Medical Laboratory Technology: ਮੈਡੀਕਲ ਲੈਬ ਤਕਨਾਲੋਜੀ ਦੇ ਖੇਤਰ ’ਚ ਕਰੀਅਰ

ਨੀਟ ਵਰਗੀ ਮਹੱਤਵਪੂਰਨ ਪ੍ਰੀਖਿਆ ਵਿੱਚ ਸਫ਼ਲਤਾ ਨਾ ਮਿਲਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ਾ ਛੱਡ ਕੇ ਆਪਣੇ ਭਵਿੱਖ ਦੇ ਹੋਰ ਵਿਕਲਪਾਂ ਵੱਲ ਧਿਆਨ ਦੇਣਾ ਚਾਹੀਦਾ ਹੈ

Khushdeep Singh Picture
Published On

ਡਾ. ਸੰਦੀਪ ਸਿੰਹਮਾਰ। ਨੀਟ ਵਰਗੀ ਮਹੱਤਵਪੂਰਨ ਪ੍ਰੀਖਿਆ ਵਿੱਚ ਸਫ਼ਲਤਾ ਨਾ ਮਿਲਣ ਵਾਲੇ ਵਿਦਿਆਰਥੀਆਂ ਨੂੰ ਨਿਰਾਸ਼ਾ ਛੱਡ ਕੇ ਆਪਣੇ ਭਵਿੱਖ ਦੇ ਹੋਰ ਵਿਕਲਪਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਜੇ ਅਸੀਂ ਇੱਕੋ ਗੱਲ ਬਾਰੇ ਲਗਾਤਾਰ ਸੋਚਦੇ ਰਹਾਂਗੇ ਤਾਂ ਸਫਲਤਾ ਮਿਲਣਾ ਤਾਂ ਦੂਰ ਦੀ ਗੱਲ ਹੈ, ਸਗੋਂ ਅਸੀਂ ਤਣਾਅ ਦਾ ਸ਼ਿਕਾਰ ਵੀ ਹੋ ਸਕਦੇ ਹਾਂ। ਤਣਾਅ ਦੀ ਉਲਝਣ ਵਿਅਕਤੀ ਨੂੰ ਅੱਗੇ ਵਧਣ ਤੋਂ ਰੋਕਦੀ ਹੈ। 12ਵੀਂ ਜਮਾਤ ਵਿੱਚ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਸਾਹਮਣੇ ਅਜਿਹੇ ਕਈ ਕੋਰਸ ਹਨ, ਜਿਨ੍ਹਾਂ ਵਿੱਚ ਸੁਨਹਿਰੇ ਭਵਿੱਖ ਦੀਆਂ ਸੰਭਾਵਨਾਵਾਂ ਮੌਜੂਦ ਹਨ। ਅੱਜ ਦੇ ਸਮੇਂ ਵਿੱਚ ਸਿਹਤ ਸੇਵਾਵਾਂ ਦਾ ਖੇਤਰ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ ਅਤੇ ਇਸ ਵਿੱਚ ਮੈਡੀਕਲ ਲੈਬ ਤਕਨਾਲੋਜੀ ਇੱਕ ਮਹੱਤਵਪੂਰਨ ਅਤੇ ਸਥਿਰ ਕਰੀਅਰ ਵਿਕਲਪ ਵਜੋਂ ਉੱਭਰ ਰਹੀ ਹੈ। ਡੀਐੱਮਐੱਲਟੀ, ਬੀਐੱਮਐੱਲਟੀ ਅਤੇ ਮਾਸਟਰ ਇਨ ਮੈਡੀਕਲ ਲੈਬ ਤਕਨਾਲੋਜੀ ਵਰਗੇ ਕੋਰਸ ਵਿਦਿਆਰਥੀਆਂ ਨੂੰ ਆਧੁਨਿਕ ਲੈਬ ਤਕਨੀਕਾਂ, ਰੋਗਾਂ ਦੀ ਪਛਾਣ ਅਤੇ ਸਿਹਤ ਜਾਂਚ ਨਾਲ ਸਬੰਧਤ ਹੁਨਰ ਪ੍ਰਦਾਨ ਕਰਦੇ ਹਨ।

ਡਿਪਲੋਮਾ ਇਨ ਮੈਡੀਕਲ ਲੈਬੋਰੇਟਰੀ ਤਕਨਾਲੋਜੀ

ਡੀਐੱਮਐੱਲਟੀ ਦੋ ਸਾਲਾ ਡਿਪਲੋਮਾ ਕੋਰਸ ਹੈ, ਜੋ 10ਵੀਂ ਜਾਂ 12ਵੀਂ ਜਮਾਤ (ਵਿਗਿਆਨ ਵਿਸ਼ੇ) ਤੋਂ ਬਾਅਦ ਕੀਤਾ ਜਾ ਸਕਦਾ ਹੈ। ਇਸ ਵਿੱਚ ਖੂਨ, ਪਿਸ਼ਾਬ ਅਤੇ ਸਰੀਰ ਦੇ ਹੋਰ ਨਮੂਨਿਆਂ ਦੀ ਜਾਂਚ, ਲੈਬ ਦੇ ਉਪਕਰਨਾਂ ਦੀ ਵਰਤੋਂ ਅਤੇ ਬੁਨਿਆਦੀ ਪੈਥੋਲੋਜੀ ਟੈਸਟ ਕਰਵਾਉਣ ਬਾਰੇ ਸਿਖਲਾਈ ਦਿੱਤੀ ਜਾਂਦੀ ਹੈ। ਇਹ ਕੋਰਸ ਉਨ੍ਹਾਂ ਵਿਦਿਆਰਥੀਆਂ ਲਈ ਢੁੱਕਵਾਂ ਹੈ, ਜੋ ਥੋੜ੍ਹੇ ਸਮੇਂ ਵਿੱਚ ਸਿਹਤ ਸੇਵਾ ਦੇ ਖੇਤਰ ਵਿੱਚ ਆਪਣਾ ਕਰੀਅਰ ਸ਼ੁਰੂ ਕਰਨਾ ਚਾਹੁੰਦੇ ਹਨ।

ਇਹ ਵੀ ਪੜ੍ਹੋ : Uttar Pradesh News: ਯੂਪੀ ਇੰਟਰਨੈਸ਼ਨਲ ਟ੍ਰੇਡ ਸ਼ੋਅ ਦੀ ਸੁਰੱਖਿਆ ਲਈ 4,000 ਪੁਲਿਸ ਕਰਮਚਾਰੀ ਤਾਇਨਾਤ

ਬੈਚਲਰ ਇਨ ਮੈਡੀਕਲ ਲੈਬੋਰੇਟਰੀ ਤਕਨਾਲੋਜੀ

ਬੀਐੱਮਐੱਲਟੀ ਤਿੰਨ ਤੋਂ ਚਾਰ ਸਾਲਾ ਗ੍ਰੈਜੂਏਸ਼ਨ ਪੱਧਰ ਦਾ ਕੋਰਸ ਹੈ। ਇਸ ਲਈ 12ਵੀਂ ਜਮਾਤ ਵਿੱਚ ਪੀਸੀਬੀ ਜਾਂ ਪੀਸੀਐੱਮ ਵਿਸ਼ਿਆਂ ਨਾਲ ਘੱਟੋ-ਘੱਟ 45 ਤੋਂ 50 ਫ਼ੀਸਦੀ ਅੰਕ ਲੋੜੀਂਦੇ ਹੁੰਦੇ ਹਨ। ਇਸ ਵਿੱਚ ਕਲੀਨਿਕਲ ਬਾਇਓਕੈਮਿਸਟਰੀ, ਮਾਈਕ੍ਰੋਬਾਇਓਲੋਜੀ, ਹਿਮੈਟੋਲੋਜੀ, ਇਮਿਊਨੋਲੋਜੀ ਅਤੇ ਲੈਬ ਪ੍ਰਬੰਧਨ ਵਰਗੇ ਵਿਸ਼ਿਆਂ ਦੀ ਵਿਸਥਾਰ ਨਾਲ ਪੜ੍ਹਾਈ ਕਰਵਾਈ ਜਾਂਦੀ ਹੈ। ਇਹ ਡਿਗਰੀ ਵਿਦਿਆਰਥੀਆਂ ਨੂੰ ਹਸਪਤਾਲਾਂ, ਜਾਂਚ ਕੇਂਦਰਾਂ ਤੇ ਖੋਜ ਪ੍ਰਯੋਗਸ਼ਾਲਾਵਾਂ ਵਿੱਚ ਬਿਹਤਰ ਅਹੁਦਿਆਂ ਲਈ ਤਿਆਰ ਕਰਦੀ ਹੈ। Medical Laboratory Technology

