IND vs AFG ਤੀਜਾ ਵਨਡੇ ਅੱਜ, ਚੇਨਈ ’ਚ ਅੱਜ 55 ਫੀਸਦੀ ਮੀਂਹ ਦੀ ਸੰਭਾਵਨਾ
ਕਲੀਨ ਸਵੀਪ ਦੇ ਟੀਚੇ ਨਾਲ ਉੱਤਰੇਗੀ ਟੀਮ ਇੰਡੀਆ
IND vs AFG: ਸਪੋਰਟਸ ਡੈਸਕ। ਭਾਰਤ ਤੇ ਅਫਗਾਨਿਸਤਾਨ ਵਿਚਕਾਰ ਤਿੰਨ ਮੈਚਾਂ ਦੀ ਲੜੀ ਦਾ ਤੀਜਾ ਵਨਡੇ ਅੱਜ ਚੇਨਈ ਦੇ ਚੇਪੌਕ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਵੇਗਾ। ਭਾਰਤ ਪਹਿਲਾਂ ਹੀ ਲੜੀ ’ਚ 2-0 ਦੀ ਅਜੇਤੂ ਬੜ੍ਹਤ ਲੈ ਚੁੱਕਾ ਹੈ ਤੇ ਹੁਣ ਕਲੀਨ ਸਵੀਪ ਕਰਨ ਦਾ ਟੀਚਾ ਰੱਖੇਗਾ। ਹਾਲਾਂਕਿ, ਮੈਚ ’ਚ ਮੌਸਮ ਭੂਮਿਕਾ ਨਿਭਾ ਸਕਦਾ ਹੈ। ਮੌਸਮ ਵਿਭਾਗ ਅਨੁਸਾਰ, ਸ਼ਨਿੱਚਰਵਾਰ ਨੂੰ ਚੇਨਈ ’ਚ ਮੀਂਹ ਪੈਣ ਦੀ 55 ਫੀਸਦੀ ਸੰਭਾਵਨਾ ਹੈ।
ਅਫਗਾਨਿਸਤਾਨ ਨੂੰ ਭਾਰਤ ਖਿਲਾਫ਼ ਪਹਿਲੀ ਜਿੱਤ ਦੀ ਉਡੀਕ
ਭਾਰਤ ਤੇ ਅਫਗਾਨਿਸਤਾਨ ਨੇ ਹੁਣ ਤੱਕ 6 ਵਨਡੇ ਖੇਡੇ ਹਨ। ਭਾਰਤ ਨੇ ਇਨ੍ਹਾਂ ਵਿੱਚੋਂ ਪੰਜ ਮੈਚ ਜਿੱਤੇ ਹਨ, ਜਦੋਂ ਕਿ ਇੱਕ ਮੈਚ ਟਾਈ ’ਚ ਖਤਮ ਹੋਇਆ। ਅਫਗਾਨਿਸਤਾਨ ਨੇ ਕਦੇ ਵੀ ਭਾਰਤ ਵਿਰੁੱਧ ਵਨਡੇ ਨਹੀਂ ਜਿੱਤਿਆ ਹੈ। ਦੋਵਾਂ ਟੀਮਾਂ ਵਿਚਕਾਰ ਇੱਕੋ ਇੱਕ ਮੈਚ 2018 ’ਚ ਖੇਡਿਆ ਗਿਆ ਸੀ। ਮੌਜ਼ੂਦਾ ਲੜੀ ਦੋਵਾਂ ਦੇਸ਼ਾਂ ਵਿਚਕਾਰ ਪਹਿਲੀ ਦੁਵੱਲੀ ਵਨਡੇ ਲੜੀ ਹੈ।
Read Also : Japan Middle East Crisis: ਮੱਧ ਪੂਰਬ ਸੰਕਟ ਦਾ ਜਪਾਨ ’ਤੇ ਅਸਰ
ਬਰਾਰ ਸੀਰੀਜ਼ ਦੇ ਟਾਪ ਵਿਕਟ-ਟੇਕਰ
