Medical Education: ਡਾਕਟਰੀ ਸਿੱਖਿਆ ’ਚ ਸੁਧਾਰ ਦਾ ਸਮਾਂ, ਬਰਾਬਰ ਮੌਕੇ ਬਣਨ ਅਧਾਰ

ਦੇਸ਼ ’ਚ ਗੁਣਵੱਤਾਪੂਰਨ ਡਾਕਟਰੀ ਸਿੱਖਿਆ ਦਾ ਵਿਸਥਾਰ ਅੱਜ ਸਭ ਤੋਂ ਵੱਡੀਆਂ ਜ਼ਰੂਰਤਾਂ ’ਚੋਂ ਇੱਕ ਹੈ

Khushdeep Singh Picture
Published On

ਦੇਸ਼ ’ਚ ਗੁਣਵੱਤਾਪੂਰਨ ਡਾਕਟਰੀ ਸਿੱਖਿਆ ਦਾ ਵਿਸਥਾਰ ਅੱਜ ਸਭ ਤੋਂ ਵੱਡੀਆਂ ਜ਼ਰੂਰਤਾਂ ’ਚੋਂ ਇੱਕ ਹੈ। ਵਧਦੀ ਆਬਾਦੀ, ਬਦਲਦੀ ਜੀਵਨਸ਼ੈਲੀ ਤੇ ਨਵੀਆਂ ਸਿਹਤ ਚੁਣੌਤੀਆਂ ਵਿਚਕਾਰ ਭਾਰਤ ਨੂੰ ਵੱਧ ਗਿਣਤੀ ’ਚ ਕੁਸ਼ਲ ਡਾਕਟਰਾਂ ਅਤੇ ਮਾਹਿਰਾਂ ਦੀ ਲੋੜ ਹੈ। ਹਾਲਾਂਕਿ ਡਾਕਟਰੀ ਸੰਸਥਾਵਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ, ਫਿਰ ਵੀ ਸਰਕਾਰੀ ਡਾਕਟਰੀ ਕਾਲਜ ਦਾ ਵਿਸਥਾਰ ਜ਼ਰੂਰਤ ਅਨੁਸਾਰ ਨਹੀਂ ਹੋ ਸਕਿਆ। ਦੂਜੇ ਪਾਸੇ ਦਾਖਲਾ ਪ੍ਰੀਖਿਆਵਾਂ ਦੀ ਨਿਰਪੱਖਤਾ ਬਾਰੇ ਉੱਠਦੇ ਸਵਾਲਾਂ ਨੇ ਨੌਜਵਾਨਾਂ ਦੇ ਭਰੋਸੇ ਨੂੰ ਪ੍ਰਭਾਵਿਤ ਕੀਤਾ ਹੈ। ਰਾਸ਼ਟਰੀ ਯੋਗਤਾ ਸਹਿ ਦਾਖਲਾ ਪ੍ਰੀਖਿਆ ਦੇ ਪ੍ਰਸ਼ਨ-ਪੱਤਰ ਲੀਕ ਹੋਣ ਦੇ ਇਲਜ਼ਾਮਾਂ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ’ਚ ਵਿਦਿਆਰਥੀਆਂ ਤੇ ਸੰਗਠਨਾਂ ਨੇ ਵਿਰੋਧ ਦਰਜ ਕਰਵਾਇਆ। ਇਸ ਪੂਰੇ ਮਾਮਲੇ ਨੇ ਇਹ ਸਪੱਸ਼ਟ ਕੀਤਾ ਕਿ ਡਾਕਟਰੀ ਸਿੱਖਿਆ ’ਚ ਦਾਖਲੇ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ ਤੇ ਭਰੋਸੇਯੋਗ ਬਣਾਉਣ ਦੀ ਲੋੜ ਹੈ। ਪ੍ਰਸ਼ਾਸਕੀ ਪੱਧਰ ’ਤੇ ਉਠਾਏ ਗਏ ਕਦਮ ਮਹੱਤਵਪੂਰਨ ਹੋ ਸਕਦੇ ਹਨ, ਪਰ ਸਥਾਈ ਹੱਲ ਲਈ ਪ੍ਰੀਖਿਆ ਪ੍ਰਬੰਧ ’ਚ ਬੁਨਿਆਦੀ ਸੁਧਾਰ ਜ਼ਰੂਰੀ ਹਨ।

