Punjab Dengue Update: ਪੰਜਾਬ ’ਚ ਡੇਂਗੂ ਦੇ 451 ਮਾਮਲੇ, ਚਿਕਨਗੁਨੀਆ ਦੇ 16 ਕੇਸ

ਡੇਂਗੂ ਨਾਲ ਮੌਤ ਦਾ ਕੋਈ ਪੁਸ਼ਟੀਸ਼ੁਦਾ ਮਾਮਲਾ ਨਹੀਂ, ਲੁਧਿਆਣਾ, ਕਪੂਰਥਲਾ, ਫਰੀਦਕੋਟ ਤੇ ਤਰਨਤਾਰਨ ’ਚ ਨਿਗਰਾਨੀ ਵਧਾਉਣ ਦੇ ਹੁਕਮ

Khushdeep Singh Picture
Published On

ਚੰਡੀਗੜ੍ਹ (ਸੱਚ ਕਹੂੰ ਨਿਊਜ਼/ਹਿੰ.ਸ.)। ਪੰਜਾਬ ’ਚ ਇਸ ਸਾਲ ਹੁਣ ਤੱਕ ਡੇਂਗੂ ਦੇ 451 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਜਦਕਿ ਚਿਕਨਗੁਨੀਆ ਦੇ 16 ਮਰੀਜ਼ ਸਾਹਮਣੇ ਆਏ ਹਨ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬੇ ਵਿੱਚ ਹੁਣ ਤੱਕ ਡੇਂਗੂ ਕਾਰਨ ਕਿਸੇ ਵੀ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ। ਸਿਹਤ ਵਿਭਾਗ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸੂਬੇ ਵਿੱਚ ਡੇਂਗੂ ਦੀ ਜਾਂਚ ਲਈ 1,00,414 ਨਮੂਨੇ ਲਏ ਗਏ ਹਨ। ਇਨ੍ਹਾਂ ਵਿੱਚੋਂ 64,049 ਜਾਂਚਾਂ ਆਮ ਆਦਮੀ ਕਲੀਨਿਕਾਂ ਰਾਹੀਂ ਕੀਤੀਆਂ ਗਈਆਂ। ਜਾਂਚ ਕੀਤੇ ਗਏ ਨਮੂਨਿਆਂ ’ਚੋਂ 451 ਵਿਅਕਤੀਆਂ ਦੇ ਡੇਂਗੂ ਪਾਜ਼ੀਟਿਵ ਹੋਣ ਦੀ ਪੁਸ਼ਟੀ ਹੋਈ, ਜਿਸ ਨਾਲ ਪਾਜ਼ੀਟਿਵ ਦਰ 0.45 ਫੀਸਦੀ ਰਹੀ। ਸਹਤ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਡੇਂਗੂ ਦੀ ਰੋਕਥਾਮ ਲਈ ਸਿਰਫ਼ ਮਰੀਜ਼ਾਂ ਦੀ ਪਛਾਣ ਕਰਨ ਤੱਕ ਹੀ ਕਾਰਵਾਈ ਸੀਮਤ ਨਾ ਰੱਖੀ ਜਾਵੇ, ਸਗੋਂ ਮੱਛਰਾਂ ਦੇ ਲਾਰਵੇ ਦੀ ਪਛਾਣ ਕਰਕੇ ਉਸ ਨੂੰ ਮੌਕੇ ’ਤੇ ਹੀ ਨਸ਼ਟ ਕਰਨ ਵੱਲ ਵਧੇਰੇ ਧਿਆਨ ਦਿੱਤਾ ਜਾਵੇ। ਉਨ੍ਹਾਂ ਸੰਭਾਵਿਤ ਡੇਂਗੂ ਪ੍ਰਭਾਵਿਤ ਇਲਾਕਿਆਂ ਦੀ ਨਿਸ਼ਾਨਦੇਹੀ ਕਰਕੇ ਉੱਥੇ ਲਗਾਤਾਰ ਨਿਗਰਾਨੀ ਤੇ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ।

