Agriculture News: ਸਰਦੀਆਂ ਦੇ ਮੇਵੇ ਧਨੀਆ, ਸੌਂਫ, ਸੋਏ, ਮੇਥੇ ਦੀ ਕਾਸ਼ਤ ਦੇ ਸੁਚੱਜੇ ਢੰਗ

ਸਰਦੀਆਂ ਦੇ ਮੇਵੇ ਧਨੀਆ, ਸੌਂਫ, ਸੋਏ, ਮੇਥੇ ਦੀ ਕਾਸ਼ਤ ਦੇ ਸੁਚੱਜੇ ਢੰਗ

Khushdeep Singh Picture
Published On
ਧਨੀਆ | Agriculture News

ਧਨੀਏ ਦੀ ਫ਼ਸਲ ਲਗਭਗ ਹਰ ਕਿਸਮ ਦੀ ਜ਼ਮੀਨ ਵਿੱਚ ਬੀਜੀ ਜਾ ਸਕਦੀ ਹੈ, ਪਰ ਇਸ ਦੀ ਕਾਸ਼ਤ ਲਈ ਵਧੀਆ ਜਲ ਨਿਕਾਸ ਵਾਲੀ ਰੇਤਲੀ ਮੈਰਾ ਜ਼ਮੀਨ ਢੁਕਵੀਂ ਹੈ। ਚੰਗੇ ਜੰਮ ਲਈ ਦੋ ਤੋਂ ਤਿੰਨ ਵਾਰ ਖੇਤ ਦੀ ਵਹਾਈ ਕਰ ਕੇ ਜ਼ਮੀਨ ਤਿਆਰ ਕਰੋ ਅਤੇ ਹਰ ਵਹਾਈ ਪਿਛੋਂ ਸੁਹਾਗਾ ਫੇਰੋ। ਧਨੀਏ ਦਾ ਵਧੀਆ ਅਤੇ ਰੋਗ ਰਹਿਤ 8 ਤੋਂ 10 ਕਿਲੋ ਬੀਜ ਪ੍ਰਤੀ ਏਕੜ ਵਰਤੋ। ਬੀਜ ਨੂੰ ਧਿਆਨ ਨਾਲ ਸਹਿਜੇ ਮਲ਼ੋ ਤਾਂ ਕਿ ਇੱਕ ਬੀਜ ਦੋ ਤੋਂ ਚਾਰ ਹਿੱਸਿਆਂ ਵਿੱਚ ਵੰਡਿਆ ਜਾਵੇ ਕਿਉਂਕਿ ਸਾਬਤ ਬੀਜ ਬਹੁਤ ਘੱਟ ਉੱਗਦੇ ਹਨ। ਇਸ ਦੀ ਬਿਜਾਈ ਦਾ ਵਧੀਆ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਲੈ ਕੇ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਹੈ ਬੀਜ ਨੂੰ ਪੋਰ ਰਾਹੀਂ ਸਿਆੜਾਂ ਵਿਚਕਾਰ 30 ਸੈਂਟੀਮੀਟਰ ਦੀ ਵਿੱਥ ਰੱਖ ਕੇ ਬੀਜੋ। 30 ਕਿਲੋ ਨਾਈਟਰੋਜਨ (65 ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਦੋ ਕਿਸ਼ਤਾਂ ਵਿੱਚ ਪਾਓ।

