JEE Main 2027: ਜੇਈਈ ਮੇਨ, ਨਵੇਂ ਸਿਲੇਬਸ ਅਨੁਸਾਰ ਤਿਆਰੀ ਕਰਨ ਵਿਦਿਆਰਥੀ

ਜੇਈਈ ਮੇਨ, ਨਵੇਂ ਸਿਲੇਬਸ ਅਨੁਸਾਰ ਤਿਆਰੀ ਕਰਨ ਵਿਦਿਆਰਥੀ

Khushdeep Singh Picture
Published On

ਡਾ. ਸੰਦੀਪ ਸਿੰਹਮਾਰ। ਰਾਸ਼ਟਰੀ ਪ੍ਰੀਖਿਆ ਏਜੰਸੀ (ਐੱਨਟੀਏ) ਨੇ ਜੇਈਈ ਮੇਨ ਦੇ ਸਿਲੇਬਸ ’ਚ ਕਈ ਬਦਲਾਅ ਕੀਤੇ ਹਨ। ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਗਣਿੱਤ ’ਚੋਂ ਕਈ ਅਧਿਆਏ ਹਟਾ ਦਿੱਤੇ ਗਏ ਹਨ। ਇਸ ਨਾਲ ਇੰਜੀਨੀਅਰਿੰਗ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਨੂੰ ਕੁਝ ਰਾਹਤ ਮਿਲੀ ਹੈ। ਸਾਲ 2026 ਦਾ ਸਿਲੇਬਸ ਐੱਨਟੀਏ ਦੀ ਅਧਿਕਾਰਤ ਵੈੱਬਸਾਈਟ ’ਤੇ ਮੁਹੱਈਆ ਹੈ। ਸਿਲੇਬਸ ਛੋਟਾ ਹੋਣ ਕਾਰਨ ਹੁਣ ਵਿਦਿਆਰਥੀਆਂ ਨੂੰ ਕੁਝ ਵਿਸ਼ੇ ਘੱਟ ਪੜ੍ਹਨੇ ਪੈਣਗੇ। ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਪ੍ਰੀਖਿਆ ਸੌਖੀ ਹੋ ਗਈ ਹੈ। ਚੰਗੇ ਅੰਕ ਪ੍ਰਾਪਤ ਕਰਨ ਲਈ ਵਿਦਿਆਰਥੀਆਂ ਨੂੰ ਸਾਰੇ ਜ਼ਰੂਰੀ ਵਿਸ਼ਿਆਂ ਦੀ ਚੰਗੀ ਤਿਆਰੀ ਕਰਨੀ ਪਵੇਗੀ। ਉਨ੍ਹਾਂ ਨੂੰ ਨਵੇਂ ਸਿਲੇਬਸ ਅਨੁਸਾਰ ਆਪਣੀ ਪੜ੍ਹਾਈ ਦੀ ਯੋਜਨਾ ਬਣਾਉਣੀ ਚਾਹੀਦੀ ਹੈ।