ਲੁਧਿਆਣਾ, ਕਪੂਰਥਲਾ, ਫਰੀਦਕੋਟ ਤੇ ਤਰਨਤਾਰਨ ’ਚ ਡੇਂਗੂ ਦੇ ਮੁਕਾਬਲਤਨ ਵੱਧ ਮਾਮਲੇ ਸਾਹਮਣੇ ਆਉਣ ਕਾਰਨ ਇਨ੍ਹਾਂ ਜ਼ਿਲ੍ਹਿਆਂ ’ਚ ਨਿਗਰਾਨੀ ਤੇ ਮੱਛਰਾਂ ਦੀ ਰੋਕਥਾਮ ਸਬੰਧੀ ਗਤੀਵਿਧੀਆਂ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਨ੍ਹਾਂ ਜ਼ਿਲ੍ਹਿਆਂ ’ਚ ਆਸ਼ਾ ਵਰਕਰਾਂ ਤੇ ਨਰਸਿੰਗ ਵਿਦਿਆਰਥੀਆਂ ਦੀ ਮਦਦ ਨਾਲ ਘਰ-ਘਰ ਸਰਵੇਖਣ ਕਰਕੇ ਮੱਛਰਾਂ ਦੇ ਪੈਦਾ ਹੋਣ ਵਾਲੇ ਸਥਾਨਾਂ ਦੀ ਪਛਾਣ ਤੇ ਉਨ੍ਹਾਂ ਨੂੰ ਖਤਮ ਕਰਨ ’ਤੇ ਜ਼ੋਰ ਦਿੱਤਾ ਜਾਵੇਗਾ। ਮੰਤਰੀ ਨੇ ਪਿੰਡ ਪੱਧਰ ’ਤੇ ਗ੍ਰਾਮ ਸਿਹਤ, ਸਫ਼ਾਈ ਤੇ ਪੋਸ਼ਣ ਕਮੇਟੀਆਂ ਦੀਆਂ ਮੀਟਿੰਗਾਂ ਸਰਗਰਮੀ ਨਾਲ ਕਰਵਾਉਣ ਤੇ ਲੋਕਾਂ ਦੀ ਭਾਗੀਦਾਰੀ ਵਧਾਉਣ ਲਈ ਵੀ ਕਿਹਾ। ਉਨ੍ਹਾਂ ਦੱਸਿਆ ਕਿ ਘਰ-ਘਰ ਸਰਵੇਖਣ ’ਚ ਯੋਗਦਾਨ ਪਾਉਣ ਵਾਲੀਆਂ ਆਸ਼ਾ ਵਰਕਰਾਂ ਨੂੰ ਨਿਰਧਾਰਤ ਭੁਗਤਾਨ ਤੇ ਪ੍ਰੋਤਸਾਹਨ ਦਿੱਤਾ ਜਾ ਰਿਹਾ ਹੈ। Punjab Dengue Update

