ਵਾਰ-ਵਾਰ ਕਿੱਥੋਂ ਨਿਕਲ ਆਉਂਦਾ ਹੈ ਟਿੱਡੀ ਦਲ?

Tiddi dal became source trouble

ਵਾਰ-ਵਾਰ ਕਿੱਥੋਂ ਨਿਕਲ ਆਉਂਦਾ ਹੈ ਟਿੱਡੀ ਦਲ?

Tiddi dal | ਭਾਰਤ ਵਿੱਚ ਕੁਝ ਸਾਲਾਂ ਬਾਅਦ ਹੀ ਟਿੱਡੀ ਦਾ ਛੋਟਾ ਵੱਡਾ ਹਮਲਾ ਹੋ ਜਾਂਦਾ ਹੈ। ਪੰਜਾਬ ਦੀ ਕਿਸਮਤ ਚੰਗੀ ਹੈ ਇਹ ਬਹੁਤੀ ਵਾਰ ਰਾਜਸਥਾਨ ਅਤੇ ਗੁਜਰਾਤ ਤੱਕ ਹੀ ਸੀਮਤ ਰਹਿੰਦਾ ਹੈ। ਇਸ ਵਾਰ ਵੀ ਇਹ ਰਾਜਸਥਾਨ ਤੋਂ ਅੱਗੇ ਨਹੀਂ ਆਇਆ। ਸ਼ਾਇਦ ਟਿੱਡੀ ਦਲ ਨੂੰ ਪੰਜਾਬ ‘ਤੇ ਤਰਸ ਆ ਗਿਆ ਹੋਵੇ ਕਿ ਇਹ ਸੂਬਾ ਤਾਂ ਪਹਿਲਾਂ ਹੀ ਸਰਕਾਰਾਂ ਅਤੇ ਅਫਸਰਾਂ ਦੁਆਰਾ ਚੂਸਿਆ ਜਾ ਚੁੱਕਾ ਹੈ। ਟਿੱਡੀ ਦਲ ਸਧਾਰਨ ਹਰੇ ਟਿੱਡੇ ਦੀ ਨਸਲ ਨਾਲ ਸਬੰਧ ਰੱਖਦਾ ਹੈ ਪਰ ਅਕਾਰ ਵਿੱਚ ਉਸ ਤੋਂ ਕਈ ਗੁਣਾ ਵੱਡਾ ਹੁੰਦਾ ਹੈ।

ਇਹ (Tiddi dal) ਟਿੱਡੇ ਆਮ ਤੌਰ ‘ਤੇ ਏਕਾਕੀ ਜੀਵਨ ਬਿਤਾਉਂਦੇ ਹਨ ਪਰ ਹਰੇਕ 10-12 ਸਾਲਾਂ ਬਾਅਦ ਅਨੁਕੂਲ ਮੌਸਮ ਕਾਰਨ ਸਰੀਰ ਅੰਦਰ ਹੋਣ ਵਾਲੇ ਹਾਰਮੋਨ ਬਦਲਾਉ ਦੀ ਵਜਾ ਨਾਲ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਨਵੀਆਂ ਚਰਾਗਾਹਾਂ ਵੱਲ ਪ੍ਰਵਾਸ ਸ਼ੁਰੂ ਕਰ ਦਿੰਦੇ ਹਨ।

ਆਮ ਹਾਲਤਾਂ ਵਿੱਚ ਇਹਨਾਂ ਟਿੱਡਿਆਂ ਦੀ ਗਿਣਤੀ ਐਨੀ ਨਹੀਂ ਹੁੰਦੀ ਕਿ ਇਹ ਫਸਲਾਂ ਜਾਂ ਦਰਖਤਾਂ ਨੂੰ ਕੋਈ ਗੰਭੀਰ ਨੁਕਸਾਨ ਪਹੁੰਚਾ ਸਕਣ, ਪਰ ਮਨਮਾਫਿਕ ਮੌਸਮੀ ਹਾਲਾਤ ਇਹਨਾਂ ਦੇ ਵਿਹਾਰ ਵਿੱਚ ਹੈਰਾਨੀਜਨਕ ਤਬਦੀਲੀ ਲਿਆਉਂਦੇ ਹਨ।

