Ferozepur Drug Case: ਫਿਰੋਜ਼ਪੁਰ ’ਚ ਕਾਊਂਟਰ ਇੰਟੈਲੀਜੈਂਸ ਦੇ ਇੰਸਪੈਕਟਰ ਕੋਲੋਂ 3.350 ਕਿਲੋ ਹੈਰੋਇਨ ਤੇ ਹਥਿਆਰ ਬਰਾਮਦ

ਪੁਲਿਸ ਨੇ ਇੰਸਪੈਕਟਰ ਬਲਦੇਵ ਸਿੰਘ ਨੂੰ ਕੀਤਾ ਗ੍ਰਿਫ਼ਤਾਰ, 6 ਪਿਸਤੌਲ, 4 ਮੈਗਜ਼ੀਨ ਤੇ 17 ਕਾਰਤੂਸ ਵੀ ਮਿਲੇ

Tehdil Arora Picture
Published On

Ferozepur Drug Case: ਫਿਰੋਜ਼ਪੁਰ, (ਸੱਚ ਕਹੂੰ ਨਿਊਜ਼/ਹਿੰ.ਸ.)| ਫਿਰੋਜ਼ਪੁਰ ਵਿੱਚ ਕਾਊਂਟਰ ਇੰਟੈਲੀਜੈਂਸ ਵਿੱਚ ਤਾਇਨਾਤ ਇੱਕ ਇੰਸਪੈਕਟਰ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ 3 ਕਿਲੋ 350 ਗ੍ਰਾਮ ਹੈਰੋਇਨ, 6 ਪਿਸਤੌਲ, 4 ਮੈਗਜ਼ੀਨ ਅਤੇ 17 ਕਾਰਤੂਸ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਮੁਲਜ਼ਮ ਦੀ ਪਛਾਣ ਬਲਦੇਵ ਸਿੰਘ (56) ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਦੀ ਆਈ-20 ਕਾਰ ਸਮੇਤ ਉਸ ਕੋਲੋਂ 6 ਮੋਬਾਈਲ ਫੋਨ ਵੀ ਕਬਜ਼ੇ ਵਿੱਚ ਲਏ ਹਨ। ਪੁਲਿਸ ਵੱਲੋਂ ਬਰਾਮਦ ਕੀਤੇ ਗਏ ਨਸ਼ੀਲੇ ਪਦਾਰਥ, ਹਥਿਆਰ ਅਤੇ ਹੋਰ ਸਾਮਾਨ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਘੱਲ ਖੁਰਦ ਥਾਣਾ ਪੁਲਿਸ ਮੁਤਾਬਕ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੰਸਪੈਕਟਰ ਬਲਦੇਵ ਸਿੰਘ ਆਪਣੀ ਆਈ-20 ਕਾਰ ਵਿੱਚ ਸਵਾਰ ਹੋ ਕੇ ਜਾ ਰਿਹਾ ਹੈ ਅਤੇ ਉਸ ਕੋਲ ਵੱਡੀ ਮਾਤਰਾ ਵਿੱਚ ਨਸ਼ੀਲਾ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਸ਼ੁੱਕਰਵਾਰ ਦੇਰ ਰਾਤ ਫਿਰੋਜ਼ਪੁਰ-ਮੋਗਾ ਰੋਡ ’ਤੇ ਫਿਰੋਜ਼ਸ਼ਾਹ ਟੋਲ ਪਲਾਜ਼ਾ ਨੇੜੇ ਨਾਕਾਬੰਦੀ ਕੀਤੀ। ਇਸ ਦੌਰਾਨ ਪੁਲਿਸ ਨੂੰ ਬਲਦੇਵ ਸਿੰਘ ਦੀ ਕਾਰ ਆਉਂਦੀ ਦਿਖਾਈ ਦਿੱਤੀ। ਨਾਕੇ ’ਤੇ ਮੌਜ਼ੂਦ ਪੁਲਿਸ ਮੁਲਾਜ਼ਮਾਂ ਨੇ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਜਿਸ ’ਤੇ ਮੁਲਜ਼ਮ ਨੇ ਕਾਰ ਰੋਕ ਲਈ।