ਇਹ ਵੀ ਪੜ੍ਹੋ : Punjab Patwari Strike: ਪੰਜਾਬ ਭਰ ’ਚ ਪਟਵਾਰੀਆਂ ਦੀ ਹੜਤਾਲ

ਫਰੀਦਕੋਟ ’ਚ ਡੇਂਗੂ ਰੋਕਥਾਮ ਮੁਹਿੰਮ ਦੌਰਾਨ ਨਰਸਿੰਗ ਵਿਦਿਆਰਥੀਆਂ ਦੀ ਸੌ ਫੀਸਦੀ ਭਾਗੀਦਾਰੀ ਦੀ ਵੀ ਸ਼ਲਾਘਾ ਕੀਤੀ ਗਈ। ਡਾ. ਬਲਬੀਰ ਸਿੰਘ ਨੇ ਲੋੜ ਅਨੁਸਾਰ ਘਰਾਂ ਤੇ ਖੁੱਲ੍ਹੇ ਇਲਾਕਿਆਂ ’ਚ ਫੌਗਿੰਗ ਕਰਵਾਉਣ ਦੇ ਹੁਕਮ ਦਿੱਤੇ। ਇਸ ਦੇ ਨਾਲ ਹੀ ਸਬੰਧਤ ਜ਼ਿਲ੍ਹਿਆਂ ’ਚ ਮੈਦਾਨੀ ਪੱਧਰ ’ਤੇ ਨਿਰੀਖਣ ਵਧਾਉਣ ਤੇ ਆਸ਼ਾ ਵਰਕਰਾਂ ਦੀ ਸਰਗਰਮ ਸ਼ਮੂਲੀਅਤ ਯਕੀਨੀ ਬਣਾਉਣ ਲਈ ਕਿਹਾ ਗਿਆ। ਮੀਟਿੰਗ ਦੌਰਾਨ ਸੂਬੇ ’ਚ ਸਾਹਮਣੇ ਆਏ ਚਿਕਨਗੁਨੀਆ ਦੇ 16 ਮਾਮਲਿਆਂ ਦੀ ਵੀ ਸਮੀਖਿਆ ਕੀਤੀ ਗਈ। ਇਸ ਤੋਂ ਇਲਾਵਾ ਤੇਜ਼ ਦਸਤ, ਹੈਜ਼ਾ ਤੇ ਹੈਪੇਟਾਈਟਸ ਵਰਗੀਆਂ ਪਾਣੀ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਸਥਿਤੀ ’ਤੇ ਵੀ ਵਿਚਾਰ ਕੀਤਾ ਗਿਆ। ਮੰਤਰੀ ਨੇ ਪੀਣ ਵਾਲੇ ਪਾਣੀ ਦੀ ਗੁਣਵੱਤਾ ਦੀ ਨਿਯਮਤ ਨਿਗਰਾਨੀ ਕਰਨ, ਪਾਣੀ ਦੇ ਸਰੋਤਾਂ ਦੀ ਜਾਂਚ ਕਰਵਾਉਣ ਤੇ ਪਾਣੀ ਦੀਆਂ ਪਾਈਪਾਂ ਵਿੱਚ ਲੀਕੇਜ ਜਾਂ ਦੂਸ਼ਿਤ ਪਾਣੀ ਦੀ ਸਪਲਾਈ ਦੀ ਸ਼ਿਕਾਇਤ ਮਿਲਣ ’ਤੇ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਲਈ ਕਿਹਾ।

ਸਿਹਤ ਸੰਸਥਾਵਾਂ ਵਿੱਚ ਓਆਰਐੱਸ, ਆਈਵੀ ਫਲੂਇਡ, ਕਲੋਰੀਨ ਦੀਆਂ ਗੋਲੀਆਂ ਤੇ ਜ਼ਰੂਰੀ ਦਵਾਈਆਂ ਦਾ ਲੋੜੀਂਦਾ ਭੰਡਾਰ ਬਣਾਈ ਰੱਖਣ ਦੇ ਵੀ ਨਿਰਦੇਸ਼ ਦਿੱਤੇ ਗਏ। ਮੀਟਿੰਗ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡਾਂ ਦੀ ਵੰਡ ਦੀ ਵੀ ਸਮੀਖਿਆ ਕੀਤੀ ਗਈ ਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਪਿੰਡਾਂ ਤੇ ਮੁਹੱਲਿਆਂ ਵਿੱਚ ਵੰਡ ਸਮਾਗਮ ਕਰਵਾਉਣ ਲਈ ਕਿਹਾ ਗਿਆ। ਸਿਹਤ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰਾਂ ਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦੇਣ। ਉਨ੍ਹਾਂ ਕਿਹਾ ਕਿ ਮੱਛਰਾਂ ਦੇ ਪੈਦਾ ਹੋਣ ਵਾਲੇ ਸੰਭਾਵਿਤ ਸਥਾਨਾਂ ਨੂੰ ਖਤਮ ਕਰਕੇ ਤੇ ਆਲੇ-ਦੁਆਲੇ ਸਫ਼ਾਈ ਰੱਖ ਕੇ ਡੇਂਗੂ ਤੇ ਹੋਰ ਮੱਛਰਜਨਿਤ ਬਿਮਾਰੀਆਂ ਦੀ ਰੋਕਥਾਮ ’ਚ ਲੋਕ ਅਹਿਮ ਭੂਮਿਕਾ ਨਿਭਾ ਸਕਦੇ ਹਨ। Punjab Dengue Update

About The Author

Related Posts