ਭੌਤਿਕ ਵਿਗਿਆਨ ’ਚੋਂ ਹਟਾਏ ਗਏ ਕਈ ਵਿਸ਼ੇ | JEE Main 2027

ਭੌਤਿਕ ਵਿਗਿਆਨ ’ਚੋਂ ਰੇਨੋਲਡਜ਼ ਨੰਬਰ, ਕਾਰਨੋ ਇੰਜਣ, ਡੌਪਲਰ ਪ੍ਰਭਾਵ, ਪੋਟੈਂਸ਼ੀਓਮੀਟਰ ਤੇ ਜੰਕਸ਼ਨ ਟਰਾਂਜ਼ਿਸਟਰ ਵਰਗੇ ਵਿਸ਼ੇ ਹਟਾ ਦਿੱਤੇ ਗਏ ਹਨ। ਸੰਚਾਰ ਪ੍ਰਣਾਲੀ ਦਾ ਪੂਰਾ ਅਧਿਆਏ ਵੀ ਸਿਲੇਬਸ ’ਚ ਸ਼ਾਮਲ ਨਹੀਂ ਹੈ। ਇਨ੍ਹਾਂ ਵਿਸ਼ਿਆਂ ਰਾਹੀਂ ਵਿਦਿਆਰਥੀਆਂ ਨੂੰ ਇਹ ਸਮਝਣ ’ਚ ਮੱਦਦ ਮਿਲਦੀ ਸੀ ਕਿ ਭੌਤਿਕ ਵਿਗਿਆਨ ਦੀ ਸਾਡੇ ਜੀਵਨ ’ਚ ਕੀ ਵਰਤੋਂ ਹੈ। ਮੋਬਾਇਲ ਫੋਨ, ਮੈਡੀਕਲ ਤੇ ਪੁਲਾੜ ਵਿਗਿਆਨ ਵਰਗੇ ਖੇਤਰਾਂ ’ਚ ਭੌਤਿਕ ਵਿਗਿਆਨ ਦੀ ਅਹਿਮ ਭੂਮਿਕਾ ਹੈ। ਇਨ੍ਹਾਂ ਵਿਸ਼ਿਆਂ ਦੇ ਹਟਣ ਨਾਲ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਕੁਝ ਵਾਧੂ ਸਮਾਂ ਮਿਲ ਸਕਦਾ ਹੈ। ਹੁਣ ਉਹ ਗਤੀ, ਬਲ, ਊਰਜਾ, ਬਿਜਲੀ, ਚੁੰਬਕਤਾ ਤੇ ਪ੍ਰਕਾਸ਼ ਵਰਗੇ ਜ਼ਰੂਰੀ ਵਿਸ਼ਿਆਂ ’ਤੇ ਵਧੇਰੇ ਧਿਆਨ ਦੇ ਸਕਦੇ ਹਨ। ਪ੍ਰੀਖਿਆ ’ਚ ਚੰਗੇ ਅੰਕ ਪ੍ਰਾਪਤ ਕਰਨ ਲਈ ਇਨ੍ਹਾਂ ਵਿਸ਼ਿਆਂ ਨੂੰ ਚੰਗੀ ਤਰ੍ਹਾਂ ਸਮਝਣਾ ਜ਼ਰੂਰੀ ਹੈ।

ਰਸਾਇਣ ਵਿਗਿਆਨ ’ਚ ਵੀ ਘਟਾਇਆ ਗਿਆ ਸਿਲੇਬਸ

ਰਸਾਇਣ ਵਿਗਿਆਨ ’ਚੋਂ ਪਦਾਰਥ ਦੀਆਂ ਅਵਸਥਾਵਾਂ, ਸਤਹਿ ਰਸਾਇਣ ਵਿਗਿਆਨ, ਐੱਸ-ਬਲਾਕ ਤੱਤ ਅਤੇ ਰੋਜ਼ਾਨਾ ਜੀਵਨ ’ਚ ਰਸਾਇਣ ਵਿਗਿਆਨ ਵਰਗੇ ਅਧਿਆਏ ਹਟਾ ਦਿੱਤੇ ਗਏ ਹਨ। ਧਾਤਾਂ ਨਾਲ ਸਬੰਧਤ ਕੁਝ ਵਿਸ਼ਿਆਂ ’ਚ ਵੀ ਕਟੌਤੀ ਕੀਤੀ ਗਈ ਹੈ। ਪੀ-ਬਲਾਕ ਤੱਤਾਂ ਦੇ ਸਿਲੇਬਸ ’ਚ ਵੀ ਬਦਲਾਅ ਕੀਤਾ ਗਿਆ ਹੈ। ਇਸ ਨਾਲ ਉਨ੍ਹਾਂ ਵਿਦਿਆਰਥੀਆਂ ਨੂੰ ਰਾਹਤ ਮਿਲ ਸਕਦੀ ਹੈ, ਜਿਨ੍ਹਾਂ ਨੂੰ ਬਹੁਤ ਸਾਰੇ ਨਾਂਅ, ਤੱਥ ਅਤੇ ਰਸਾਇਣਕ ਕਿਰਿਆਵਾਂ ਯਾਦ ਕਰਨ ’ਚ ਮੁਸ਼ਕਲ ਆਉਂਦੀ ਹੈ। ਹੁਣ ਵਿਦਿਆਰਥੀਆਂ ਨੂੰ ਰਸਾਇਣਕ ਬੰਧਨ, ਮੋਲ ਸੰਕਲਪ, ਊਸ਼ਮਾ ਗਤੀ ਵਿਗਿਆਨ ਅਤੇ ਕਾਰਬਨਿਕ ਰਸਾਇਣ ਵਿਗਿਆਨ ਵਰਗੇ ਜ਼ਰੂਰੀ ਵਿਸ਼ਿਆਂ ’ਤੇ ਚੰਗੀ ਤਰ੍ਹਾਂ ਧਿਆਨ ਦੇਣਾ ਚਾਹੀਦਾ ਹੈ। ਹਾਲਾਂਕਿ, ਰਸਾਇਣ ਵਿਗਿਆਨ ਦੀ ਸਾਡੇ ਰੋਜ਼ਾਨਾ ਜੀਵਨ ’ਚ ਵੀ ਬਹੁਤ ਮਹੱਤਤਾ ਹੈ। ਸਾਬਣ, ਦਵਾਈਆਂ, ਖਾਣ-ਪੀਣ ਦੀਆਂ ਚੀਜ਼ਾਂ ਤੇ ਵਾਤਾਵਰਨ ਨਾਲ ਜੁੜੀਆਂ ਕਈ ਗੱਲਾਂ ਰਸਾਇਣ ਵਿਗਿਆਨ ’ਤੇ ਅਧਾਰਿਤ ਹਨ। ਇਸ ਲਈ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਬਾਰੇ ਆਮ ਜਾਣਕਾਰੀ ਵੀ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ : Ajay Devgn: ਫਿਲਮ ਅਦਾਕਾਰ ਅਜੇ ਦੇਵਗਨ ਦੇ ਜੁਹੂ ਬੰਗਲੇ 'ਤੇ ਮੁੰਬਈ ਨਗਰ ਨਿਗਮ ਦਾ ਹਥੌੜਾ