ਕਈ ਸਾਲ ਦੇ ਸਖਤ ਸੋਕੇ ਤੋਂ ਬਾਅਦ ਭਾਰੀ ਬਾਰਸ਼ ਨਾਲ ਜਦੋਂ ਇੱਕ ਦਮ ਹਰਿਆਲੀ ਅਤੇ ਨਮੀਂ ਪੈਦਾ ਹੁੰਦੀ ਹੈ ਤਾਂ ਇਹਨਾਂ ਦੇ ਦਿਮਾਗ ਵਿਚਲਾ ਸੈਰੋਟੋਨਿਨ ਨਾਮਕ ਰਸਾਇਣ ਅਜਿਹੀ ਉਤੇਜ਼ਨਾ ਪੈਦਾ ਕਰਦਾ ਹੈ ਕਿ ਇਹ ਲੱਖਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਧੜਾਧੜ ਬੱਚੇ ਪੈਦਾ ਕਰਨੇ ਸ਼ੁਰੂ ਕਰ ਦਿੰਦੇ ਹਨ। ਪੈਦਾਇਸ਼ ਵਾਲੀ ਜਗਾ ਦੀ ਹਰਿਆਲੀ ਖਤਮ ਹੁੰਦੇ ਸਾਰ ਇਹ ਨਵੀਆਂ ਥਾਵਾਂ ਵੱਲ ਉਡਾਰੀ ਮਾਰ ਜਾਂਦੇ ਹਨ ਤੇ ਹਮੇਸ਼ਾਂ ਆਪਣੇ ਪੂਰਵਜਾਂ ਵਾਲਾ ਹੀ ਰੂਟ ਅਪਨਾਉਂਦੇ ਹਨ। ਟਿੱਡੀ ਦਲ ਅੰਟਾਰਕਟਿਕਾ, ਯੂ.ਐਸ.ਏ ਅਤੇ ਕੈਨੇਡਾ ਨੂੰ ਛੱਡ ਕੇ ਬਾਕੀ ਸਾਰੇ ਸੰਸਾਰ ਵਿੱਚ ਪਾਇਆ ਜਾਂਦਾ ਹੈ।

Tiddi dal | ਟਿੱਡੀ ਦਲ ਬਹੁਤ ਲੰਬੀ ਉਡਾਣ ਭਰਨ ਦੇ ਸਮਰੱਥ ਹੁੰਦਾ ਹੈ ਤੇ ਰਸਤੇ ਵਿੱਚ ਆਉਣ ਵਾਲੀਆਂ ਸਾਰੀਆਂ ਫਸਲਾਂ ਅਤੇ ਦਰਖਤਾਂ ਦਾ ਸਫਾਇਆ ਕਰਦਾ ਜਾਂਦਾ ਹੈ। ਸਭ ਤੋਂ ਜਿਆਦਾ ਨੁਕਸਾਨ ਉਸ ਜਗਾ ਦਾ ਹੁੰਦਾ ਹੈ ਜਿੱਥੇ ਇਹ ਰਾਤ ਨੂੰ ਵਿਸ਼ਰਾਮ ਲਈ ਰੁਕਦੇ ਹਨ। ਰਾਤੋ ਰਾਤ ਲੱਖਾਂ ਅੰਡੇ ਦੇ ਦਿੱਤੇ ਜਾਂਦੇ ਹਨ, ਜਿਹਨਾਂ ਵਿੱਚੋਂ ਕੁਝ ਹੀ ਦਿਨਾਂ ਵਿੱਚ ਬੱਚੇ ਪੈਦਾ ਹੋ ਕੇ ਉੱਡਣ ਦੇ ਕਾਬਲ ਹੋਣ ਤੱਕ ਫਸਲਾਂ ਚੱਟ ਕਰਦੇ ਰਹਿੰਦੇ ਹਨ ਤੇ ਰਹੀ ਸਹੀ ਹਰਿਆਲੀ ਵੀ ਨਸ਼ਟ ਕਰ ਦਿੰਦੇ ਹਨ।