ਪੁਲਿਸ ਮੁਤਾਬਕ ਕਾਰ ਰੋਕਣ ਤੋਂ ਬਾਅਦ ਬਲਦੇਵ ਸਿੰਘ ਨੇ ਆਪਣੀ ਪਛਾਣ ਪੁਲਿਸ ਅਧਿਕਾਰੀ ਵਜੋਂ ਦੱਸਦਿਆਂ ਰੌਬ ਦਿਖਾਉਣ ਦੀ ਕੋਸ਼ਿਸ਼ ਕੀਤੀ। ਘੱਲ ਖੁਰਦ ਥਾਣੇ ਦੇ ਐੱਸਐੱਚਓ ਅਨੁਸਾਰ, ਜਦੋਂ ਪੁਲਿਸ ਮੁਲਾਜ਼ਮਾਂ ਨੇ ਕਾਰ ਦੀ ਤਲਾਸ਼ੀ ਲੈਣ ਦੀ ਗੱਲ ਕਹੀ ਤਾਂ ਮੁਲਜ਼ਮ ਭੜਕ ਗਿਆ ਅਤੇ ਪੁਲਿਸ ਕਰਮਚਾਰੀਆਂ ਖ਼ਿਲਾਫ਼ ਕਾਰਵਾਈ ਕਰਵਾਉਣ ਦੀ ਧਮਕੀ ਦੇਣ ਲੱਗਾ। ਹਾਲਾਂਕਿ, ਪੁਲਿਸ ਮੁਲਾਜ਼ਮਾਂ ਨੇ ਤਲਾਸ਼ੀ ਦੀ ਕਾਰਵਾਈ ਜਾਰੀ ਰੱਖੀ ਅਤੇ ਬਲਦੇਵ ਸਿੰਘ ਨੂੰ ਹਿਰਾਸਤ ਵਿੱਚ ਲੈ ਲਿਆ।

ਪੁਲਿਸ ਵੱਲੋਂ ਕਾਰ ਦੀ ਤਲਾਸ਼ੀ ਲੈਣ ’ਤੇ 3 ਕਿਲੋ 350 ਗ੍ਰਾਮ ਹੈਰੋਇਨ, 6 ਪਿਸਤੌਲ, 4 ਮੈਗਜ਼ੀਨ ਅਤੇ 17 ਕਾਰਤੂਸ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ 6 ਮੋਬਾਈਲ ਫੋਨ ਵੀ ਪੁਲਿਸ ਨੇ ਕਬਜ਼ੇ ਵਿੱਚ ਲਏ ਹਨ। ਪੁਲਿਸ ਨੇ ਕਾਰ ਨੂੰ ਵੀ ਜ਼ਬਤ ਕਰ ਲਿਆ ਹੈ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।ਪੁਲਿਸ ਨੇ ਥਾਣਾ ਘੱਲ ਖੁਰਦ ਵਿੱਚ ਇੰਸਪੈਕਟਰ ਬਲਦੇਵ ਸਿੰਘ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਿਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹੈਰੋਇਨ ਅਤੇ ਹਥਿਆਰ ਉਸ ਕੋਲ ਕਿੱਥੋਂ ਆਏ ਸਨ ਅਤੇ ਉਹ ਇਨ੍ਹਾਂ ਨੂੰ ਕਿੱਥੇ ਲੈ ਕੇ ਜਾ ਰਿਹਾ ਸੀ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਕਥਿਤ ਤੌਰ ’ਤੇ ਇਸ ਗੈਰ-ਕਾਨੂੰਨੀ ਕਾਰੋਬਾਰ ਨਾਲ ਕਦੋਂ ਤੋਂ ਜੁੜਿਆ ਹੋਇਆ ਸੀ ਅਤੇ ਇਸ ਮਾਮਲੇ ਵਿੱਚ ਹੋਰ ਕੌਣ-ਕੌਣ ਸ਼ਾਮਲ ਹਨ।

About The Author

Related Posts