Punjab
Sarpanch Death Case: ਅਜਨਾਲਾ ’ਚ ਲਾਪਤਾ ਸਰਪੰਚ ਦੀ ਸੜਕ ਕਿਨਾਰੇ ਲਾਸ਼ ਮਿਲੀ, ਪੁਲਿਸ ਵੱਲੋਂ ਜਾਂਚ ਸ਼ੁਰੂ
21 ਸਤੰਬਰ ਤੋਂ ਲਾਪਤਾ ਸੀ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ
Sarpanch Death Case: ਅਜਨਾਲਾ, (ਸੱਚ ਕਹੂੰ ਨਿਊਜ਼/ਹਿੰ.ਸ.)| ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਪਿੰਡ ਮਹਿਮਦ ਮੰਦਰਾਵਾਲਾ (ਰਮਦਾਸ) ਦੇ ਆਮ ਆਦਮੀ ਪਾਰਟੀ ਨਾਲ ਸਬੰਧਤ ਮੌਜ਼ੂਦਾ ਸਰਪੰਚ ਅਤੇ ਸਾਬਕਾ ਫੌਜੀ ਕੁਲਜੀਤ ਸਿੰਘ ਸੰਧੂ ਦੀ ਲਾਸ਼ ਬੁੱਧਵਾਰ ਨੂੰ ਸੜਕ ਕਿਨਾਰੇ ਤੋਂ ਮਿਲੀ। ਉਹ ਪਿਛਲੇ ਦੋ ਦਿਨਾਂ ਤੋਂ ਲਾਪਤਾ ਸਨ। ਲਾਸ਼ ਮਿਲਣ ਦੀ ਖ਼ਬਰ ਤੋਂ ਬਾਅਦ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।
ਪਰਿਵਾਰਕ ਮੈਂਬਰਾਂ ਮੁਤਾਬਕ ਕੁਲਜੀਤ ਸਿੰਘ 21 ਸਤੰਬਰ ਨੂੰ ਸਵੇਰੇ ਕਰੀਬ 10.15 ਵਜੇ ਕੰਮ ਲਈ ਘਰੋਂ ਨਿਕਲੇ ਸਨ। ਇਸ ਤੋਂ ਬਾਅਦ ਉਹ ਵਾਪਸ ਨਹੀਂ ਪਰਤੇ। ਪਰਿਵਾਰ ਵੱਲੋਂ ਉਨ੍ਹਾਂ ਦੀ ਭਾਲ ਲਈ ਕਈ ਥਾਵਾਂ ’ਤੇ ਤਲਾਸ਼ ਕੀਤੀ ਗਈ, ਪਰ ਕੋਈ ਜਾਣਕਾਰੀ ਨਹੀਂ ਮਿਲ ਸਕੀ। ਬੁੱਧਵਾਰ ਨੂੰ ਰਮਦਾਸ ਇਲਾਕੇ ਵਿੱਚ ਉਨ੍ਹਾਂ ਦੀ ਲਾਸ਼ ਮਿਲਣ ਤੋਂ ਬਾਅਦ ਮਾਮਲਾ ਗੰਭੀਰ ਬਣ ਗਿਆ।
ਲਾਸ਼ ਮਿਲਣ ਦੀ ਸੂਚਨਾ ਮਿਲਣ ਤੋਂ ਬਾਅਦ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਔਜਲਾ ਵੀ ਮੌਕੇ ’ਤੇ ਪਹੁੰਚੇ। ਉਨ੍ਹਾਂ ਦੱਸਿਆ ਕਿ ਪਰਿਵਾਰ ਵੱਲੋਂ ਮੰਗਲਵਾਰ ਸ਼ਾਮ ਉਨ੍ਹਾਂ ਨਾਲ ਸੰਪਰਕ ਕੀਤਾ ਗਿਆ ਸੀ। ਔਜਲਾ ਨੇ ਦਾਅਵਾ ਕੀਤਾ ਕਿ ਕੁਲਜੀਤ ਸਿੰਘ ਦਾ ਮੋਬਾਈਲ ਕਰੀਬ 14 ਘੰਟਿਆਂ ਤੱਕ ਚਾਲੂ ਰਿਹਾ, ਇਸ ਦੇ ਬਾਵਜੂਦ ਪਰਿਵਾਰ ਨੂੰ ਵੱਖ-ਵੱਖ ਥਾਵਾਂ ’ਤੇ ਉਨ੍ਹਾਂ ਦੀ ਭਾਲ ਲਈ ਜਾਣਾ ਪਿਆ।
ਔਜਲਾ ਨੇ ਇਸ ਘਟਨਾ ਨੂੰ ਕਥਿਤ ਤੌਰ ’ਤੇ ਯੋਜਨਾਬੱਧ ਹੱਤਿਆ ਹੋਣ ਦਾ ਖਦਸ਼ਾ ਜਤਾਉਂਦਿਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਮੰਗ ਕੀਤੀ। ਉਨ੍ਹਾਂ ਪੋਸਟਮਾਰਟਮ ਮੈਡੀਕਲ ਬੋਰਡ ਰਾਹੀਂ ਕਰਵਾਉਣ ਅਤੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਮੰਗ ਵੀ ਕੀਤੀ।
ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੁਲਜੀਤ ਸਿੰਘ ਰਮਦਾਸ ਇਲਾਕੇ ਵਿੱਚ ਕਿਵੇਂ ਪਹੁੰਚੇ ਅਤੇ ਉਨ੍ਹਾਂ ਦੀ ਮੌਤ ਕਿਹੜੀਆਂ ਹਾਲਾਤਾਂ ਵਿੱਚ ਹੋਈ। ਆਸ-ਪਾਸ ਦੇ ਇਲਾਕੇ ਵਿੱਚੋਂ ਵੀ ਸਬੂਤ ਅਤੇ ਹੋਰ ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਪੁਲਿਸ ਮੁਤਾਬਕ ਮੌਤ ਦੇ ਅਸਲ ਕਾਰਨਾਂ ਸਬੰਧੀ ਸਥਿਤੀ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗੀ।