War Against Drugs Punjab: ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਮਲੇਰਕੋਟਲਾ ਪੁਲਿਸ ਦੀ ਵੱਡੀ ਕਾਰਵਾਈ, 26 ਦਿਨਾਂ ਵਿੱਚ 369 ਮੁਲਜ਼ਮ ਗ੍ਰਿਫ਼ਤਾਰ
ਐਨ.ਡੀ.ਪੀ.ਐਸ. ਐਕਟ ਤਹਿਤ 133 ਗ੍ਰਿਫ਼ਤਾਰ; 113 ਵਿਅਕਤੀਆਂ ਖ਼ਿਲਾਫ਼ ਰੋਕਥਾਮੀ ਧਾਰਾਵਾਂ ਤਹਿਤ ਕਾਰਵਾਈ ਜਾਰੀ
War Against Drugs Punjab: ਮਲੇਰਕੋਟਲਾ, (ਗੁਰਤੇਜ ਜੋਸ਼ੀ)। ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਨਸ਼ਾ ਤਸਕਰੀ ਅਤੇ ਅਪਰਾਧਾਂ ਖ਼ਿਲਾਫ਼ ਮਲੇਰਕੋਟਲਾ ਪੁਲਿਸ ਵੱਲੋਂ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਦੇ ਅੰਕੜਿਆਂ ਅਨੁਸਾਰ, 1 ਸਤੰਬਰ ਤੋਂ 26 ਸਤੰਬਰ ਤੱਕ ਪਿਛਲੇ 26 ਦਿਨਾਂ ਦੌਰਾਨ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਕੁੱਲ 369 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 133 ਮੁਲਜ਼ਮ ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ ਹਨ।
ਇਹ ਕਾਰਵਾਈ ਐਸ.ਐਸ.ਪੀ. ਮਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਦੀ ਸਮੁੱਚੀ ਨਿਗਰਾਨੀ ਹੇਠ ਕੀਤੀ ਜਾ ਰਹੀ ਹੈ। ਪੁਲਿਸ ਟੀਮਾਂ ਵੱਲੋਂ ਨਸ਼ਿਆਂ ਅਤੇ ਅਪਰਾਧਾਂ ਨਾਲ ਸਬੰਧਤ ਚਿੰਨ੍ਹਿਤ ਸੰਵੇਦਨਸ਼ੀਲ ਥਾਵਾਂ ’ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਦਿਆਂ ਖੁਫੀਆ ਸੂਚਨਾਵਾਂ ਦੇ ਆਧਾਰ ’ਤੇ ਤਲਾਸ਼ੀ ਮੁਹਿੰਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਵਾਰ-ਵਾਰ ਅਪਰਾਧ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਲਗਾਤਾਰ ਰੋਕਥਾਮੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Virat Kohli: ਵਿਸ਼ਵ ਕੱਪ 2027 ਭਾਰਤ ਲਈ ਮੇਰਾ ਆਖਰੀ, ਖਿਤਾਬ ਜਿੱਤਣਾ ਟੀਚਾ : ਵਿਰਾਟ ਕੋਹਲੀ
ਐਸ.ਪੀ. ਹੈੱਡਕੁਆਰਟਰ, ਐਸ.ਪੀ. ਡੀ. ਅਤੇ ਸਾਰੇ ਸਬ-ਡਵੀਜ਼ਨਾਂ ਦੇ ਡੀ.ਐਸ.ਪੀ.ਜ਼, ਸੀ.ਆਈ.ਏ. ਸਟਾਫ਼, ਥਾਣਾ ਮੁਖੀਆਂ ਅਤੇ ਪੁਲਿਸ ਥਾਣਿਆਂ ਦੀਆਂ ਟੀਮਾਂ ਵਿਚਕਾਰ ਬਿਹਤਰ ਤਾਲਮੇਲ ਦੇ ਚੱਲਦਿਆਂ ਵਿਸ਼ੇਸ਼ ਸੂਚਨਾਵਾਂ ’ਤੇ ਤੁਰੰਤ ਕਾਰਵਾਈ ਕਰਦਿਆਂ ਅਹਿਮ ਮੁਹਿੰਮਾਂ ਚਲਾਈਆਂ ਗਈਆਂ। ਲੋੜ ਅਨੁਸਾਰ ਉਪਰੇਸ਼ਨਾਂ ਦੌਰਾਨ ਐਸ.ਐਸ.ਪੀ. ਦੀ ਆਪਣੀ ਸੁਰੱਖਿਆ ਟੀਮ ਦੇ ਮੈਂਬਰਾਂ ਨੂੰ ਵੀ ਫੀਲਡ ਟੀਮਾਂ ਦੇ ਨਾਲ ਤਾਇਨਾਤ ਕੀਤਾ ਗਿਆ, ਜਿਸ ਨਾਲ ਪੁਲਿਸ ਬਲ ਨੂੰ ਵਾਧੂ ਮਜ਼ਬੂਤੀ ਮਿਲੀ।
ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫ਼ਤਾਰ ਕੀਤੇ ਗਏ 133 ਮੁਲਜ਼ਮਾਂ ਤੋਂ ਇਲਾਵਾ 225 ਹੋਰ ਮੁਲਜ਼ਮਾਂ ਖ਼ਿਲਾਫ਼ ਬੀ.ਐਨ.ਐਸ./ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਅਤੇ ਹੋਰ ਸਥਾਨਕ ਕਾਨੂੰਨਾਂ ਤਹਿਤ ਕਾਰਵਾਈ ਕੀਤੀ ਗਈ। ਇਨ੍ਹਾਂ ਵਿੱਚ ਬੀ.ਐਨ.ਐਸ. ਦੀਆਂ ਧਾਰਾਵਾਂ 115 ਤੋਂ 118 ਤਹਿਤ ਸੱਟ-ਚੋਟ ਦੇ 138 ਮਾਮਲੇ, ਔਰਤਾਂ ਖ਼ਿਲਾਫ਼ ਅਪਰਾਧ ਨਾਲ ਸਬੰਧਤ 19 ਮਾਮਲੇ, ਬੀ.ਐਨ.ਐਸ. ਦੀ ਧਾਰਾ 303 ਤਹਿਤ ਚੋਰੀ ਦੇ 14 ਮਾਮਲੇ ਅਤੇ ਬੀ.ਐਨ.ਐਸ. ਦੀ ਧਾਰਾ 109 ਤਹਿਤ ਕਤਲ ਦੀ ਕੋਸ਼ਿਸ਼ ਦੇ 11 ਮਾਮਲੇ ਸ਼ਾਮਲ ਹਨ।
ਇਸੇ ਤਰ੍ਹਾਂ, ਬੀ.ਐਨ.ਐਸ. ਦੀ ਧਾਰਾ 336 ਤਹਿਤ ਜਾਅਲਸਾਜ਼ੀ ਦੇ 8 ਮਾਮਲੇ, ਬੀ.ਐਨ.ਐਸ. ਦੀ ਧਾਰਾ 281 ਤਹਿਤ ਸੜਕ ਹਾਦਸਿਆਂ ਨਾਲ ਸਬੰਧਤ 6 ਮਾਮਲੇ ਅਤੇ ਬੀ.ਐਨ.ਐਸ. ਦੀ ਧਾਰਾ 108 ਤਹਿਤ ਖੁਦਕੁਸ਼ੀ ਨਾਲ ਸਬੰਧਤ 5 ਮਾਮਲੇ ਦਰਜ ਕੀਤੇ ਗਏ। ਬੀ.ਐਨ.ਐਸ. ਦੀ ਧਾਰਾ 304 ਤਹਿਤ ਝਪਟਮਾਰੀ ਦੇ 4 ਮਾਮਲੇ, ਬੀ.ਐਨ.ਐਸ. ਦੀ ਧਾਰਾ 103 ਤਹਿਤ ਕਤਲ ਅਤੇ ਧਾਰਾ 64 ਤਹਿਤ ਜਬਰ-ਜਨਾਹ ਦੇ 3-3 ਮਾਮਲੇ ਦਰਜ ਕੀਤੇ ਗਏ। ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ ਤਹਿਤ ਟਰੈਵਲ ਏਜੰਟ ਧੋਖਾਧੜੀ ਅਤੇ ਬੀ.ਐਨ.ਐਸ. ਦੀ ਧਾਰਾ 137 ਤਹਿਤ ਅਗਵਾ ਦੇ 2-2 ਮਾਮਲੇ ਦਰਜ ਕੀਤੇ ਗਏ। ਬਾਕੀ 10 ਮੁਲਜ਼ਮ ਹੋਰ ਵੱਖ-ਵੱਖ ਮਾਮਲਿਆਂ ਤਹਿਤ ਗ੍ਰਿਫ਼ਤਾਰ ਕੀਤੇ ਗਏ। ਇਸ ਤਰ੍ਹਾਂ ਐਨ.ਡੀ.ਪੀ.ਐਸ. ਐਕਟ ਤਹਿਤ ਕੀਤੀਆਂ ਗ੍ਰਿਫ਼ਤਾਰੀਆਂ ਸਮੇਤ ਕੁੱਲ ਗਿਣਤੀ 369 ਹੋ ਜਾਂਦੀ ਹੈ।
ਨਸ਼ਾ ਵਿਰੋਧੀ ਮੁਹਿੰਮ ਤਹਿਤ ਨਸ਼ਿਆਂ ਦੀਆਂ ਗਤੀਵਿਧੀਆਂ ਲਈ ਚਿੰਨ੍ਹਿਤ ਖੇਤਰਾਂ ਵਿੱਚ ਤਾਲਮੇਲ ਨਾਲ ਕੋਰਡਨ ਐਂਡ ਸਰਚ ਆਪਰੇਸ਼ਨ (CASO) ਵੀ ਲਗਾਤਾਰ ਚਲਾਏ ਗਏ। ਖ਼ਾਸ ਤੌਰ ’ਤੇ 3 ਤੋਂ 11 ਸਤੰਬਰ ਦਰਮਿਆਨ ਚਲਾਏ ਗਏ ਆਪਰੇਸ਼ਨਾਂ ਦੌਰਾਨ ਹੀ 42 ਐਨ.ਡੀ.ਪੀ.ਐਸ. ਮਾਮਲੇ ਦਰਜ ਕਰਕੇ 61 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਹੈਰੋਇਨ ਅਤੇ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।
