Mahendra Singh Dhoni: ਮਹਿੰਦਰ ਸਿੰਘ ਧੋਨੀ, ਤਿੰਨ ICC ਖ਼ਿਤਾਬ ਜਿੱਤਣ ਵਾਲੇ ਕਪਤਾਨ, ਮੈਚ ਫਿਨਿਸ਼ਰ ਤੇ ਕੈਪਟਨ ਕੂਲ ਵਜੋਂ ਬਣਾਈ ਵਿਸ਼ੇਸ਼ ਪਛਾਣ

ਭਾਰਤੀ ਕ੍ਰਿਕਟ ਵਿੱਚ ਮਹਿੰਦਰ ਸਿੰਘ ਧੋਨੀ ਦਾ ਨਾਂਅ ਸਫਲਤਾ, ਹੌਂਸਲੇ ਅਤੇ ਸ਼ਾਨਦਾਰ ਅਗਵਾਈ ਦਾ ਪ੍ਰਤੀਕ ਹੈ

Khushdeep Singh Picture
Published On

ਭਾਰਤੀ ਕ੍ਰਿਕਟ ਵਿੱਚ ਮਹਿੰਦਰ ਸਿੰਘ ਧੋਨੀ ਦਾ ਨਾਂਅ ਸਫਲਤਾ, ਹੌਂਸਲੇ ਅਤੇ ਸ਼ਾਨਦਾਰ ਅਗਵਾਈ ਦਾ ਪ੍ਰਤੀਕ ਹੈ। 7 ਜੁਲਾਈ 1981 ਨੂੰ ਰਾਂਚੀ ’ਚ ਜੰਮੇ ਧੋਨੀ ਨੇ ਆਪਣੀ ਮਿਹਨਤ ਅਤੇ ਪ੍ਰਤਿਭਾ ਦੇ ਦਮ ’ਤੇ ਅੰਤਰਰਾਸ਼ਟਰੀ ਕ੍ਰਿਕਟ ’ਚ ਵਿਸ਼ੇਸ਼ ਮੁਕਾਮ ਹਾਸਲ ਕੀਤਾ। ਕ੍ਰਿਕਟ ਦੇ ਸ਼ੁਰੂਆਤੀ ਦਿਨਾਂ ’ਚ ਸੰਘਰਸ਼ ਕਰਨ ਵਾਲੇ ਧੋਨੀ ਨੇ ਭਾਰਤੀ ਟੀਮ ਦੀ ਕਪਤਾਨੀ ਸੰਭਾਲੀ ਅਤੇ ਦੇਸ਼ ਨੂੰ ਕਈ ਇਤਿਹਾਸਕ ਜਿੱਤਾਂ ਦਿਵਾਈਆਂ। ਉਨ੍ਹਾਂ ਦਾ ਸਫ਼ਰ ਨੌਜਵਾਨਾਂ ਨੂੰ ਸਿਖਾਉਂਦਾ ਹੈ ਕਿ ਲਗਾਤਾਰ ਅਭਿਆਸ, ਅਨੁਸ਼ਾਸਨ ਅਤੇ ਆਤਮ-ਵਿਸ਼ਵਾਸ ਨਾਲ ਵੱਡੇ ਟੀਚੇ ਹਾਸਲ ਕੀਤੇ ਜਾ ਸਕਦੇ ਹਨ। ਧੋਨੀ ਨੇ 23 ਦਸੰਬਰ 2004 ਨੂੰ ਬੰਗਲਾਦੇਸ਼ ਵਿਰੁੱਧ ਇੱਕ ਰੋਜ਼ਾ ਕ੍ਰਿਕਟ ’ਚ ਆਪਣਾ ਪਹਿਲਾ ਮੈਚ ਖੇਡਿਆ। ਦਸੰਬਰ 2005 ਵਿੱਚ ਉਨ੍ਹਾਂ ਨੇ ਸ੍ਰੀਲੰਕਾ ਵਿਰੁੱਧ ਟੈਸਟ ਕ੍ਰਿਕਟ ਵਿੱਚ ਸ਼ੁਰੂਆਤ ਕੀਤੀ, ਜਦੋਂਕਿ ਦਸੰਬਰ 2006 ’ਚ ਦੱਖਣੀ ਅਫ਼ਰੀਕਾ ਵਿਰੁੱਧ ਆਪਣਾ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਿਆ। ਸ਼ੁਰੂਆਤ ’ਚ ਹਮਲਾਵਰ ਬੱਲੇਬਾਜ਼ੀ ਕਰਕੇ ਪਛਾਣ ਬਣਾਉਣ ਵਾਲੇ ਧੋਨੀ ਬਾਅਦ ਵਿੱਚ ਦੁਨੀਆ ਦੇ ਬਿਹਤਰੀਨ ਵਿਕਟਕੀਪਰ-ਬੱਲੇਬਾਜ਼ਾਂ ਅਤੇ ਮੈਚ ਫਿਨਿਸ਼ਰਾਂ ’ਚ ਸ਼ਾਮਲ ਹੋ ਗਏ। ਉਨ੍ਹਾਂ ਨੇ 2014 ਵਿੱਚ ਟੈਸਟ ਕ੍ਰਿਕਟ ਤੋਂ ਸੰਨਿਆਸ ਲਿਆ ਅਤੇ 15 ਅਗਸਤ 2020 ਨੂੰ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ।

