Punjab
Fazilka News: ਫਾਜ਼ਿਲਕਾ ’ਚ 8 ਮੈਡੀਕਲ ਸਟੋਰਾਂ ਦੀ ਕੀਤੀ ਅਚਨਚੇਤ ਜਾਂਚ
ਦਵਾਈਆਂ ਦੀ ਖਰੀਦ-ਵੇਚ ਦਾ ਰਿਕਾਰਡ ਅਤੇ ਸ਼ਡਿਊਲ ਐੱਚ-1 ਰਜਿਸਟਰ ਪੂਰਾ ਰੱਖਣ ਦੀ ਹਦਾਇਤ
Fazilka News: ਫਾਜ਼ਿਲਕਾ, (ਸੱਚ ਕਹੂੰ ਨਿਊਜ਼/ਹਿੰ.ਸ.)। ਫਾਜ਼ਿਲਕਾ ਜ਼ਿਲ੍ਹੇ ਵਿੱਚ ਡਰੱਗ ਹੌਟਸਪੌਟ ਖੇਤਰਾਂ ਦੇ ਮੈਡੀਕਲ ਸਟੋਰਾਂ ਦੀ ਅਚਨਚੇਤ ਜਾਂਚ ਕੀਤੀ ਗਈ। ਇਸ ਕਾਰਵਾਈ ਦੌਰਾਨ 8 ਮੈਡੀਕਲ ਸਟੋਰਾਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਵਿੱਚ ਕਈ ਤਰ੍ਹਾਂ ਦੀਆਂ ਖਾਮੀਆਂ ਸਾਹਮਣੇ ਆਈਆਂ। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਅਤੇ ਸਿਵਲ ਸਰਜਨ ਡਾ. ਕਵਿਤਾ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਅਸਿਸਟੈਂਟ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਗੁਰਬਿੰਦਰ ਸਿੰਘ ਦੇ ਹੁਕਮਾਂ ਅਨੁਸਾਰ ਇਹ ਜਾਂਚ ਕੀਤੀ ਗਈ। ਡਰੱਗ ਕੰਟਰੋਲ ਅਫ਼ਸਰ ਹਰਜਿੰਦਰ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਪੁਲਿਸ ਵਿਭਾਗ ਦੇ ਸਹਿਯੋਗ ਨਾਲ ਅੰਨੀ ਦਿੱਲੀ, ਫੱਤੂ ਵਾਲਾ, ਸੁਖੀਰਾ ਬੋਦਲਾ ਅਤੇ ਜਲਾਲਾਬਾਦ ਤਹਿਸੀਲ ਦੇ ਪਾਲੀਵਾਲਾ, ਕਾਥਗੜ੍ਹ ਤੇ ਚੱਕ ਬਲੋਚਾਂ ਵਿੱਚ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ।
ਇਹ ਵੀ ਪੜ੍ਹੋ: Philippines Plane Crash: ਫਿਲੀਪੀਨਜ਼ ’ਚ 2 ਸਿਖਲਾਈ ਜਹਾਜ਼ ਟਕਰਾਏ, 4 ਪਾਇਲਟਾਂ ਦੀ ਮੌਤ
ਜਾਂਚ ਦੌਰਾਨ ਕੁਝ ਮੈਡੀਕਲ ਸਟੋਰਾਂ ’ਤੇ ਸ਼ਡਿਊਲ ਐੱਚ-1 ਰਜਿਸਟਰ ਸਹੀ ਢੰਗ ਨਾਲ ਸੰਭਾਲਿਆ ਹੋਇਆ ਨਹੀਂ ਮਿਲਿਆ। ਇਸ ਤੋਂ ਇਲਾਵਾ, ਕੁਝ ਸਟੋਰਾਂ ਵਿੱਚ ਦਵਾਈਆਂ ਦੀ ਖਰੀਦ ਅਤੇ ਵਿਕਰੀ ਸਬੰਧੀ ਰਿਕਾਰਡ ਵੀ ਅਧੂਰਾ ਪਾਇਆ ਗਿਆ। ਹੋਰ ਕਮੀਆਂ ਵੀ ਸਾਹਮਣੇ ਆਈਆਂ। ਸਬੰਧਤ ਮੈਡੀਕਲ ਸਟੋਰ ਮਾਲਕਾਂ ਨੂੰ ਬਿੱਲਾਂ ਅਤੇ ਹੋਰ ਦਸਤਾਵੇਜ਼ਾਂ ਦਾ ਰਿਕਾਰਡ ਪੂਰਾ ਕਰਨ, ਸ਼ਡਿਊਲ ਐੱਚ-1 ਰਜਿਸਟਰ ਠੀਕ ਢੰਗ ਨਾਲ ਸੰਭਾਲਣ ਅਤੇ ਖਾਮੀਆਂ ਦੂਰ ਕਰਨ ਦੀ ਹਦਾਇਤ ਦਿੰਦਿਆਂ ਚਿਤਾਵਨੀ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਡਰੱਗਜ਼ ਐਂਡ ਕਾਸਮੈਟਿਕਸ ਐਕਟ, 1940 ਤਹਿਤ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।
ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਕਿਹਾ ਕਿ ਡਰੱਗਜ਼ ਐਂਡ ਕਾਸਮੈਟਿਕਸ ਐਕਟ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕੈਮਿਸਟ ਦੁਕਾਨਦਾਰਾਂ ਨੂੰ ਦਵਾਈਆਂ ਦੀ ਖਰੀਦ-ਵੇਚ ਦਾ ਪੂਰਾ ਰਿਕਾਰਡ ਰੱਖਣ, ਪਾਬੰਦੀਸ਼ੁਦਾ ਦਵਾਈਆਂ ਨਾ ਰੱਖਣ ਅਤੇ ਦੁਕਾਨ ’ਤੇ ਫਾਰਮਾਸਿਸਟ ਦੀ ਮੌਜੂਦਗੀ ਯਕੀਨੀ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਵੀ ਜਾਂਚ ਜਾਰੀ ਰਹੇਗੀ। ਇਸ ਮੌਕੇ ਸੁਖਦੇਵ ਸਿੰਘ ਸਹਾਇਕ ਵੀ ਮੌਜੂਦ ਸਨ।