ਪਹਿਲੀ ਕਿਸ਼ਤ ਬਿਜਾਈ ਸਮੇਂ ਅਤੇ ਦੂਸਰੀ ਕਿਸ਼ਤ ਜਦੋਂ ਫੁੱਲ ਪੈਣੇ ਸ਼ੁਰੂ ਹੋ ਜਾਣ। ਨਦੀਨਾਂ ਦੀ ਰੋਕਥਾਮ ਲਈ ਦੋ ਗੋਡੀਆਂ, ਪਹਿਲੀ ਬੀਜਣ ਤੋਂ 4 ਹਫ਼ਤੇ ਪਿਛੋਂ ਅਤੇ ਦੂਸਰੀ ਇਸ ਤੋਂ 5 ਤੋਂ 6 ਹਫ਼ਤੇ ਪਿਛੋਂ ਕਰੋ। ਪਹਿਲਾ ਪਾਣੀ ਬਿਜਾਈ ਤੋਂ ਤਿੰਨ ਹਫ਼ਤੇ ਪਿਛੋਂ ਅਤੇ ਫਿਰ ਲੋੜ ਅਨੁਸਾਰ 2-3 ਪਾਣੀ ਹੋਰ ਦਿਉ ਅਤੇ ਇਹ ਖਿਆਲ ਰੱਖੋ ਕਿ ਪੌਦਿਆਂ ਨੂੰ ਫੁੱਲ ਆਉਣ ਅਤੇ ਬੀਜ ਪੈਣ ਸਮੇਂ ਪਾਣੀ ਦੀ ਘਾਟ ਨਾ ਹੋਵੇ। ਫ਼ਸਲ ਨੂੰ ਉਸ ਸਮੇਂ ਕੱਟੋ ਜਦੋਂ ਇਸ ਦੇ ਬੀਜ ਪੱਕ ਗਏ ਹੋਣ, ਪਰ ਹਰੇ ਰੰਗ ਦੀ ਭਾਅ ਮਾਰਦੇ ਹੋਣ ਕਿਉਂਕਿ ਹਰੀ ਭਾਅ ਮਾਰਦਾ ਧਨੀਆ ਮੰਡੀ ਵਿੱਚ ਭੂਰੇ ਰੰਗ ਵਾਲੇ ਧਨੀਏ ਤੋਂ ਵਧੇਰੇ ਕੀਮਤ ਪਾਉਂਦਾ ਹੈ। ਇਸਦਾ ਔਸਤ ਝਾੜ 2.5 ਤੋਂ 3 ਕੁਇੰਟਲ ਬੀਜ ਪ੍ਰਤੀ ਏਕੜ ਹੁੰਦਾ ਹੈ।

ਇਹ ਵੀ ਪੜ੍ਹੋ : Punjab DGP News: ਪੰਜਾਬ ਨੂੰ ਪੱਕਾ ਡੀਜੀਪੀ ਦੇਣ ’ਚ ਦੇਰੀ ’ਤੇ ਹਾਈਕੋਰਟ ਸਖ਼ਤ, ਮੁੱਖ ਸਕੱਤਰ ਤੋਂ 10 ਦਿਨਾਂ ’ਚ ਮੰਗਿਆ ਜਵਾਬ

ਸੌਂਫ | Agriculture News

ਇਸ ਦੀ ਕਾਸ਼ਤ ਲਈ ਚੰਗੇ ਜਲ-ਨਿਕਾਸ ਵਾਲੀ ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਢੁਕਵੀਂ ਹੈ। ਅਜਮੇਰ ਫੈਨਲ 2 (2023): ਇਸ ਕਿਸਮ ਦੀ ਬੀਜ ਦੀ ਔਸਤ ਪੈਦਾਵਾਰ 5 ਕੁਇੰਟਲ ਪ੍ਰਤੀ ਏਕੜ ਹੈ ਜੋ ਕਿ ਸਥਾਨਕ ਕਿਸਮ ਨਾਲੋਂ 17.1% ਵੱਧ ਹੈ। ਇਸ ਦੇ ਬੀਜਾਂ ਵਿੱਚ 1.6 ਤੋਂ 1.8% ਜ਼ਰੂਰੀ ਤੇਲ ਹੁੰਦਾ ਹੈ ਅਤੇ ਪੱਕਣ ਲਈ 170-175 ਦਿਨ ਲੱਗਦੇ ਹਨ। ਸੇਜੂੰ ਹਾਲਤਾਂ ਵਿੱਚ ਬਿਜਾਈ ਲਈ ਵਧੀਆ ਸਮਾਂ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦਾ ਪਹਿਲਾ ਹਫਤਾ ਹੈ। ਬਿਜਾਈ 3 ਤੋਂ 4 ਸੈਂਟੀਮੀਟਰ ਡੂੰਘੀ, 45 ਸੈਂਟੀਮੀਟਰ ਦੇ ਫ਼ਾਸਲੇ ਤੇ ਸਿਆੜਾਂ ਵਿੱਚ 4 ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕਰੋ।