ਟਿੱਡੀ ਦਲ ਦੇ ਝੁੰਡ ਦੇ ਪ੍ਰਵਾਸ ਦਾ ਸਭ ਤੋਂ ਵੱਡਾ ਕਾਰਨ ਇੱਕ ਜਗਾ ‘ਤੇ ਅਬਾਦੀ ਦਾ ਬੇਹੱਦ ਵਧ ਜਾਣਾ ਹੁੰਦਾ ਹੈ। ਸੈਰੋਟੋਨਿਨ  ਵਧਣ ਕਾਰਨ ਇਹਨਾਂ ਦਾ ਰੰਗ ਭੁਰੇ ਤੋਂ ਹਰਾ ਹੋ ਜਾਂਦਾ ਹੈ,  ਕਾਮ ਇੱਛਾ ਅਤੇ ਭੁੱਖ ਬੇਹੱਦ ਤੇਜ਼ ਹੋ ਜਾਂਦੀ ਹੈ ਤੇ ਨਰ ਮਾਦਾਵਾਂ ਨੂੰ ਆਕਰਸ਼ਿਤ ਕਰਨ ਲਈ ਆਪਣੀਆਂ ਪਿਛਲੀਆਂ ਲੱਤਾਂ ਰਗੜ ਕੇ ਇੱਕ ਉਤੇਜਕ ਅਵਾਜ਼ ਪੈਦਾ ਕਰਦੇ ਹਨ। ਇੱਕ ਨਰ, ਮਾਦਾ ਨਾਲ ਇੱਕ ਮਿੰਟ ਵਿੱਚ ਕਈ ਕਈ ਵਾਰ ਸੰਭੋਗ ਕਰਦਾ ਹੈ ਜਿਸ ਕਾਰਨ ਅਣਗਿਣਤ ਅੰਡੇ ਪੈਦਾ ਹੁੰਦੇ ਹਨ।

ਟਿੱਡੀ ਦਲ ਦੇ ਵੱਡੇ ਝੁੰਡਾਂ ਵਿੱਚ ਅਰਬਾਂ ਟਿੱਡੇ ਸ਼ਾਮਲ ਹੁੰਦੇ ਹਨ ਜੋ ਹਜ਼ਾਰਾਂ ਕਿਲੋ ਮੀਟਰਾਂ ਤੱਕ ਫੈਲ ਜਾਂਦੇ ਹਨ। ਇਹਨਾਂ ਦੀ ਗਿਣਤੀ ਪ੍ਰਤੀ ਸੁਕੇਅਰ ਕਿਲੋ ਮੀਟਰ ਅੱਠ ਕਰੋੜ ਤੱਕ ਹੋ ਸਕਦੀ ਹੈ। ਐਨੇ ਵੱਡੇ ਝੁੰਡ ਨੂੰ ਯੂਰਪ ਵਿੱਚ ਪਲੇਗ ਕਿਹਾ ਜਾਂਦਾ ਸੀ।

ਰੋਜ਼ਾਨਾ ਇਹ ਗਿਣਤੀ ਵਧਦੀ ਜਾਂਦੀ ਹੈ ਤੇ ਇੱਕ ਝੁੰਡ ਦੇ ਅੱਗੇ ਕਈ ਝੁੰਡ ਬਣ ਜਾਂਦੇ ਹਨ। ਦੋ ਦਿਨਾਂ ਵਿੱਚ ਅੰਡੇ ਤੋਂ ਨਿਕਲਣ ਵਾਲਾ ਸੁੰਡਾ ਇੱਕ ਹਫਤੇ ਵਿੱਚ ਹੀ ਜਵਾਨ ਹੋ ਬੱਚੇ ਪੈਦਾ ਕਰਨ ਦੇ ਕਾਬਲ ਹੋ ਜਾਂਦਾ ਹੈ। ਇਹ ਸੂਰਜ ਦੇ ਹਿਸਾਬ ਆਪਣਾ ਸਫਰ ਜਾਰੀ ਰੱਖਦੇ ਹਨ ਤੇ ਇੱਕ ਦਿਨ ਵਿੱਚ 10-15 ਕਿ.ਮੀ. ਸਫਰ ਕਰ ਲੈਂਦੇ ਹਨ। ਹਰੇਕ ਝੁੰਡ ਇੱਕ ਨਿਸ਼ਚਿਤ ਸਮੇਂ ਬਾਅਦ ਖਾਣ ਲਈ ਰੁਕਦਾ ਹੈ। ਇੱਕ ਝੁੰਡ ਵੱਲੋਂ ਦਿੱਤੇ ਅੰਡਿਆਂ ਦੇ ਟਿੱਡੇ ਜਵਾਨ ਹੋ ਕੇ ਅਗਲੇ ਝੁੰਡ ਵਿੱਚ ਸ਼ਾਮਲ ਹੋ ਜਾਂਦੇ ਹਨ।