ਤਿੰਨ ਖ਼ਿਤਾਬ ਜਿਤਾਏ | Mahendra Singh Dhoni

ਧੋਨੀ ਦੀ ਕਪਤਾਨੀ ’ਚ ਭਾਰਤੀ ਕ੍ਰਿਕਟ ਨੇ ਨਵੀਆਂ ਬੁਲੰਦੀਆਂ ਹਾਸਲ ਕੀਤੀਆਂ। ਸਾਲ 2007 ’ਚ ਭਾਰਤ ਨੇ ਪਹਿਲਾ ਟੀ-20 ਵਿਸ਼ਵ ਕੱਪ ਜਿੱਤਿਆ। ਇਸ ਤੋਂ ਬਾਅਦ 2011 ’ਚ ਇੱਕ ਰੋਜ਼ਾ ਵਿਸ਼ਵ ਕੱਪ ਤੇ 2013 ਵਿੱਚ ਆਈਸੀਸੀ ਚੈਂਪੀਅਨਜ਼ ਟਰਾਫ਼ੀ ਜਿੱਤ ਕੇ ਉਨ੍ਹਾਂ ਨੇ ਭਾਰਤੀ ਕ੍ਰਿਕਟ ਦੇ ਇਤਿਹਾਸ ਵਿੱਚ ਆਪਣਾ ਨਾਂਅ  ਦਰਜ ਕਰਵਾਇਆ। 2011 ਦੇ ਵਿਸ਼ਵ ਕੱਪ ਦੇ ਫਾਈਨਲ ’ਚ ਸ੍ਰੀਲੰਕਾ ਵਿਰੁੱਧ ਉਨ੍ਹਾਂ ਦੀ ਨਾਬਾਦ 91 ਦੌੜਾਂ ਦੀ ਪਾਰੀ ਅੱਜ ਵੀ ਯਾਦ ਕੀਤੀ ਜਾਂਦੀ ਹੈ। ਧੋਨੀ ਦੀ ਕਪਤਾਨੀ ਹੇਠ ਭਾਰਤ ਦਸੰਬਰ 2009 ’ਚ ਪਹਿਲੀ ਵਾਰ ਆਈਸੀਸੀ ਟੈਸਟ ਟੀਮ ਰੈਂਕਿੰਗ ’ਚ ਪਹਿਲੇ ਸਥਾਨ ’ਤੇ ਵੀ ਪਹੁੰਚਿਆ।

ਇਹ ਵੀ ਪੜ੍ਹੋ : Himalayan Environment Protection: ਹਿਮਾਲਿਆ ਦੀ ਪਵਿੱਤਰਤਾ ਅਤੇ ਵਾਤਾਵਰਨ ਦੀ ਰੱਖਿਆ ਜ਼ਰੂਰੀ

ਆਈਪੀਐੱਲ ’ਚ ਵੀ ਕਾਇਮ ਰੱਖਿਆ ਦਬਦਬਾ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ’ਚ ਧੋਨੀ ਚੇੱਨਈ ਸੁਪਰ ਕਿੰਗਜ਼ ਦੀਆਂ ਸਭ ਤੋਂ ਪ੍ਰਮੁੱਖ ਹਸਤੀਆਂ ਵਿੱਚੋਂ ਇੱਕ ਰਹੇ ਹਨ। ਉਨ੍ਹਾਂ ਦੀ ਕਪਤਾਨੀ ਹੇਠ ਚੇੱਨਈ ਸੁਪਰ ਕਿੰਗਜ਼ ਨੇ 2010, 2011, 2018, 2021 ਅਤੇ 2023 ਵਿੱਚ ਆਈਪੀਐੱਲ ਦੇ ਖ਼ਿਤਾਬ ਜਿੱਤੇ। ਉਨ੍ਹਾਂ ਦੀ ਖ਼ਾਸੀਅਤ ਨੌਜਵਾਨ ਖਿਡਾਰੀਆਂ ’ਤੇ ਭਰੋਸਾ ਕਰਨਾ, ਦਬਾਅ ’ਚ ਸ਼ਾਂਤ ਰਹਿਣਾ ਤੇ ਮੈਚ ਦੀਆਂ ਸਥਿਤੀਆਂ ਅਨੁਸਾਰ ਰਣਨੀਤੀ ਬਣਾਉਣਾ ਰਹੀ ਹੈ।