ਨਿਰਪੱਖ ਪ੍ਰੀਖਿਆ ਪ੍ਰਣਾਲੀ ਹੀ ਯੋਗ ਵਿਦਿਆਰਥੀਆਂ ਨੂੰ ਅੱਗੇ ਵਧਣ ਦਾ ਬਰਾਬਰ ਮੌਕਾ ਦੇ ਸਕਦੀ ਹੈ। ਵਰਤਮਾਨ ਸਮੇਂ ’ਚ ਨਿੱਜੀ ਡਾਕਟਰੀ ਕਾਲਜ ਦੇਸ਼ ’ਚ ਡਾਕਟਰਾਂ ਦੀ ਵਧਦੀ ਲੋੜ ਨੂੰ ਪੂਰਾ ਕਰਨ ’ਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ, ਪਰ ਉਨ੍ਹਾਂ ਦੀਆਂ ਵੱਧ ਫੀਸਾਂ ਅਤੇ ਸਿੱਖਿਆ ਦੀ ਗੁਣਵੱਤਾ ਬਾਰੇ ਚਿੰਤਾ ਬਣੀ ਹੋਈ ਹੈ। ਡਾਕਟਰੀ ਸਿੱਖਿਆ ਦਾ ਖਰਚ ਇੰਨਾ ਵੱਧ ਹੋ ਗਿਆ ਹੈ ਕਿ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰਾਂ ਦੇ ਪ੍ਰਤਿਭਾਸ਼ਾਲੀ ਵਿਦਿਆਰਥੀ ਕਈ ਵਾਰ ਪਿੱਛੇ ਰਹਿ ਜਾਂਦੇ ਹਨ। ਸਿੱਖਿਆ ਨੂੰ ਸਮਾਜ ਸੇਵਾ ਨਾਲ ਜੋੜ ਕੇ ਵੇਖਣ ਦੀ ਲੋੜ ਹੈ, ਤਾਂ ਜੋ ਆਰਥਿਕ ਹਾਲਤ ਕਿਸੇ ਵਿਦਿਆਰਥੀ ਦੇ ਸੁਫਨਿਆਂ ’ਚ ਰੁਕਾਵਟ ਨਾ ਬਣੇ। ਹਾਲ ਹੀ ’ਚ ਸੁਪਰੀਮ ਕੋਰਟ ਨੇ ਨਿੱਜੀ ਡਾਕਟਰ ਕਾਲਜ ਦੀ ਫੀਸ ਵਿਵਸਥਾ ਨਾਲ ਜੁੜੇ ਮਾਮਲੇ ’ਚ ਕਿਹਾ ਕਿ ਨਿੱਜੀ ਸੰਸਥਾਵਾਂ ਨੂੰ ਸਰਕਾਰੀ ਸੰਸਥਾਵਾਂ ਦੇ ਬਰਾਬਰ ਫੀਸ ਲੈਣ ਲਈ ਮਜ਼ਬੂਰ ਨਹੀਂ ਕੀਤਾ ਜਾ ਸਕਦਾ। Medical Education

ਕਿਉਂਕਿ ਉਹ ਆਪਣੇ ਸਾਧਨਾਂ ਨਾਲ ਚਲਦੀਆਂ ਹਨ। ਅਦਾਲਤ ਦੀ ਇਹ ਟਿੱਪਣੀ ਨਿੱਜੀ ਸੰਸਥਾਵਾਂ ਦੀ ਆਰਥਿਕ ਹਾਲਤ ਨੂੰ ਧਿਆਨ ’ਚ ਰੱਖਦੀ ਹੈ, ਪਰ ਇਸ ਦੇ ਨਾਲ ਹੀ ਇਹ ਸਵਾਲ ਵੀ ਮਹੱਤਵਪੂਰਨ ਹੈ ਕਿ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਡਾਕਟਰੀ ਸਿੱਖਿਆ ਨੂੰ ਪਹੁੰਚਯੋਗ ਕਿਵੇਂ ਬਣਾਇਆ ਜਾਏ। ਕਈ ਨਿੱਜੀ ਡਾਕਟਰੀ ਸੰਸਥਾਵਾਂ ਨੂੰ ਸ਼ੁਰੂਆਤ ’ਚ ਸਰਕਾਰਾਂ ਵੱਲੋਂ ਜ਼ਮੀਨ ਤੇ ਹੋਰ ਸਹੂਲਤਾਂ ਰਿਆਇਤੀ ਦਰਾਂ ’ਤੇ ਮਿਲਦੀਆਂ ਹਨ। ਅਜਿਹੇ ’ਚ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਆਰਥੀਆਂ ਲਈ ਖਾਸ ਫੀਸ ਵਿਵਸਥਾ ਅਤੇ ਲੋੜੀਂਦੀ ਵਜ਼ੀਫ਼ਾ ਨੀਤੀ ’ਤੇ ਗੰਭੀਰ ਵਿਚਾਰ ਹੋਣਾ ਚਾਹੀਦਾ ਹੈ। ਸਰਕਾਰ ਨੂੰ ਇਹ ਅਧਿਐਨ ਵੀ ਕਰਵਾਉਣਾ ਚਾਹੀਦਾ ਹੈ ਕਿ ਕਮਜ਼ੋਰ ਵਰਗਾਂ ਤੋਂ ਕਿੰਨੇ ਵਿਦਿਆਰਥੀ ਡਾਕਟਰ ਬਣ ਰਹੇ ਹਨ ਅਤੇ ਨਿੱਜੀ ਸੰਸਥਾਵਾਂ ਦੀ ਫੀਸ ਢਾਂਚਾ ਅਸਲ ’ਚ ਕਿੰਨਾ ਸਹੀ ਹੈ। ਨਿੱਜੀ ਡਾਕਟਰੀ ਕਾਲਜ ’ਚ ਅਧਿਆਪਕਾਂ ਦੀ ਤਨਖਾਹ, ਵਿਦਿਆਰਥੀਆਂ ਦੀ ਸਿਖਲਾਈ ਵਿਵਸਥਾ ਅਤੇ ਇੰਟਰਨਸ਼ਿਪ ਦੌਰਾਨ ਮਿਲਣ ਵਾਲੀਆਂ ਸਹੂਲਤਾਂ ਦੀ ਵੀ ਲਗਾਤਾਰ ਨਿਗਰਾਨੀ ਹੋਣੀ ਚਾਹੀਦੀ ਹੈ। Medical Education