ਇਸ ਤਰਾਂ ਪੁਰਾਣੇ ਟਿੱਡਿਆਂ ਦੇ ਮਰਨ ਦੇ ਬਾਵਜੂਦ ਨਵੇਂ ਟਿੱਡਿਆਂ ਦੇ ਸ਼ਾਮਲ ਹੋਣ ਕਾਰਨ ਝੁੰਡਾਂ ਦੀ ਗਿਣਤੀ ਲਗਾਤਰ ਵਧਦੀ ਰਹਿੰਦੀ ਹੈ। ਟਿੱਡੀ ਦਲ ਉੱਡਣ ਨਾਲੋਂ ਜਿਆਦਾ ਸਮਾਂ ਧਰਤੀ ਉੱਪਰ ਪੌਦੇ ਖਾਣ ਅਤੇ ਮਦੀਨਾਂ ਨਾਲ ਮੇਲ ਕਰਨ ਵਿੱਚ ਗੁਜ਼ਾਰਦੇ ਹਨ। ਝੁੰਡ ਉਦੋਂ ਹੀ ਅੱਗੇ ਵਧਦਾ ਹੈ ਜਦੋਂ ਇੱਕ ਜਗਾ ਵਨਸਪਤੀ ਪੂਰੀ ਤਰਾਂ ਖਤਮ ਹੋ ਜਾਂਦੀ ਹੈ।

ਟਿੱਡੀ ਦਲ ਬਾਰੇ ਇਕ ਦਿਲਚਸਪ ਗੱਲ ਹੈ ਕਿ ਇਸ ਨੂੰ ਅਫਰੀਕਾ, ਮੱਧ ਪੂਰਬ ਅਤੇ ਏਸ਼ੀਆ ਦੇ ਅਨੇਕਾਂ ਦੇਸ਼ਾਂ ਵਿੱਚ ਬਹੁਤ ਹੀ ਕੀਮਤੀ ਖਾਧ ਪਦਾਰਥ ਮੰਨਿਆਂ ਜਾਂਦਾ ਹੈ ਤੇ ਕਾਮ ਉਤੇਜਕ ਦਵਾਈ ਦੇ ਤੌਰ ‘ਤੇ ਖਾਧਾ ਜਾਂਦਾ ਹੈ।

ਸਾਊਦੀ ਅਰਬ ਵਿੱਚ ਰਮਜ਼ਾਨ ਦੇ ਸਮੇਂ ਇਸ ਦੀ ਥੁੜ ਪੈਦਾ ਹੋ ਜਾਂਦੀ ਹੈ। ਯਮਨ ਦੇ ਲੋਕਾਂ ਨੂੰ ਟਿੱਡੀ ਦਲ ਖਾਣਾ ਐਨਾ ਪਸੰਦ ਹੈ ਕਿ ਉਹਨਾਂ ਦੇ ਵਿਰੋਧ ਕਾਰਨ ਸਰਕਾਰ ਨੇ ਟਿੱਡੀ ਦਲ ਨੂੰ ਕੀਟਨਾਸ਼ਕਾਂ ਨਾਲ ਮਾਰਨਾ ਬੰਦ ਕਰਨਾ ਪਿਆ ਸੀ। 19ਵੀਂ ਸਦੀ ਦੇ ਕਈ ਯੁਰਪੀਅਨ ਯਾਤਰੀਆਂ ਨੇ ਵਰਨਣ ਕੀਤਾ ਹੈ ਕਿ ਅਰਬ, ਮਿਸਰ, ਮਰਾਕੋ ਅਤੇ ਜਾਰਡਨ ਦੇ ਬਜ਼ਾਰਾਂ ਵਿੱਚ ਟਿੱਡੀ ਦਲ ਆਮ ਹੀ ਵਿਕਦਾ ਹੈ। ਟਿੱਡੀ ਦਲ ਵਿੱਚ ਜਾਨਵਰਾਂ ਦੇ ਮਾਸ ਨਾਲੋਂ ਪੰਜ ਗੁਣਾ ਵੱਧ ਪ੍ਰੋਟੀਨ, ਪੋਟਾਸ਼ੀਅਮ, ਸੋਡੀਅਮ, ਫਾਸਫੋਰਸ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਅਤੇ ਜ਼ਿੰਕ ਹੁੰਦਾ ਹੈ।