ਮਾਸਟਰ ਇਨ ਮੈਡੀਕਲ ਲੈਬ ਤਕਨਾਲੋਜੀ | Medical Laboratory Technology

ਮਾਸਟਰ ਡਿਗਰੀ ਦੋ ਸਾਲ ਦੀ ਹੁੰਦੀ ਹੈ ਅਤੇ ਇਹ ਬੀਐੱਮਐੱਲਟੀ ਜਾਂ ਇਸ ਨਾਲ ਸਬੰਧਤ ਗ੍ਰੈਜੂਏਟ ਡਿਗਰੀ ਤੋਂ ਬਾਅਦ ਕੀਤੀ ਜਾ ਸਕਦੀ ਹੈ। ਇਸ ਵਿੱਚ ਮੈਡੀਕਲ ਮਾਈਕ੍ਰੋਬਾਇਓਲੋਜੀ, ਕਲੀਨਿਕਲ ਬਾਇਓਕੈਮਿਸਟਰੀ, ਮੌਲੀਕਿਊਲਰ ਡਾਇਗਨੋਸਟਿਕਸ ਅਤੇ ਸਾਈਟੋਜੈਨੇਟਿਕਸ ਵਰਗੇ ਵਿਸ਼ਿਆਂ ਵਿੱਚ ਮੁਹਾਰਤ ਹਾਸਲ ਕਰਨ ਦੇ ਵਿਕਲਪ ਹੁੰਦੇ ਹਨ। ਇਹ ਕੋਰਸ ਵਿਦਿਆਰਥੀਆਂ ਨੂੰ ਖੋਜ, ਅਧਿਆਪਨ ਅਤੇ ਉੱਚ ਪੱਧਰੀ ਤਕਨੀਕੀ ਅਹੁਦਿਆਂ ਲਈ ਤਿਆਰ ਕਰਦਾ ਹੈ। ਸ਼ੁਰੂਆਤੀ ਪੱਧਰ ’ਤੇ ਡੀਐੱਮਐੱਲਟੀ ਧਾਰਕ ਲੈਬ ਟੈਕਨੀਸ਼ੀਅਨ, ਫ਼ਲੇਬੋਟੋਮਿਸਟ ਜਾਂ ਲੈਬ ਅਸਿਸਟੈਂਟ ਵਜੋਂ ਕੰਮ ਕਰ ਸਕਦੇ ਹਨ। ਇਨ੍ਹਾਂ ਦੀ ਸ਼ੁਰੂਆਤੀ ਤਨਖ਼ਾਹ 15,000 ਤੋਂ 25,000 ਰੁਪਏ ਪ੍ਰਤੀ ਮਹੀਨਾ ਹੋ ਸਕਦੀ ਹੈ। Medical Laboratory Technology

