Kangra Valley Railway: ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਮੁੜ 10 ਦਿਨਾਂ ਬਾਅਦ ਬਹਾਲ
ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਇਹ ਰੇਲ ਮਾਰਗ ਹੋਇਆ ਸੀ ਪ੍ਰਭਾਵਿਤ
Kangra Valley Railway: ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਹਿਮਾਚਲ ਪ੍ਰਦੇਸ਼ ਦੀਆਂ ਖੂਬਸੂਰਤ ਵਾਦੀਆਂ ਦੀ ਲਾਈਫਲਾਈਨ ਮੰਨੀ ਜਾਂਦੀ ਇਤਿਹਾਸਕ ਕਾਂਗੜਾ ਘਾਟੀ ਨੈਰੋਗੇਜ ਰੇਲ ਸੇਵਾ ਕਰੀਬ 10 ਦਿਨਾਂ ਬਾਅਦ ਮੁੜ ਸ਼ੁਰੂ ਹੋ ਗਈ ਹੈ। ਭਾਰੀ ਮੀਂਹ ਤੇ ਭੂਸਖਲਨ ਕਾਰਨ ਇਸ ਰੇਲ ਮਾਰਗ ’ਤੇ ਟਰੇਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ ਸੀ। ਰੇਲਵੇ ਦੇ ਇੰਜੀਨੀਅਰਿੰਗ ਵਿਭਾਗ ਵੱਲੋਂ ਟਰੈਕ ਦਾ ਵਿਸਥਾਰ ਨਾਲ ਨਿਰੀਖਣ, ਸੁਰੱਖਿਆ ਜਾਂਚ ਤੇ ਜ਼ਰੂਰੀ ਮੁਰੰਮਤ ਦਾ ਕੰਮ ਪੂਰਾ ਕਰਨ ਤੋਂ ਬਾਅਦ ਇਸ ਨੂੰ ਟਰੇਨ ਚਲਾਉਣ ਲਈ ਸੁਰੱਖਿਅਤ ਐਲਾਨ ਦਿੱਤਾ ਗਿਆ। ਇਸ ਤੋਂ ਬਾਅਦ ਸ਼ੁੱਕਰਵਾਰ ਸਵੇਰੇ 5 ਵਜੇ ਪਹਿਲੀ ਟਰੇਨ ਪਠਾਨਕੋਟ ਤੋਂ ਜੋਗਿੰਦਰਨਗਰ ਲਈ ਰਵਾਨਾ ਕੀਤੀ ਗਈ। ਹਾਲਾਂਕਿ, ਰੇਲ ਸੇਵਾ ਦੀ ਨਿਰੰਤਰਤਾ ਹੁਣ ਮੌਸਮ ਦੀ ਸਥਿਤੀ ’ਤੇ ਨਿਰਭਰ ਕਰੇਗੀ। ਜੇਕਰ ਮੌਸਮ ਆਮ ਰਿਹਾ ਤਾਂ ਪਠਾਨਕੋਟ-ਜੋਗਿੰਦਰਨਗਰ ਰੇਲ ਖੰਡ ’ਤੇ ਟਰੇਨਾਂ ਦੀ ਆਵਾਜਾਈ ਜਾਰੀ ਰਹੇਗੀ।
ਹਿਮਾਚਲ ਦੇ ਪਹਾੜੀ ਇਲਾਕਿਆਂ ’ਚ ਪਿਛਲੇ ਦਿਨਾਂ ਦੌਰਾਨ ਹੋਈ ਭਾਰੀ ਬਾਰਿਸ਼, ਜਮੀਨ ਖਿਸਕਣ ਤੇ ਟਰੈਕ ’ਤੇ ਮਲਬਾ ਆਉਣ ਕਾਰਨ ਰੇਲਵੇ ਪ੍ਰਸ਼ਾਸਨ ਨੇ 21 ਜੁਲਾਈ ਨੂੰ ਸੁਰੱਖਿਆ ਦੇ ਮੱਦੇਨਜ਼ਰ ਇਸ ਮਾਰਗ ’ਤੇ ਟ੍ਰੇਨਾਂ ਦੀ ਆਵਾਜਾਈ ਰੋਕ ਦਿੱਤੀ ਸੀ। ਇਸ ਤੋਂ ਬਾਅਦ ਰੇਲਵੇ ਦੀਆਂ ਇੰਜੀਨੀਅਰਿੰਗ ਟੀਮਾਂ ਵੱਲੋਂ ਟਰੈਕ ਦੀ ਮੁਰੰਮਤ ਤੇ ਮਲਬਾ ਹਟਾਉਣ ਦਾ ਕੰਮ ਕੀਤਾ ਗਿਆ। ਕਾਂਗੜਾ ਘਾਟੀ ਰੇਲ ਸੇਵਾ ਪਿਛਲੇ ਕਰੀਬ 10 ਦਿਨਾਂ ਤੋਂ ਬੰਦ ਹੋਣ ਕਾਰਨ ਆਮ ਲੋਕਾਂ ਨੂੰ ਆਰਥਿਕ ਤੇ ਮਾਨਸਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਰੋਜ਼ਾਨਾ ਦਫ਼ਤਰ ਜਾਣ ਵਾਲੇ ਕਰਮਚਾਰੀਆਂ, ਸਕੂਲ-ਕਾਲਜ ਦੇ ਵਿਦਿਆਰਥੀਆਂ, ਸਥਾਨਕ ਦੁਕਾਨਦਾਰਾਂ ਤੇ ਸੈਲਾਨੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ। ਟ੍ਰੇਨਾਂ ਬੰਦ ਹੋਣ ਕਾਰਨ ਯਾਤਰੀਆਂ ਨੂੰ ਮਜਬੂਰੀ ਵਿੱਚ ਨਿੱਜੀ ਵਾਹਨਾਂ ਜਾਂ ਬੱਸਾਂ ਦਾ ਸਹਾਰਾ ਲੈਣਾ ਪਿਆ। Kangra Valley Railway
Read Also : Anti-Drug Campaign: ਮਾਨਸਿਕ ਸਿਹਤ ਆਗੂਆਂ ਨੇ ਪੰਜਾਬ ਦੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਦਿੱਤੀ ਨਵੀਂ ਮਜ਼ਬੂਤੀ
ਬੱਸ ਦਾ ਕਿਰਾਇਆ ਰੇਲ ਕਿਰਾਏ ਨਾਲੋਂ ਕਰੀਬ ਪੰਜ ਗੁਣਾ ਜ਼ਿਆਦਾ ਹੋਣ ਕਾਰਨ ਲੋਕਾਂ ਦੀ ਜੇਬ ’ਤੇ ਵਾਧੂ ਬੋਝ ਪਿਆ। ਇਸ ਤੋਂ ਇਲਾਵਾ ਸੜਕਾਂ ’ਤੇ ਵਧੇ ਟ੍ਰੈਫਿਕ ਕਾਰਨ ਸਫ਼ਰ ’ਚ ਵੀ ਵਧੇਰੇ ਸਮਾਂ ਲੱਗਿਆ। ਰੇਲਵੇ ਅਧਿਕਾਰੀਆਂ ਮੁਤਾਬਕ ਜੇਕਰ ਮੌਸਮ ਅਨੁਕੂਲ ਰਿਹਾ ਤੇ ਹਾਲਾਤ ਯੋਜਨਾ ਅਨੁਸਾਰ ਰਹੇ ਤਾਂ ਸ਼ੁਰੂਆਤੀ ਪੜਾਅ ’ਚ ਸੀਮਤ ਗਿਣਤੀ ’ਚ ਨੈਰੋਗੇਜ ਟਰੇਨਾਂ ਚਲਾਈਆਂ ਜਾਣਗੀਆਂ। ਪਹਿਲੇ ਪੜਾਅ ’ਚ ਸਵੇਰੇ 5 ਵਜੇ ਤੇ 7 ਵਜੇ ਰਵਾਨਾ ਹੋਣ ਵਾਲੀਆਂ ਦੋ ਜੋੜੀਆਂ ਟ੍ਰੇਨਾਂ ਚਲਾਈਆਂ ਜਾਣਗੀਆਂ। ਇਨ੍ਹਾਂ ਟ੍ਰੇਨਾਂ ਦੀ ਆਵਾਜਾਈ ਤੇ ਟਰੈਕ ਦੀ ਸਥਿਤੀ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ। ਜੇਕਰ ਮੌਸਮ ਆਮ ਰਿਹਾ ਅਤੇ ਮੁੜ ਭੂਸਖਲਨ ਜਾਂ ਟਰੈਕ ’ਤੇ ਮਲਬਾ ਆਉਣ ਵਰਗੀ ਕੋਈ ਸਮੱਸਿਆ ਨਾ ਆਈ ਤਾਂ ਹੋਰ ਟਰੇਨਾਂ ਨੂੰ ਵੀ ਪੜਾਅਵਾਰ ਮੁੜ ਚਾਲੂ ਕਰ ਦਿੱਤਾ ਜਾਵੇਗਾ। Kangra Valley Railway