ਗਣਿੱਤ ਨੂੰ ਸਮਝ ਕੇ ਪੜ੍ਹਨਾ ਜ਼ਰੂਰੀ | JEE Main 2027

ਗਣਿਤ ’ਚੋਂ ਗਣਿਤਿਕ ਆਗਮਨ ਅਤੇ ਗਣਿਤਿਕ ਤਰਕ ਵਰਗੇ ਅਧਿਆਏ ਹਟਾ ਦਿੱਤੇ ਗਏ ਹਨ। ਇਸ ਤੋਂ ਇਲਾਵਾ, ਕੁਝ ਹੋਰ ਅਧਿਆਇਆਂ ਦੇ ਵਿਸ਼ਿਆਂ ’ਚ ਵੀ ਕਟੌਤੀ ਕੀਤੀ ਗਈ ਹੈ। ਇਸ ਬਦਲਾਅ ਨਾਲ ਵਿਦਿਆਰਥੀਆਂ ਨੂੰ ਬੀਜਗਣਿਤ, ਕੈਲਕੁਲਸ, ਅੰਕੜਾ ਵਿਗਿਆਨ, ਸੰਭਾਵਨਾ ਅਤੇ ਜਿਓਮੈਟਰੀ ਵਰਗੇ ਵਿਸ਼ਿਆਂ ਨੂੰ ਵਧੇਰੇ ਸਮਾਂ ਦੇਣ ਦਾ ਮੌਕਾ ਮਿਲੇਗਾ। ਗਣਿਤ ’ਚ ਸਿਰਫ਼ ਸੂਤਰ ਯਾਦ ਕਰਨਾ ਹੀ ਕਾਫ਼ੀ ਨਹੀਂ ਹੈ। ਸਵਾਲ ਨੂੰ ਸਮਝਣਾ ਅਤੇ ਉਸ ਨੂੰ ਸਹੀ ਤਰੀਕੇ ਨਾਲ ਹੱਲ ਕਰਨਾ ਵੀ ਜ਼ਰੂਰੀ ਹੈ।