ਭਾਰਤ ਵਿੱਚ ਟਿੱਡੀ ਦਲ ਦਾ ਹਮਲਾ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ ਹੈ। ਪਰ ਇਸ ਸਾਲ ਹੋਇਆ ਰਾਜਸਥਾਨ ਅਤੇ ਗੁਜਰਾਤ ਦਾ ਹਮਲਾ ਪਿਛਲੇ 30 ਸਾਲਾਂ ਵਿੱਚ ਸਭ ਤੋਂ ਵੱਡਾ ਹੈ। ਇਹ 1993 ਵਿੱਚ ਹੋਏ ਹਮਲੇ ਤੋਂ ਵੀ ਕਈ ਗੁਣਾ ਵੱਧ ਨੁਕਸਾਨ ਕਰ ਚੁੱਕਾ ਹੈ ਤੇ ਹੁਣ ਤੱਕ ਚਾਰ ਲੱਖ ਹੈਕਟੇਅਰ ਫਸਲ ਤਬਾਹ ਹੋ ਚੁੱਕੀ ਹੈ। ਗੁਜਰਾਤ ਦੇ ਕੱਛ, ਪਟਨ, ਬਾਂਸਕੰਠਾ ਅਤੇ ਰਾਜਸਥਾਨ ਦੇ ਜੈਸਲਮੇਰ, ਬਾਰਮੇੜ, ਬੀਕਾਨੇਰ, ਜਲੌਰ, ਸ੍ਰੀ ਗੰਗਾਨਗਰ, ਹਨੂੰਮਾਨਗੜ, ਅਤੇ ਚੁਰੂ ਜਿਲੇ ਜਿਆਦਾ ਪ੍ਰਭਾਵਿਤ ਹੋਏ ਹਨ।

ਪਹਿਲਾਂ ਹੀ ਸੋਕੇ ਨਾਲ ਜੂਝ ਰਹੇ ਕਿਸਾਨਾਂ ਦਾ ਇਸ ਹਮਲੇ ਨੇ ਲੱਕ ਤੋੜ ਦਿੱਤਾ ਹੈ। ਫਿਲਹਾਲ ਸਰਦੀਆਂ ਹਨ ਤੇ ਟਿੱਡੀ ਦਲ ਦਾ ਬਰੀਡਿੰਗ ਮੌਸਮ ਗਰਮੀਆਂ ਅਜੇ ਆਉਣ ਵਾਲਾ ਹੈ, ਜਿਸ ਕਾਰਨ ਹਾਲਾਤ ਹੋਰ ਵੀ ਖਰਾਬ ਹੋ ਸਕਦੇ ਹਨ।

ਭਾਰਤ ਦੇ ਗੁਜਰਾਤ ਅਤੇ ਰਾਜਸਥਾਨ, ਪਾਕਿਸਤਾਨ ਦੇ ਬਲੋਚਿਸਤਾਨ ਅਤੇ ਸਿੰਧ ਤੇ ਇਰਾਨ ਦਾ ਬਹੁਤਾ ਇਲਾਕਾ ਰੇਗਸਤਾਨੀ ਹੋਣ ਕਾਰਨ ਵਧਣ ਫੁੱਲਣ ਲਈ ਟਿੱਡੀ ਦਲ ਨੂੰ ਮਾਕੂਲ ਮਾਹੌਲ ਪ੍ਰਦਾਨ ਕਰਦਾ ਹੈ। ਹਰ ਵਾਰ ਹਮਲਾ ਇਹਨਾਂ ਇਲਾਕਿਆਂ ਤੋਂ ਹੀ ਸ਼ੁਰੂ ਹੁੰਦਾ ਹੈ ਤੇ ਗੁਆਂਢੀ ਦੇਸ਼ਾਂ ਤੱਕ ਫੈਲ ਜਾਂਦਾ ਹੈ।  ਜਿੰਨਾਂ ਚਿਰ ਭਾਰਤ, ਪਾਕਿਸਤਾਨ ਅਤੇ ਇਰਾਨ ਮਿਲ ਕੇ ਇਸ ਦੇ ਖਾਤਮੇ ਲਈ ਹੰਭਲਾ ਨਹੀਂ ਮਾਰਦੇ, ਜਿਸ ਦੀ ਅਜੋਕੇ ਦੁਸ਼ਮਣੀ ਭਰੇ ਮਾਹੌਲ ਵਿੱਚ ਉਮੀਦ ਘੱਟ ਹੀ ਹੈ, ਇਹ ਮੁਸੀਬਤ ਖਤਮ ਨਹੀਂ ਹੋ ਸਕਦੀ।