ਬੀਐੱਮਐੱਲਟੀ ਗ੍ਰੈਜੂਏਟਾਂ ਨੂੰ ਮੈਡੀਕਲ ਲੈਬ ਟੈਕਨਾਲੋਜਿਸਟ, ਲੈਬ ਸੁਪਰਵਾਈਜ਼ਰ ਜਾਂ ਖੋਜ ਸਹਾਇਕ ਵਰਗੇ ਅਹੁਦੇ ਮਿਲ ਸਕਦੇ ਹਨ, ਜਿਨ੍ਹਾਂ ਦੀ ਸ਼ੁਰੂਆਤੀ ਤਨਖ਼ਾਹ 20,000 ਤੋਂ 35,000 ਰੁਪਏ ਪ੍ਰਤੀ ਮਹੀਨਾ ਜਾਂ ਸਾਲਾਨਾ 2.5 ਤੋਂ 5 ਲੱਖ ਰੁਪਏ ਤੱਕ ਹੋ ਸਕਦੀ ਹੈ। ਤਜ਼ਰਬੇ ਅਤੇ ਮੁਹਾਰਤ ਦੇ ਨਾਲ ਤਨਖ਼ਾਹ ਵਿੱਚ ਮਹੱਤਵਪੂਰਨ ਵਾਧਾ ਹੁੰਦਾ ਹੈ। ਦਰਮਿਆਨੇ ਪੱਧਰ ’ਤੇ ਤਨਖ਼ਾਹ ਸਾਲਾਨਾ 5 ਤੋਂ 8 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ, ਜਦੋਂਕਿ ਮੌਲੀਕਿਊਲਰ ਡਾਇਗਨੋਸਟਿਕਸ ਅਤੇ ਸਾਈਟੋਜੈਨੇਟਿਕਸ ਵਰਗੇ ਵਿਸ਼ੇਸ਼ ਖੇਤਰਾਂ ਜਾਂ ਪ੍ਰਬੰਧਕੀ ਅਹੁਦਿਆਂ ’ਤੇ ਸਾਲਾਨਾ 8 ਤੋਂ 15 ਲੱਖ ਰੁਪਏ ਜਾਂ ਇਸ ਤੋਂ ਵੱਧ ਵੀ ਸੰਭਵ ਹੈ। ਕੇਂਦਰ ਸਰਕਾਰ ਦੇ ਅਦਾਰਿਆਂ, ਜਿਵੇਂ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ਜਾਂ ਰੇਲਵੇ ਵਿੱਚ ਤਨਖ਼ਾਹ ਹੋਰ ਵੀ ਆਕਰਸ਼ਕ ਹੋ ਸਕਦੀ ਹੈ।