ਪ੍ਰੀਖਿਆ ’ਚ ਸਾਰੇ ਸਵਾਲ ਹੱਲ ਕਰਨੇ ਹੋਣਗੇ

ਜੇਈਈ ਮੇਨ ਦੀ ਪ੍ਰੀਖਿਆ ਦੇ ਤਰੀਕੇ ਨੂੰ ਸਮਝਣਾ ਵੀ ਜ਼ਰੂਰੀ ਹੈ। ਸਾਲ 2026 ਦੇ ਬੀਈ/ਬੀਟੈਕ ਪੇਪਰ ’ਚ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਤੇ ਗਣਿਤ ’ਚੋਂ 25-25 ਸਵਾਲ ਪੁੱਛੇ ਜਾਂਦੇ ਹਨ। ਹਰੇਕ ਵਿਸ਼ੇ ’ਚ 20 ਬਹੁ-ਵਿਕਲਪੀ ਸਵਾਲ ਤੇ ਪੰਜ ਸੰਖਿਆਤਮਕ ਸਵਾਲ ਹੁੰਦੇ ਹਨ। ਸੰਖਿਆਤਮਕ ਸਵਾਲਾਂ ’ਚ ਸਾਰੇ ਪੰਜ ਸਵਾਲ ਹੱਲ ਕਰਨੇ ਲਾਜ਼ਮੀ ਹਨ। ਇਸ ਤਰ੍ਹਾਂ ਤਿੰਨਾਂ ਵਿਸ਼ਿਆਂ ਨੂੰ ਮਿਲਾ ਕੇ ਕੁੱਲ 75 ਸਵਾਲ ਹੁੰਦੇ ਹਨ ਅਤੇ ਪ੍ਰੀਖਿਆ 300 ਅੰਕਾਂ ਦੀ ਹੁੰਦੀ ਹੈ। ਗਲਤ ਉੱਤਰ ਦੇਣ ’ਤੇ ਅੰਕ ਵੀ ਕੱਟੇ ਜਾਂਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਸਵਾਲ ਹੱਲ ਕਰਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਹੁਣ ਸਿਰਫ਼ ਸੌਖੇ ਸਵਾਲਾਂ ਦੀ ਤਿਆਰੀ ਕਰਨਾ ਕਾਫ਼ੀ ਨਹੀਂ ਹੋਵੇਗਾ। ਵਿਦਿਆਰਥੀਆਂ ਨੂੰ ਸਾਰੇ ਜ਼ਰੂਰੀ ਵਿਸ਼ੇ ਪੜ੍ਹਨੇ ਪੈਣਗੇ। ਇਸ ਦੇ ਨਾਲ ਹੀ, ਉਨ੍ਹਾਂ ਨੂੰ ਸਵਾਲ ਹੱਲ ਕਰਨ ਦੀ ਗਤੀ ਵਧਾਉਣ ਤੇ ਸਮੇਂ ਦੀ ਸਹੀ ਵਰਤੋਂ ਕਰਨ ਦਾ ਅਭਿਆਸ ਵੀ ਕਰਨਾ ਚਾਹੀਦਾ ਹੈ।

ਵਿਦਿਆਰਥੀਆਂ ਲਈ ਸਲਾਹ

ਸਿਲੇਬਸ ਘੱਟ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਮੁਕਾਬਲਾ ਸੌਖਾ ਹੋ ਗਿਆ ਹੈ। ਚੰਗੇ ਅੰਕ ਪ੍ਰਾਪਤ ਕਰਨ ਲਈ ਮਿਹਨਤ ਦੇ ਨਾਲ-ਨਾਲ ਸਹੀ ਢੰਗ ਨਾਲ ਪੜ੍ਹਾਈ ਕਰਨੀ ਵੀ ਜ਼ਰੂਰੀ ਹੈ। ਵਿਦਿਆਰਥੀਆਂ ਨੂੰ ਸਭ ਤੋਂ ਪਹਿਲਾਂ ਨਵੇਂ ਸਿਲੇਬਸ ਨੂੰ ਧਿਆਨ ਨਾਲ ਦੇਖਣਾ ਚਾਹੀਦਾ ਹੈ। ਇਸ ਤੋਂ ਬਾਅਦ ਉਸੇ ਅਨੁਸਾਰ ਪੜ੍ਹਾਈ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਪੁਰਾਣੇ ਸਿਲੇਬਸ ’ਚ ਸ਼ਾਮਲ ਉਨ੍ਹਾਂ ਵਿਸ਼ਿਆਂ ’ਤੇ ਜ਼ਿਆਦਾ ਸਮਾਂ ਨਹੀਂ ਲਾਉਣਾ ਚਾਹੀਦਾ, ਜਿਨ੍ਹਾਂ ਨੂੰ ਨਵੇਂ ਸਿਲੇਬਸ ’ਚੋਂ ਹਟਾ ਦਿੱਤਾ ਗਿਆ ਹੈ। JEE Main 2027

About The Author

Related Posts