ਆਪ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ, ਸਰਕਾਰੀ ਕੋਠੀ ‘ਚ ਕੀਤੀ ਪ੍ਰੈਸ ਕਾਨਫਰੰਸ

Violation, Election, AAP, Press, Conference, Government

ਚੰਡੀਗੜ੍ਹ ਵਿਖੇ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦੀ ਰਿਹਾਇਸ਼ ‘ਚ ਹੋਈ ਸਿਆਸੀ ਕਾਨਫਰੰਸ

ਵਿਧਾਇਕ ਅਮਨ ਅਰੋੜਾ ਅਤੇ ਕੁਲਤਾਰ ਸੰਧਵਾਂ ਨੇ ਕੀਤਾ ਪ੍ਰੈਸ ਨੂੰ ਸੰਬੋਧਨ

ਚੋਣ ਜ਼ਾਬਤੇ ਕਾਰਨ ਨਹੀਂ ਕੀਤੀ ਜਾ ਸਕਦੀ ਐ ਸਰਕਾਰੀ ਕੋਠੀ ਤੋਂ ਕੋਈ ਸਿਆਸੀ ਕਾਰਵਾਈ

ਚੰਡੀਗੜ੍ਹ, ਅਸ਼ਵਨੀ ਚਾਵਲਾ

ਆਮ ਆਦਮੀ ਪਾਰਟੀ ਨੇ ਚੰਡੀਗੜ੍ਹ ਵਿਖੇ ਸਥਿਤ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਦੀ ਸਰਕਾਰੀ ਕੋਠੀ ਵਿਖੇ ਸਿਆਸੀ ਪ੍ਰੈਸ ਕਾਨਫਰੰਸ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਦਿੱਤੀ ਹੈ। ਹਾਲਾਂਕਿ ਸਮਾਂ ਰਹਿੰਦੇ ਹੋਏ ਆਮ ਆਦਮੀ ਪਾਰਟੀ ਨੂੰ ਆਪਣੀ ਇਸ ਗਲਤੀ ਦਾ ਵੀ ਅਹਿਸਾਸ ਹੋ ਗਿਆ ਸੀ ਪਰ ਉਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਦੇ ਹੋਏ ਸਾਫ਼ ਕਿਹਾ ਕਿ ਇਸ ਵਿੱਚ ਕੋਈ ਦਿੱਕਤ ਨਹੀਂ ਹੈ ਅਤੇ ਉਨ੍ਹਾਂ ਨੂੰ ਨਹੀਂ ਲੱਗਦਾ ਹੈ ਕਿ ਉਨ੍ਹਾਂ ਨੇ ਕੋਈ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਹੈ।

ਜਾਣਕਾਰੀ ਅਨੁਸਾਰ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਕਾਰਨ ਚੋਣ ਜ਼ਾਬਤਾ ਲੱਗਿਆ ਹੋਇਆ ਹੈ। ਜਿਸ ਕਾਰਨ ਕੋਈ ਵੀ ਸਿਆਸੀ ਪਾਰਟੀ ਜਾਂ ਫਿਰ ਉਨ੍ਹਾਂ ਦਾ ਨੁਮਾਇੰਦਾ ਸਰਕਾਰੀ ਰਿਹਾਇਸ਼ ਜਾਂ ਫਿਰ ਬਿਲਡਿੰਗ ਦੀ ਵਰਤੋਂ ਸਿਆਸੀ ਕੰਮ ਜਾਂ ਫਿਰ ਕੋਈ ਸਿਆਸੀ ਐਲਾਨ ਬਾਰੇ ਨਹੀਂ ਕਰ ਸਕਦਾ ਹੈ। ਆਮ ਆਦਮੀ ਪਾਰਟੀ ਵੱਲੋਂ ਚੰਡੀਗੜ੍ਹ ਵਿਖੇ ਕੋਈ ਦਫ਼ਤਰ ਨਾ ਹੋਣ ਦੇ ਕਾਰਨ ਆਪਣਾ ਸਿਆਸੀ ਦਫ਼ਤਰ ਹੀ ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਦੀ ਸਰਕਾਰੀ ਕੋਠੀ ਵਿੱਚੋਂ ਹੀ ਚਲਾਇਆ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਵਲੋਂ ਵੀਰਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਚੰਡੀਗੜ ਵਿਖੇ ਰੱਖੀ ਗਈ ਸੀ। ਇਸ ਪ੍ਰੈਸ ਕਾਨਫਰੰਸ ਨੂੰ ਹਰਪਾਲ ਚੀਮਾ ਦੀ ਗੈਰ ਹਾਜ਼ਰੀ ਵਿੱਚ ਉਨਾਂ ਦੀ ਸੈਕਟਰ 39 ਵਿਖੇ ਸਥਿਤ ਸਰਕਾਰੀ ਕੋਠੀ ਵਿਖੇ ਕਰਦੇ ਹੋਏ ਸਿੱਧੇ ਤੌਰ ‘ਤੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਦਿੱਤੀ ਹੈ। ਸਰਕਾਰੀ ਕੋਠੀ ਵਿਖੇ ਆਮ ਆਦਮੀ ਪਾਰਟੀ ਦਾ ਬੋਰਡ ਲਾ ਕੇ ਪਾਰਟੀ ਦੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਅਮਨ ਅਰੋੜਾ ਅਤੇ ਵਿਧਾਇਕ ਕੁਲਤਾਰ ਸੰਧਵਾ ਨੇ ਨਾ ਸਿਰਫ਼ ਪ੍ਰੈਸ ਕਾਨਫਰੰਸ ਕੀਤੀ ਸੀ, ਸਗੋਂ ਇਸ ਨੂੰ ਚੋਣ ਜ਼ਾਬਤੇ ਦਾ ਉਲੰਘਣ ਮੰਨਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ।

ਪਾਰਟੀ ਕੋਲ ਨਹੀਂ ਐ ਕੋਈ ਦਫ਼ਤਰ ਤਾਂ ਕੀਤੀ ਇੱਥੇ ਪ੍ਰੈਸ ਕਾਨਫਰੰਸ : ਅਮਨ ਅਰੋੜਾ

ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਚੰਡੀਗੜ੍ਹ ਵਿਖੇ ਕੋਈ ਵੀ ਦਫ਼ਤਰ ਨਹੀਂ ਹੈ ਅਤੇ ਪਿਛਲੇ ਸਮੇਂ ਤੋਂ ਆਮ ਆਦਮੀ ਪਾਰਟੀ ਆਪਣਾ ਦਫ਼ਤਰ ਹਰਪਾਲ ਚੀਮਾ ਦੀ ਕੋਠੀ ਵਿਖੇ ਤੋਂ ਹੀ ਚਲਾ ਰਹੀ ਹੈ, ਜਿਸ ਕਾਰਨ ਹੀ ਉਨ੍ਹਾਂ ਨੇ ਇਥੇ ਪ੍ਰੈਸ ਕਾਨਫਰੰਸ ਕੀਤੀ ਹੈ, ਇਸ ਲਈ ਉਹ ਇਸ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਨਹੀਂ ਮੰਨਦੇ ਹਨ। ਉਨ੍ਹਾਂ ਕਿਹਾ ਕਿ ਇਹ ਸਾਡੇ ਲੀਡਰ ਦੀ ਅਧਿਕਾਰਤ ਰਿਹਾਇਸ਼ ਹੈ, ਜਿਥੇ ਕਿ ਅਸੀਂ ਇਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕਰ ਸਕਦੇ ਹਾਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।