20 ਕਿਲੋ ਨਾਈਟਰੋਜਨ (45 ਕਿਲੋ ਯੂਰੀਆ) ਇੱਕੋ ਜਿਹੀਆਂ 2-3 ਕਿਸ਼ਤਾਂ ਵਿੱਚ ਪਾਓ। ਇੱਕ ਜਾਂ ਦੋ ਗੋਡੀਆਂ ਪਹੀਏ ਵਾਲੀ ਸੁਧਰੀ ਤ੍ਰਿਫਾਲੀ ਨਾਲ ਕਰੋ ਪਰ ਇਹ ਗੱਲ ਜ਼ਿਆਦਾਤਰ ਨਦੀਨਾਂ ਦੀ ਬਹੁਤਾਤ ’ਤੇ ਨਿਰਭਰ ਕਰਦੀ ਹੈ। ਪਹਿਲਾ ਪਾਣੀ ਬਿਜਾਈ ਤੋਂ 10-15 ਦਿਨਾਂ ਪਿਛੋਂ ਦੇਵੋ ਤਾਂ ਕਿ ਬੀਜ ਚੰਗੀ ਤਰ੍ਹਾਂ ਉੱਗ ਪੈਣ। ਪਿਛਲੇ ਪਾਣੀ ਜਦੋਂ ਲੋੜ ਪਵੇ ਉਦੋਂ ਦਿਓ। ਫ਼ਸਲ ਅਪਰੈਲ ਦੇ ਅੰਤ ਤੋਂ ਲੈ ਕੇ ਮਈ ਦੇ ਪਹਿਲੇ ਹਫਤੇ ਤੱਕ ਪੱਕ ਕੇ ਤਿਆਰ ਹੋ ਜਾਂਦੀ ਹੈ। ਖਾਣ ਦੀ ਵਰਤੋਂ ਲਈ ਫ਼ਸਲ ਨੂੰ ਅਪ੍ਰੈਲ ਦੇ ਸ਼ੁਰੂ ਵਿੱਚ ਕੱਟ ਲਓ। Agriculture News

