Screen Addiction: ਸਕ੍ਰੀਨ ਦਾ ਨਸ਼ਾ, ਮਾਨਸਿਕ ਸਿਹਤ ਲਈ ਵੱਡਾ ਖ਼ਤਰਾ!

ਜਦੋਂ ਬੱਚਾ ਖਾਣ-ਪੀਣ, ਖੇਡਣ ਜਾਂ ਹੋਰ ਸਮਾਜਿਕ ਗਤੀਵਿਧੀਆਂ ਨਾਲੋਂ ਜ਼ਿਆਦਾ ਸਮਾਂ ਮੋਬਾਇਲ ਜਾਂ ਟੀਵੀ ਦੀ ਸਕ੍ਰੀਨ ਅੱਗੇ ਬਿਤਾਉਣ ਲੱਗਦਾ ਹੈ, ਤਾਂ ਇਸ ਨੂੰ ਸਕ੍ਰੀਨ ਦਾ ਨਸ਼ਾ ਕਿਹਾ ਜਾਂਦਾ ਹੈ

Khushdeep Singh Picture
Published On

Technology Impact: ਅਜੋਕੇ ਯੁੱਗ ਵਿੱਚ ਤਕਨਾਲੋਜੀ ਨੇ ਸਾਡੇ ਜੀਵਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਜਿੱਥੇ ਸਮਾਰਟਫ਼ੋਨ, ਟੈਬਲੇਟ ਤੇ ਟੈਲੀਵਿਜ਼ਨ ਜਾਣਕਾਰੀ ਦੇ ਵੱਡੇ ਸਰੋਤ ਹਨ, ਉੱਥੇ ਹੀ ਇਨ੍ਹਾਂ ਦੀ ਬਹੁਤ ਜ਼ਿਆਦਾ ਵਰਤੋਂ ਖਾਸ ਕਰਕੇ ਬੱਚਿਆਂ ਲਈ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਈ ਹੈ। ਹਾਲ ਹੀ ਦੇ ਸਾਲਾਂ ਵਿੱਚ ‘ਸਕਰੀਨ ਦਾ ਨਸ਼ਾ’ ਸਕਰੀਨ ਐਡਿਕਸ਼ਨ ਤੇ ਬੱਚਿਆਂ ਵਿੱਚ ‘ਆਟੀਜ਼ਮ’’ ਵਰਗੇ ਲੱਛਣਾਂ ਦੇ ਵਧਣ ਦੇ ਵਿਚਕਾਰ ਇੱਕ ਡੂੰਘਾ ਸਬੰਧ ਦੇਖਿਆ ਗਿਆ ਹੈ।

ਕੀ ਹੈ ਸਕ੍ਰੀਨ ਦਾ ਨਸ਼ਾ?

ਜਦੋਂ ਬੱਚਾ ਖਾਣ-ਪੀਣ, ਖੇਡਣ ਜਾਂ ਹੋਰ ਸਮਾਜਿਕ ਗਤੀਵਿਧੀਆਂ ਨਾਲੋਂ ਜ਼ਿਆਦਾ ਸਮਾਂ ਮੋਬਾਇਲ ਜਾਂ ਟੀਵੀ ਦੀ ਸਕ੍ਰੀਨ ਅੱਗੇ ਬਿਤਾਉਣ ਲੱਗਦਾ ਹੈ, ਤਾਂ ਇਸ ਨੂੰ ਸਕ੍ਰੀਨ ਦਾ ਨਸ਼ਾ ਕਿਹਾ ਜਾਂਦਾ ਹੈ। ਬੱਚੇ ਘੰਟਿਆਂਬੱਧੀ ਕਾਰਟੂਨ ਜਾਂ ਗੇਮਾਂ ਵਿੱਚ ਗੁਆਚੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦਾ ਬਾਹਰੀ ਦੁਨੀਆ ਨਾਲੋਂ ਸੰਪਰਕ ਟੁੱਟ ਜਾਂਦਾ ਹੈ।

Read Also : Punjab Weather Forecast: ਪੰਜਾਬ ’ਚ ਅੱਜ ਭਿਆਨਕ ਹੀਟਵੇਵ ਦਾ ਅਲਰਟ, ਭਲਕੇ ਤੋਂ ਬਦਲੇਗਾ ਮੌਸਮ

ਆਟੀਜ਼ਮ ਅਤੇ ‘ਵਰਚੁਅਲ ਆਟੀਜ਼ਮ’ ਦਾ ਖਤਰਾ:

ਮਾਹਿਰਾਂ ਅਨੁਸਾਰ ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਕ੍ਰੀਨ ਦੀ ਵਰਤੋਂ ਬਹੁਤ ਘਾਤਕ ਹੋ ਸਕਦੀ ਹੈ। ਇਸ ਉਮਰ ਵਿੱਚ ਬੱਚੇ ਦਾ ਦਿਮਾਗ ਤੇਜ਼ੀ ਨਾਲ ਵਿਕਸਿਤ ਹੋ ਰਿਹਾ ਹੁੰਦਾ ਹੈ। ਜਦੋਂ ਬੱਚਾ ਲਗਾਤਾਰ ਸਕ੍ਰੀਨ ਦੇਖਦਾ ਹੈ ਤਾਂ ਉਸ ਨੂੰ ਸਿਰਫ਼ ਇੱਕ-ਪਾਸੜ ਸੰਵਾਦ ਮਿਲਦਾ ਹੈ। ਉਹ ਦੂਜਿਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣਾ, ਨਾਂਅ ਬੁਲਾਉਣ ’ਤੇ ਹੁੰਗਾਰਾ ਦੇਣਾ ਅਤੇ ਸਮਾਜਿਕ ਮਿਲਵਰਤਣ ਆਦਿ ਕਰਨਾ ਨਹੀਂ ਸਿੱਖ ਪਾਉਂਦਾ। ਇਸ ਨੂੰ ਵਿਗਿਆਨਕ ਭਾਸ਼ਾ ਵਿੱਚ ‘ਵਰਚੁਅਲ ਆਟੀਜ਼ਮ’  ਕਿਹਾ ਜਾਂਦਾ ਹੈ ਜਿਸ ਦੇ ਲੱਛਣ ਅਸਲੀ ਆਟੀਜ਼ਮ ਵਰਗੇ ਹੀ ਹੁੰਦੇ ਹਨ।

ਕੀ ਹਨ ਇਸ ਦੇ ਮਾੜੇ ਪ੍ਰਭਾਵ:
  • ਬੱਚੇ ਵਿੱਚ ਭਾਸ਼ਾ ਦਾ ਦੇਰੀ ਨਾਲ ਵਿਕਾਸ ਹੁੰਦਾ ਹੈ। ਬੱਚੇ ਬੋਲਣਾ ਸਿੱਖਣ ਦੀ ਬਜਾਏ ਸਿਰਫ਼ ਚਿੱਤਰਾਂ ਨੂੰ ਦੇਖਣ ਤੱਕ ਸੀਮਤ ਰਹਿ ਜਾਂਦੇ ਹਨ।
  • ਇਸ ਤੋਂ ਇਲਾਵਾ ਚਿੜਚਿੜਾਪਨ ਇੱਕ ਆਮ ਜਿਹੀ ਸਮੱਸਿਆ ਹੈ। ਫ਼ੋਨ ਵਾਪਸ ਲੈਣ ’ਤੇ ਬੱਚਾ ਗੁੱਸਾ ਕਰਦਾ ਹੈ ਜਾਂ ਰੋਂਦਾ ਹੈ।
  • ਇਸ ਤੋਂ ਇਲਾਵਾ ਬਹੁਤ ਸਾਰੀਆਂ ਸਰੀਰਿਕ ਸਮੱਸਿਆਵਾਂ ਵੀ ਆਉਂਦੀਆਂ ਹਨ। ਅੱਖਾਂ ਦੀ ਰੌਸ਼ਨੀ ਘਟਣਾ, ਮੋਟਾਪਾ ਤੇ ਨੀਂਦ ਦੀ ਕਮੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ।
ਮਾਪਿਆਂ ਲਈ ਕੀ ਹਨ ਚੈਲੇਂਜ

ਮਾਪਿਆਂ ਨੂੰ ਚਾਹੀਦੈੈ ਕਿ ਉਹ ਬੱਚਿਆਂ ਨੂੰ ਸਕ੍ਰੀਨ ਤੋਂ ਦੂਰ ਰੱਖ ਕੇ ਉਨ੍ਹਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ। ਬੱਚਿਆਂ ਨੂੰ ਖਿਡੌਣਿਆਂ, ਕਹਾਣੀਆਂ ਦੀਆਂ ਕਿਤਾਬਾਂ ਅਤੇ ਬਾਹਰੀ ਖੇਡਾਂ ਵੱਲ ਪ੍ਰੇਰਿਤ ਕਰਨਾ ਚਾਹੀਦਾ ਹੈ। ਜੇਕਰ ਬੱਚਾ ਸਮਾਜਿਕ ਮਿਲਵਰਤਣ ਵਿੱਚ ਪਿੱਛੇ ਰਹਿ ਰਿਹਾ ਹੈ ਤਾਂ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।ਸਕ੍ਰੀਨ ਦੀ ਵਰਤੋਂ ਸਿਰਫ਼ ਸਹੂਲਤ ਲਈ ਹੋਣੀ ਚਾਹੀਦੀ ਹੈ ਨਾ ਕਿ ਬੱਚੇ ਦੇ ਵਿਕਾਸ ਵਿੱਚ ਰੁਕਾਵਟ ਬਣਨੀ ਚਾਹੀਦੀ ਹੈ। ਜੇਕਰ ਅਸੀਂ ਸਮੇਂ ਸਿਰ ਸੁਚੇਤ ਨਾ ਹੋਏ ਤਾਂ ਸਕ੍ਰੀਨ ਦਾ ਇਹ ਨਸ਼ਾ ਸਾਡੀ ਆਉਣ ਵਾਲੀ ਪੀੜ੍ਹੀ ਦੇ ਮਾਨਸਿਕ ਸਿਹਤ ਲਈ ਇੱਕ ਵੱਡਾ ਖਤਰਾ ਬਣ ਸਕਦਾ ਹੈ।

ਲੈਕਚਰਾਰ ਲਲਿਤ ਗੁਪਤਾ, ਮੰਡੀ ਅਹਿਮਦਗੜ੍ਹ
ਮੋ. 97815-90500

About The Author

Related Posts