ਵਾਪਸੀ ਕਰ ਰਹੇ ਈਸ਼ਾਨ ਕਿਸ਼ਨ ਨੇ ਦੂਜੇ ਵਨਡੇ ’ਚ 79 ਗੇਂਦਾਂ ’ਚ 125 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਕਪਤਾਨ ਸ਼ੁਭਮਨ ਗਿੱਲ (Shubman Gill) ਵੀ ਸ਼ਾਨਦਾਰ ਫਾਰਮ ’ਚ ਹਨ। ਉਸਨੇ ਪਹਿਲੇ ਮੈਚ ’ਚ ਅਜੇਤੂ 84 ਦੌੜਾਂ ਬਣਾਈਆਂ, ਦੂਜੇ ਵਨਡੇ ਵਿੱਚ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਦੇ ਹੋਏ, ਉਸਨੇ 110 ਗੇਂਦਾਂ ’ਤੇ 154 ਦੌੜਾਂ ਬਣਾਈਆਂ। ਸਾਬਕਾ ਕਪਤਾਨ ਰੋਹਿਤ ਸ਼ਰਮਾ ਨੇ ਦੂਜੇ ਮੈਚ ’ਚ 48 ਦੌੜਾਂ ਦੀ ਤੇਜ਼ ਪਾਰੀ ਖੇਡੀ। ਗੇਂਦਬਾਜ਼ੀ ਵਿੱਚ, ਇਸ ਲੜੀ ’ਚ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਵਾਲੇ ਗੁਰਨੂਰ ਬਰਾੜ ਸਭ ਤੋਂ ਸਫਲ ਰਹੇ ਹਨ ਤੇ ਹੁਣ ਤੱਕ ਸਭ ਤੋਂ ਵੱਧ ਵਿਕਟਾਂ ਲਈਆਂ ਹਨ।
ਹਰਸ਼ਿਤ ਰਾਣਾ ਟੀਮ ’ਚ ਸ਼ਾਮਲ | IND vs AFG
ਸੀਮ ਗੇਂਦਬਾਜ਼ੀ ਆਲਰਾਊਂਡਰ ਨਿਤੀਸ਼ ਰੈੱਡੀ, ਜੋ ਪੱਟ ਦੀ ਸੱਟ ਕਾਰਨ ਲਖਨਊ ਵਨਡੇ ਤੋਂ ਬਾਹਰ ਹੋ ਗਏ ਸਨ, ਨੇ ਸ਼ੁੱਕਰਵਾਰ ਨੂੰ ਚੇਪੌਕ ਵਿਖੇ ਨੈੱਟ ’ਤੇ ਬਿਨਾਂ ਕਿਸੇ ਸਮੱਸਿਆ ਦੇ ਗੇਂਦਬਾਜ਼ੀ ਕੀਤੀ ਤੇ ਅੱਜ ਵਾਪਸੀ ਕਰ ਸਕਦੇ ਹਨ। ਹਰਸ਼ਿਤ ਰਾਣਾ ਨੂੰ ਗੋਡੇ ਦੀ ਸਰਜਰੀ ਤੋਂ ਠੀਕ ਹੋਣ ਤੋਂ ਬਾਅਦ ਤੀਜੇ ਵਨਡੇ ਲਈ ਟੀਮ ’ਚ ਸ਼ਾਮਲ ਕੀਤਾ ਗਿਆ ਹੈ, ਪਰ ਉਸਨੂੰ ਮੈਦਾਨ ’ਚ ਉਤਾਰਨ ਦੀ ਸੰਭਾਵਨਾ ਨਹੀਂ ਹੈ, ਉਸਨੇ ਆਖਰੀ ਵਾਰ ਇਸ ਸਾਲ ਫਰਵਰੀ ’ਚ ਅੰਤਰਰਾਸ਼ਟਰੀ ਮੈਚ ਖੇਡਿਆ ਸੀ।
ਚੈਨਈ ’ਚ ਖੇਡਿਆ ਜਾਵੇਗਾ 29ਵਾਂ ਵਨਡੇ