ਇਨ੍ਹਾਂ ਤਿੰਨ ਦਿਸ਼ਾਵਾਂ ’ਚ ਵਧਾ ਸਕਦੇ ਹੋ ਕਰੀਅਰ | Medical Laboratory Technology
  • ਇਸ ਖੇਤਰ ਵਿੱਚ ਸਫਲਤਾ ਲਈ ਲਗਾਤਾਰ ਸਿੱਖਦੇ ਰਹਿਣਾ, ਨਵੀਆਂ ਤਕਨੀਕਾਂ ਨਾਲ ਜਾਣੂ ਰਹਿਣਾ ਅਤੇ ਗੁਣਵੱਤਾ ਕੰਟਰੋਲ ਦੇ ਮਾਪਦੰਡਾਂ ਦੀ ਪਾਲਣਾ ਕਰਨਾ ਜ਼ਰੂਰੀ ਹੈ। ਵਿਦਿਆਰਥੀ ਆਪਣੇ ਕਰੀਅਰ ਨੂੰ ਮੁੱਖ ਤੌਰ ’ਤੇ ਤਿੰਨ ਦਿਸ਼ਾਵਾਂ ਵਿੱਚ ਅੱਗੇ ਵਧਾ ਸਕਦੇ ਹਨ।
  • ਕਲੀਨਿਕਲ ਮੁਹਾਰਤ: ਕਿਸੇ ਵਿਸ਼ੇਸ਼ ਵਿਸ਼ਲੇਸ਼ਣਾਤਮਕ ਖੇਤਰ ਵਿੱਚ ਮਾਹਿਰ ਬਣਨਾ।
  • ਪ੍ਰਬੰਧਨ: ਲੈਬ ਸੁਪਰਵਾਈਜ਼ਰ, ਗੁਣਵੱਤਾ ਪ੍ਰਬੰਧਕ ਜਾਂ ਲੈਬ ਡਾਇਰੈਕਟਰ ਵਰਗੇ ਅਹੁਦਿਆਂ ਵੱਲ ਅੱਗੇ ਵਧਣਾ।
  • ਖੋਜ ਅਤੇ ਉਦਯੋਗ: ਫਾਰਮਾ ਅਤੇ ਡਾਇਗਨੋਸਟਿਕ ਕੰਪਨੀਆਂ ਵਿੱਚ ਖੋਜ ਅਤੇ ਗੁਣਵੱਤਾ ਕੰਟਰੋਲ ਨਾਲ ਸਬੰਧਤ ਭੂਮਿਕਾਵਾਂ ਨਿਭਾਉਣਾ।
  • ਸਿਹਤ ਸੇਵਾਵਾਂ ਵਿੱਚ ਤਕਨੀਕੀ ਤਰੱਕੀ ਅਤੇ ਰੋਗਾਂ ਦੀ ਜਾਂਚ ਨਾਲ ਸਬੰਧਤ ਸੇਵਾਵਾਂ ਦੀ ਵਧਦੀ ਮੰਗ ਕਾਰਨ ਮੈਡੀਕਲ ਲੈਬ ਤਕਨਾਲੋਜੀ ਇੱਕ ਭਵਿੱਖਮੁਖੀ ਅਤੇ ਸੰਭਾਵਨਾਵਾਂ ਭਰਪੂਰ ਕਰੀਅਰ ਵਿਕਲਪ ਬਣਿਆ  ਹੋਇਆ ਹੈ।
ਕਰੀਅਰ ਦੀਆਂ ਸੰਭਾਵਨਾਵਾਂ

ਮੈਡੀਕਲ ਲੈਬ ਤਕਨਾਲੋਜੀ ਦੇ ਖੇਤਰ ਵਿੱਚ ਕਰੀਅਰ ਦੇ ਮੌਕੇ ਵਿਸ਼ਾਲ ਅਤੇ ਵੱਖ-ਵੱਖ ਹਨ। ਗ੍ਰੈਜੂਏਟ ਹੇਠ ਲਿਖੇ ਖੇਤਰਾਂ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ:-

  1. ਸਰਕਾਰੀ ਅਤੇ ਨਿੱਜੀ ਹਸਪਤਾਲ
  2.  ਜਾਂਚ ਕੇਂਦਰ ਅਤੇ ਪੈਥੋਲਾਜੀ ਲੈਬ
  3. ਬਲੱਡ ਬੈਂਕ
  4. ਜਨਤਕ ਸਿਹਤ ਪ੍ਰਯੋਗਸ਼ਾਲਾਵਾਂ
  5. ਕਲੀਨਿਕਲ ਖੋਜ ਪ੍ਰਯੋਗਸ਼ਾਲਾਵਾਂ
  6. ਫਾਰਮਾਸਿਊਟੀਕਲ ਅਤੇ ਬਾਇਓਟੈਕਨਾਲੋਜੀ ਕੰਪਨੀਆਂ
  7. ਵਿੱਦਿਅਕ ਅਦਾਰੇ (ਮੈਡੀਕਲ ਕਾਲਜ ਅਤੇ ਸਿਹਤ ਵਿਗਿਆਨ ਯੂਨੀਵਰਸਿਟੀਆਂ)
  8. ਡਾਇਗਨੋਸਟਿਕ ਉਪਕਰਨ ਕੰਪਨੀਆਂ

About The Author

Related Posts