ਗ੍ਰਿਫ਼ਤਾਰੀਆਂ ਤੋਂ ਇਲਾਵਾ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਪੁਲਿਸ ਵੱਲੋਂ ਨਸ਼ਿਆਂ ਦੀ ਕਮਾਈ ਨਾਲ ਕਥਿਤ ਤੌਰ ’ਤੇ ਜੁੜੀਆਂ ਜਾਇਦਾਦਾਂ ਖ਼ਿਲਾਫ਼ ਵੀ ਕਾਰਵਾਈ ਕੀਤੀ ਗਈ ਹੈ। ਇਸ ਨਾਲ ਨਸ਼ਾ ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਕਾਰਵਾਈ ਦੇ ਨਾਲ-ਨਾਲ ਨਸ਼ਿਆਂ ਦੇ ਕਾਰੋਬਾਰ ਦੀ ਵਿੱਤੀ ਬੁਨਿਆਦ ਨੂੰ ਕਮਜ਼ੋਰ ਕਰਨ ’ਤੇ ਵੀ ਪੁਲਿਸ ਦੇ ਵਧਦੇ ਧਿਆਨ ਦਾ ਪਤਾ ਲੱਗਦਾ ਹੈ।
ਥਾਣਾ-ਵਾਰ ਅੰਕੜਿਆਂ ਅਨੁਸਾਰ, ਅਮਰਗੜ੍ਹ ਵਿੱਚ 73 ਗ੍ਰਿਫ਼ਤਾਰੀਆਂ, ਸਦਰ ਅਹਿਮਦਗੜ੍ਹ ਵਿੱਚ 66, ਸੰਦੌੜ ਵਿੱਚ 64, ਸਿਟੀ-1 ਮਲੇਰਕੋਟਲਾ ਵਿੱਚ 59, ਸਿਟੀ-2 ਮਲੇਰਕੋਟਲਾ ਵਿੱਚ 55, ਸਿਟੀ ਅਹਿਮਦਗੜ੍ਹ ਵਿੱਚ 35, ਮਹਿਲਾ ਥਾਣੇ ਵਿੱਚ 15 ਅਤੇ ਸਾਈਬਰ ਕ੍ਰਾਈਮ ਮਲੇਰਕੋਟਲਾ ਵਿੱਚ 2 ਗ੍ਰਿਫ਼ਤਾਰੀਆਂ ਕੀਤੀਆਂ ਗਈਆਂ।
ਇਸ ਤੋਂ ਇਲਾਵਾ, ਉਕਤ ਸਮੇਂ ਦੌਰਾਨ 113 ਵਿਅਕਤੀਆਂ ਖ਼ਿਲਾਫ਼ ਬੀ.ਐਨ.ਐਸ.ਐਸ. ਦੀਆਂ ਸਬੰਧਤ ਰੋਕਥਾਮੀ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ। ਐਸ.ਐਸ.ਪੀ. ਮਲੇਰਕੋਟਲਾ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਪੁਲਿਸ ਦਾ ਮੁੱਖ ਧਿਆਨ ਅਮਨ-ਕਾਨੂੰਨ ਬਣਾਈ ਰੱਖਣ, ਅਪਰਾਧਿਕ ਗਤੀਵਿਧੀਆਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਅਤੇ ਆਮ ਲੋਕਾਂ ਲਈ ਪੁਲਿਸ ਨੂੰ ਜਵਾਬਦੇਹ ਅਤੇ ਪਹੁੰਚਯੋਗ ਬਣਾਈ ਰੱਖਣ ’ਤੇ ਹੈ।
ਨਸ਼ਿਆਂ ਦੇ ਕਾਰੋਬਾਰ ਨਾਲ ਨਜਿੱਠਣ ਲਈ ਲੋਕਾਂ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੈ। ਲੋਕਾਂ ਨੂੰ ਕਿਸੇ ਵੀ ਜਾਣਕਾਰੀ ਜਾਂ ਚਿੰਤਾ ਸਬੰਧੀ ਬਿਨਾਂ ਕਿਸੇ ਝਿਜਕ ਦੇ ਪੁਲਿਸ ਨਾਲ ਸੰਪਰਕ ਕਰਨ ਦਾ ਭਰੋਸਾ ਹੋਣਾ ਚਾਹੀਦਾ ਹੈ।” ਉਨ੍ਹਾਂ ਲੋਕਾਂ ਨੂੰ ਨਸ਼ਾ ਤਸਕਰੀ ਅਤੇ ਸ਼ੱਕੀ ਗਤੀਵਿਧੀਆਂ ਸਬੰਧੀ ਜਾਣਕਾਰੀ ਪੁਲਿਸ ਨਾਲ ਸਾਂਝੀ ਕਰਨ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਪ੍ਰਾਪਤ ਹੋਣ ਵਾਲੀ ਹਰ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।