ਸਰਕਾਰਾਂ ਦੀਆਂ ਆਪਸੀ ਦੁਸ਼ਮਣੀਆਂ ਦਾ ਖਮਿਆਜ਼ਾ ਗਰੀਬ ਜਨਤਾ ਨੂੰ ਭੁਗਤਣਾ ਪੈਂਦਾ ਹੈ। ਟਿੱਡੀ ਦਲ ਇਨਸਾਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਧਰਤੀ ‘ਤੇ ਮੌਜੂਦ ਸੀ ਤੇ ਇਨਸਾਨੀ ਸਭਿਅਤਾ ਖਤਮ ਹੋਣ ਤੋਂ ਬਾਅਦ ਵੀ ਜਿੰਦਾ ਰਹਿਣਗੇ। ਮਿਸਰ ਦੇ ਪਿਰਾਮਿਡਾਂ ਵਿੱਚ ( 5500 ਸਾਲ ਪਹਿਲਾਂ) ਇਹਨਾਂ ਦੀਆਂ ਤਸਵੀਰਾਂ ਉਕਰੀਆਂ ਹੋਈਆਂ ਹਨ ਤੇ ਇਹਨਾਂ ਦਾ ਵਰਨਣ ਪ੍ਰਚੀਨ ਯੂਨਾਨੀ ਗ੍ਰੰਥ ਇਲੀਅਡ ਅਤੇ ਬਾਈਬਲ ਵਿੱਚ ਵੀ ਮਿਲਦਾ ਹੈ। ਚੀਨ ਵਿੱਚ ਅੱਜ ਤੋਂ 3000 ਸਾਲ ਪਹਿਲਾਂ ਇੱਕ ਟਿੱਡੀ ਦਲ ਕੰਟਰੋਲ ਮੰਤਰੀ ਨਿਯੁੱਕਤ ਕੀਤਾ ਜਾਂਦਾ ਸੀ।

ਇਹ ਇਨਸਾਨੀ ਇਤਿਹਾਸ ਦੇ ਕਈ ਅਕਾਲਾਂ ਅਤੇ ਭੁੱਖਮਰੀਆਂ ਲਈ ਜ਼ਿੰਮੇਵਾਰ ਰਹੇ ਹਨ। 911 ਈਸਵੀ ਵਿੱਚ ਚੀਨ ਦੇ ਯੂਨਾਨ ਸੂਬੇ ਵਿੱਚ ਟਿੱਡੀ ਦਲ ਦੇ ਹਮਲੇ ਦੇ ਸਿੱਟੇ ਵਜੋਂ ਫੈਲੇ ਅਕਾਲ ਅਤੇ ਭੁੱਖਮਰੀ ਕਾਰਨ 98% ਅਬਾਦੀ ਖਤਮ ਹੋ ਗਈ ਸੀ।

1966 ਤੋਂ 1969 ਤੱਕ ਅਫਰੀਕਾ, ਅਰਬ ਅਤੇ ਏਸ਼ੀਆ ਦੇ ਦੇਸ਼ਾਂ ਵਿੱਚ ਲਗਾਤਰ ਤਿੰਨ ਸਾਲ ਕਹਿਰ ਢਾਹੁਣ ਵਾਲੇ ਟਿੱਡੀ ਦਲ ਦੇ ਝੁੰਡ ਦੀ ਗਿਣਤੀ 30 ਅਰਬ ਤੱਕ ਪਹੁੰਚ ਗਈ ਸੀ ਤੇ ਇਸ ਨੇ ਇੱਕ ਲੱਖ ਸੁਕੇਅਰ ਕਿ.ਮੀ. ਇਲਾਕਾ ਨਸ਼ਟ ਕਰ ਦਿੱਤਾ। 2003-04 ਵਿੱਚ ਇਸ ਵੱਲੋਂ  ਸੁਡਾਨ, ਮਰਾਕੋ, ਅਲਜੀਰੀਆ ਅਤੇ ਇਜ਼ਰਾਈਲ ਵਿੱਚ ਕੀਤੇ ਹਮਲੇ ਕਾਰਨ 3000 ਕਰੋੜ ਰੁਪਏ ਤੋਂ ਵੱਧ ਦੀਆਂ ਫਸਲਾਂ ਬਰਬਾਦ ਹੋ ਗਈਆਂ ਸਨ।20ਵੀਂ ਸਦੀ ਵਿੱਚ ਖੇਤੀਬਾੜੀ ਦੇ ਤਰੀਕਿਆਂ ਵਿੱਚ ਬਦਲਾਅ ਅਤੇ ਬਿਹਤਰ ਕੀਟਨਾਸ਼ਕਾਂ ਕਾਰਨ ਇਹ ਕਾਫੀ ਕਾਬੂ ਹੇਠ ਆ ਗਿਆ ਹੈ ਪਰ ਅਫਰੀਕਾ ਅਤੇ ਭਾਰਤ-ਪਾਕਿਸਤਾਨ ਵਰਗੇ ਪਿਛੜੇ ਅਤੇ ਭ੍ਰਿਸ਼ਟ ਅਫਸਰਸ਼ਾਹੀ ਵਾਲੇ ਦੇਸ਼ਾਂ ਵਿੱਚ ਇਸ ਦੇ ਹਮਲੇ ਲਗਾਤਰ ਜਾਰੀ ਹਨ।

