। ਇਸ ਸਾਲ ਕਣਕ ਦਾ ਭਾਅ 2585 ਰੁਪਏ ਪ੍ਰਤੀ ਕੁਇੰਟਲ ਤੈਅ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਸੁੱਕੀ ਫ਼ਸਲ ਹੀ ਮੰਡੀ ਵਿੱਚ ਲਿਆਂਦੀ ਜਾਵੇ ਤਾਂ ਜੋ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ। ਦੂਜੇ ਪਾਸੇ ਕਿਸਾਨ ਪਰਮਿੰਦਰ ਸਿੰਘ ਨੇ ਮੰਗ ਕੀਤੀ ਕਿ ਵਧ ਰਹੀ ਮਹਿੰਗਾਈ ਅਤੇ ਖਰਚਿਆਂ ਦੇ ਮੱਦੇਨਜ਼ਰ ਕਣਕ ਦਾ ਭਾਅ ਹੋਰ ਵਧਾਇਆ ਜਾਣਾ ਚਾਹੀਦਾ ਹੈ।