ਸੋਏ | Agriculture News

ਇਸ ਵਿੱਚ ਖੁਸ਼ਬੂਦਾਰ ਤੇਲ ਹੁੰਦਾ ਹੈ। ਚੰਗੇ ਜਲ ਨਿਕਾਸ ਵਾਲੀ ਰੇਤਲੀ ਮੈਰਾ ਤੋਂ ਮੈਰਾ ਜ਼ਮੀਨ ਇਸ ਦੀ ਕਾਸ਼ਤ ਲਈ ਸਭ ਤੋਂ ਢੁਕਵੀਂ ਹੈ। ਬਿਜਾਈ ਦਾ ਢੁੱਕਵਾਂ ਸਮਾਂ ਅਕਤੂਬਰ ਦਾ ਦੂਜਾ ਪੰਦਰ੍ਹਵਾੜਾ ਹੈ। ਇੱਕ ਏਕੜ ਲਈ 2 ਕਿਲੋ ਬੀਜ ਕਾਫੀ ਹੈ। ਬੀਜ 3-4 ਸੈਂਟੀਮੀਟਰ ਡੂੰਘਾ ਕੇਰੋ ਅਤੇ ਕਤਾਰ ਤੋਂ ਕਤਾਰ ਦਾ ਫ਼ਾਸਲਾ 45 ਸੈਂਟੀਮੀਟਰ ਰੱਖੋ। ਜ਼ਮੀਨ ਦੀ ਕਿਸਮ ਅਨੁਸਾਰ 35 ਕਿਲੋ ਨਾਈਟਰੋਜਨ (75 ਕਿਲੋ ਯੂਰੀਆ), 2 ਜਾਂ 3 ਕਿਸ਼ਤਾਂ ਵਿੱਚ ਪਾਓ। ਪਹਿਲਾ ਪਾਣੀ ਬਿਜਾਈ ਤੋਂ 10-15 ਦਿਨ ਪਿਛੋਂ ਦਿਓ ਤਾਂ ਕਿ ਫ਼ਸਲ ਚੰਗੀ ਤਰ੍ਹਾਂ ਉੱਗ ਪਵੇ। ਬਾਕੀ ਦੇ ਪਾਣੀ ਇਸ ਪ੍ਰਕਾਰ ਦਿਓ, ਤਾਂ ਕਿ ਫ਼ਸਲ ਲਈ ਲੋੜੀਂਦੀ ਨਮੀ ਜ਼ਮੀਨ ਵਿੱਚ ਰਹੇ।

ਨਦੀਨਾਂ ਦੀ ਮਿਕਦਾਰ ਅਨੁਸਾਰ ਇਕ ਜਾਂ ਦੋ ਗੋਡੀਆਂ ਕਰੋ। ਪਹਿਲੀ ਗੋਡੀ ਬਿਜਾਈ ਤੋਂ 30-40 ਦਿਨਾਂ ਪਿਛੋਂ ਕਰੋ। ਜੇ ਫ਼ਸਲ ਸੰਘਣੀ ਹੋਵੇ ਤਾਂ ਇਸ ਸਮੇਂ ਵਿਰਲੀ ਵੀ ਕਰ ਦਿਓ। ਜਦੋਂ ਛੱਤਰੀ ਦਾ ਰੰਗ ਹਰੇ ਤੋਂ ਹਲਕਾ ਪੀਲਾ ਹੋ ਜਾਵੇ, ਫ਼ਸਲ ਦੀ ਵਾਢੀ ਕਰ ਲਓ। ਕਟਾਈ ਸਵੇਰ ਵੇਲੇ ਕਰੋ ਅਤੇ ਉਸੇ ਵੇਲੇ ਗਹਾਈ ਲਈ ਲੈ ਜਾਓ ਤਾਂ ਕਿ ਬੀਜ ਨਾ ਕਿਰ ਜਾਣ। ਇਕ ਏਕੜ ਵਿੱਚੋਂ ਤਕਰੀਬਨ 3-4 ਕੁਇੰਟਲ ਬੀਜ ਨਿਕਲ ਆਉਂਦਾ ਹੈ।