ਟਿੱਡੀ ਦਲ ਦਾ ਖਾਤਮਾ ਸਿਰਫ ਮੁੱਢਲੀ ਸਟੇਜ ‘ਤੇ ਇਸ ਦੇ ਆਂਡੇ ਅਤੇ ਲਾਰਵਾ ਖਤਮ ਕਰ ਕੇ ਕੀਤਾ ਜਾ ਸਕਦਾ ਹੈ। ਪਰ ਜਦੋਂ ਇਹ ਉੱਡਣ ਲੱਗ ਪਏ ਤਾਂ ਫਿਰ ਇਸ ਨੂੰ ਨਸ਼ਟ ਕਰਨਾ ਲੱਗਭਗ ਅਸੰਭਵ ਹੋ ਜਾਂਦਾ ਹੈ। ਇਸ ਦੇ ਖਾਤਮੇ ਲਈ ਕੁਝ ਸਾਲ ਪਹਿਲਾਂ ਅਮਰੀਕੀ ਵਿਗਿਆਨਕਾਂ ਨੇ ਰਵਾਇਤੀ ਕੀਟਨਾਸ਼ਕਾਂ ਦੀ ਬਜਾਏ ਇੱਕ ਬਹੁਤ ਹੀ ਕਾਮਯਾਬ ਆਰਗੈਨਿਕ ਵਾਇਰਸ (ਮੈਟਾਰੀਜ਼ੀਮ ਅਕਰੀਡਮ ਉੱਲੀ) ਦੀ ਖੋਜ ਕੀਤੀ ਹੈ ਜੋ  ਟਿੱਡੀ ਦਲ ‘ਤੇ ਸਪਰੇਅ ਕਰਨ ਨਾਲ ਟਿੱਡਿਆਂ ਦੇ ਸਰੀਰਾਂ ਨਾਲ ਚਿਪਕ ਜਾਂਦੀ ਹੈ।

ਇਹ ਆਪਸੀ ਸਪਰਸ਼ ਨਾਲ ਇੱਕ ਤੋਂ ਦੂਸਰੇ ਤੱਕ ਪਹੁੰਚ ਜਾਂਦੀ ਹੈ ਤੇ ਕੁਝ ਹੀ ਦਿਨਾਂ ਵਿੱਚ ਪੂਰੇ ਝੁੰਡ ਨੂੰ ਖਤਮ ਕਰ ਦਿੰਦੀ ਹੈ। 2009 ਵਿੱਚ ਇਸ ਦੀ ਵਰਤੋਂ ਨਾਲ ਤਨਜ਼ਾਨੀਆਂ ਦੇ ਇੱਕੈਟਾਵੀ ਜੰਗਲ ਵਿੱਚ ਕਰੋੜਾਂ ਦੀ ਗਿਣਤੀ ਵਾਲਾ ਟਿੱਡੀ ਦਲ ਦਾ ਇੱਕ ਵੱਡਾ ਝੁੰਡ ਕੁਝ ਹੀ ਦਿਨਾਂ ਵਿੱਚ ਖਤਮ ਕੀਤਾ ਗਿਆ ਸੀ।
ਬਲਰਾਜ ਸਿੰਘ ਸਿੱਧੂ ਐਸ.ਪੀ.       ਪੰਡੋਰੀ ਸਿੱਧਵਾਂ 9501100062

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।