ਅੰਤਰਰਾਸ਼ਟਰੀ ਕਰੀਅਰ ਅਤੇ ਪ੍ਰਮੁੱਖ ਰਿਕਾਰਡ
  1. ਟੈਸਟ ਕ੍ਰਿਕਟ : 90 ਮੈਚ, 4,876 ਦੌੜਾਂ ਤੇ ਸਭ ਤੋਂ ਵੱਧ ਸਕੋਰ 224।
  2. ਇੱਕ ਰੋਜ਼ਾ ਕ੍ਰਿਕਟ : 350 ਮੈਚ, 10,773 ਦੌੜਾਂ ਅਤੇ ਸਭ ਤੋਂ ਵੱਧ ਸਕੋਰ ਨਾਬਾਦ 183।
  3. ਟੀ-20 ਅੰਤਰਰਾਸ਼ਟਰੀ : 98 ਮੈਚ ਅਤੇ 1, 617 ਦੌੜਾਂ।
  4. ਵਿਕਟਕੀਪਿੰਗ : ਇੱਕ ਰੋਜ਼ਾ ਕ੍ਰਿਕਟ ਵਿੱਚ 123 ਸਟੰਪਿੰਗਸ ਦਾ ਰਿਕਾਰਡ।
  5. ਕਪਤਾਨੀ : ਭਾਰਤ ਲਈ 200 ਇੱਕ ਰੋਜ਼ਾ ਮੈਚਾਂ ’ਚ ਕਪਤਾਨੀ ਕਰਨ ਦਾ ਰਿਕਾਰਡ।
  6. ਸਨਮਾਨ : 2008 ਅਤੇ 2009 ’ਚ ਆਈਸੀਸੀ ਵੱਲੋਂ ਸਾਲ ਦੇ ਸਰਵਉੱਤਮ ਇੱਕ ਰੋਜ਼ਾ ਖਿਡਾਰੀ ਦਾ ਪੁਰਸਕਾਰ।
  7. ਕ੍ਰਿਕਟ ਹਾਲ ਆਫ਼ ਫੇਮ : ਜੂਨ 2025 ਵਿੱਚ ਆਈਸੀਸੀ ਨੇ ਧੋਨੀ ਨੂੰ ਕ੍ਰਿਕਟ ਹਾਲ ਆਫ਼ ਫੇਮ ਵਿੱਚ ਸ਼ਾਮਲ ਕੀਤਾ।
ਨੌਜਵਾਨਾਂ ਲਈ ਬਣੇ ਪ੍ਰੇਰਣਾ ਸਰੋਤ

ਮਹਿੰਦਰ ਸਿੰਘ ਧੋਨੀ ਦੀ ਸਫਲਤਾ ਸਿਰਫ਼ ਰਿਕਾਰਡਾਂ ਤੇ ਟਰਾਫ਼ੀਆਂ ਤੱਕ ਸੀਮਤ ਨਹੀਂ ਹੈ। ਉਨ੍ਹਾਂ ਦਾ ਜੀਵਨ ਦੱਸਦਾ ਹੈ ਕਿ ਅਸਫ਼ਲਤਾਵਾਂ ਤੋਂ ਸਿੱਖਣਾ, ਟੀਮ ਨੂੰ ਪਹਿਲ ਦੇਣਾ ਅਤੇ ਮੁਸ਼ਕਲ ਹਾਲਾਤਾਂ ’ਚ ਹੌਂਸਲਾ ਬਣਾਈ ਰੱਖਣਾ ਕਿੰਨਾ ਜ਼ਰੂਰੀ ਹੈ। ਮੈਦਾਨ ’ਤੇ ਉਨ੍ਹਾਂ ਦਾ ਸ਼ਾਂਤ ਸੁਭਾਅ ਅਤੇ ਫ਼ੈਸਲਾਕੁਨ ਪਲਾਂ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਦੀ ਸਮਰੱਥਾ ਉਨ੍ਹਾਂ ਨੂੰ ਦੂਜੇ ਖਿਡਾਰੀਆਂ ਤੋਂ ਵੱਖਰਾ ਬਣਾਉਂਦੀ ਹੈ। 

ਡੈੱਸਕ

About The Author

Related Posts