ਚੇਨਈ ਦੀ ਪਿੱਚ ਨੂੰ ਆਮ ਤੌਰ ’ਤੇ ਸਪਿਨਰਾਂ ਲਈ ਮਦਦਗਾਰ ਮੰਨਿਆ ਜਾਂਦਾ ਹੈ, ਹਾਲਾਂਕਿ ਤੇਜ਼ ਗੇਂਦਬਾਜ਼ਾਂ ਨੂੰ ਸ਼ੁਰੂਆਤੀ ਓਵਰਾਂ ’ਚ ਕੁਝ ਸਹਾਇਤਾ ਵੀ ਮਿਲ ਸਕਦੀ ਹੈ। ਰਿਪੋਰਟਾਂ ਅਨੁਸਾਰ, ਇਹ ਮੈਚ ਚੇਪੌਕ ਦੀ ਨੰਬਰ 4 ਪਿੱਚ ’ਤੇ ਖੇਡਿਆ ਜਾਵੇਗਾ, ਜੋ ਕਿ ਲਾਲ ਮਿੱਟੀ ਹੈ ਤੇ ਇਸ ਤੋਂ ਵਧੀਆ ਉਛਾਲ ਆਉਣ ਦੀ ਉਮੀਦ ਹੈ। ਮੈਚ ਤੋਂ ਦੋ ਦਿਨ ਪਹਿਲਾਂ ਚੇਨਈ ’ਚ ਕੁਝ ਮੀਂਹ ਪਿਆ ਸੀ, ਪਰ ਇੱਕ ਦਿਨ ਪਹਿਲਾਂ ਮੌਸਮ ਸਾਫ਼ ਹੋ ਗਿਆ। ਇਸ ਮੈਦਾਨ ’ਤੇ ਹੁਣ ਤੱਕ 28 ਵਨਡੇ ਮੈਚ ਖੇਡੇ ਗਏ ਹਨ, ਜਿਸ ’ਚ ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਨੇ 15 ਜਿੱਤੇ ਹਨ ਤੇ ਪਿੱਛਾ ਕਰਨ ਵਾਲੀ ਟੀਮ ਨੇ 12 ਜਿੱਤੇ ਹਨ, ਜਦੋਂ ਕਿ ਇੱਕ ਮੈਚ ਡਰਾਅ ’ਚ ਖਤਮ ਹੋਇਆ।
ਦੋਵੇਂ ਟੀਮਾਂ ਦੀ ਸੰਭਾਵਿਤ ਪਲੇਇੰਗ-11
ਭਾਰਤ : ਰੋਹਿਤ ਸ਼ਰਮਾ, ਯਸ਼ਸਵੀ ਜਾਇਸਵਾਲ, ਸ਼ੁਭਮਨ ਗਿੱਲ (ਕਪਤਾਨ), ਈਸ਼ਾਨ ਕਿਸ਼ਨ (ਵਿਕਟਕੀਪਰ), ਸ਼੍ਰੇਅਸ ਅਈਅਰ/ਕੇਐਲ ਰਾਹੁਲ, ਵਾਸ਼ਿੰਗਟਨ ਸੁੰਦਰ, ਨਿਤੀਸ਼ ਰੈੱਡੀ, ਕੁਲਦੀਪ ਯਾਦਵ/ਹਰਸ਼ ਦੂਬੇ, ਗੁਰਨੂਰ ਬਰਾੜ, ਪ੍ਰਿੰਸ ਯਾਦਵ, ਪ੍ਰਸਿਧ ਕ੍ਰਿਸ਼ਨਾ/ਅਰਸ਼ਦੀਪ ਸਿੰਘ।
ਅਫਗਾਨਿਸਤਾਨ : ਰਹਿਮਾਨਉੱਲ੍ਹਾ ਗੁਰਬਾਜ਼, ਇਬਰਾਹਿਮ ਜ਼ਦਰਾਨ, ਸਦੀਕਉੱਲ੍ਹਾ ਅਟਲ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਹੀਦੀ (ਕਪਤਾਨ), ਦਰਵੇਸ਼ ਰਸੂਲ, ਰਾਸ਼ਿਦ ਖਾਨ, ਨਗੇਲੀਆ ਖਰੋਤੇ, ਮੁਹੰਮਦ ਸਲੀਮ, ਅੱਲ੍ਹਾ ਗਜ਼ਨਫਰ, ਬਿਲਾਲ ਸਾਮੀ।