ਮੇਥੇ | Agriculture News

ਚੰਗੇ ਨਿਕਾਸ ਵਾਲੀ ਮੈਰਾ ਜ਼ਮੀਨ ਇਸ ਦੀ ਕਾਸ਼ਤ ਲਈ ਵਧੇਰੇ ਢੁਕਵੀਂ ਹੈ ਪਰ ਲੂਣੀਆਂ, ਖਾਰੀਆਂ ਅਤੇ ਸੇਮ ਵਾਲੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਯੋਗ ਨਹੀਂ ਹੁੰਦੀਆਂ। ਐਮ ਐਲ 150 (1995): ਇਸ ਦੀ ਸੁਧਰੀ ਕਿਸਮ ਹੈ ਜਿਸ ਦੇ ਬੂਟੇ ਖੜ੍ਹਵੇਂ ਅਤੇ ਪੱਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ ਚਿੱਟਾ ਰੋਗ ਅਤੇ ਤਣਾ ਗਲਣ ਦੀ ਬਿਮਾਰੀ ਨੂੰ ਕਾਫ਼ੀ ਹੱਦ ਤੱਕ ਸਹਿਣ ਦੀ ਸਮਰੱਥਾ ਰੱਖਦੀ ਹੈ। ਇਸ ਦੇ ਬੀਜ ਚਮਕਦਾਰ ਪੀਲੇ ਅਤੇ ਮੋਟੇ ਹੁੰਦੇ ਹਨ। ਇਸ ਦੇ ਦਾਣਿਆਂ ਦਾ ਔਸਤ ਝਾੜ 6.0 ਕੁਇੰਟਲ ਪ੍ਰਤੀ ਏਕੜ ਹੈ। ਇਸ ਨੂੰ ਹਰੇ ਚਾਰੇ ਵਾਸਤੇ ਵੀ ਬੀਜਿਆ ਜਾ ਸਕਦਾ ਹੈ। ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ 2-3 ਵਾਰ ਵਾਹ ਕੇ ਸੁਹਾਗਾ ਲਾਉਣਾ ਚਾਹੀਦਾ ਹੈ। ਖੇਤ ਨਦੀਨਾਂ ਅਤੇ ਮੁੱਢਾਂ ਤੋਂ ਰਹਿਤ ਹੋਣਾ ਚਾਹੀਦਾ ਹੈ।

ਇਸ ਦੀ ਬਿਜਾਈ ਅਕਤੂਬਰ ਦੇ ਅਖ਼ੀਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਵਿੱਚ ਕੀਤੀ ਜਾ ਸਕਦੀ ਹੈ। ਇੱਕ ਏਕੜ ਦੀ ਬਿਜਾਈ ਵਾਸਤੇ 12 ਕਿਲੋ ਬੀਜ ਵਰਤੋ। ਬੀਜ ਨੂੰ 22.5 ਸੈਂਟੀਮੀਟਰ ਵਿੱਥ ਤੇ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘਾ ਬੀਜਣਾ ਚਾਹੀਦਾ ਹੈ। ਬਿਜਾਈ ਸਮੇਂ 5 ਕਿਲੋ ਨਾਈਟਰੋਜਨ (11 ਕਿਲੋ ਯੂਰੀਆ) ਅਤੇ 8 ਕਿਲੋ ਫਾਸਫੋਰਸ (50 ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਦੇ ਹਿਸਾਬ ਨਾਲ ਪੋਰ ਦਿਓ। ਫ਼ਸਲ ਨੂੰ ਪੱਕਣ ਤੱਕ 3-4 ਸਿੰਚਾਈਆਂ ਦੀ ਲੋੜ ਹੁੰਦੀ ਹੈ। ਫ਼ਸਲ ਨੂੰ ਨਦੀਨਾਂ ਤੋਂ ਰਹਿਤ ਰੱਖਣ ਲਈ ਇੱਕ-ਦੋ ਗੋਡੀਆਂ ਕਾਫ਼ੀ ਹਨ। ਅਪਰੈਲ ਦੇ ਅਖੀਰ ਵਿੱਚ, ਜਦੋਂ ਇਸ ਦੀਆਂ ਫ਼ਲੀਆਂ ਦਾ ਰੰਗ ਹਰੇ ਤੋਂ ਪੀਲਾ ਹੋ ਜਾਵੇ ਤਾਂ ਫ਼ਸਲ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਕਟਾਈ ਵਿੱਚ ਦੇਰੀ ਕਰਨ ਤੇ ਦਾਣੇ ਕਿਰਨੇ ਸ਼ੁਰੂ ਹੋ ਜਾਂਦੇ ਹਨ।

ਧੰਨਵਾਦ ਸਹਿਤ, ਪੀਏਯੂ ਲੁਧਿਆਣਾ

About The Author

Related Posts