Read Also : Punjab Bandh: ਸਫਾਈ ਕਰਮਚਾਰੀਆਂ ਦੇ ਸਮਰਥਨ ’ਚ ਪੰਜਾਬ ਬੰਦ, ਕਈ ਸ਼ਹਿਰਾਂ ’ਚ ਬਾਜ਼ਾਰ ਰਹੇ ਬੰਦ

ਇਹ ਯਕੀਨੀ ਬਣਾਉਣਾ ਜ਼ਰੂਰੀ ਹੈ ਕਿ ਵਿਦਿਆਰਥੀਆਂ ਨਾਲ ਜੁੜੇ ਸਾਰੇ ਨਿਯਮਾਂ ਦੀ ਇਮਾਨਦਾਰੀ ਨਾਲ ਪਾਲਣਾ ਹੋਵੇ। ਡਾਕਟਰੀ ਸਿੱਖਿਆ ’ਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧੇਗੀ ਤਾਂ ਵਿਦਿਆਰਥੀਆਂ ਅਤੇ ਸਮਾਜ ਦੋਵਾਂ ਦਾ ਭਰੋਸਾ ਮਜ਼ਬੂਤ ਹੋਵੇਗਾ। ਭਾਰਤ ’ਚ ਡਾਕਟਰੀ ਸਿੱਖਿਆ ਦੀ ਉੱਚੀ ਲਾਗਤ ਕਾਰਨ ਵੱਡੀ ਗਿਣਤੀ ’ਚ ਵਿਦਿਆਰਥੀ ਵਿਦੇਸ਼ਾਂ ਵੱਲ ਰੁਖ ਕਰਦੇ ਹਨ। ਇਹ ਹਾਲਤ ਦੱਸਦੀ ਹੈ ਕਿ ਦੇਸ਼ ’ਚ ਘੱਟ ਖਰਚੀਲੀ ਤੇ ਬਿਹਤਰ ਗੁਣਵੱਤਾ ਵਾਲੀ ਡਾਕਟਰੀ ਸਿੱਖਿਆ ਵਿਵਸਥਾ ਵਿਕਸਿਤ ਕਰਨ ਦੀ ਲੋੜ ਹੈ। ਡਾਕਟਰੀ ਸੰਸਥਾਵਾਂ ਦੀ ਸਥਾਪਨਾ ’ਚ ਡਾਕਟਰਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਅਸਾਨ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਣੀ ਚਾਹੀਦੀ ਹੈ।

ਜੇ ਵੱਡੇ ਉਦਯੋਗਿਕ ਸਮੂਹ ਇਸ ਖੇਤਰ ’ਚ ਨਿਵੇਸ਼ ਕਰਦੇ ਹਨ ਤਾਂ ਉਨ੍ਹਾਂ ਨੂੰ ਸਮਾਜਿਕ ਜ਼ਿੰਮੇਵਾਰੀ ਅਧੀਨ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਲਈ ਸਹੂਲਤਾਂ ਉਪਲੱਬਧ ਕਰਵਾਉਣ ਦੀ ਸਪੱਸ਼ਟ ਯੋਜਨਾ ਬਣਾਉਣੀ ਚਾਹੀਦੀ ਹੈ। ਡਾਕਟਰੀ ਸਿੱਖਿਆ ਨੂੰ ਸਿਰਫ਼ ਆਰਥਿਕ ਲਾਭ ਦਾ ਮਾਧਿਅਮ ਨਹੀਂ ਬਣਾਇਆ ਜਾ ਸਕਦਾ। ਦੇਸ਼ ਨੂੰ ਖਾਸ ਤੌਰ ’ਤੇ ਪੇਂਡੂ ਅਤੇ ਪਛੜੇ ਇਲਾਕਿਆਂ ’ਚ ਸੇਵਾ ਦੇਣ ਵਾਲੇ ਡਾਕਟਰਾਂ ਦੀ ਜ਼ਰੂਰਤ ਹੈ। ਇਸ ਲਈ ਡਾਕਟਰਾਂ ਦੀ ਅਸਲ ਲੋੜ ਦਾ ਅੰਦਾਜ਼ਾ ਲਾ ਕੇ ਅਜਿਹੀਆਂ ਨੀਤੀਆਂ ਬਣਾਉਣੀਆਂ ਹੋਣਗੀਆਂ, ਜਿਨ੍ਹਾਂ ਨਾਲ ਦੂਰ-ਦੁਰਾਡੇ ਇਲਾਕਿਆਂ ਤੱਕ ਸਿਹਤ ਸੇਵਾਵਾਂ ਪਹੁੰਚ ਸਕਣ। ਪੇਂਡੂ ਪਿਛੋਕੜ ਵਾਲੇ ਨੌਜਵਾਨਾਂ ਨੂੰ ਡਾਕਟਰੀ ਸਿਖਲਾਈ ਦੇ ਕੇ ਸਥਾਨਕ ਪੱਧਰ ’ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ। ਭਾਰਤ ’ਚ ਚਿਕਿਤਸਕਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ, ਪਰ ਵੱਡੀ ਚੁਣੌਤੀ ਉਨ੍ਹਾਂ ਦਾ ਬਰਾਬਰ ਵੰਡ ਹੈ।

ਜ਼ਿਆਦਾਤਰ ਮਾਹਿਰ ਡਾਕਟਰ ਵੱਡੇ ਸ਼ਹਿਰਾਂ ’ਚ ਕੇਂਦਰਿਤ ਹਨ, ਜਦਕਿ ਪੇਂਡੂ ਇਲਾਕਿਆਂ ’ਚ ਅੱਜ ਵੀ ਸਿਹਤ ਸਹੂਲਤਾਂ ਦੀ ਕਮੀ ਬਣੀ ਹੋਈ ਹੈ। ਪ੍ਰਾਇਮਰੀ ਹੈਲਥ ਸੈਂਟਰਾਂ ਅਤੇ ਕਮਿਊਨਿਟੀ ਹਸਪਤਾਲਾਂ ਨੂੰ ਮਜ਼ਬੂਤ ਕਰਨ ਨਾਲ ਜ਼ਿਲ੍ਹਾ ਹਸਪਤਾਲਾਂ ’ਤੇ ਵਧਦਾ ਦਬਾਅ ਘਟਾਇਆ ਜਾ ਸਕਦਾ ਹੈ। ਸਰਕਾਰ ਨੂੰ ਸਿਹਤ ਖੇਤਰ ’ਚ ਨਿਵੇਸ਼ ਵਧਾਉਣ ਦੇ ਨਾਲ ਹਰ ਖੇਤਰ ’ਚ ਆਧੁਨਿਕ ਸਹੂਲਤਾਂ ਨਾਲ ਲੈਂਸ ਟੀਚਿੰਗ ਹਸਪਤਾਲਾਂ ਦੀ ਸਥਾਪਨਾ ਦੀ ਦਿਸ਼ਾ ’ਚ ਵੀ ਅੱਗੇ ਵਧਣਾ ਚਾਹੀਦਾ ਹੈ। ਕੇਂਦਰ ਅਤੇ ਰਾਜਾਂ ਦੇ ਸਹਿਯੋਗ ਨਾਲ ਅਜਿਹੀ ਵਿਵਸਥਾ ਤਿਆਰ ਕੀਤੀ ਜਾ ਸਕਦੀ ਹੈ, ਜਿੱਥੇ ਹਰ ਵਰਗ ਦੇ ਵਿਦਿਆਰਥੀਆਂ ਨੂੰ ਮੌਕਾ ਮਿਲੇ ਅਤੇ ਹਰ ਨਾਗਰਿਕ ਨੂੰ ਬਿਹਤਰ ਡਾਕਟਰੀ ਸਹੂਲਤ ਮੁਹੱਈਆ ਹੋਵੇ। ਡਾਕਟਰੀ ਸਿੱਖਿਆ ’ਚ ਸੁਧਾਰ ਹੀ ਦੇਸ਼ ਦੀ ਸਿਹਤ ਵਿਵਸਥਾ ਨੂੰ ਮਜ਼ਬੂਤ ਅਧਾਰ ਦੇ ਸਕਦਾ ਹੈ।  

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਧੁਰਜਤੀ ਮੁਖਰਜੀ

About The Author

Related Posts